Actionpunjab

Action Punjab Logo
Breaking News

Author name: Action Punjab

Action Punjab
Punjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕਾਰਗੁਜ਼ਾਰੀ ਅਤੇ “ਆਪ” ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਚੰਗਾਲੀ ਵਾਲਾ ਦੇ 45 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਦਿੜ੍ਹਬਾ, 27 ਮਈ-      ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਚੰਗਾਲੀ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਦੇ 45 ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ, ਇਮਾਨਦਾਰ ਪ੍ਰਸ਼ਾਸਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਾਫ਼-ਸੁਥਰੀ ਅਤੇ ਵਿਕਾਸਮੁਖੀ ਕਾਰਗੁਜ਼ਾਰੀ ’ਤੇ ਭਰੋਸਾ ਜਤਾਉਂਦਿਆਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਫੁੱਲ ਮਾਲਾਵਾਂ ਪਾ ਕੇ ਅਤੇ ਸਿਰੋਪੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸ਼ਮੂਲੀਅਤ ਸਿਰਫ਼ ਇੱਕ ਰਾਜਨੀਤਿਕ ਘਟਨਾ ਨਹੀਂ, ਸਗੋਂ ਲੋਕਾਂ ਦੇ ਵਧਦੇ ਵਿਸ਼ਵਾਸ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ’ਤੇ ਮੋਹਰ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਰਵਾਇਤੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਅੱਗੇ ਵੀ ਆਪ ਦੀ ਹੀ ਸਰਕਾਰ ਚਾਹੁੰਦੇ ਹਨ, ਜੋ ਲੋਕਾਂ ਨਾਲ ਖੜ੍ਹੀ ਰਹੇ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰੇ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਨੂੰ ਤਰਜੀਹ ਦਿੱਤੀ ਹੈ ਅਤੇ ਹਰ ਵਰਗ ਦੇ ਲੋਕਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਨੂੰ ਅਜਿਹੀ ਸਰਕਾਰ ਮਿਲੀ ਹੈ ਜਿਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕੀਤੇ ਹਨ। ਇਸੇ ਕਰਕੇ ਪੰਜਾਬ ਭਰ ਵਿੱਚ ਲੋਕ ਵੱਡੀ ਗਿਣਤੀ ਵਿੱਚ “ਆਪ” ਨਾਲ ਜੁੜ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਸ਼ਾਮਲ ਹੋਏ ਹਰ ਪਰਿਵਾਰ ਅਤੇ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਦਿੜ੍ਹਬਾ ਹਲਕੇ ਵਿੱਚ ਵਿਕਾਸ ਅਤੇ ਲੋਕ ਸੇਵਾ ਦੀ ਇਹ ਲਹਿਰ ਹੋਰ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ ਆਮ ਆਦਮੀ ਪਾਰਟੀ ਨਾਲ ਜੁੜਣਗੇ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਸਿੱਖਿਆ, ਸਿਹਤ, ਬਿਜਲੀ ਸਬੰਧੀ, ਕਿਸਾਨੀ ਪੱਖੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੇ ਫ਼ੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆ ਰਹੇ ਸੁਧਾਰ, ਆਮ ਲੋਕਾਂ ਲਈ ਮੁਫ਼ਤ ਇਲਾਜ ਦੀਆਂ ਸਹੂਲਤਾਂ, 600 ਯੂਨਿਟ ਮੁਫ਼ਤ ਬਿਜਲੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਯਤਨਾਂ ਨੇ ਲੋਕਾਂ ਵਿੱਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਨਿਰੰਤਰ ਸੰਪਰਕ ਕਾਰਨ ਹਲਕੇ ਦੇ ਲੋਕ ਆਪਣੇ ਆਪ ਨੂੰ ਸਰਕਾਰ ਨਾਲ ਜੁੜਿਆ ਮਹਿਸੂਸ ਕਰ ਰਹੇ ਹਨ। ਪਿੰਡਾਂ ਵਿੱਚ ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ, ਸਿਹਤ ਅਤੇ ਸਿੱਖਿਆ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਉਨ੍ਹਾਂ ਵੱਲੋਂ ਸ਼ਲਾਘਾ ਕੀਤੀ ਗਈ। 

Punjab

ਮਾਮਲਾ ਵਿਆਹ ਦਾ ਖਾਣਾ ਖਾ ਕੇ ਬਿਮਾਰ ਹੋਏ ਵਿਅਕਤੀਆਂ ਦਾ

*ਚੰਡੀਗੜ੍ਹ/ਮੂਨਕ, 27 ਮਈ:*ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸਿਵਲ ਹਸਪਤਾਲ ਮੂਨਕ ਪਹੁੰਚ ਕੇ, ਪਿਛਲੇ ਦਿਨੀਂ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਪਿੱਛੋਂ ਬਿਮਾਰ ਹੋਏ ਵਿਅਕਤੀਆਂ ਨੂੰ ਦਿੱਤੇ ਜਾ ਰਹੇ ਇਲਾਜ ਦਾ ਜਾਇਜ਼ਾ ਲਿਆ। ਮੰਤਰੀ ਨੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਵਿਅਕਤੀਆਂ ਲਈ ਨਿਰੰਤਰ ਮੈਡੀਕਲ ਸਹੂਲਤਾਂ ਅਤੇ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਦੱਸ ਦੇਈਏ ਕਿ ਪਿਛਲੇ ਦਿਨੀਂ ਮੂਨਕ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਕਈ ਵਿਅਕਤੀਆਂ, ਜਿਨ੍ਹਾਂ ਵਿੱਚ ਮਹਿਲਾਵਾਂ, ਮਰਦ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ, ਦੀ ਅਚਾਨਕ ਤਬੀਅਤ ਵਿਗੜ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੂਨਕ ਦੇ ਸਿਵਲ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜੋ ਅੱਜ ਵੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਸੰਗਰੂਰ, ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਸਹੀ ਇਲਾਜ ਕਰਵਾਉਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਨ ਦੇ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜਦੋਂ ਤੱਕ ਪੂਰਾ ਇਲਾਜ ਨਹੀਂ ਹੋ ਜਾਂਦਾ, ਉਦੋਂ ਤੱਕ ਸਾਰੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਸਥਿਤੀ ‘ਤੇ ਨਜ਼ਰ ਰੱਖਣਗੇ, ਜਿਸ ਤਹਿਤ ਸਿਹਤ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੀ ਇਲਾਜ ਪ੍ਰਕਿਰਿਆ ਅਤੇ ਸਹੂਲਤਾਂ ਨੂੰ ਦੇਖਿਆ। ਮਰੀਜ਼ਾਂ ਦੇ ਇਲਾਜ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਵੱਖ-ਵੱਖ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਕੁਝ ਮਰੀਜ਼ਾਂ ਨੂੰ ਸੰਗਰੂਰ ਰੈਫਰ ਵੀ ਕੀਤਾ ਗਿਆ। ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਸਿਵਲ ਹਸਪਤਾਲ ਮੂਨਕ ਪਹੁੰਚ ਕੇ ਮਰੀਜ਼ਾਂ ਦਾ ਹਾਲ ਜਾਣਿਆ ਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਵੀ ਹਾਸਿਲ ਕੀਤੀ। ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਵਿਆਹ ਵਿੱਚ ਖਾਣਾ ਖਾਣ ਤੋਂ ਬਾਅਦ 72 ਦੇ ਕਰੀਬ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਕੌਹਰੀਆਂ, ਸੰਗਰੂਰ, ਭਵਾਨੀਗੜ੍ਹ ਅਤੇ ਲਹਿਰਾਗਾਗਾ ਤੋਂ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਹਨ। ਪਟਿਆਲਾ ਤੋਂ ਵੀ ਮਾਹਿਰ ਡਾਕਟਰਾਂ ਦੀ ਇੱਕ ਟੀਮ ਮੂਨਕ ਹਸਪਤਾਲ ਪਹੁੰਚ ਰਹੀ ਹੈ। ਸਿਵਲ ਸਰਜਨ ਸੰਗਰੂਰ ਖੁਦ ਸਾਰੇ ਮਿਸ਼ਨ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਹੈਲਥ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਤਾਂ ਜੋ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਮੀ ਜਾਂ ਢਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਤਿੰਨ ਐਬੂਲੈਂਸਾਂ ਨੂੰ ਮੌਕੇ ‘ਤੇ ਤਿਆਰ ਰੱਖਿਆ ਗਿਆ ਹੈ। ਸਾਰੇ ਮਰੀਜ਼ਾਂ ਨੇ ਹਸਪਤਾਲ ਵਿੱਚ ਮਿਲ ਰਹੀਆਂ ਮੈਡੀਕਲ ਸਹੂਲਤਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟਖੋਰੀ ਵਿਰੁੱਧ ਕੇਂਦਰ ਸਰਕਾਰ ਨੂੰ ਸਮੁੱਚੇ ਦੇਸ਼ ਅੰਦਰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਮਿਲਾਵਟਖੋਰੀ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ‘ਤੇ ਯੋਗ ਕਾਰਵਾਈ ਕਰੇਗੀ।  

Punjab

ਗੈਂਗਸਟਰਾਂ ‘ਤੇ ਵਾਰ ਦਾ 127ਵਾਂ ਦਿਨ: ਪੰਜਾਬ ਪੁਲਿਸ ਵੱਲੋਂ 369 ਥਾਈਂ ਛਾਪੇਮਾਰੀ; 118 ਗ੍ਰਿਫ਼ਤਾਰ

ਚੰਡੀਗੜ੍ਹ, 27 ਮਈ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 127ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 369 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 127ਵੇਂ ਦਿਨ ਪੁਲਿਸ ਟੀਮਾਂ ਨੇ 118 ਵਿਅਕਤੀਆਂ ਨੂੰ 9 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 32,305 ਹੋ ਗਈਆਂ।   ਇਸ ਤੋਂ ਇਲਾਵਾ 88 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 12 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ ਨੂੰ 452ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 16 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.5 ਕਿਲੋ ਹੈਰੋਇਨ ਅਤੇ 64,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ ਸਿਰਫ 452 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 65,530 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 6 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।  

Punjab

ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

ਚੰਡੀਗੜ੍ਹ; 27 ਮਈ 2026-   ਪੰਜਾਬ ਵਿੱਚ ਬਦਲਦੇ ਤਾਪਮਾਨ ਅਤੇ ਉਮਸ ਭਰੀ ਗਰਮੀ ਦੇ ਆਉਣ ਨਾਲ ਇੱਕ ਵਾਰ ਫਿਰ ਮੌਸਮੀ ਬੀਮਾਰੀਆਂ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਰੋਜ਼ਾਨਾ ਦੀਆਂ ਬੀਮਾਰੀਆਂ ਤੋਂ ਰਾਹਤ ਲਈ ਪਹਿਲਾਂ ਹੀ ਮਰੀਜ਼ਾਂ ਦੀ ਭੀੜ ਝੱਲ ਰਹੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਬੁਖ਼ਾਰ ਨਾਲ ਸੰਬੰਧਤ ਬੀਮਾਰੀਆਂ, ਸਾਹ ਨਾਲ ਜੁੜੀਆਂ ਇਨਫੈਕਸ਼ਨਾਂ ਅਤੇ ਪੇਟ ਨਾਲ ਸੰਬੰਧਤ ਸਮੱਸਿਆਵਾਂ ਦੇ ਮਾਮਲਿਆਂ ਵਿੱਚ ਨਵਾਂ ਵਾਧਾ ਵੇਖਿਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਇਹ ਮੌਸਮੀ ਲਹਿਰ ਹਰ ਸਾਲ ਚਿੰਤਾਜਨਕ ਢੰਗ ਨਾਲ ਵਾਪਸ ਆਉਂਦੀ ਹੈ। ਐਕਿਊਟ ਫੈਬਰਾਈਲ ਇਲਨੈੱਸ ਕੋਈ ਇੱਕ ਬੀਮਾਰੀ ਨਹੀਂ, ਸਗੋਂ ਅਚਾਨਕ ਤੇਜ਼ ਬੁਖਾਰ ਨਾਲ ਉਤਪੰਨ ਹੋਣ ਵਾਲੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਸ਼ਾਮਲ ਹੋ ਸਕਦੀਆਂ ਹਨ। ਯੂਐੱਸ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਅਨੁਸਾਰ, ਅਜਿਹੀਆਂ ਸਥਿਤੀਆਂ ਵਾਇਰਲ, ਬੈਕਟੀਰੀਅਲ ਜਾਂ ਪਰਜੀਵੀ ਸੰਕਰਮਣਾਂ ਕਾਰਨ ਹੋ ਸਕਦੀਆਂ ਹਨ। ਕਈ ਵਾਰ ਮਰੀਜ਼ ਬੁਖ਼ਾਰ ਨੂੰ ਮੁੱਖ ਲੱਛਣ ਵਜੋਂ ਲੈ ਕੇ ਹਸਪਤਾਲ ਪਹੁੰਚਦੇ ਹਨ, ਜਦਕਿ ਇਨਫੈਕਸ਼ਨ ਦਾ ਅਸਲ ਕਾਰਨ ਸ਼ੁਰੂਆਤੀ ਪੜਾਅ ਵਿੱਚ ਸਪੱਸ਼ਟ ਨਹੀਂ ਹੋ ਪਾਉਂਦਾ। ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਐਕਿਊਟ ਫੈਬਰਾਈਲ ਇਲਨੈੱਸ ਕੈਸ਼ਲੈੱਸ ਇਲਾਜ ਦੇ ਦਾਅਵਿਆਂ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਰਹੀ। ਰਾਜ ਸਿਹਤ ਏਜੰਸੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਐਕਿਊਟ ਫੈਬਰਾਈਲ ਇਲਨੈੱਸ ਦੇ 5,840 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਤੇ ₹1.31 ਕਰੋੜ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ। ਇਸ ਤੋਂ ਇਲਾਵਾ, ਪਾਣੀ ਰਾਹੀਂ ਫੈਲਣ ਵਾਲੀਆਂ ਅਤੇ ਸਾਹ ਨਾਲ ਸੰਬੰਧਤ ਬੀਮਾਰੀਆਂ ਦੇ ਮਾਮਲੇ ਵੀ ਸਾਹਮਣੇ ਆਏ। ਐਂਟੇਰਿਕ ਫੀਵਰ ਦੇ 1,396 ਮਾਮਲੇ ਦਰਜ ਹੋਏ, ਜਿਨ੍ਹਾਂ ’ਤੇ ₹30.47 ਲੱਖ ਦੇ ਦਾਅਵੇ ਕੀਤੇ ਗਏ। ਨਿਮੋਨੀਆ ਦੇ 377 ਮਾਮਲਿਆਂ ’ਤੇ ₹11.06 ਲੱਖ, ਜਦਕਿ ਐਕਿਊਟ ਬ੍ਰੋਂਕਾਈਟਿਸ ਦੇ 326 ਮਾਮਲਿਆਂ ’ਤੇ ₹9.24 ਲੱਖ ਖ਼ਰਚ ਹੋਏ। ਉੱਥੇ ਹੀ ਮਾਨਸੂਨ ਦੌਰਾਨ ਅਕਸਰ ਚਰਚਾ ਵਿੱਚ ਰਹਿਣ ਵਾਲੀਆਂ ਬੀਮਾਰੀਆਂ ਦੇ ਮਾਮਲੇ ਤੁਲਨਾਤਮਕ ਤੌਰ ’ਤੇ ਘੱਟ ਰਹੇ। ਡੇਂਗੂ ਦੇ ਕੇਵਲ 12 ਮਾਮਲੇ ਦਰਜ ਹੋਏ, ਜਿਨ੍ਹਾਂ ’ਤੇ ₹40,880 ਦਾ ਦਾਅਵਾ ਹੋਇਆ। ਮਲੇਰੀਆ ਦੇ ਸਿਰਫ਼ 3 ਮਾਮਲੇ, ਚਿਕਨਗੁਨਿਆ ਦੇ 6 ਮਾਮਲੇ, ਅਤੇ ਹੀਟ ਸਟ੍ਰੋਕ ਦੇ 4 ਮਾਮਲੇ ਸਾਹਮਣੇ ਆਏ। ਹਾਲਾਂਕਿ, ਜਨ ਸਿਹਤ ਮਾਹਿਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਇੱਕ ਅਧਿਐਨ ਅਨੁਸਾਰ ਮੀਂਹ, ਮੱਛਰਾਂ ਦੀ ਵਧਦੀ ਗਿਣਤੀ ਅਤੇ ਸਥਾਨਕ ਸਫ਼ਾਈ ਦੀਆਂ ਸਥਿਤੀਆਂ ਮੁਤਾਬਕ ਮੌਸਮੀ ਪ੍ਰਕੋਪ ਤੇਜ਼ੀ ਨਾਲ ਬਦਲ ਸਕਦੇ ਹਨ। ਸਿਵਲ ਹਸਪਤਾਲ,ਪਟਿਆਲਾ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਇਹ ਸਥਿਤੀ ਹਰ ਸਾਲ ਓਪੀਡੀ ਵਿੱਚ ਵੇਖੇ ਜਾਣ ਵਾਲੇ ਆਮ ਮੌਸਮੀ ਦਬਾਅ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਮਾਮਲੇ ਪ੍ਰਾਇਮਰੀ ਸਿਹਤ ਸੰਭਾਲ ਪੱਧਰ ’ਤੇ ਆਸਾਨੀ ਨਾਲ ਸੰਭਾਲੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੇਹੱਦ ਗਰਮੀ ਕਾਰਨ ਐਕਿਊਟ ਫੈਬਰਾਈਲ ਇਲਨੈੱਸ, ਉਲਟੀਆਂ, ਦਸਤ, ਸਿਰਦਰਦ, ਸਾਹ ਨਾਲ ਜੁੜੀਆਂ ਇਨਫੈਕਸ਼ਨਾਂ ਅਤੇ ਚਮੜੀ ਤੇ ਅੱਖਾਂ ਨਾਲ ਸੰਬੰਧਤ ਐਲਰਜੀ ਦੇ ਮਾਮਲੇ ਵਧ ਜਾਂਦੇ ਹਨ। ਗਰਮ ਮੌਸਮ ਕਾਰਨ ਲੋਕ ਅਕਸਰ ਇਲਾਜ ਵਿੱਚ ਦੇਰੀ ਕਰਦੇ ਹਨ, ਜਿਸ ਨਾਲ ਹਾਲਤ ਗੰਭੀਰ ਹੋ ਸਕਦੀ ਹੈ। ਡਾ. ਵਿਕਾਸ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਮਰੀਜ਼ਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਿਨਾਂ ਆਰਥਿਕ ਬੋਝ ਦੇ ਹਸਪਤਾਲ ਵਿੱਚ ਦਾਖ਼ਲ ਹੋ ਕੇ ਕੈਸ਼ਲੈੱਸ ਇਲਾਜ ਮਿਲ ਰਿਹਾ ਹੈ। ਉਨ੍ਹਾਂ ਕਿਹਾ, “ਇਹ ਯੋਜਨਾ ਯਕੀਨੀ ਬਣਾਉਂਦੀ ਹੈ ਕਿ ਮਰੀਜ਼ ਅਗਾਊਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਸਮੇਂ ਸਿਰ ਇਲਾਜ ਪ੍ਰਾਪਤ ਕਰ ਸਕਣ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।” ਬੱਚੇ ਬੇਹੱਦ ਗਰਮੀ ਅਤੇ ਉਮਸ ਵਾਲੇ ਮੌਸਮ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਰਹਿੰਦੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਮੁਖੀ ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੱਤੀ ਕਿ ਸ਼ਿਸ਼ੂ ਅਤੇ ਛੋਟੇ ਬੱਚੇ ਸੰਕਰਮਣਾਂ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਠੀਕ ਤਰ੍ਹਾਂ ਖ਼ੁਰਾਕ ਨਾ ਲੈਣਾ, ਵਾਰ-ਵਾਰ ਉਲਟੀਆਂ ਹੋਣਾ, ਤੇਜ਼ ਸਾਹ ਚੱਲਣਾ, ਡੀਹਾਈਡ੍ਰੇਸ਼ਨ, ਦੌਰੇ ਪੈਣਾ ਅਤੇ ਲਗਾਤਾਰ ਬੁਖ਼ਾਰ ਵਰਗੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਖ਼ਾਸ ਤੌਰ ’ਤੇ ਕਿਹਾ ਕਿ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਸ਼ਿਸ਼ੂ ਵਿੱਚ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਤੁਰੰਤ ਮੈਡੀਕਲ ਐਮਰਜੈਂਸੀ ਮੰਨਿਆ ਜਾਣਾ ਚਾਹੀਦਾ ਹੈ। ਡਾ. ਸ਼ਸ਼ੀ ਕਾਂਤ ਧੀਰ ਨੇ ਇਹ ਵੀ ਕਿਹਾ ਕਿ ਜਾਗਰੂਕਤਾ ਮੁਹਿੰਮਾਂ, ਸਫ਼ਾਈ-ਸਿੱਖਿਆ, ਟੀਕਾਕਰਨ ਅਤੇ ਮੱਛਰ ਕੰਟਰੋਲ ਉਪਾਆਂ ਰਾਹੀਂ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ਵਿੱਚ ਮਾਪਿਆਂ, ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ ਅਤੇ ਸਕੂਲਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਫ਼ਿਲਹਾਲ, ਜਿਵੇਂ-ਜਿਵੇਂ ਪੰਜਾਬ ਇੱਕ ਹੋਰ ਲੰਬੀ ਗਰਮੀ ਲਈ ਤਿਆਰੀ ਕਰ ਰਿਹਾ ਹੈ, ਹਸਪਤਾਲਾਂ ਦੇ ਭੀੜਭਰੇ ਗਲਿਆਰੇ ਇਹ ਯਾਦ ਦਿਵਾ ਰਹੇ ਹਨ ਕਿ ਮੌਸਮੀ ਬੀਮਾਰੀਆਂ ਅੱਜ ਵੀ ਪਰਿਵਾਰਾਂ ਅਤੇ ਜਨ ਸਿਹਤ ਪ੍ਰਣਾਲੀ ਦੋਹਾਂ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। 

Punjab

ਭਾਜਪਾ ਆਗੂ ਆਪਣੇ ਆਪ ਨੂੰ ਸੰਵਿਧਾਨ ਅਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ, ਭਾਜਪਾ ਨੇ ਨਗਰ ਨਿਗਮ ਚੋਣਾਂ ਨੂੰ ਆਪਣੀ 'ਗੁੰਡਾਗਰਦੀ' ਦਾ ਇੱਕ ਹੋਰ ਪ੍ਰਦਰਸ਼ਨ ਬਣਾ ਦਿੱਤਾ: ਅਮਨ ਅਰੋੜਾ

ਚੰਡੀਗੜ੍ਹ, 27 ਮਈ       ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਦੀ ਗੁੰਡਾਗਰਦੀ ਅਤੇ ਚੋਣ ਨਿਯਮਾਂ ਦੀ ਉਲੰਘਣਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਭਾਜਪਾ ਮੰਤਰੀ ਅਤੇ ਭਾਜਪਾ ਆਗੂਆਂ ਵੱਲੋਂ ਗੁੰਡਾਗਰਦੀ ਰਾਹੀਂ ਲੋਕਤੰਤਰੀ ਪ੍ਰਕਿਰਿਆ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ‘ਤੇ ਸਵਾਲ ਚੁੱਕੇ। ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਰਾਜ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੂਰੇ ਸੂਬੇ ਨੇ ਮੀਡੀਆ ਰਾਹੀਂ ਦੇਖਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਲੋਕਤੰਤਰੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਸਨ। ਹਾਲਾਂਕਿ, ਭਾਜਪਾ ਨੇ ਵੋਟਿੰਗ ਪ੍ਰਕਿਰਿਆ ਦੌਰਾਨ ਇੱਕ ਵਾਰ ਫਿਰ ਡਰਾਉਣ-ਧਮਕਾਉਣ, ਸੱਤਾ ਦੀ ਦੁਰਵਰਤੋਂ ਅਤੇ ਗੁੰਡਾਗਰਦੀ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਚੋਣ ਵਿੱਚ ਗੁੰਡਾਗਰਦੀ ਅਤੇ ਹੇਰਾਫੇਰੀ ਨੂੰ ਇੱਕ ਪੈਟਰਨ ਬਣਾ ਲਿਆ ਹੈ। ਭਾਜਪਾ ਨੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਸਿਸਟਮ ਦੀ ਦੁਰਵਰਤੋਂ ਕਰਕੇ ਵੋਟਾਂ ਲੁੱਟੀਆਂ ਸਨ ਅਤੇ ਪੰਜਾਬ ਵਿੱਚ ਸਥਾਨਕ ਚੋਣਾਂ ਦੌਰਾਨ ਵੀ ਅਜਿਹੀ ਹੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ। ਸੰਗਰੂਰ ਅਤੇ ਧੂਰੀ ਤੋਂ ਸਾਹਮਣੇ ਆਈਆਂ ਘਟਨਾਵਾਂ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਰਾਜ ਕਰਨ ਵਾਲੀ ਪਾਰਟੀ ਦੇ ਆਗੂਆਂ ਦਾ ਸੜਕਾਂ ‘ਤੇ ਉਤਰਨਾ ਅਤੇ ਸ਼ਰੇਆਮ ਅਜਿਹਾ ਵਿਵਹਾਰ ਕਰਨਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੂਰਾ ਪੰਜਾਬ ਰਵਨੀਤ ਬਿੱਟੂ ਅਤੇ ਭਾਜਪਾ ਆਗੂਆਂ ਦੀਆਂ ਇਨ੍ਹਾਂ ਕਰਤੂਤਾਂ ਦੀ ਨਿੰਦਾ ਕਰਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਖ਼ਤਮ ਹੋਣ ਦੇ ਬਾਵਜੂਦ ਧੂਰੀ ਵਿੱਚ ਮੌਜੂਦ ਰਹਿ ਕੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਚੋਣ ਨਿਯਮਾਂ ਅਨੁਸਾਰ, ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਬਾਹਰੀ ਲੋਕਾਂ ਨੂੰ ਸ਼ਹਿਰ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ, ਫਿਰ ਵੀ ਭਾਜਪਾ ਆਗੂ ਓਂਕਾਰ ਸਿੰਘ ਨਿਯਮਾਂ ਦੀ ਉਲੰਘਣਾ ਕਰਕੇ ਉੱਥੇ ਮੌਜੂਦ ਰਹੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪੰਜਾਬ ਪੁਲਿਸ ਨੇ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਜਪਾ ਆਗੂ ਨੂੰ ਇਲਾਕੇ ਵਿੱਚੋਂ ਬਾਹਰ ਕੱਢਿਆ, ਤਾਂ ਰਵਨੀਤ ਬਿੱਟੂ ਖ਼ੁਦ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਸੰਵਿਧਾਨ ਅਤੇ ਕਾਨੂੰਨ ਉਨ੍ਹਾਂ ਦੇ ਸਿਆਸੀ ਅਹੁਦੇ ਦੇ ਅਧੀਨ ਹੋਣ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਸ਼ਾਂਤੀਪੂਰਵਕ ਅਤੇ ਸਨਮਾਨਪੂਰਵਕ ਹੱਲ ਕਰਨ ਦੀ ਕੋਸ਼ਿਸ਼ ਦੇ ਬਾਵਜੂਦ, ਭਾਜਪਾ ਆਗੂਆਂ ਨੇ ਵਰਦੀਧਾਰੀ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਵਿਰੁੱਧ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੀ ਵੀ ਨਿੰਦਾ ਕੀਤੀ, ਜਿਸ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਵੀ ਸ਼ਾਮਲ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਸੂਬੇ ਨੂੰ ਅੱਤਵਾਦ ਦੇ ਕਾਲੇ ਦੌਰ ਤੋਂ ਬਚਾਉਣ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਪੁਲਿਸ ਫੋਰਸ ਦੀ ਬੇਇੱਜ਼ਤੀ ਕਰਨਾ ਅਤੇ ਧਰਮ ਜਾਂ ਜਾਤ ਦੇ ਅਧਾਰ ‘ਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਸ਼ਰਮਨਾਕ ਅਤੇ ਅਸਵੀਕਾਰਨਯੋਗ ਹੈ। ‘ਆਪ’ ਆਗੂ ਨੇ ਪੰਜਾਬ ਪੁਲਿਸ ਦੀ ਆਲੋਚਨਾ ਕਰਨ ‘ਤੇ ਰਵਨੀਤ ਬਿੱਟੂ ਦੇ ਦੋਹਰੇ ਮਾਪਦੰਡਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਰਵਨੀਤ ਬਿੱਟੂ ਨੇ ਯੋਗਤਾ ਦੇ ਮਾਪਦੰਡਾਂ ਵਿੱਚ ਬੇਨਿਯਮੀਆਂ ਦੇ ਬਾਵਜੂਦ ਆਪਣੇ ਰਸੂਖ ਦੀ ਵਰਤੋਂ ਕਰਕੇ ਆਪਣੇ ਭਰਾ ਲਈ ਡੀਐੱਸਪੀ ਦਾ ਅਹੁਦਾ ਹਾਸਲ ਕੀਤਾ ਸੀ। ਇਸ ਪੂਰੇ ਘਟਨਾਕ੍ਰਮ ਦੀ ਨਿੰਦਾ ਕਰਦਿਆਂ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕ ਪੁਲਿਸ ਫੋਰਸ ਅਤੇ ਲੋਕਤੰਤਰੀ ਸੰਸਥਾਵਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ਜਾਂ ਸੱਤਾ ਵਿੱਚ ਕਿਉਂ ਨਾ ਹੋਵੇ, ਕਾਨੂੰਨ ਨੂੰ ਢਾਹ ਲਾਉਣ, ਪੁਲਿਸ ਮੁਲਾਜ਼ਮਾਂ ਦੀ ਬੇਇੱਜ਼ਤੀ ਕਰਨ ਜਾਂ ਲੋਕਤੰਤਰੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ। 

Punjab

14,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 27 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਪੁਲਿਸ ਥਾਣਾ ਡਿਵੀਜ਼ਨ ਨੰਬਰ 8, ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੋਪਾਲ ਨਗਰ, ਹੈਬੋਵਾਲ ਕਲਾਂ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਕਹਿਣ ਅਨੁਸਾਰ ਉਸਦੀ ਧੀ, ਜਿਸਦੀ ਉਮਰ ਤਕਰੀਬਨ 22 ਸਾਲ ਹੈ, ਨੇ ਸਰਕਾਰੀ ਆਈਟੀਆਈ ਲੁਧਿਆਣਾ ਤੋਂ ਟੇਲਰਿੰਗ ਦਾ ਕੋਰਸ ਪਾਸ ਕੀਤਾ ਸੀ। ਉਹ ਆਪਣਾ ਰਿਜ਼ਲਟ ਲੈਣ ਲਈ ਸਰਕਾਰੀ ਆਈਟੀਆਈ ਘੁਮਾਰ ਮੰਡੀ ਗਈ ਸੀ, ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤੀ। ਸ਼ਿਕਾਇਤਕਰਤਾ ਨੇ ਆਪਣੇ ਪੱਧਰ ‘ਤੇ ਉਸਦੀ ਭਾਲ ਕੀਤੀ, ਪਰ ਉਸਦੀ ਧੀ ਨਹੀਂ ਮਿਲੀ, ਜਿਸ ਦੇ ਚਲਦਿਆਂ ਸ਼ਿਕਾਇਤਕਰਤਾ ਨੇ ਆਪਣੀ ਧੀ ਦੇ ਗੁੰਮ ਹੋਣ ਸਬੰਧੀ ਪੁਲਿਸ ਥਾਣਾ ਡਿਵੀਜ਼ਨ ਨੰਬਰ-8 ਲੁਧਿਆਣਾ ਵਿਖੇ ਡਿਊਟੀ ਅਫ਼ਸਰ ਏ.ਐਸ.ਆਈ. ਹਰਦੀਪ ਸਿੰਘ ਕੋਲ ਰਿਪੋਰਟ ਦਰਜ ਕਰਵਾਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਥਾਣੇ ਬੁਲਾਇਆ ਅਤੇ ਉਸਦੀ ਦਰਖ਼ਾਸਤ ‘ਤੇ ਕਾਰਵਾਈ ਕਰਨ ਲਈ 20,000 ਰੁਪਏ ਰਿਸ਼ਵਤ ਮੰਗੀ ਅਤੇ ਮੌਕੇ ‘ਤੇ ਹੀ ਉਸਤੋਂ 6000 ਰੁਪਏ ਵੀ ਲੈ ਲਏ। ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ, ਪੁਲਿਸ ਥਾਣਾ ਡਿਵੀਜ਼ਨ ਨੰਬਰ-08, ਲੁਧਿਆਣਾ ਵਿਖੇ ਐਫਆਈਆਰ ਦਰਜ ਕੀਤੀ ਗਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਐਫਆਈਆਰ ਦੀ ਕਾਪੀ ਦੇਣ ਅਤੇ ਇਸ ‘ਤੇ ਅਗਲੀ ਕਾਰਵਾਈ ਕਰਨ ਲਈ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੇ 14,000 ਦੇਣ ਲਈ ਕਿਹਾ। ਰਿਸ਼ਵਤ ਦੇਣ ਲਈ ਰਾਜ਼ੀ ਨਾ ਹੋਣ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਲੁਧਿਆਣਾ ਪੁਲਿਸ ਥਾਣਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸਦੀ ਅਗਲੇਰੀ ਜਾਂਚ ਜਾਰੀ ਹੈ।  

Punjab

ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਇੱਕ ਮਹਿਲਾ ਐਸਐਸਪੀ ਨੂੰ ਧਮਕਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ: ਬਲਤੇਜ ਪੰਨੂ

ਚੰਡੀਗੜ੍ਹ 27 ਮਈ-     ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਕੱਲ੍ਹ ਧੂਰੀ ਨਗਰ ਨਿਗਮ ਚੋਣਾਂ ਦੌਰਾਨ ਕੀਤੇ ਗਏ ਵਿਵਹਾਰ ਨੂੰ ਬੇਹੱਦ ਸ਼ਰਮਨਾਕ, ਨਿੰਦਣਯੋਗ ਅਤੇ ਉਨ੍ਹਾਂ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ। ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਇੱਕ ਜ਼ਿੰਮੇਵਾਰ ਮੰਤਰਾਲਾ ਸੰਭਾਲ ਰਹੇ ਵਿਅਕਤੀ ਵੱਲੋਂ ਆਨ-ਕੈਮਰਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣਾ, ਇੱਕ ਮਹਿਲਾ ਐੱਸਐੱਸਪੀ ਦਾ ਅਪਮਾਨ ਕਰਨਾ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਦੇ ਆਗੂਆਂ ਦੇ ਸਿਰ ਸੱਤਾ ਦਾ ਹੰਕਾਰ ਚੜ੍ਹ ਕੇ ਬੋਲ ਰਿਹਾ ਹੈ। ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨਾ ਤਾਂ ਧੂਰੀ ਦੇ ਵਸਨੀਕ ਹਨ ਅਤੇ ਨਾ ਹੀ ਉੱਥੋਂ ਦੇ ਵੋਟਰ ਹਨ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਬਾਹਰੀ ਵਿਅਕਤੀਆਂ ਦਾ ਇਲਾਕੇ ਵਿੱਚ ਰਹਿਣਾ ਗ਼ੈਰ-ਕਾਨੂੰਨੀ ਹੈ, ਪਰ ਬਿੱਟੂ ਨੇ ਨਾ ਸਿਰਫ਼ ਨਿਯਮਾਂ ਨੂੰ ਛਿੱਕੇ ਟੰਗਿਆ ਬਲਕਿ ਭਾਰੀ ਪੁਲਿਸ ਫੋਰਸ ਦੇ ਕੰਮ ਵਿੱਚ ਸਿੱਧੇ ਤੌਰ ‘ਤੇ ਵਿਘਨ ਪਾਇਆ। ਪੰਨੂ ਨੇ ਕਿਹਾ ਕਿ ਮੈਂ ਸਵੇਰ ਤੋਂ ਉਹ ਵੀਡੀਓ ਕਈ ਵਾਰ ਦੇਖੀ ਹੈ ਅਤੇ ਮੈਨੂੰ ਆਪਣੀਆਂ ਅੱਖਾਂ ਅਤੇ ਕੰਨਾਂ ‘ਤੇ ਯਕੀਨ ਨਹੀਂ ਹੋ ਰਿਹਾ ਕਿ ਇੱਕ ਕੇਂਦਰੀ ਮੰਤਰੀ ਸਿਰਫ਼ ਮੀਡੀਆ ਵਿੱਚ ਸੁਰਖੀਆਂ ਬਟੋਰਨ ਲਈ ਇਸ ਹੱਦ ਤੱਕ ਗਿਰ ਸਕਦਾ ਹੈ। ਬਿੱਟੂ ਨੇ ਡਿਊਟੀ ‘ਤੇ ਤਾਇਨਾਤ ਇੱਕ ਗੁਰਸਿੱਖ ਪੁਲਿਸ ਮੁਲਾਜ਼ਮ ਦਾ ਕਾਲਰ ਫੜਿਆ, ਉਸ ਨਾਲ ਬਦਤਮੀਜ਼ੀ ਕੀਤੀ ਅਤੇ ਪੁਲਿਸ ਨੂੰ ‘ਦਲਾਲ’ ਵਰਗੇ ਘਟੀਆ ਸ਼ਬਦਾਂ ਨਾਲ ਸੰਬੋਧਨ ਕੀਤਾ। ਪੰਨੂ ਨੇ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਕਮਾਨ ਇੱਕ ਯੋਗ ਮਹਿਲਾ ਅਧਿਕਾਰੀ, ਐੱਸਐੱਸਪੀ ਮੈਡਮ ਨਵਜੋਤ ਕੌਰ ਗ੍ਰੇਵਾਲ ਦੇ ਹੱਥਾਂ ਵਿੱਚ ਹੈ, ਜੋ ਆਪਣੀ ਸਖ਼ਤ ਮਿਹਨਤ ਅਤੇ ਪੜ੍ਹਾਈ ਦੇ ਦਮ ‘ਤੇ ਇਸ ਮੁਕਾਮ ‘ਤੇ ਪਹੁੰਚੀ ਹੈ। ਰਵਨੀਤ ਬਿੱਟੂ ਨੇ ਇੱਕ ਮਹਿਲਾ ਅਧਿਕਾਰੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ‘ਜੇਕਰ ਤੁਸੀਂ ਮਹਿਲਾ ਨਾ ਹੁੰਦੇ ਤਾਂ ਮੈਂ ਪਤਾ ਨਹੀਂ ਕੀ ਕਰ ਦਿੰਦਾ’। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰੇਆਮ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਪੰਜਾਬ ਪੁਲਿਸ, ਜਿਸ ਨੇ ਦੇਸ਼ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਅਤੇ ਜੋ ਅੱਜ ਨਸ਼ਿਆਂ ਖ਼ਿਲਾਫ਼ ਦੇਸ਼ ਵਿੱਚ ਸਭ ਤੋਂ ਸ਼ਾਨਦਾਰ ਕੰਮ ਕਰ ਰਹੀ ਹੈ, ਉਸ ਨੂੰ ਇਸ ਤਰ੍ਹਾਂ ਅਪਮਾਨਿਤ ਕਰਨਾ ਬੇਹੱਦ ਸ਼ਰਮਨਾਕ ਹੈ। ਪੰਨੂ ਨੇ ਰਵਨੀਤ ਬਿੱਟੂ ਨੂੰ ਉਨ੍ਹਾਂ ਦਾ ਇਤਿਹਾਸ ਯਾਦ ਦਿਵਾਉਂਦਿਆਂ ਕਿਹਾ ਕਿ ਬਿੱਟੂ ਜੀ, ਜੇਕਰ ਇਹ ਫੋਰਸ ਇੰਨੀ ਹੀ ਮਾੜੀ ਹੈ, ਤਾਂ ਤੁਸੀਂ ਇਹ ਕਿਵੇਂ ਭੁੱਲ ਗਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੁਹਾਡੇ ਆਪਣੇ ਸਗੇ ਭਰਾ ਦੀ ਪੰਜਾਬ ਪੁਲਿਸ ਵਿੱਚ ਭਰਤੀ ਤਰਸ ਦੇ ਅਧਾਰ ‘ਤੇ ਹੋਈ ਸੀ? ਉਸ ਸਮੇਂ ਤੁਹਾਡੇ ਭਰਾ ਲਈ ਉਮਰ, ਸਿਖਿਆ ਅਤੇ ਸਾਰੇ ਨਿਯਮ-ਕਾਨੂੰਨ ਬਦਲ ਦਿੱਤੇ ਗਏ ਸਨ। ਅੱਜ ਤੁਸੀਂ ਜਿਸ ਇੰਸਪੈਕਟਰ ਅਤੇ ਡੀਐੱਸਪੀ ਨੂੰ ਸ਼ਰੇਆਮ ਗਾਲ੍ਹਾਂ ਕੱਢ ਰਹੇ ਹੋ, ਉਹ ਬਿਨਾਂ ਕਿਸੇ ਸਿਫ਼ਾਰਸ਼ ਅਤੇ ਰਿਸ਼ਵਤ ਦੇ ਆਪਣੀ ਯੋਗਤਾ ਨਾਲ ਉੱਥੇ ਪਹੁੰਚੇ ਹਨ। ਹੋ ਸਕਦਾ ਹੈ ਜਿਸ ਅਹੁਦੇ ‘ਤੇ ਤੁਹਾਡਾ ਭਰਾ ਬੈਠਾ ਹੈ, ਉਹ ਕਿਸੇ ਹੱਕਦਾਰ ਅਤੇ ਕਾਬਲ ਨੌਜਵਾਨ ਦਾ ਹੱਕ ਮਾਰ ਕੇ ਦਿੱਤੀ ਗਈ ਹੋਵੇ। ਪੰਨੂ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਨੂੰ ਘੇਰਿਆ ਅਤੇ ਕਿਹਾ ਕਿ ਪੰਜਾਬ ਪੁਲਿਸ ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਦੀ ਬਰਾਮਦਗੀ ਵਿੱਚ ਪੂਰੇ ਦੇਸ਼ ਵਿੱਚੋਂ ਸਭ ਤੋਂ ਅੱਗੇ ਹੈ। ਜੇਕਰ ਬਿੱਟੂ ਵਿੱਚ ਹਿੰਮਤ ਹੈ, ਤਾਂ ਉਹ ਗੁਜਰਾਤ ਦੇ ਪੋਰਟ (ਬੰਦਰਗਾਹ) ‘ਤੇ ਫੜੇ ਜਾਣ ਵਾਲੇ ਉਸ ਨਸ਼ੇ ‘ਤੇ ਸਵਾਲ ਉਠਾਉਣ ਜਿਸ ਨੂੰ ਉੱਥੇ ‘ਚੂਹੇ ਖਾ ਜਾਂਦੇ ਹਨ’। ਭਾਜਪਾ ਸ਼ਾਸਤ ਰਾਜਾਂ ਵਿੱਚ ਕਾਨੂੰਨ-ਵਿਵਸਥਾ ਦੀ ਜੋ ਬਦਹਾਲ ਸਥਿਤੀ ਹੈ, ਉਸ ‘ਤੇ ਗੱਲ ਕਰਨ ਦੀ ਬਜਾਏ ਬਿੱਟੂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਬਲਤੇਜ ਪੰਨੂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੀ ਸਮੁੱਚੀ ਪੁਲਿਸ ਫੋਰਸ ਅਤੇ ਅਧਿਕਾਰੀਆਂ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀ ਹੈ। ਪੰਜਾਬ ਪੁਲਿਸ ਦੇ ਮਨੋਬਲ ਨੂੰ ਤੋੜਨ ਦੀ ਭਾਜਪਾਈ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿੱਟੂ ਜੀ, ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਹਨ ਅਤੇ ਮਾਫ਼ ਕਰਨਾ ਜਾਣਦੇ ਹਨ। ਜੇਕਰ ਤੁਹਾਡੇ ਤੋਂ ਇਹ ਹਰਕਤ ਅਣਜਾਣੇ ਵਿੱਚ ਹੋਈ ਹੈ, ਤਾਂ ਤੁਸੀਂ ਪੰਜਾਬ ਪੁਲਿਸ, ਮਹਿਲਾ ਅਧਿਕਾਰੀ ਅਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਮਾਤਾ-ਪਿਤਾ ਤੋਂ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗੋ ਅਤੇ ਜੇਕਰ ਇਹ ਸਭ ਤੁਸੀਂ ਜਾਣਬੁੱਝ ਕੇ ਆਪਣੀ ਘਟੀਆ ਰਾਜਨੀਤੀ ਚਮਕਾਉਣ ਲਈ ਕੀਤਾ ਹੈ, ਤਾਂ ਕਾਨੂੰਨ ਆਪਣਾ ਕੰਮ ਬਖ਼ੂਬੀ ਕਰਨਾ ਜਾਣਦਾ ਹੈ। 

Punjab

ਭਾਜਪਾ ਨੇ ਭਾਰਤ ਨੂੰ 'ਵਿਸ਼ਵਗੁਰੂ' ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤਾਈਵਾਨ ਵਰਗਾ ਛੋਟਾ ਜਿਹਾ ਦੇਸ਼ ਵੀ ਭਾਰਤ ਨੂੰ ਪਿੱਛੇ ਛੱਡ ਗਿਆ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ 27 ਮਈ-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਵਿੱਚ ਭਾਰਤੀ ਆਰਥਿਕਤਾ ਲਗਾਤਾਰ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਬਾਰਾਂ ਸਾਲਾਂ ਦੇ ਸ਼ਾਸਨ ਨੇ ਦੇਸ਼ ਨੂੰ ਆਰਥਿਕ ਮੰਦੀ, ਵਧਦੇ ਕਰਜ਼ੇ, ਮਹਿੰਗਾਈ, ਬੇਰੁਜ਼ਗਾਰੀ ਅਤੇ ਨਿਵੇਸ਼ਕਾਂ ਦੇ ਡਿੱਗਦੇ ਭਰੋਸੇ ਦੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ। ਜਾਰੀ ਕੀਤੇ ਇੱਕ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਭਾਰਤ ਨੂੰ “ਵਿਸ਼ਵਗੁਰੂ” ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਦੇਸ਼ ਪ੍ਰਮੁੱਖ ਆਰਥਿਕ ਸੰਕੇਤਾਂ ਦੇ ਮਾਮਲੇ ਵਿੱਚ ਛੋਟੀਆਂ ਅਰਥਵਿਵਸਥਾਵਾਂ ਤੋਂ ਵੀ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ, “ਤਾਈਵਾਨ ਦਾ ਮਾਰਕੀਟ ਕੈਪੀਟਲਾਈਜ਼ੇਸ਼ਨ ਹੁਣ ਭਾਰਤ ਨਾਲੋਂ ਅੱਗੇ ਲੰਘ ਗਿਆ ਹੈ। ਮਹਿਜ਼ 2.5 ਕਰੋੜ ਦੀ ਆਬਾਦੀ ਵਾਲਾ ਦੇਸ਼ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਤੋਂ ਅੱਗੇ ਨਿਕਲ ਗਿਆ ਹੈ। ਭਾਰਤ, ਜੋ ਕਦੇ ਜੀ.ਡੀ.ਪੀ. ਦੇ ਆਕਾਰ ਦੇ ਹਿਸਾਬ ਨਾਲ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਸੀ, ਹੁਣ ਖਿਸਕ ਕੇ 6ਵੇਂ ਸਥਾਨ ‘ਤੇ ਆ ਗਿਆ ਹੈ।” ਉਨ੍ਹਾਂ ਟਿੱਪਣੀ ਕੀਤੀ ਕਿ ਭੂਗੋਲਿਕ ਅਤੇ ਆਬਾਦੀ ਦੋਵਾਂ ਪੱਖੋਂ ਭਾਰਤ ਨਾਲੋਂ ਬਹੁਤ ਛੋਟਾ ਦੇਸ਼ ਅੱਗੇ ਲੰਘਣ ਵਿੱਚ ਕਾਮਯਾਬ ਰਿਹਾ ਹੈ, ਜਦੋਂ ਕਿ ਭਾਜਪਾ ਸਰਕਾਰ ਆਰਥਿਕ ਮੁੱਦਿਆਂ ‘ਤੇ ਜਵਾਬਦੇਹੀ ਤੋਂ ਲਗਾਤਾਰ ਭੱਜ ਰਹੀ ਹੈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਉਹ ਭਾਰਤ ਨੂੰ ਵਿਸ਼ਵਗੁਰੂ ਬਣਾਉਣਾ ਚਾਹੁੰਦੇ ਸਨ, ਪਰ ਅੱਜ ਜਾਪਾਨ ਤੋਂ ਵੀ ਛੋਟਾ ਅਤੇ ਮਹਿਜ਼ 2.5 ਕਰੋੜ ਦੀ ਆਬਾਦੀ ਵਾਲਾ ਦੇਸ਼ ਸਾਡੇ ਨਾਲੋਂ ਅੱਗੇ ਨਿਕਲ ਗਿਆ ਹੈ। ਮੋਦੀ ਜੀ ਨੂੰ ਹੁਣ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਸੰਭਾਲਣ ਦੀ ਯੋਜਨਾ ਬਣਾ ਰਹੇ ਹਨ।” ਵਿੱਤ ਮੰਤਰੀ ਨੇ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਰਿਸਕ ਬਫਰ ਨਾਲ ਜੁੜੇ ਹਾਲ ਹੀ ਦੇ ਫੈਸਲੇ ‘ਤੇ ਵੀ ਕੇਂਦਰ ਨੂੰ ਸਵਾਲ ਘੇਰੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਜਪਾ ਸਰਕਾਰ ਦੀ ਆਰਥਿਕਤਾ ਨੂੰ ਲੰਬੇ ਸਮੇਂ ਲਈ ਮਜ਼ਬੂਤ ​​ਕਰਨ ਦੀ ਬਜਾਏ ਆਰਜ਼ੀ ਉਪਾਵਾਂ ਰਾਹੀਂ ਆਪਣੇ ਬਜਟ ਨੂੰ ਸੰਭਾਲਣ ਦੀ ਬੇਚੈਨੀ ਨੂੰ ਜੱਗ-ਜ਼ਾਹਰ ਕਰਦਾ ਹੈ। ਆਰਬੀਆਈ ਵੱਲੋਂ ਕੇਂਦਰ ਨੂੰ ਰਿਕਾਰਡ ਲਾਭਅੰਸ਼ (ਡਿਵੀਡੈਂਡ) ਟਰਾਂਸਫਰ ਕਰਨ ਤੋਂ ਪਹਿਲਾਂ ਆਪਣੇ ਕੰਟੀਜੈਂਟ ਰਿਸਕ ਬਫਰ ਨੂੰ 7.5% ਤੋਂ ਘਟਾ ਕੇ 6.5% ਕਰਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਫੈਸਲੇ ਦੇਸ਼ ਦੀ ਵਿੱਤੀ ਸਥਿਰਤਾ ਨੂੰ ਕਮਜ਼ੋਰ ਕਰ ਸਕਦੇ ਹਨ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਅਸੀਂ ਇਸ ਮੁੱਦੇ ਨੂੰ ਉਦੋਂ ਵੀ ਚੁੱਕਿਆ ਸੀ ਜਦੋਂ ਆਰਬੀਆਈ ਨੇ ਭਾਰਤ ਸਰਕਾਰ ਨੂੰ ‘ਰਿਕਾਰਡ’ ਲਾਭਅੰਸ਼ ਦਿੱਤਾ ਸੀ। ਅਜਿਹੇ ਟ੍ਰਾਂਸਫਰ ਭਾਰਤ ਦੇ ਸਭ ਤੋਂ ਮਹੱਤਵਪੂਰਨ ਵਿੱਤੀ ਸੰਸਥਾਨ ਦੀ ਜੋਖਮ-ਪ੍ਰਬੰਧਨ ਸਮਰੱਥਾ ਦੀ ਕੀਮਤ ‘ਤੇ ਨਹੀਂ ਕੀਤੇ ਜਾ ਸਕਦੇ। ਇਸ ਸਰਕਾਰ ਨੂੰ ਸਿਰਫ਼ ਆਪਣਾ ਬਜਟ ਸੰਤੁਲਿਤ ਕਰਨ ਦਾ ਜਨੂੰਨ ਹੈ, ਭਾਵੇਂ ਇਸ ਲਈ ਤੇਲ ਦੀਆਂ ਕੀਮਤਾਂ ਵਧਾਉਣੀਆਂ ਪੈਣ, ਮਹਿੰਗਾਈ ਵਧੇ ਜਾਂ ਆਰਬੀਆਈ ਦੀ ਵਿੱਤੀ ਮਜ਼ਬੂਤੀ ਕਮਜ਼ੋਰ ਹੋਵੇ।” ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਿਰਫ਼ ਬਜਟ ਪ੍ਰਬੰਧਨ ਲਈ ਆਰ.ਬੀ.ਆਈ. ਦੀ ਜੋਖਮ-ਪ੍ਰਬੰਧਨ ਸਮਰੱਥਾ ਨਾਲ ਸਮਝੌਤਾ ਕਿਉਂ ਕੀਤਾ ਗਿਆ। ਹਰਪਾਲ ਸਿੰਘ ਚੀਮਾ ਨੇ ਕਿਹਾ, “ਭਾਜਪਾ ਦਾ ਆਰਥਿਕ ਪ੍ਰਬੰਧ ਸਪੱਸ਼ਟ ਨਾਕਾਮੀ ਨੂੰ ਦਰਸਾਉਂਦਾ ਹੈ। ਆਮ ਨਾਗਰਿਕ ਮਹਿੰਗਾਈ, ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕਮਜ਼ੋਰ ਹੁੰਦੀ ਆਰਥਿਕ ਸਥਿਰਤਾ ਦੇ ਰੂਪ ਵਿੱਚ ਇਸਦੀ ਕੀਮਤ ਚੁਕਾ ਰਹੇ ਹਨ, ਜਦੋਂ ਕਿ ਸਰਕਾਰ ਲਗਾਤਾਰ ਤੱਥਾਂ ਨੂੰ ਛੁਪਾ ਰਹੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।” ਪੰਜਾਬ ਦੇ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਭਟਕਾਉਣ ਵਾਲੀ ਰਾਜਨੀਤੀ ਅਤੇ ਸੁਰਖੀਆਂ ਬਟੋਰਨ ਵਾਲੇ ਪ੍ਰਬੰਧਾਂ ਦੀ ਬਜਾਏ ਪਾਰਦਰਸ਼ੀ ਆਰਥਿਕ ਸ਼ਾਸਨ, ਘਰੇਲੂ ਮੰਗ ਨੂੰ ਮਜ਼ਬੂਤ ​​ਕਰਨ, ਰੁਜ਼ਗਾਰ ਪੈਦਾ ਕਰਨ, ਮਹਿੰਗਾਈ ‘ਤੇ ਕਾਬੂ ਪਾਉਣ ਅਤੇ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ‘ਤੇ ਕੇਂਦਰਿਤ ਨੀਤੀਆਂ ਦੀ ਲੋੜ ਹੈ।  

Punjab

ਚੰਡੀਗੜ੍ਹ 'ਚ ਮਹਾਂ-ਮੁਕਾਬਲਾ! RR ਬਨਾਮ SRH ਵਿਚਾਲੇ 'ਕਰੋ ਜਾਂ ਮਰੋ' ਦੀ ਜੰਗ, ਹਾਰਨ ਵਾਲੀ ਟੀਮ ਹੋਵੇਗੀ ਬਾਹਰ

ਇੰਡੀਅਨ ਪ੍ਰੀਮੀਅਰ ਲੀਗ (IPL 2026) ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕੀ ਹੈ। ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਅਤੇ ਵੱਕਾਰੀ ‘ਐਲੀਮੀਨੇਟਰ’ (Eliminator) ਮੈਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੁਕਾਬਲਾ ਦੋਵਾਂ ਟੀਮਾਂ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ ਵਰਗਾ ਹੈ, ਕਿਉਂਕਿ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਜਾਵੇਗਾ, ਜਦੋਂ ਕਿ ਜਿੱਤਣ ਵਾਲੀ ਟੀਮ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾ ਕੇ ਫਾਈਨਲ ਦੀ ਰੇਸ ਵਿੱਚ ਬਣੀ ਰਹੇਗੀ। ਮੈਚ ਦਾ ਸਮਾਂ ਅਤੇ ਸਥਾਨ ਇਹ ਹਾਈ-ਵੋਲਟੇਜ ਮੁਕਾਬਲਾ 27 ਮਈ 2026 ਨੂੰ ਨਵੇਂ ਚੰਡੀਗੜ੍ਹ (ਮੁੱਲਾਂਪੁਰ) ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਚੰਡੀਗੜ੍ਹ ਦੀ ਪਿੱਚ ਇਸ ਸੀਜ਼ਨ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਲਈ ਮਦਦਗਾਰ ਸਾਬਤ ਹੋਈ ਹੈ, ਜਿਸ ਕਾਰਨ ਇੱਕ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਲੀਗ ਸਟੇਜ ਵਿੱਚ ਦੋਵਾਂ ਟੀਮਾਂ ਦਾ ਸਫ਼ਰ  ਸਨਰਾਈਜ਼ਰਜ਼ ਹੈਦਰਾਬਾਦ (SRH): ਪੈਟ ਕਮਿੰਸ ਦੀ ਕਪਤਾਨੀ ਹੇਠ ਹੈਦਰਾਬਾਦ ਨੇ ਇਸ ਸੀਜ਼ਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 14 ਲੀਗ ਮੈਚਾਂ ਵਿੱਚੋਂ 9 ਵਿੱਚ ਜਿੱਤ ਦਰਜ ਕੀਤੀ ਅਤੇ 18 ਅੰਕਾਂ ਦੇ ਨਾਲ ਅੰਕ ਸੂਚੀ (Points Table) ਵਿੱਚ ਤੀਜੇ ਸਥਾਨ ‘ਤੇ ਰਹੇ। ਰਾਜਸਥਾਨ ਰਾਇਲਜ਼ (RR): ਰਿਆਨ ਪਰਾਗ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਨੇ ਲੀਗ ਸਟੇਜ ਦੇ ਆਖਰੀ ਦਿਨ ਪਲੇਅ-ਆਫ (Playoffs) ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਉਨ੍ਹਾਂ ਨੇ 14 ਮੈਚਾਂ ਵਿੱਚੋਂ 8 ਜਿੱਤਾਂ ਅਤੇ 16 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। ਆਹਮੋ-ਸਾਹਮਣੇ ਦੇ ਅੰਕੜੇ ਜੇਕਰ ਆਈਪੀਐਲ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਕੁੱਲ 22 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਸਨਰਾਈਜ਼ਰਜ਼ ਹੈਦਰਾਬਾਦ ਨੇ 13 ਅਤੇ ਰਾਜਸਥਾਨ ਰਾਇਲਜ਼ ਨੇ 9 ਮੈਚ ਜਿੱਤੇ ਹਨ। ਇਸ ਸੀਜ਼ਨ ਦੇ ਲੀਗ ਪੜਾਅ ਦੌਰਾਨ ਵੀ ਹੈਦਰਾਬਾਦ ਨੇ ਰਾਜਸਥਾਨ ਨੂੰ ਦੋਵੇਂ ਮੈਚਾਂ ਵਿੱਚ ਮਾਤ ਦਿੱਤੀ ਸੀ, ਜਿਸ ਕਾਰਨ ਕਮਿੰਸ ਦੀ ਸੈਨਾ ਦੇ ਹੌਸਲੇ ਬੁਲੰਦ ਹਨ। ਮੁੱਖ ਖਿਡਾਰੀ  ਵੈਭਵ ਸੂਰਿਆਵੰਸ਼ੀ (RR): ਰਾਜਸਥਾਨ ਦੇ ਇਸ ਨੌਜਵਾਨ ਅਤੇ ਵਿਸਫੋਟਕ ਬੱਲੇਬਾਜ਼ ਨੇ ਇਸ ਸੀਜ਼ਨ ਵਿੱਚ 53 ਛੱਕੇ ਜੜ ਕੇ ਤਹਿਲਕਾ ਮਚਾਇਆ ਹੋਇਆ ਹੈ। ਅਭਿਸ਼ੇਕ ਸ਼ਰਮਾ (SRH): ਹੈਦਰਾਬਾਦ ਦਾ ਇਹ ਖੱਬੇ ਹੱਥ ਦਾ ਓਪਨਰ ਇਸ ਸਮੇਂ ਜ਼ਬਰਦਸਤ ਫਾਰਮ ਵਿੱਚ ਹੈ, ਜਿਸ ਨੇ ਹੁਣ ਤੱਕ 43 ਛੱਕੇ ਲਗਾਏ ਹਨ। ਹੇਨਰਿਕ ਕਲਾਸਨ (SRH): ਮਿਡਲ ਆਰਡਰ ਵਿੱਚ ਆ ਕੇ ਮੈਚ ਦਾ ਪਾਸਾ ਪਲਟਣ ਵਿੱਚ ਮਾਹਰ। ਯੁਜਵੇਂਦਰ ਚਾਹਲ ਅਤੇ ਰਵੀ ਬਿਸ਼ਨੋਈ (RR): ਰਾਜਸਥਾਨ ਦੀ ਸਪਿਨ ਜੋੜੀ ਮੱਧ ਓਵਰਾਂ ਵਿੱਚ ਹੈਦਰਾਬਾਦ ਦੀ ਬੱਲੇਬਾਜ਼ੀ ਨੂੰ ਰੋਕਣ ਲਈ ਅਹਿਮ ਹੋਵੇਗੀ।

Punjab

ਅੰਮ੍ਰਿਤਸਰ: ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇਤਿਹਾਸਕ ਅਤੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ‘ਗੁਰਦੁਆਰਾ ਸ਼ਹੀਦ ਗੰਜ ਸਾਹਿਬ’ (ਬਾਬਾ ਦੀਪ ਸਿੰਘ ਜੀ) ਦੇ ਕੰਪਲੈਕਸ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੁਝ ਹੀ ਮਿੰਟਾਂ ਵਿੱਚ ਧੂੰਏਂ ਦੇ ਗੁਬਾਰ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸ਼ਰਧਾਲੂ ਤੁਰੰਤ ਬਚਾਅ ਕਾਰਜਾਂ ਵਿੱਚ ਜੁਟ ਗਏ। ਕਿਵੇਂ ਵਾਪਰੀ ਘਟਨਾ ਅਤੇ ਮੌਕੇ ਦੇ ਹਾਲਾਤ? ਪ੍ਰਤੱਖਦਰਸ਼ੀਆਂ ਅਤੇ ਮੁੱਢਲੀ ਜਾਣਕਾਰੀ ਮੁਤਾਬਕ, ਅੱਗ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਸਥਿਤ ਇੱਕ ਹਿੱਸੇ (ਜਾਂ ਸਟੋਰ/ਲੰਗਰ ਹਾਲ ਦੇ ਨੇੜੇ) ਵਿੱਚ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਮੌਜੂਦ ਸਨ। ਅੱਗ ਅਤੇ ਧੂੰਏਂ ਨੂੰ ਦੇਖਦਿਆਂ ਹੀ ਸ਼ਰਧਾਲੂਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਹਫੜਾ-ਦਫੜੀ ਮਚ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਬਿਨਾਂ ਸਮਾਂ ਗਵਾਏ ਮੁਸਤੈਦੀ ਦਿਖਾਉਂਦੇ ਹੋਏ ਸੰਗਤਾਂ ਨੂੰ ਸੁਰੱਖਿਅਤ ਸਥਾਨਾਂ ਵੱਲ ਕੱਢਣਾ ਸ਼ੁਰੂ ਕੀਤਾ। ਫਾਇਰ ਬ੍ਰਿਗੇਡ ਅਤੇ ਸੇਵਾਦਾਰਾਂ ਨੇ ਪਾਇਆ ਕਾਬੂ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਫਾਈਟਰਾਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਸਥਾਨਕ ਲੋਕਾਂ ਅਤੇ ਸੰਗਤ ਨੇ ਵੀ ਬਚਾਅ ਕਾਰਜਾਂ ਵਿੱਚ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ। ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਦੀਆਂ ਲਪਟਾਂ ਨੂੰ ਹੋਰ ਫੈਲਣ ਤੋਂ ਰੋਕਿਆ ਗਿਆ ਅਤੇ ਸਥਿਤੀ ‘ਤੇ ਕਾਬੂ ਪਾਇਆ ਗਿਆ। ਮੁੱਖ ਨੁਕਤਾ: ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਇੱਕ ਹਿੱਸੇ ਅਤੇ ਉੱਥੇ ਰੱਖੇ ਸਾਮਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦਾ ਕਾਰਨ: ਸ਼ਾਰਟ ਸਰਕਟ ਦਾ ਖ਼ਦਸ਼ਾ ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ, ਪਰ ਮੁੱਢਲੀ ਜਾਂਚ ਅਤੇ ਮੌਕੇ ‘ਤੇ ਮੌਜੂਦ ਸਟਾਫ਼ ਮੁਤਾਬਕ ਇਹ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰਿਆ ਮੰਨਿਆ ਜਾ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਬਿਜਲੀ ਦੇ ਲੋਡ ਕਾਰਨ ਅਕਸਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪ੍ਰਸ਼ਾਸਨ ਅਤੇ SGPC ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਦਾ ਦਾਅਵਾ ਇਸ ਮੰਦਭਾਗੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਪ੍ਰਬੰਧਕਾਂ ਵੱਲੋਂ ਬਿਜਲੀ ਦੀਆਂ ਤਾਰਾਂ ਅਤੇ ਸੁਰੱਖਿਆ ਉਪਕਰਨਾਂ ਦੀ ਦੁਬਾਰਾ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗੁਰਦੁਆਰਾ ਪਰਿਸਰ ਵਿੱਚ ਫਾਇਰ ਸੇਫਟੀ ਦੇ ਨਵੇਂ ਨਿਯਮਾਂ ਅਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ ਗਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਅਣਸੁਖਾਵੀਂ ਘਟਨਾ ਦੁਬਾਰਾ ਨਾ ਵਾਪਰੇ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਾ ਇਤਿਹਾਸਕ ਮਹੱਤਵ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਸ਼ਹੀਦ ਗੰਜ) ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਮਹਾਨ ਸਿੱਖ ਯੋਧੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਾਦੀ ਅਤੇ ਮਰਿਆਦਾ ਦੀ ਰੱਖਿਆ ਲਈ ਲੜਦਿਆਂ ਆਪਣੀ ਸ਼ਹੀਦੀ ਦਿੱਤੀ ਸੀ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਅਤੇ ਅਸੀਸਾਂ ਪ੍ਰਾਪਤ ਕਰਨ ਆਉਂਦੀਆਂ ਹਨ। ਅਜਿਹੇ ਇਤਿਹਾਸਕ ਅਸਥਾਨ ‘ਤੇ ਅੱਗ ਲੱਗਣ ਦੀ ਖ਼ਬਰ ਨੇ ਪੂਰੀ ਸਿੱਖ ਜਗਤ ਅਤੇ ਸਥਾਨਕ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

Scroll to Top