Actionpunjab

Action Punjab Logo
Breaking News

Punjab

Punjab

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

*ਚੰਡੀਗੜ੍ਹ, 8 ਜੂਨ:* ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ 33 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਥੇ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਸ. ਹਰਦੀਪ ਸਿੰਘ ਮੁੰਡੀਆਂ ਨੇ ਨਵ-ਨਿਯੁਕਤ ਪਟਵਾਰੀਆਂ ਨੂੰ ਮੁਬਾਰਕਬਾਦ ਦਿੱਤੀ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਨੇਹਾ ਪਟਵਾਰੀਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਵਿੱਚ ਗ਼ਲਤਾਨ ਰਹੀਆਂ ਹਨ ਪਰ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਸਖ਼ਤੀ ਨਾਲ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਨਵੇਂ ਪਟਵਾਰੀਆਂ ਦੇ ਮੋਢਿਆਂ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਦਿੜ੍ਹਤਾ ਨਾਲ ਨਿਭਾਉਣ ਅਤੇ ਲੋਕਾਂ ਦੇ ਕੰਮਾਂ ਨੂੰ ਤਰਜੀਹੀ ਆਧਾਰ ‘ਤੇ ਕਰਨ। ਉਨ੍ਹਾਂ ਸੁਚੇਤ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਰਤੀ ਕੀਤੇ ਗਏ ਇਨ੍ਹਾਂ ਪਟਵਾਰੀਆਂ ਨੇ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਲਈ ਹੈ ਅਤੇ ਅੱਜ ਨਿਯੁਕਤੀ ਪੱਤਰ ਮਿਲਣ ਪਿੱਛੋਂ ਇਹ ਪਟਵਾਰੀ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਹੋ ਜਾਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਾਲ 2023 ਵਿੱਚ ਮਾਲ ਪਟਵਾਰੀਆਂ ਦੀ ਭਰਤੀ ਉਪਰੰਤ ਯੋਗ ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲ੍ਹੇ ਅਲਾਟ ਕੀਤੇ ਸਨ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ 1 ਸਾਲ ਦੀ ਟ੍ਰੇਨਿੰਗ ਪਟਵਾਰ ਸਕੂਲਾਂ ਵਿਖੇ ਅਤੇ 6 ਮਹੀਨੇ ਦੀ ਫੀਲਡ ਟ੍ਰੇਨਿੰਗ ਦਿੱਤੀ ਗਈ, ਜਿੱਥੇ ਤਜਰਬੇਕਾਰ ਅਤੇ ਅਨੁਭਵੀ ਸੇਵਾ-ਮੁਕਤ ਪੀ.ਸੀ.ਐਸ. ਅਫ਼ਸਰਾਂ, ਜ਼ਿਲ੍ਹਾ ਮਾਲ ਅਫ਼ਸਰਾਂ, ਤਹਿਸੀਲਦਾਰਾਂ, ਕਾਨੂੰਨਗੋਆਂ ਅਤੇ ਪਟਵਾਰੀਆਂ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ। ਇਨ੍ਹਾਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ ਹਿਸਾਬ ਮੁਸਾਹਤ, ਲੈਂਡ ਰਿਕਾਰਡ, ਪੈਮਾਇਸ਼, ਰਿਕਾਰਡ ਦੀ ਤਿਆਰੀ, ਇਲੈਕਸ਼ਨ, ਮੁਰੱਬਾਬੰਦੀ, ਖੇਤੀਬਾੜੀ ਅਤੇ ਕੰਪਿਊਟਰ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿਸ਼ਿਆਂ ਵਿਚੋਂ ਇਲੈਕਸ਼ਨ ਅਤੇ ਖੇਤੀਬਾੜੀ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਲੈਕਸ਼ਨ ਵਿਸ਼ੇ ਵਿੱਚ ਮੁੱਖ ਤੌਰ ‘ਤੇ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਸ਼ੇ ਵਿੱਚ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ, ਕੀੜੇ ਮਾਰ ਦੀਵਾਈਆਂ, ਖਾਦ ਅਤੇ ਫ਼ਸਲਾਂ ਦੇ ਬੀਜ ਸਬੰਧੀ ਪੂਰਨ ਤੌਰ ‘ਤੇ ਜਾਣਕਾਰੀ ਦਿੱਤੀ ਗਈ। ਆਈ.ਐਲ.ਐਮ.ਐਸ. (ਇੰਟੈਗ੍ਰੇਟਿਡ ਲੈਂਡ ਮੈਨੇਜਮੈਂਟ ਸਿਸਟਮ) ਸਾਫ਼ਟਵੇਅਰ ‘ਤੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੈਕਟੀਕਲ ਤੌਰ ‘ਤੇ ਜਮਾਂਬੰਦੀ ਦੀ ਡਾਟਾ ਐਂਟਰੀ, ਇੰਤਕਾਲ ਦਰਜ ਕਰਨਾ, ਰੋਜਨਾਮਚਾ, ਫ਼ਰਦ ਬਦਰ ਆਦਿ ਦੀ ਸਿਖਲਾਈ ਦਿੱਤੀ ਗਈ। ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਯੋਗ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ ਸਾਲ 2025 ਪੜਾਅਵਾਰ ਦੋ ਵਾਰ ਲਈ ਗਈ ਸੀ। ਇਸ ਪ੍ਰੀਖਿਆ ਵਿੱਚੋਂ ਕੁੱਲ 512 ਉਮੀਦਵਾਰਾਂ ਨੇ ਵਿਭਾਗੀ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਵਿੱਚੋਂ 464 ਉਮੀਦਵਾਰ ਪਹਿਲਾਂ ਹੀ ਬਤੌਰ ਰੈਗੂਲਰ ਪਟਵਾਰੀ ਫੀਲਡ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ 33 ਪਟਵਾਰੀ (ਉਮੀਦਵਾਰਾਂ) ਨੂੰ ਅੱਜ ਨਿਯੁਕਤੀ ਪੱਤਰ ਦੇਣ ਉਪਰੰਤ ਇਨ੍ਹਾਂ ਨੂੰ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਕੀਤਾ ਜਾਵੇਗਾ। ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਨਵ-ਨਿਯੁਕਤ ਪਟਵਾਰੀਆਂ ਦਾ ਵਿਭਾਗ ਵਿੱਚ ਰਸਮੀ ਤੌਰ ਉੱਤੇ ਸ਼ਾਮਲ ਹੋਣ ਉੱਤੇ ਸਵਾਗਤ ਕੀਤਾ। ਸ੍ਰੀ ਵਰਮਾ ਨੇ ਕਿਹਾ ਕਿ ਪਿੰਡ ਪੱਧਰ ‘ਤੇ ਪਟਵਾਰੀ ਸਰਕਾਰ ਦਾ ਅਕਸ ਹੁੰਦਾ ਹੈ। ਇਸ ਲਈ ਉਹ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸੁਚੱਜੇ ਪ੍ਰਸ਼ਾਸਨ ਨੂੰ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉੱਚ ਵਿੱਦਿਅਕ ਯੋਗਤਾ ਪਾਸ ਪਟਵਾਰੀਆਂ ਦੀ ਤਾਇਨਾਤੀ ਨਾਲ ਈਜ਼ੀ ਜਮ੍ਹਾਂਬੰਦੀ, ਈਜ਼ੀ ਰਜਿਸਟਰੀ ਜਿਹੇ ਸੁਧਾਰਾਂ ਨੂੰ ਹੇਠਲੇ ਪੱਧਰ ਉਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਪਟਵਾਰੀਆਂ ਨੂੰ ਭਰਤੀ ਕਰਨ ਦਾ ਉਦੇਸ਼ ਆਮ ਲੋਕਾਂ ਦੀ ਸਹੂਲਤ ਲਈ ਮਾਲ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮਾਂਬੱਧ ਢੰਗ ਨਾਲ ਮੁਸ਼ਕਲ ਰਹਿਤ ਸਹੂਲਤਾਂ ਮਿਲ ਸਕਣ। ਸਮਾਗਮ ਦੌਰਾਨ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਲੈਂਡ ਰਿਕਾਰਡਜ਼ ਸ੍ਰੀ ਪਰਮਵੀਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।  

Punjab

ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026: ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਉਨ੍ਹਾਂ ਦੀ ਸਰਕਾਰ ਦੇ ਗਠਨ ਤੋਂ ਲੈ ਕੇ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 67,037 ਹੋ ਗਈ ਹੈ। ਇਸ ਪ੍ਰਾਪਤੀ ਨੂੰ ਪੰਜਾਬ ਵਿੱਚ ਨਵੀਂ ਭਰਤੀ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਰਕਾਰੀ ਨੌਕਰੀਆਂ ਸਿਰਫ਼ ਯੋਗਤਾ, ਪਾਰਦਰਸ਼ਤਾ ਅਤੇ ਨਿਰਪੱਖ ਮੁਕਾਬਲੇ ਦੇ ਆਧਾਰ ‘ਤੇ ਬਿਨਾਂ ਕਿਸੇ ਸਿਫਾਰਸ਼, ਰਾਜਨੀਤਿਕ ਪ੍ਰਭਾਵ ਜਾਂ ਭ੍ਰਿਸ਼ਟਾਚਾਰ ਦੇ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੀਟ ਵਰਗੀਆਂ ਪੇਪਰ ਲੀਕ ਦੀਆਂ ਘਟਨਾਵਾਂ ਨੇ ਦੇਸ਼ ਭਰ ਦੇ ਨੌਜਵਾਨਾਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ 2017 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਇਸਦੇ ਉਲਟ ਪੰਜਾਬ ਵੱਲ ਝਾਤ ਮਾਰੀਏ ਤਾਂ ਸਾਲ 2022 ਤੋਂ ਇੱਕ ਵੀ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਨੌਜਵਾਨਾਂ ਦੇ ਸਸ਼ਕਤੀਕਰਨ ਲਈ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾ ਸਿਰਫ਼ ਨੌਕਰੀਆਂ ਪੈਦਾ ਕਰ ਰਿਹਾ ਹੈ ਬਲਕਿ ਅਜਿਹੇ ਮੌਕੇ ਵੀ ਪੈਦਾ ਕਰ ਰਿਹਾ ਹੈ ਜੋ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿਣ, ਅੱਗੇ ਵਧਣ ਅਤੇ ਸਫਲ ਹੋਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਦੇ ਰੁਝਾਨ ਨੂੰ ਪੁੱਠਾ ਗੇੜ ਪੈਣ, 65,000 ਠੇਕਾ ਕਰਮਚਾਰੀਆਂ ਲਈ ਰੈਗੂਲਰ ਨੌਕਰੀ ਦਾ ਰਾਹ ਖੋਲ੍ਹਣ, 25 ਨਵੀਆਂ ਆਈ.ਟੀ.ਆਈਜ਼ ਅਤੇ 13 ਮੌਜੂਦਾ ਆਈ.ਟੀ.ਆਈਜ਼ ਸੰਸਥਾਵਾਂ ਦੇ ਅਪਗ੍ਰੇਡੇਸ਼ਨ ਰਾਹੀਂ ਹੁਨਰ ਵਿਕਾਸ ਵਿੱਚ ਵੱਡੇ ਨਿਵੇਸ਼ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾਉਣ ਵਾਸਤੇ ਉਨ੍ਹਾਂ ਨੂੰ ਵਿਸ਼ਵਾਸ ਨਾਲ ਭਰਨ, ਢੁਕਵੇਂ ਮੌਕੇ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਤਕਨੀਕੀ ਸਿੱਖਿਆ, ਸਹਿਕਾਰਤਾ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਪਸ਼ੂ ਪਾਲਣ, ਲੋਕ ਨਿਰਮਾਣ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਹੋਰ ਵਿਭਾਗਾਂ ਵਿੱਚ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦਿਨ ਪੰਜਾਬ ਸਰਕਾਰ ਦੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਚੰਗੇ ਸ਼ਾਸਨ ਰਾਹੀਂ ਸਸ਼ਕਤ ਬਣਾਉਣ ਦੇ ਚੱਲ ਰਹੇ ਮਿਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ। ਇਸ ਸਮਾਗਮ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਕਿਹਾ “ਅੱਜ 355 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ, ਜਿਸ ਨਾਲ ਹੁਣ ਤੱਕ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਕੁੱਲ ਗਿਣਤੀ 67,037 ਹੋ ਗਈ ਹੈ। ਇਹ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਅਤੇ ਪਾਰਦਰਸ਼ਤਾ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ। ਅਜਿਹੇ ਸਮੇਂ ਜਦੋਂ ਦੇਸ਼ ਭਰ ਵਿੱਚ ਨੀਟ ਵਰਗੇ ਪੇਪਰ ਲੀਕ ਹੋ ਰਹੇ ਹਨ, ਪੰਜਾਬ ਨੇ ਇਮਾਨਦਾਰੀ, ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਭਰਤੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾ ਕੇ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚੋਂ ਸਿਖਰਲਾ ਸਥਾਨ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਹੈ। ਮੈਂ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸਰਕਾਰੀ ਦਫਤਰਾਂ ਵਿੱਚ ਸੀਨੀਅਰ ਨਾਗਰਿਕਾਂ ਅਤੇ ਆਮ ਲੋਕਾਂ ਦੇ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕਰਦਾ ਹਾਂ। ‘ਆਪ’ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪ੍ਰਵਾਸ ਨੂੰ ਰੋਕਣ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਤਰੱਕੀ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” ਨਵ-ਨਿਯੁਕਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਵਿੱਚ ਉਮੀਦਵਾਰਾਂ ਦੀ ਚੋਣ ਦਾ ਇੱਕੋ ਇੱਕ ਮਾਪਦੰਡ ਸਖ਼ਤ ਮਿਹਨਤ, ਸਮਰਪਣ ਅਤੇ ਯੋਗਤਾ ਹੈ। ਉਹ ਦਿਨ ਗਏ ਜਦੋਂ ਸਰਕਾਰੀ ਨੌਕਰੀਆਂ ਰਿਸ਼ਵਤ, ਸਿਫਾਰਸ਼ਾਂ ਜਾਂ ਰਾਜਨੀਤਿਕ ਸਬੰਧਾਂ ਦੇ ਆਧਾਰ ‘ਤੇ ਵੰਡੀਆਂ ਜਾਂਦੀਆਂ ਸਨ। ਅੱਜ, ਯੋਗ ਉਮੀਦਵਾਰਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਨੌਜਵਾਨਾਂ ਨੇ ਸਫਲਤਾ ਪ੍ਰਾਪਤ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਇਹ ਉਨ੍ਹਾਂ ਦੇ ਸਫ਼ਰ ਦੀ ਸਿਰਫ਼ ਇੱਕ ਸ਼ੁਰੂਆਤ ਹੈ। ਉਨ੍ਹਾਂ ਲਈ ਤਰੱਕੀ ਦੀ ਉਡਾਰੀ ਭਰਨ ਵਾਸਤੇ ਆਸਮਾਨ ਖੁੱਲ੍ਹਾ ਹੈ ਅਤੇ ਮੈਂ ਸਾਰੇ ਉਮੀਦਵਾਰਾਂ ਨੂੰ ਅੱਗੇ ਹੋਰ ਵੱਡੇ ਮੁਕਾਮ ਹਾਸਲ ਕਰਨ  ਵਾਸਤੇ ਯਤਨਸ਼ੀਲ ਰਹਿਣ ਦੀ ਸਲਾਹ ਦਿੰਦਾ ਹਾਂ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਤੋਂ ਇਹ ਨਵ-ਨਿਯੁਕਤ ਕਰਮਚਾਰੀ ਸਰਕਾਰੀ ਪਰਿਵਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ ਅਤੇ ਇਹ ਕਰਮਚਾਰੀ ਖੁਸ਼ਹਾਲ ਤੇ ਰੰਗਲੇ ਪੰਜਾਬ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ, “ਅਸੀਂ ਸਾਰੇ ਇਕਜੁੱਟ ਹੋ ਕੇ ਰੰਗਲੇ ਪੰਜਾਬ ਦੀ ਸ਼ਾਨ ਨੂੰ ਬਹਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਤੁਹਾਡੇ ਵਿੱਚੋਂ ਹਰ ਇੱਕ ਦੀ ਹੁਣ ਸਮਾਜ ਅਤੇ ਸੂਬੇ ਪ੍ਰਤੀ ਇੱਕ ਅਹਿਮ ਜ਼ਿੰਮੇਵਾਰੀ ਹੈ। ਸਰਕਾਰ ਨੇ ਤੁਹਾਨੂੰ ਮੌਕੇ ਪ੍ਰਦਾਨ ਕਰਕੇ ਆਪਣਾ ਫਰਜ਼ ਨਿਭਾਇਆ ਹੈ। ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਇਮਾਨਦਾਰੀ, ਸਮਰਪਣ ਅਤੇ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰੋ।” ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਭਰਤੀ ਪ੍ਰਕਿਰਿਆ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਿਕਾਰਡ ਦੀ ਤੁਲਨਾ ਦੇਸ਼ ਦੇ ਕਈ ਹੋਰ ਹਿੱਸਿਆਂ ਦੀ ਮੌਜੂਦਾ ਸਥਿਤੀ ਨਾਲ ਕੀਤੀ। ਉਨ੍ਹਾਂ ਕਿਹਾ, “2017 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ ਲਗਭਗ 93 ਪ੍ਰੀਖਿਆ ਪੇਪਰ ਲੀਕ ਹੋਣ ਦੀ ਰਿਪੋਰਟ ਮਿਲੀ ਹੈ। ਨੀਟ ਸਮੇਤ ਪ੍ਰਮੁੱਖ ਪ੍ਰੀਖਿਆਵਾਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਨੇ ਲੱਖਾਂ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਹਾਲਾਂਕਿ, 2022 ਵਿੱਚ ਸਾਡੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ, ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਹੋਣ ਦੀ ਘਟਨਾ ਸਾਹਮਣੇ ਨਹੀਂ ਆਈ ਹੈ। ਇਸ ਕਾਰਨ ਇਹ ਹੈ ਕਿ ਸੂਬੇ ਵਿੱਚ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ। ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਆਧਾਰ ‘ਤੇ ਨੌਕਰੀਆਂ ਅਤੇ ਮੌਕੇ ਮਿਲ ਰਹੇ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ ‘ਤੇ ਹੁਣ ਤੱਕ 67,037 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਹਰ ਨਿਯੁਕਤੀ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਜਾਂ ਪੱਖਪਾਤ ਤੋਂ ਬਿਨਾਂ ਕੀਤੀ ਗਈ ਹੈ। ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਸ਼ਾਨਦਾਰ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ, “ਜਦੋਂ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਸਕੂਲ ਸਿੱਖਿਆ ਵਿੱਚ ਪੰਜਾਬ ਦੇਸ਼ ਭਰ ਵਿੱਚੋਂ 27ਵੇਂ ਸਥਾਨ ‘ਤੇ ਸੀ। ਅੱਜ, ਨੀਤੀ ਆਯੋਗ ਅਨੁਸਾਰ ਪੰਜਾਬ ਨੇ ਸਕੂਲ ਸਿੱਖਿਆ ਵਿੱਚ ਕੇਰਲਾ ਵਰਗੇ ਸੂਬਿਆਂ ਨੂੰ ਪਛਾੜਦਿਆਂ ਪਹਿਲੇ ਨੰਬਰ ‘ਤੇ ਕਬਜ਼ਾ ਕੀਤਾ ਹੈ। ਇਹ ਪ੍ਰਾਪਤੀ ਇਸ ਲਈ ਸੰਭਵ ਹੋਈ ਹੈ ਕਿਉਂਕਿ ਅਸੀਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰੀ ਵਿਦਿਅਕ ਬੁਨਿਆਦੀ ਢਾਂਚਾ ਵਿਕਸਤ ਵਿੱਚ ਨਿਵੇਸ਼ ਕੀਤਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਦੇ ਸਕੂਲ ਹੁਣ ਅਤਿ-ਆਧੁਨਿਕ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹਨ ਜਿਸ ਨਾਲ ਸਕੂਲਾਂ ਵਿੱਚ ਇੱਕ ਅਜਿਹਾ ਮਾਹੌਲ ਸਿਰਜਿਆ ਗਿਆ ਹੈ ਜੋ ਸਿੱਖਣ, ਨਵੀਨਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ

Punjab

ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ: ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ ਵਿਲੱਖਣ ਕਦਮ ਚੁੱਕਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੋਮਵਾਰ ਨੂੰ ‘ਮਿਸ਼ਨ ਕਲੀਨ ਪੰਜਾਬ’ ਦੀ ਸ਼ੁਰੂਆਤ ਕੀਤੀ। ਤਕਨਾਲੋਜੀ-ਅਧਾਰਤ ਇਸ ਮੁਹਿੰਮ ਤਹਿਤ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫ਼ੀਲਡ ਵਿੱਚ ਦਿਖਾਈ ਦੇਣਗੇ। ਇੱਥੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ‘ਮਿਸ਼ਨ ਕਲੀਨ ਪੰਜਾਬ’ ਦਾ ਆਗਾਜ਼ ਕਰਦਿਆਂ ਸ. ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫ਼ਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਵੇਗਾ। ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਹਿਰੀ ਸਥਾਨਕ ਸੰਸਥਾ ਨੂੰ 10-ਕਿਲੋਮੀਟਰ ਦੇ ਜ਼ੋਨਾਂ ਵਿੱਚ ਵੰਡਿਆ ਜਾਵੇਗਾ ਅਤੇ ਹਰੇਕ ਜ਼ੋਨ ਦੀ ਅਗਵਾਈ ਇੱਕ ਨਿਗਰਾਨ ਅਧਿਕਾਰੀ- ਏ.ਡੀ.ਸੀ., ਐਮ.ਸੀ. ਕਮਿਸ਼ਨਰ, ਸੰਯੁਕਤ ਕਮਿਸ਼ਨਰ ਜਾਂ ਈ.ਓ.- ਵੱਲੋਂ ਕੀਤੀ ਜਾਵੇਗੀ। ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲਾਜ਼ਮੀ ਤੌਰ ‘ਤੇ ਫੀਲਡ ਦਾ ਦੌਰਾ ਕਰਨਗੇ। ਸਥਾਨਕ ਸਰਕਾਰਾਂ ਮੰਤਰੀ ਖ਼ੁਦ ਵੀ ਪੂਰੇ ਪੰਜਾਬ ਵਿੱਚ ਅਚਨਚੇਤ ਚੈਕਿੰਗ ਕਰਨਗੇ। ਨਿਗਰਾਨ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਭੇਜਣਗੇ ਅਤੇ ਕਿਸੇ ਵੀ ਚੀਜ਼ ਨੂੰ ਰੱਬ ਆਸਰੇ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੋਈ ਇੱਕ ਵਾਰ ਕੀਤਾ ਜਾਣ ਵਾਲਾ ਵੱਡਾ ਸਮਾਗਮ ਨਹੀਂ ਹੈ। ਇਹ ਗੰਦਗੀ ਵਿਰੁੱਧ ਰੋਜ਼ਾਨਾ ਦੀ ਜੰਗ ਹੈ। ਅੱਜ ਸਵੇਰੇ 7 ਵਜੇ ਤੋਂ ਹਰ ਅਧਿਕਾਰੀ ਫੀਲਡ ਵਿੱਚ ਹੋਵੇਗਾ। ਕੋਈ ਬਹਾਨਾ ਨਹੀਂ ਚੱਲੇਗਾ। ਸਾਰੇ ਅਧਿਕਾਰੀਆਂ ਕੋਲ ਚੱਲਦੇ ਕੈਮਰੇ ਅਤੇ ਇੰਟਰਨੈੱਟ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਹੋਣਾ ਲਾਜ਼ਮੀ ਹੈ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ। ਕਿਸੇ ਵੀ ਅਧਿਕਾਰੀ ਨੂੰ ਮੁੱਖ ਮੰਤਰੀ ਜਾਂ ਮੇਰੇ ਵੱਲੋਂ ਕਿਸੇ ਵੀ ਸਮੇਂ ਫੋਨ ਕੀਤਾ ਜਾ ਸਕਦਾ ਹੈ। ਅੱਜ ਮੈਂ ਮੁੱਖ ਦਫ਼ਤਰ ਵਿੱਚ ਹਾਂ। ਭਲਕੇ ਮੈਂ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਜਾਂ ਜੈਤੋ ਵਿੱਚ ਹੋ ਸਕਦਾ ਹਾਂ।” ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਏ.ਆਈ-ਅਧਾਰਤ ਐਪ ਇਸ ਮੁਹਿੰਮ ਦੀ ਰੀਅਲ ਟਾਈਮ ਪ੍ਰਗਤੀ ਨੂੰ ਟਰੈਕ ਕਰੇਗਾ। ਅਧਿਕਾਰੀ ਵੀਡੀਓ ਕਾਲਾਂ ‘ਤੇ ਉਪਲਬਧ ਰਹਿਣਗੇ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਤੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਤੱਖ ਅਤੇ ਦਸਤਾਵੇਜ਼ੀ ਨਤੀਜੇ ਹਾਸਲ ਕਰਨਾ ਹੈ। ਸਫ਼ਾਈ ਕਰਮਚਾਰੀਆਂ ਤੋਂ ਲੈ ਕੇ ਐਮ.ਸੀ. ਕਮਿਸ਼ਨਰਾਂ ਤੱਕ, ਹਰ ਕੋਈ ਸੜਕਾਂ ਅਤੇ ਗਲੀਆਂ ਵਿੱਚ ਹੋਵੇਗਾ ਤਾਂ ਜੋ ਲੋਕ ਜ਼ਮੀਨੀ ਪੱਧਰ ‘ਤੇ ਇਸ ਮੁਹਿੰਮ ਦਾ ਅਸਰ ਦੇਖ ਸਕਣ। ਜੇਕਰ ਫਿਰ ਵੀ ਇਹ ਦਿਖਾਈ ਨਹੀਂ ਦਿੰਦਾ, ਤਾਂ ਲੋਕ ਸਾਨੂੰ ਸਿੱਧਾ ਸੰਪਰਕ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਫ਼ਾਈ ਮੁਹਿੰਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਹੈ ਤਾਂ ਜੋ ਪੰਜਾਬ ਦਾ ਹਰ ਸ਼ਹਿਰ ਅਤੇ ਕਸਬਾ ਸਾਫ਼-ਸੁਥਰਾ ਦਿਖਾਈ ਦੇਵੇ।  

Punjab

ਭਗਵੰਤ ਮਾਨ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ

ਚੰਡੀਗੜ੍ਹ, 8 ਜੂਨ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਅੱਜ ਇੱਥੇ ਸਿੱਖਿਆ ਵਿਭਾਗ ਦੀਆਂ ਪੰਜ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਉਨ੍ਹਾਂ ਦੇ ਮਸਲਿਆਂ ਅਤੇ ਮੰਗਾਂ ‘ਤੇ ਹਮਦਰਦੀ ਪੂਰਵਕ ਵਿਚਾਰ-ਵਟਾਂਦਰਾ ਕਰਨ ਲਈ ਵਿਸਥਾਰਪੂਰਵਕ ਮੀਟਿੰਗਾਂ ਕੀਤੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਇੱਕ ਸਾਰਥਕ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ, ਜੋ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਦੀ ਭਲਾਈ ਅਤੇ ਚਿੰਤਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਹੱਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।” ਵਿਚਾਰ-ਵਟਾਂਦਰੇ ਦੌਰਾਨ, ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵਿੱਤ ਮੰਤਰੀ ਨੂੰ ਯੂਨੀਅਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਮੌਜੂਦਾ ਪ੍ਰਸ਼ਾਸਨਿਕ ਸਥਿਤੀ ਅਤੇ ਉਨ੍ਹਾਂ ਦੇ ਹੱਲ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣੂ ਕਰਵਾਇਆ। ਵਿਭਾਗ ਦੇ ਪੱਖ ਦੀ ਬਾਰੀਕੀ ਨਾਲ ਸਮੀਖਿਆ ਕਰਨ ਤੋਂ ਬਾਅਦ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਲਈ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਤਾਂ ਜੋ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਅਤੇ ਸਹਾਇਤਾ ਯਕੀਨੀ ਬਣਾਈ ਜਾ ਸਕੇ। ਹਰੇਕ ਜਥੇਬੰਦੀ ਦੇ ਨੁਮਾਇੰਦਿਆਂ ਦੀਆਂ ਮੁੱਖ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ। ਇਹ ਮੀਟਿੰਗਾਂ ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਵਿੱਚ ਹੋਈਆਂ। ਇਨ੍ਹਾਂ ਸੈਸ਼ਨਾਂ ਵਿੱਚ ਬੇਰੁਜ਼ਗਾਰ ਪੀ.ਐਸ.ਟੀ.ਈ.टी. ਪਾਸ ਆਰਟ ਐਂਡ ਕ੍ਰਾਫਟ ਸੰਘਰਸ਼ ਯੂਨੀਅਨ, ਅਨ-ਏਡਿਡ ਸਟਾਫ਼ ਆਫ਼ ਏਡਿਡ ਸਕੂਲ ਫਰੰਟ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ, ਮੈਰੀਟੋਰੀਅਸ ਟੀਚਰਜ਼ ਯੂਨੀਅਨ ਅਤੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕ ਯੂਨੀਅਨ ਦੇ ਪ੍ਰਤੀਨਿਧ ਵਫ਼ਦਾਂ ਨੇ ਸ਼ਿਰਕਤ ਕੀਤੀ। ਮੀਟਿੰਗਾਂ ਦੌਰਾਨ ਬੇਰੁਜ਼ਗਾਰ ਪੀ.ਐਸ.ਟੀ.ਈ.ਟੀ. ਪਾਸ ਆਰਟ ਐਂਡ ਕ੍ਰਾਫਟ ਸੰਘਰਸ਼ ਯੂਨੀਅਨ ਵੱਲੋਂ ਰਾਕੇਸ਼ ਕੁਮਾਰ, ਕਿਰਨਦੀਪ ਕੌਰ ਅਤੇ ਹਰਬੰਸ ਸਿੰਘ, ਅਨ-ਏਡਿਡ ਸਟਾਫ਼ ਆਫ਼ ਏਡਿਡ ਸਕੂਲ ਫਰੰਟ ਵੱਲੋਂ ਨਿਰਭੈ ਸਿੰਘ, ਸੁਖਚੈਨ ਸਿੰਘ ਅਤੇ ਜਸਵੰਤ ਸਿੰਘ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਵਿਕਾਸ ਸਾਹਨੀ, ਲਖਵਿੰਦਰ ਕੌਰ ਅਤੇ ਵਰੁਣ ਖੇੜਾ, ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਡਾ. ਟੀਨਾ, ਸਿਮਰਨ ਅਤੇ ਰਾਕੇਸ਼, ਅਤੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਜਸਵੰਤ ਘੁਬਾਇਆ, ਹਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣਾ ਪੱਖ ਪੇਸ਼ ਕੀਤਾ।  

Punjab

ਉਦਯੋਗ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹੈ ਪੰਜਾਬ: ਅਮਨ ਅਰੋੜਾ

ਚੰਡੀਗੜ੍ਹ/ ਡੇਰਾਬੱਸੀ, 8 ਜੂਨ: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ ਨੇ ਅੱਜ ਫੋਕਲ ਪੁਆਇੰਟ, ਮੁਬਾਰਕਪੁਰ ਵਿਖੇ ਨਵੇਂ ਕਾਰਜਸ਼ੀਲ ਹੋਏ 66 ਕੇਵੀ ਗਰਿੱਡ ਸਬਸਟੇਸ਼ਨ ਦਾ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਲਗਭਗ 9.60 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ 66 ਕੇਵੀ ਗਰਿੱਡ ਸਬਸਟੇਸ਼ਨ ਮੁਬਾਰਕਪੁਰ, ਡੇਰਾਬੱਸੀ ਅਤੇ ਲਾਲੜੂ ਦੇ ਤੇਜ਼ੀ ਨਾਲ ਵਧ ਰਹੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ। 40 ਐਮ.ਵੀ.ਏ. ਦੀ ਸਮਰੱਥਾ ਨਾਲ ਲੈਸ, ਇਹ ਗਰਿੱਡ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ, ਮੌਜੂਦਾ ਨੈੱਟਵਰਕ ‘ਤੇ ਲੋਡ ਘਟਾਏਗਾ ਅਤੇ ਪੀ.ਐਸ.ਆਈ.ਈ.ਸੀ. ਫੋਕਲ ਪੁਆਇੰਟ ਮੁਬਾਰਕਪੁਰ ਵਿਚਲੀਆਂ ਅਤੇ ਇਸਦੇ ਨਾਲ ਲੱਗਦੀਆਂ ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਆਲੇ-ਦੁਆਲੇ ਰਿਹਾਇਸ਼ੀ ਖੇਤਰਾਂ ਨੂੰ ਲਾਭ ਪਹੁੰਚਾਏਗਾ। ਇਕੱਠ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕੋਈ ਵੀ ਸੂਬਾ ਉਦਯੋਗਿਕ ਵਿਕਾਸ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ ਅਤੇ ਭਗਵੰਤ ਸਿੰਘ ਮਾਨ ਸਰਕਾਰ ਨੇ ਪ੍ਰਗਤੀਸ਼ੀਲ ਨੀਤੀਆਂ ਅਤੇ ਉਦਯੋਗ-ਪੱਖੀ ਪਹਿਲਕਦਮੀਆਂ ਰਾਹੀਂ ਪੰਜਾਬ ਨੂੰ ਉਦਯੋਗ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ‘ਚ ਬਦਲ ਦਿੱਤਾ ਹੈ। ਇਹ ਵਿਸ਼ਵਾਸ ਪ੍ਰਗਟ ਕਰਦਿਆਂ ਕਿ ਪੰਜਾਬ ਚਾਲੂ ਵਿੱਤੀ ਵਰ੍ਹੇ ਦੌਰਾਨ 65,000 ਕਰੋੜ ਰੁਪਏ ਦੇ ਆਪਣੇ ਨਿਵੇਸ਼ ਟੀਚੇ ਨੂੰ ਪਾਰ ਕਰ ਲਵੇਗਾ, ਉਨ੍ਹਾਂ ਨੇ ਉਦਯੋਗਪਤੀਆਂ ਦੇ ਸਾਰੇ ਲੰਬਿਤ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਦਯੋਗਿਕ ਪਲਾਟਾਂ ਬਾਰੇ ਫੈਸਲਾ ਆਉਣ ਵਾਲੇ ਹਫ਼ਤੇ ਵਿੱਚ ਲਿਆ ਜਾਵੇਗਾ, ਜਦੋਂ ਕਿ ਫੋਕਲ ਪੁਆਇੰਟ ਗੇਟ ਲਈ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਲੇਬਰ ਇੰਸਪੈਕਟਰ ਦੀ ਜ਼ੀਰਕਪੁਰ ਦੀ ਬਜਾਏ ਡੇਰਾਬੱਸੀ ਨਾਲ ਮੈਪਿੰਗ ਕਰਨ ਅਤੇ ਰਾਮਗੜ੍ਹ ਰੋਡ ਦੇ ਨਵੀਨੀਕਰਨ ਦੇ ਮੁੱਦੇ ਨੂੰ ਵੀ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੋਂਦ ਨੇ ਉਦਯੋਗਿਕ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਮਹੱਤਵਪੂਰਨ ਪਹਿਲਕਦਮੀਆਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਉਦਯੋਗਿਕ ਪਲਾਟਾਂ ਨੂੰ ਨਿਯਮਤ ਕਰਨ ਲਈ ਓ.ਟੀ.ਐਸ. ਸਕੀਮ, ਪਲਾਟ ਨਾਲ ਸਬੰਧਤ ਮਾਮਲਿਆਂ ਲਈ ਅਪੀਲੀ ਅਥਾਰਟੀ ਦੀ ਸਥਾਪਨਾ, ਪਲਾਟਾਂ ਦੀ ਕਲੱਬਿੰਗ ਅਤੇ ਡੀ-ਕਲੱਬਿੰਗ ਦੇ ਉਪਬੰਧ, ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ ਵਿੱਚ ਤਬਦੀਲ ਕਰਨਾ, ਬਿਲਡਿੰਗ ਬਾਏ-ਲਾਅਜ਼ ਵਿੱਚ ਸੋਧਾਂ ਅਤੇ 26 ਉਦਯੋਗਿਕ ਫੋਕਲ ਪੁਆਇੰਟਾਂ ਨੂੰ ਰੋਸ਼ਨੀ, ਸੀ.ਸੀ.ਟੀ.ਵੀ. ਨਿਗਰਾਨੀ, ਪੀਣ ਵਾਲੇ ਪਾਣੀ, ਐਸ.ਟੀ.ਪੀਜ਼ ਅਤੇ ਵਾਧੂ ਬਿਜਲੀ ਦੀ ਉਪਲੱਬਧਤਾ ਵਰਗੀਆਂ ਸਹੂਲਤਾਂ ਨਾਲ ਅਪਗ੍ਰੇਡ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਜੰਗੀ ਪੱਧਰ ‘ਤੇ ਅਪਗ੍ਰੇਡ ਕਰ ਰਹੀ ਹੈ ਅਤੇ ਅੱਗੇ ਕਿਹਾ ਕਿ ਬਿਜਲੀ ਬੰਕੱਟ ਜਲਦ ਹੀ ਸੂਬੇ ਵਿੱਚ ਬੀਤੇ ਦੀ ਗੱਲ ਬਣ ਜਾਣਗੇ। ਡੇਰਾਬੱਸੀ ਤੋਂ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਇਹ ਮਹੱਤਵਪੂਰਨ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਨ ਵਾਸਤੇ ਦੋਵੇਂ ਕੈਬਨਿਟ ਮੰਤਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਬਸਟੇਸ਼ਨ ਦਾ ਨਿਰਮਾਣ 2023 ਵਿੱਚ ਸ਼ੁਰੂ ਹੋ ਗਿਆ ਸੀ ਅਤੇ ਇਸਦਾ ਸਫ਼ਲਤਾਪੂਰਵਕ ਕਾਰਜਸ਼ੀਲ ਹੋਣਾ ਖਿੱਤੇ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਭਰੋਸੇਮੰਦ, ਗੁਣਵੱਤਾ ਵਾਲੀ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਰਾਜ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਦਯੋਗਿਕ ਵਿਕਾਸ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਮਜ਼ਬੂਤ ਬਿਜਲੀ ਬੁਨਿਆਦੀ ਢਾਂਚਾ ਜ਼ਰੂਰੀ ਹੈ। ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਪੀ.ਐਸ.ਪੀ.ਸੀ.ਐਲ. ਦੇ ਇੰਜੀਨੀਅਰਾਂ, ਅਧਿਕਾਰੀਆਂ ਅਤੇ ਸਟਾਫ਼ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨਵਾਂ ਗਰਿੱਡ ਸਬਸਟੇਸ਼ਨ ਡੇਰਾਬਸੀ ਖੇਤਰ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ। ਡੇਰਾਬਸੀ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਬੁਨਿਆਦੀ ਢਾਂਚੇ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਅਤੇ ਫੋਕਲ ਪੁਆਇੰਟ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।  

Punjab

ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਨਾਲ ਜੁੜੇ 4 ਕਾਰਕੁੰਨ ਇੱਕ ਅਫ਼ਗਾਨ ਨਾਗਰਿਕ ਸਮੇਤ ਗ੍ਰਿਫਤਾਰ; ਅੱਠ ਆਧੁਨਿਕ ਪਿਸਤੌਲਾਂ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 8 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਫਗਾਨ ਨਾਗਰਿਕ ਸਮੇਤ ਚਾਰ ਮੁਲਜ਼ਮਾਂ ਨੂੰ ਅੱਠ ਆਧੁਨਿਕ ਪਿਸਤੌਲ ਨਾਲ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਸਮਾਈਲਖੇਲ ਤੌਹੀਦ (30), ਵਾਸੀ ਅਫਗਾਨਿਸਤਾਨ , ਜੋ ਇਸ ਸਮੇਂ ਪੁਣੇ, ਮਹਾਰਾਸ਼ਟਰ ਵਿੱਚ ਰਹਿ ਰਿਹਾ ਹੈ; ਮੰਗਜੀਤ ਸਿੰਘ (20) ਅਤੇ ਸ਼ਮਸ਼ੇਰ ਸਿੰਘ (26) ਦੋਵੇਂ ਵਾਸੀ ਪਿੰਡ ਫਤਿਹਾਬਾਦ, ਤਰਨਤਾਰਨ  ਅਤੇ ਗੁਰਲਾਲ ਸਿੰਘ (42) ਵਾਸੀ ਪਿੰਡ ਰਾਜਾਤਾਲ (ਅੰਮ੍ਰਿਤਸਰ ) ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ .30 ਬੋਰ ਬੇਰੇਟਾ, ਚਾਰ 9 ਐਮ.ਐਮ. ਗਲੋਕ ਅਤੇ ਤਿੰਨ .30 ਬੋਰ ਪਿਸਤੌਲ ਸਮੇਤ ਸੱਤ ਜ਼ਿੰਦਾ ਕਾਰਤੂਸ ਵੀ ਸ਼ਾਮਲ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ, ਜੋ ਸੁੰਨਸਾਨ ਜਾਂ ਗੁਪਤ ਥਾਵਾਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪਾਂ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰ ਅਪਰਾਧਿਕ ਤੱਤਾਂ ਨੂੰ ਅੱਗੇ ਸਪਲਾਈ ਕਰਨ ਲਈ ਭੇਜੇ ਜਾ ਰਹੇ ਸਨ। ਡੀਜੀਪੀ ਨੇ ਕਿਹਾ ਕਿ ਵਿਦੇਸ਼ੀ-ਅਧਾਰਤ ਨੈੱਟਵਰਕ ਨਾਲ ਜੁੜੇ ਹੋਰ ਕਾਰਕੁੰਨਾਂ ਦੀ ਪਛਾਣ ਕਰਨ ਅਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਮੁਲਜ਼ਮ ਮੰਗਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਦੇ ਕਬਜ਼ੇ ਚੋਂ ਤਿੰਨ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਵਿਦੇਸ਼-ਅਧਾਰਤ ਤਸਕਰੀ ਨੈੱਟਵਰਕ ਦੀ ਡੂੰਘਾਈ ਨਾਲ  ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਗੁਰਲਾਲ ਸਿੰਘ ਵਜੋਂ ਪਛਾਣੇ ਗਏ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਤਿੰਨ ਹੋਰ ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਲਾਲ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਉਸ ਵੱਲੋਂ ਦੱਸੇ ਗਏ ਟਿਕਾਣਿਆਂ ਤੋਂ ਦੋ ਹੋਰ ਪਿਸਤੌਲਾਂ ਦੀ ਬਰਾਮਦਗੀ ਹੋਈ । ਸੀ.ਪੀ. ਨੇ ਕਿਹਾ ਕਿ ਜਾਂਚ ਦੌਰਾਨ ਕੀਤੇ ਗਏ ਖੁਲਾਸਿਆਂ ਦੇ ਆਧਾਰ ’ਤੇ, ਪੁਲਿਸ ਨੇ ਇੱਕ ਹੋਰ ਕਾਰਕੁੰਨ, ਇਸਮਾਈਲਖੇਲ ਤੌਹੀਦ ਨੂੰ ਵੀ ਗ੍ਰਿਫਤਾਰ ਕੀਤਾ, ਜੋ ਸੁੱਕੇ ਮੇਵੇ ਦੇ ਕਾਰੋਬਾਰ ਦੀ ਆੜ ਵਿੱਚ ਹਵਾਲਾ ਨੈੱਟਵਰਕ ਚਲਾ ਰਿਹਾ ਸੀ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕੇਟ ਨਾਲ ਜੁੜੇ ਵਿੱਤੀ ਲੈਣ-ਦੇਣ ਵਿੱਚ ਸਹਾਇਤਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮੰਗਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਇੱਕੋ ਪਿੰਡ ਦੇ ਵਸਨੀਕ ਹਨ ਅਤੇ ਦੋਵੇਂ ਗੈਰ-ਕਾਨੂੰਨੀ ਹਥਿਆਰ ਤਸਕਰੀ  ਨੈੱਟਵਰਕ ਵਿੱਚ ਸ਼ਾਮਲ ਹਨ। ਇਹ ਵੀ ਪਾਇਆ ਗਿਆ ਹੈ ਕਿ ਮੁਲਜ਼ਮ ਮੰਗਜੀਤ ਸਿੰਘ ਇੱਕ ਜੁਰਾਇਮ-ਪੇਸ਼ਾ ਮੁਜਰਿਮ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ ਅਧੀਨ ਕੇਸ ਦਰਜ ਹੈ। ਇਸ ਸਬੰਧੀ ਦੋ ਵੱਖ-ਵੱਖ ਮਾਮਲੇ – ਐਫਆਈਆਰ ਨੰਬਰ 168 ਮਿਤੀ 4-6-2026 ਨੂੰ ਅਸਲਾ ਐਕਟ ਦੀ ਧਾਰਾ 25 ਅਤੇ 25(7) ਅਧੀਨ ਥਾਣਾ ਇਸਲਾਮਾਬਾਦ ਵਿਖੇ ਅਤੇ ਐਫਆਈਆਰ ਨੰਬਰ 162 ਮਿਤੀ 5-6-2026 ਨੂੰ ਅਸਲਾ ਐਕਟ ਦੀ ਧਾਰਾ 25, 25(8) ਅਤੇ 29 ਅਧੀਨ ਥਾਣਾ ਗੇਟ ਹਕੀਮਾ ਵਿਖੇ ਦਰਜ ਕੀਤੇ ਗਏ ਹਨ।  

Punjab

ਨਸ਼ਿਆਂ ਤੋਂ ਮਨੋਭਾਵਾਂ ਨੂੰ ਪ੍ਰਗਟ ਕਰਨ ਤੱਕ: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਰਟ ਥੈਰੇਪੀ ਨਾਲ ਸੰਵਰ ਰਹੀਆਂ ਹਨ ਕਈ ਜ਼ਿੰਦਗੀਆਂ

ਚੰਡੀਗੜ੍ਹ, 8 ਜੂਨ: ਰੰਗ, ਪੇਂਟ ਬੁਰਸ਼ ਅਤੇ ਸਕੈੱਚ ਬੁੱਕ ਭਾਵੇਂ ਅਸਧਾਰਨ ਸਾਧਨ ਲੱਗਣ, ਪਰ ਇਹ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੀ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਚੱਲ ਰਹੇ 30 ਸਰਕਾਰੀ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਆਰਟ ਥੈਰੇਪੀ ਸੈਸ਼ਨ ਮਰੀਜ਼ਾਂ ਦੀ ਰਿਕਵਰੀ ਅਤੇ ਪੁਨਰਵਾਸ ਪ੍ਰਕਿਰਿਆ ਨੂੰ ਮਜ਼ਬੂਤ ਕਰ ਰਹੇ ਹਨ। ਇਹ ਸੈਸ਼ਨ ਮਰੀਜ਼ਾਂ ਨੂੰ ਨਸ਼ਾ ਛੱਡਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ, ਆਪਣੀਆਂ ਭਾਵਨਾਵਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਅਤੇ ਮੁੜ ਆਤਮ-ਵਿਸ਼ਵਾਸ ਪ੍ਰਾਪਤ ਕਰਨ ਵਿੱਚ ਮੱਦਦ ਕਰ ਰਹੇ ਹਨ। ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸਮੁੱਚੀ ਪੁਨਰਵਾਸ ਯੋਜਨਾ ਤਹਿਤ, ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਅਤੇ ਉਨ੍ਹਾਂ ਨੂੰ ਘਟਾਉਣ ਲਈ ਸਮਰਪਿਤ ਭਾਰਤ ਦੀ ਪਹਿਲੀ ਫੈਲੋਸ਼ਿਪ ਵਜੋਂ ਸਕੈਚਿੰਗ, ਪੇਂਟਿੰਗ, ਰੰਗ ਭਰਨਾ ਅਤੇ ਹਸਤ-ਕਲਾ ਤਿਆਰ ਕਰਨ ਵਰਗੀਆਂ ਕਲਾ-ਆਧਾਰਿਤ ਗਤੀਵਿਧੀਆਂ ਨੂੰ ਡਾਕਟਰੀ ਇਲਾਜ ਅਤੇ ਕਾਊਂਸਲਿੰਗ ਦੇ ਨਾਲ-ਨਾਲ ਅਪਣਾਇਆ ਜਾ ਰਿਹਾ ਹੈ। ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਦਾਖ਼ਲ ਮਰੀਜ਼ਾਂ ਵਿੱਚ ਕਲਾ-ਆਧਾਰਿਤ ਥੈਰੇਪੀ ਬਹੁਤ ਹੀ ਸਕਾਰਾਤਮਕ ਅਤੇ ਉਤਸ਼ਾਹਜਨਕ ਨਤੀਜੇ ਦੇ ਰਹੀ ਹੈ। ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ ਹਰ ਹਫ਼ਤੇ ਨਿਰਧਾਰਤ ਸਮੇਂ ਲਈ ਕਲਾ-ਸਬੰਧੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਅਕਸਰ ਉਨ੍ਹਾਂ ਦੇ ਨਿੱਜੀ ਜੀਵਨ, ਪਿਆਰਿਆਂ ਦੀਆਂ ਯਾਦਾਂ, ਸੰਘਰਸ਼ਾਂ ਅਤੇ ਆਮ ਜੀਵਨ ਜਿਉਣ ਦੀਆਂ ਇੱਛਾਵਾਂ ਨੂੰ ਦਰਸਾਉਂਦੀਆਂ ਹਨ। ਨਸ਼ੇ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ ਉਨ੍ਹਾਂ ਨੂੰ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ, ਤਜਰਬਿਆਂ ਅਤੇ ਮਨੋਭਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ। ਆਰਟ ਥੈਰੇਪੀ ਇਸ ਦੂਰੀ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਕਾਊਂਸਲਰ ਭਾਵਨਾ ਸ਼ਰਮਾ ਕਹਿੰਦੀ ਹੈ, “ਜਦੋਂ ਮਰੀਜ਼ ਸਾਡੇ ਕੋਲ ਆਉਂਦੇ ਹਨ ਤਾਂ ਉਹ ਬਹੁਤ ਘੱਟ ਗੱਲ ਕਰਦੇ ਹਨ। ਉਹ ਚਿੰਤਾ ਨਾਲ ਗ੍ਰਸਤ ਹੁੰਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਆਰਟ ਥੈਰੇਪੀ ਸੈਸ਼ਨਾਂ ਦੌਰਾਨ ਉਹ ਰੰਗ ਭਰਨ ਅਤੇ ਚਿੱਤਰਕਾਰੀ ਵਰਗੀਆਂ ਗਤੀਵਿਧੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਹਨ। ਅਸੀਂ ਮਲਟੀਮੋਡਲ ਆਰਟ ਥੈਰੇਪੀ, ਵਿਜ਼ੂਅਲ ਆਰਟ ਥੈਰੇਪੀ, ਐਕਸਪ੍ਰੈਸਿਵ ਆਰਟ ਥੈਰੇਪੀ ਅਤੇ ਮਾਈਂਡਫੁਲਨੈੱਸ-ਅਧਾਰਿਤ ਕਲਾ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ, ਤਾਂ ਜੋ ਮਰੀਜ਼ ਆਪਣੀਆਂ ਭਾਵਨਾਵਾਂ ਨੂੰ ਸਮਝ ਸਕਣ, ਨਸ਼ਾ-ਮੁਕਤ ਜੀਵਨ ਵੱਲ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣ ਅਤੇ ਭਵਿੱਖ ਪ੍ਰਤੀ ਆਸ਼ਾਵਾਦੀ ਰਹਿ ਸਕਣ।” ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਇੱਕ ਹੋਰ ਕਾਊਂਸਲਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਇਹ ਸੈਸ਼ਨ ਮਰੀਜ਼ਾਂ ਨੂੰ ਰਿਕਵਰੀ ਦੌਰਾਨ ਸਕਾਰਾਤਮਕ ਬਣਾਈ ਰੱਖਣ ਵਿੱਚ ਵੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ,“ਰਿਕਵਰੀ ਦੌਰਾਨ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਆਰਟ ਥੈਰੇਪੀ ਉਨ੍ਹਾਂ ਨੂੰ ਚਿੱਤਰਕਾਰੀ, ਰੰਗ ਭਰਨ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਇੱਕ ਸੁਰੱਖਿਅਤ ਮਾਧਿਅਮ ਪ੍ਰਦਾਨ ਕਰਦੀ ਹੈ। ਅਸੀਂ ਦੇਖਿਆ ਹੈ ਕਿ ਅਜਿਹੇ ਮਰੀਜ਼ ਵਧੇਰੇ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਅੰਦਰੂਨੀ ਸਕੂਨ ਦੀ ਭਾਵਨਾ ਵਿਕਸਿਤ ਹੁੰਦੀ ਹੈ।” ਉਨ੍ਹਾਂ ਨੇ ਐਲਐਮਐਚਪੀ ਫੈਲੋਸ਼ਿਪ ਵਰਗੀ ਨਵੀਨਤਾਕਾਰੀ ਪਹਿਲ ਦੀ ਵੀ ਸ਼ਲਾਘਾ ਕੀਤੀ, ਜਿਸ ਰਾਹੀਂ ਮਨੋਵਿਗਿਆਨ ਅਤੇ ਸਮਾਜਿਕ ਕਾਰਜ ਦੇ ਖੇਤਰ ਨਾਲ ਜੁੜੇ ਨੌਜਵਾਨ, ਪੇਸ਼ੇਵਰ ਸਰਕਾਰੀ ਸਿਹਤ ਸੰਸਥਾਵਾਂ ਤੱਕ ਆਧੁਨਿਕ ਮਾਨਸਿਕ ਸਿਹਤ ਸੇਵਾਵਾਂ ਪਹੁੰਚਾ ਰਹੇ ਹਨ। ਇਲਾਜ ਪ੍ਰਾਪਤ ਕਰ ਰਹੇ ਮਰੀਜ਼ਾਂ ਦਾ ਕਹਿਣਾ ਹੈ ਕਿ ਆਰਟ ਥੈਰੇਪੀ ਦੇ ਲਾਭ ਸਿਰਫ਼ ਕਲਾ ਕਮਰੇ ਤੱਕ ਸੀਮਿਤ ਨਹੀਂ ਹਨ। ਕਈ ਮਰੀਜ਼ਾਂ ਦਾ ਮੰਨਣਾ ਹੈ ਕਿ ਇਹ ਸੈਸ਼ਨ ਉਨ੍ਹਾਂ ਦਾ ਧਿਆਨ ਨਸ਼ੇ ਦੀ ਤਲਬ ਤੋਂ ਹਟਾਉਣ ਅਤੇ ਆਤਮ-ਵਿਸ਼ਵਾਸ ਮੁੜ ਹਾਸਲ ਕਰਨ ਵਿੱਚ ਮਦਦ ਕਰਦੇ ਹਨ। ਤਰਨ ਤਾਰਨ ਦੇ ਇੱਕ ਨਸ਼ਾ ਮੁਕਤੀ ਲਾਭਪਾਤਰੀ ਗੁਰਤੇਜ ਸਿੰਘ (ਬਦਲਿਆ ਹੋਇਆ ਨਾਮ) ਨੇ ਕਿਹਾ, “ਜਦੋਂ ਤੋਂ ਮੈਨੂੰ ਆਰਟ ਥੈਰੇਪੀ, ਫੁੱਲਾਂ ਦੇ ਗੁਲਦਸਤੇ ਬਣਾਉਣ, ਰੰਗ ਭਰਨ ਅਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਗਿਆ ਹੈ, ਮੈਨੂੰ ਅਹਿਸਾਸ ਹੋਇਆ ਹੈ ਕਿ ਅਜਿਹੀਆਂ ਛੋਟੀਆਂ-ਛੋਟੀਆਂ ਸੁੰਦਰ ਚੀਜ਼ਾਂ ਵੀ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦੀਆਂ ਹਨ। ਮੇਰੇ ਮਾਮਲੇ ਵਿੱਚ ਇਸ ਨਾਲ ਨਸ਼ਾ ਛੱਡਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਉਭਰਨ ਵਿੱਚ ਬਹੁਤ ਮਦਦ ਮਿਲੀ। ਹੁਣ ਮੇਰੇ ਮਨ ਵਿੱਚ ਨਕਾਰਾਤਮਕ ਵਿਚਾਰ ਨਹੀਂ ਆਉਂਦੇ ਅਤੇ ਮੈਂ ਪੂਰੀ ਤਰ੍ਹਾਂ ਸ਼ਾਂਤ ਮਹਿਸੂਸ ਕਰਦਾ ਹਾਂ।” ਸਰਕਾਰੀ ਨਸ਼ਾ ਮੁਕਤੀ ਅਤੇ ਪੁਨਰਵਾਸ ਪ੍ਰੋਗਰਾਮ ਦੇ ਇੱਕ ਹੋਰ ਲਾਭਪਾਤਰੀ ਰੁਪਿੰਦਰ ਸਿੰਘ (ਬਦਲਿਆ ਹੋਇਆ ਨਾਮ), ਜੋ ਰਾਜਾ ਸਾਂਸੀ ਦੇ ਵਸਨੀਕ ਹਨ ਅਤੇ ਇਸ ਵੇਲੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੁਨਰਵਾਸ ਕੇਂਦਰ ਵਿੱਚ ਦਾਖ਼ਲ ਹਨ, ਨੇ ਕਿਹਾ, “ਆਰਟ ਥੈਰੇਪੀ ਨੇ ਮੈਨੂੰ ਮਾਨਸਿਕ ਸ਼ਾਂਤੀ ਦਿੱਤੀ ਹੈ। ਪਹਿਲਾਂ ਮੈਂ ਲਗਾਤਾਰ ਡਿਪਰੈਸ਼ਨ ਵਿੱਚ ਰਹਿੰਦਾ ਸੀ। ਸਕੂਲ ਦੇ ਦਿਨਾਂ ਵਿੱਚ ਹੀ ਮੈਂ ਨਸ਼ਿਆਂ ਦਾ ਆਦੀ ਹੋ ਗਿਆ ਸੀ। ਇੱਥੇ ਮਿਲੇ ਇਲਾਜ ਤੋਂ ਮੈਨੂੰ ਬਹੁਤ ਲਾਭ ਹੋਇਆ ਹੈ। ਖ਼ਾਸ ਤੌਰ ’ਤੇ ਆਰਟ ਥੈਰੇਪੀ ਨੇ ਮੇਰਾ ਧਿਆਨ ਨਸ਼ੇ ਵੱਲ ਜਾਣ ਵਾਲੀ ਕਿਸੇ ਵੀ ਇੱਛਾ ਤੋਂ ਦੂਰ ਕਰ ਦਿੱਤਾ। ਹੁਣ ਮੈਂ ਵਧੇਰੇ ਖ਼ੁਸ਼ ਮਹਿਸੂਸ ਕਰਦਾ ਹਾਂ।” ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ, “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਹਰ ਵਿਅਕਤੀ ਨੂੰ ਆਰਟ ਥੈਰੇਪੀ ਸੈਸ਼ਨਾਂ ਰਾਹੀਂ ਭਾਵਨਾਤਮਕ ਅਤੇ ਮਨੋਵਿਗਿਆਨਕ ਸਹਿਯੋਗ ਮਿਲੇ। ਪੁਨਰਵਾਸ ਸਿਰਫ਼ ਨਸ਼ੇ ਨੂੰ ‘ਨਾਂਹ’ ਕਹਿਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਮਰੀਜ਼ਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ, ਉਨ੍ਹਾਂ ਦੇ ਜੀਵਨ ਨੂੰ ਮੁੜ ਸੰਵਾਰਨ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਦੁਬਾਰਾ ਜੋੜਨ ਦੀ ਪ੍ਰਕਿਰਿਆ ਹੈ।” ਸਿਰਫ਼ ਇੱਕ ਹਫ਼ਤੇ ਦੌਰਾਨ ਗੁਰਤੇਜ ਅਤੇ ਰੁਪਿੰਦਰ ਵਰਗੇ 290 ਤੋਂ ਵੱਧ ਮਰੀਜ਼ਾਂ ਨੇ ਆਰਟ ਥੈਰੇਪੀ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਲਾਭ ਪ੍ਰਾਪਤ ਕੀਤਾ। ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਨ੍ਹਾਂ ਸੈਸ਼ਨਾਂ ਦੀ ਵਧਦੀ ਪ੍ਰਸਿੱਧੀ ਅਤੇ ਸਫ਼ਲਤਾ ਭਗਵੰਤ ਮਾਨ ਸਰਕਾਰ ਦੀ ਇਲਾਜ ਪ੍ਰਤੀ ਮਰੀਜ਼-ਕੇਂਦ੍ਰਿਤ ਪਹੁੰਚ ਨੂੰ ਦਰਸਾਉਂਦੀ ਹੈ। ਰਚਨਾਤਮਕ ਗਤੀਵਿਧੀਆਂ ਰਾਹੀਂ ਭਾਵਨਾਵਾਂ ਪ੍ਰਗਟਾਵੇ ਨਸ਼ਿਆਂ ਤੋਂ ਪੀੜਤ ਲੋਕਾਂ ਵਿੱਚ ਆਤਮ-ਸਨਮਾਨ ਵਿਕਸਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਦੇ ਰਾਹ ’ਤੇ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਇਹ ਸਧਾਰਨ ਗਤੀਵਿਧੀਆਂ ਨਸ਼ਾ ਪੀੜਤਾਂ ਨੂੰ ਆਪਣੇ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਇੱਕ ਨਵਾਂ ਕੈਨਵਸ ਪ੍ਰਦਾਨ ਕਰ ਰਹੀਆਂ ਹਨ।  

Punjab

ਸੀ.ਈ.ਓ. ਪੰਜਾਬ ਨੇ ਐਸ.ਆਈ.ਆਰ. ਲਈ ਤਾਇਨਾਤ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 8 ਜੂਨ ਪੰਜਾਬ ਰਾਜ ਵਿੱਚ ਨਿਰਧਾਰਤ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੇ ਸੁਚਾਰੂ ਅਮਲ ਨੂੰ ਅੰਜਾਮ ਦੇਣ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਵਿਖੇ ਸੋਮਵਾਰ ਨੂੰ ਚੋਣ ਪ੍ਰਕਿਰਿਆ ਨਾਲ ਸਬੰਧਤ ਅਧਿਕਾਰੀਆਂ ਲਈ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਮੁੱਖ ਚੋਣ ਅਧਿਕਾਰੀ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਐਸ.ਆਈ.ਆਰ. ਦਾ ‘ਘਰ-ਘਰ ਗਣਨਾ ਪੜਾਅ’ 25 ਜੂਨ, 2026 ਤੋਂ ਸੂਬੇ ਭਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸਬੰਧੀ ਸਾਰੀਆਂ ਹਦਾਇਤਾਂ, ਪ੍ਰਕਿਰਿਆਵਾਂ ਅਤੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਟਾਫ ਨੂੰ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਸਹੀ ਤੇ ਸੁਚੱਜੀ ਸਿਖਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਦੌਰਾਨ ਬੀ.ਐਲ.ਓ. ਅਤੇ ਈ.ਆਰ.ਓ. ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਵੋਟਰ ਜਾਂ ਕਰਮਚਾਰੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਦੌਰਾਨ ਬੀ.ਐਲ.ਓ. ਅਤੇ ਈ.ਆਰ.ਓ. ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਵਾਇਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਵੋਟਰ ਜਾਂ ਕਰਮਚਾਰੀ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਸੂਬੇ ਦੇ ਸਾਰੇ ਡੀ.ਈ.ਓਜ਼. ਅਤੇ ਈ.ਆਰ.ਓਜ਼. ਨੂੰ ਹਦਾਇਤ ਕੀਤੀ ਕਿ ਉਹ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਸਬੰਧੀ ਆਪੋ-ਆਪਣੇ ਖੇਤਰਾਂ ਵਿੱਚ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਐਸ.ਆਈ.ਆਰ. ਪ੍ਰਕਿਰਿਆ ਸਬੰਧੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਟਾਫ਼ ਦੇ ਹਰ ਸਵਾਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੀਐਲਓਜ਼ ਨੂੰ ਜਿੰਨੀ ਬਿਹਤਰ ਸਿਖਲਾਈ ਦਿੱਤੀ ਜਾਵੇਗੀ, ਸਾਰੀ ਪ੍ਰਕਿਰਿਆ ਓਨੀ ਹੀ ਸੁਚਾਰੂ ਹੋਵੇਗੀ। ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਾ ਕਿਸੇ ਯੋਗ ਵਿਅਕਤੀ ਦੀ ਵੋਟ ਗਲਤ ਤਰੀਕੇ ਨਾਲ ਨਾ ਕੱਟੀ ਜਾਵੇ ਅਤੇ ਨਾ ਹੀ ਕੋਈ ਅਯੋਗ ਵਿਅਕਤੀ ਗ਼ੈਰ-ਵਾਜਿਬ ਢੰਗ ਨਾਲ  ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।  

Punjab

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਦਾ ਨਸ਼ਿਆਂ ਖ਼ਿਲਾਫ਼ ਸੰਘਰਸ਼ ਹੋਰ ਮਜ਼ਬੂਤ; ਸਾਲ 2026-27 ਲਈ 42.95 ਕਰੋੜ ਰੁਪਏ ਦੀ ਕਾਰਜ ਯੋਜਨਾ ਪ੍ਰਸਤਾਵਿਤ

ਚੰਡੀਗੜ੍ਹ, 8 ਜੂਨ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ-ਮੁਕਤ, ਤੰਦਰੁਸਤ ਅਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ ਅਤੇ ਨੈਸ਼ਨਲ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨਜ਼  ਤਹਿਤ ਸਾਲ 2026-27 ਲਈ ਰਾਜ ਕਾਰਜ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਗ੍ਰਹਿ ਮਾਮਲੇ, ਸਿਹਤ ਅਤੇ ਪਰਿਵਾਰ ਭਲਾਈ, ਆਯੁਸ਼, ਸਕੂਲ ਸਿੱਖਿਆ, ਉੱਚ ਸਿੱਖਿਆ, ਯੁਵਕ ਸੇਵਾਵਾਂ ਅਤੇ ਖੇਡਾਂ, ਸੂਚਨਾ ਤੇ ਲੋਕ ਸੰਪਰਕ, ਪੰਜਾਬ ਹੁਨਰ ਵਿਕਾਸ ਮਿਸ਼ਨ, ਜੇਲ੍ਹ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਵਿਆਪਕ, ਨਤੀਜਾ-ਕੇਂਦਰਿਤ ਅਤੇ ਬਹੁ-ਵਿਭਾਗੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਤੱਕ ਸੀਮਤ ਨਹੀਂ ਹੈ, ਸਗੋਂ ਨਸ਼ਿਆਂ ਦੀ ਰੋਕਥਾਮ, ਜਾਗਰੂਕਤਾ, ਇਲਾਜ, ਮੁੜ ਵਸੇਬੇ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਵੀ ਠੋਸ ਕਦਮ ਚੁੱਕ ਰਹੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ ਤਹਿਤ ਸਾਲ 2026-27 ਲਈ 42.95 ਕਰੋੜ ਰੁਪਏ ਦੀ ਰਾਜ ਕਾਰਜ ਯੋਜਨਾ ਪ੍ਰਸਤਾਵਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਨਸ਼ਿਆਂ ਦੀ ਰੋਕਥਾਮ, ਜਾਗਰੂਕਤਾ ਮੁਹਿੰਮਾਂ, ਜੀਵਨ ਕੌਸ਼ਲ ਸਿੱਖਿਆ, ਕਾਊਂਸਲਿੰਗ ਸੇਵਾਵਾਂ, ਡੀ-ਐਡੀਕਸ਼ਨ ਅਤੇ ਪੁਨਰਵਾਸ ਪ੍ਰੋਗਰਾਮਾਂ, ਸਮਰੱਥਾ ਨਿਰਮਾਣ ਗਤੀਵਿਧੀਆਂ ਅਤੇ ਭਾਈਚਾਰਾ ਆਧਾਰਿਤ ਦਖ਼ਲਾਂ ਲਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲਾਂ, ਕਾਲਜਾਂ ਅਤੇ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਯੁਵਾ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਕਾਊਂਸਲਰਾਂ, ਸਿਹਤ ਕਰਮਚਾਰੀਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਫਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾਏ ਜਾਣਗੇ ਤਾਂ ਜੋ ਉਹ ਨਸ਼ਿਆਂ ਨਾਲ ਸਬੰਧਤ ਚੁਣੌਤੀਆਂ ਦੀ ਪਛਾਣ ਅਤੇ ਹੱਲ ਲਈ ਹੋਰ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ। ਪੁਨਰਵਾਸ ਸਬੰਧੀ ਗੱਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਨਸ਼ਾ ਪ੍ਰਭਾਵਿਤ ਵਿਅਕਤੀਆਂ ਲਈ ਕਾਊਂਸਲਿੰਗ, ਇਲਾਜ, ਪੁਨਰਵਾਸ ਅਤੇ ਹੁਨਰ ਵਿਕਾਸ ਤੇ ਰੋਜ਼ਗਾਰ ਨਾਲ ਸਬੰਧਿਤ ਸਿਖਲਾਈ ਦੇ ਮੌਕੇ ਵਧਾਏ ਜਾਣਗੇ ਤਾਂ ਜੋ ਉਨ੍ਹਾਂ ਦੀ ਸਮਾਜ ਵਿੱਚ ਸਨਮਾਨਜਨਕ ਵਾਪਸੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਵਰਗੇ ਸੰਵੇਦਨਸ਼ੀਲ ਵਰਗਾਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਡਾ. ਬਲਜੀਤ ਕੌਰ ਨੇ ਨੈਸ਼ਨਲ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨਜ਼  ਤਹਿਤ ਪ੍ਰਸਤਾਵਿਤ ਕਾਰਜ ਯੋਜਨਾ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਸਨਮਾਨਪੂਰਵਕ, ਸੁਰੱਖਿਅਤ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਲਈ ਭਲਾਈ ਸੇਵਾਵਾਂ, ਜਾਗਰੂਕਤਾ ਗਤੀਵਿਧੀਆਂ ਅਤੇ ਵਿਭਾਗਾਂ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਾ. ਬਲਜੀਤ ਕੌਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਆਪਣੇ-ਆਪਣੇ ਬਜਟ ਅਤੇ ਕਾਰਜ ਯੋਜਨਾਵਾਂ ਸਬੰਧੀ ਸੁਝਾਅ ਤੁਰੰਤ ਭੇਜਣ ਲਈ ਕਿਹਾ ਤਾਂ ਜੋ ਰਾਜ ਕਾਰਜ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਲਾਜ਼ਮੀ ਹੈ ਅਤੇ ਪੰਜਾਬ ਸਰਕਾਰ ਇਸ ਸਮੱਸਿਆ ਦੇ ਖ਼ਾਤਮੇ ਲਈ ਲੋਕ ਲਹਿਰ ਖੜ੍ਹੀ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ। ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ, ਸਮਾਜਿਕ ਭਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਲਈ ਸੁਰੱਖਿਅਤ, ਤੰਦਰੁਸਤ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਵਿਕਾਸ ਅਤੇ ਤਰੱਕੀ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ ਆਈ.ਏ.ਐਸ, ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਆਈ.ਏ.ਐਸ, ਵਿਸ਼ੇਸ਼ ਸਕੱਤਰ ਸ੍ਰੀ ਕੇਸ਼ਵ ਹਿੰਗੋਨਿਆਂ, ਆਈ.ਏ.ਐਸ ਅਤੇ ਮਿਸ਼ਨ ਡਾਇਰੈਕਟਰ, ਪੀਐਸਡੀਐਮ, ਸ੍ਰੀਮਤੀ ਅੰਮ੍ਰਿਤਾ ਸਿੰਘ, ਆਈ.ਏ.ਐਸ.ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।  

Punjab

ਐੱਸਆਈਆਰ ਤਹਿਤ 25 ਜੂਨ ਤੋਂ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੇ ਭਰਨਗੇ ਫਾਰਮ : ਜ਼ਿਲ੍ਹਾ ਚੋਣ ਅਫ਼ਸਰ

ਫ਼ਿਰੋਜ਼ਪੁਰ, 8 ਜੂਨ :  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਵਿੱਚ ਕੀਤੇ ਜਾ ਰਹੀ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐਸਆਈਆਰ) ਦੇ ਮੱਦੇਨਜ਼ਰ ਜ਼ਿਲ੍ਹੇ ਦੇ 903 ਪੋਲਿੰਗ ਸਟੇਸ਼ਨਾਂ ‘ਤੇ ਪ੍ਰੀ ਮੈਪਿੰਗ (ਸਾਲ 2003 ਦੀ ਵੋਟਰ ਸੂਚੀ ਨੂੰ ਸਾਲ 2025 ਨਾਲ ਮੈਪ ਕਰਨ) ਲਈ ਵਿਸ਼ੇਸ਼ ਕੈਂਪ ਲਗਾਏ ਗਏ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਸ਼ਹਿਰੀ), ਫ਼ਿਰੋਜ਼ਪੁਰ (ਦਿਹਾਤੀ), ਜ਼ੀਰਾ, ਅਤੇ ਗੁਰੂਹਰਸਹਾਏ ਵਿੱਚ ਪੋਲਿੰਗ ਬੂਥਾਂ ‘ਤੇ ਇੱਕ-ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ-ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਗਏ। ਉਹਨਾਂ ਦੱਸਿਆ ਕਿ ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਬੀਐਲਓਜ਼ ਇਸ ਕੈਂਪ ਵਿੱਚ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਹਾਜ਼ਰ ਰਹੇ ਅਤੇ ਇਨ੍ਹਾਂ ਕੈਂਪਾਂ ਦੌਰਾਨ ਵੋਟਰਾਂ ਵੱਲੋਂ ਵੀ ਚੰਗਾ ਹੁੰਗਾਰਾ ਮਿਲਿਆ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 25 ਜੂਨ ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਸ਼ੁਰੂ ਹੋਣਾ ਹੈ। 25 ਜੂਨ ਤੋਂ 24 ਜੁਲਾਈ 2026 ਤੱਕ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ। ਐਸ.ਆਈ.ਆਰ.-2026 ਦੇ ਰਿਵਾਈਜ਼ਡ ਸ਼ਡਿਊਲ ਅਨੁਸਾਰ ਪਹਿਲਾਂ 31 ਜੁਲਾਈ 2026 ਨੂੰ ਹੋਣ ਵਾਲੀ ਡਰਾਫਟ ਪ੍ਰਕਾਸ਼ਨਾ ਹੁਣ 3 ਅਗਸਤ 2026 ਨੂੰ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ 3 ਅਗਸਤ ਤੋਂ 2 ਸਤੰਬਰ-2026 ਤੱਕ ਰਹੇਗਾ ਜਦਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਵਧੇਰੇ ਜਾਣਕਾਰੀ ਲਈ ਟੌਲ ਫਰੀ ਨੰਬਰ 1950 ‘ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ ਦੌਰਾਨ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। 

Scroll to Top