Actionpunjab

Action Punjab Logo
Breaking News

Punjab

Punjab

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ: ਗੁਰਮੀਤ ਸਿੰਘ ਖੁੱਡੀਆਂ

ਲੰਬੀ/ਸ੍ਰੀ ਮੁਕਤਸਰ ਸਾਹਿਬ, 07 ਜੂਨ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਲੜਾਈ ਫ਼ੈਸਲਾਕੁੰਨ ਦੌਰ ‘ਚ ਪੁੱਜ ਗਈ ਹੈ। ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪਿੰਡ ਬਾਦਲ ਦੇ ਰੈਸਟ ਹਾਊਸ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਮੰਤਰੀ ਸ. ਖੁੱਡੀਆਂ ਨੇ ਕਿਹਾ ਕਿ ਅੱਜ ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇੱਕਜੁਟ ਹੋ ਗਿਆ ਹੈ। ਉਨ੍ਹਾਂ ਨੇ ਜੋਰ ਨਾਲ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰ ਤੇ ਹੌਂਸਲੇ ਤੋੜੇ ਹਨ, ਉਥੇ ਹੀ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰ ਪਾਲੇ ਹੋਏ ਸਨ। ਸ. ਖੁੱਡੀਆਂ ਨੇ ਕਿਹਾ ‘ਯੁੱਧ ਨਸ਼ਿਆਂ ਵਿਰੁੱਧ’ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੱਕੀ ਠਾਣ ਲਈ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਨੀਤੀ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ‘ਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸਿਆਸੀ ਹੋਵੇ ਜਾਂ ਅਫ਼ਸਰਸ਼ਾਹੀ ‘ਚੋਂ ਹੋਵੇ। ਸ. ਖੁੱਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਇਹ ਇੱਕ ਵੱਡਾ ਪ੍ਰੋਗਰਾਮ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਲੜਾਈ ਪਹਿਲੀ ਵਾਰ ਲੜਨੀ ਪਈ ਹੈ। ਇਹ ਕੰਡੇ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਹਨ। ਸਿੰਥੈਟਿਕ ਨਸ਼ਿਆਂ ਦੀ ਇੱਕ ਤਰ੍ਹਾਂ ਨਾਲ ਹਨੇਰੀ ਆਈ ਹੈ। ਸਾਡੇ ਸਾਹਮਣੇ ਇੱਕ ਬਹੁਤ ਵੱਡਾ ਟਾਸਕ ਸੀ ਕਿ ਜੋ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਹੋ ਗਏ ਹਨ ਉਹਨਾਂ ਦਾ ਇਲਾਜ ਕਰਵਾ ਰਹੇ ਹਾਂ। ਨਸ਼ਾ ਛਡਾਊ ਕੇਂਦਰਾਂ ਵਿੱਚ ਉਹਨਾਂ ਦਾ ਨਸ਼ਾ ਛੁਡਾ ਕੇ ਇਲਾਜ ਕੀਤਾ ਜਾ ਰਿਹਾ ਹੈ। ਪਰ ਇੱਕ ਵੱਡਾ ਡਾਟਾ ਸਾਡੇ ਸਾਹਮਣੇ ਨਿਕਲ ਕੇ ਆਇਆ ਹੈ ਕਿ ਜਿਸ ਦਿਨ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਹੈ ਕਿ ਨਵੀਂ ਨੌਜਵਾਨੀ ਜੋ ਕਾਲਜਾਂ ਵਿੱਚ ਪੜ੍ਹ ਰਹੀ ਹੈ, ਬਹੁਤ ਜਾਗਰੂਕ ਹੋਈ ਹੈ। ਨਸ਼ੇ ਦੇ ਭਿਆਨਕ ਨਤੀਜਿਆਂ ਨੂੰ ਦੇਖਦੇ ਹੋਏ ਨਵੇਂ ਬੱਚੇ ਨਸ਼ਿਆਂ ਤੋਂ ਬਚ ਰਹੇ ਹਨ। ਸੋ ਜਾਗਰੂਕਤਾ ਹੀ ਸਮਾਜ ਵਿੱਚੋਂ ਨਸ਼ੇ ਖਤਮ ਕਰ ਸਕਦੀ ਹੈ।             ਉਹਨਾਂ ਦੱਸਿਆ ਕਿ ਅੱਜ ਪਿੰਡ ਪੱਧਰੀ ਰੱਖਿਆ ਕਮੇਟੀਆਂ ਦੇ ਮੈਂਬਰ ਬੁਲਾਏ ਗਏ ਸਨ। ਸਿਵਲ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਰਿਹਾ ਹੈ। ਸਰਕਾਰੀ ਪੱਧਰ ‘ਤੇ ਮੀਟਿੰਗ ਕੀਤੀ ਗਈ ਹੈ। ਇੱਥੇ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਫੋਨਾਂ ਵਿੱਚ ਜੋ ਐਪ ਹੈ, ਉਸ ਐਪ ਵਿੱਚ ਜਿੱਥੇ ਕਿਤੇ ਵੀ ਕਮੀ ਪੇਸ਼ੀ ਨਜ਼ਰ ਆਵੇ, ਆਪਣੀ ਜਾਣਕਾਰੀ ਪਾਓ ਕਿ ਕਿਸ ਜਗ੍ਹਾ ਉੱਤੇ ਕੋਈ ਨਸ਼ਾ ਵੇਚ ਰਿਹਾ ਹੈ, ਕੋਈ ਮੋਟਰਸਾਈਕਲ ਜਾਂ ਗੱਡੀ ਤੇ ਨਸ਼ਾ ਵੇਚਦਾ ਦਿਸਦਾ ਹੈ ਉਸ ਦੀ ਫੋਟੋ ਖਿੱਚ ਕੇ ਐਪ ਵਿੱਚ ਪਾ ਦੇਵੋ ਕਿ ਇਸ ਨੰਬਰ ਦੀ ਮੋਟਰਸਾਈਕਲ ਅਤੇ ਗੱਡੀ ਹੈ, ਬੰਦਾ ਆ ਕੇ ਨਸ਼ਾ ਵੇਚਦਾ ਹੈ। ਇਸ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਇਹੋ ਜਿਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿ ਉਦਾਹਰਨ ਸੈਟ ਕੀਤੀ ਜਾਵੇਗੀ। ਸ. ਖੁੱਡੀਆਂ ਨੇ ਮੀਡੀਆ ਨੂੰ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਦੇ ਅੰਦਰ ਲੰਬੀ ਸਬ ਡਿਵੀਜ਼ਨ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਤਹਿਤ 160 ਮੁਕੱਦਮੇ ਦਰਜ ਕੀਤੇ ਗਏ ਹਨ, 207 ਵਿਅਕਤੀ ਇਹਨਾਂ ਕੇਸਾਂ ਵਿੱਚ ਜੇਲਾਂ ਅੰਦਰ ਪਹੁੰਚਾਏ ਗਏ ਹਨ, 429.84 ਗ੍ਰਾਮ ਹੈਰੋਇਨ, 7 ਕਿਲੋਗ੍ਰਾਮ 377 ਗ੍ਰਾਮ ਅਫੀਮ, 136 ਕਿਲੋਗ੍ਰਾਮ ਭੁੱਕੀ, 4704 ਨਸ਼ੀਲੀਆਂ ਗੋਲੀਆਂ, 6587 ਨਸ਼ੀਲੇ ਕੈਪਸੂਲ ਅਤੇ 39,230/- ਰੁਪਏ ਦੀ ਡਰੱਗ ਮਨੀ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਨਸ਼ੇ ਦੇ ਕਾਰੋਬਾਰ ਦਾ ਲੱਕ ਤੋੜਨ ਲਈ ਨਿਰੰਤਰ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਸਪੱਸ਼ਟ ਸੁਨੇਹਾ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਅਪਣਾ ਰਹੀ ਹੈ। ਇਸ ਮੌਕੇ ਉਪ ਮੰਡਲ ਮਜਿਸਟਰੇਟ ਮਲੋਟ ਸ੍ਰੀ ਪੰਕਜ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਜਰੂਰ ਸਾਂਝੀ ਕਰਨ ਅਤੇ ਸੇਫ ਪੰਜਾਬ ਵਟਸਐਪ ਨੰਬਰ 9779100200 ‘ਤੇ ਵੀ ਦੇ ਸਕਦੇ ਹਨ। ਉਨ੍ਹਾਂ ਨੇ ਪਿੰਡਾਂ ਦੇ ਪਹਿਰੇਦਾਰ ਤੇ ਡਿਫੈਂਸ ਕਮੇਟੀਆਂ ਦੀ ਬਣਤਰ ਤੇ ਟੀਚਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਤਤਪਰ ਹੈ। ਡੀ.ਐਸ.ਪੀ. ਸ੍ਰੀ ਹਰਬੰਸ ਬਰਾੜ ਨੇ ਕਿਹਾ ਕਿ ਇਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਬਲਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ-ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦਿੱਤੀਆਂ ਜਾਣਗੀਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਤੁਸੀਂ ਇਤਲਾਹ ਪੁਲਿਸ ਨੂੰ ਜਰੂਰ ਦਿਓ ਪੁਲਿਸ ਵੱਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।‌ ਇਸ ਮੌਕੇ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ, ਐਸ.ਐਚ.ਓ. ਹਰਪ੍ਰੀਤ ਕੌਰ, ਐਸ.ਐਚ.ਓ. ਜਸਵੀਰ ਸਿੰਘ, ਯੁੱਧ ਨਸ਼ੇ ਵਿਰੁੱਧ ਦੇ ਆਹੁਦੇਦਾਰ ਮਨਜੀਤ ਸਿੰਘ ਮਿੱਡਾ ਹਲਕਾ ਕੋਆਰਡੀਨੇਟਰ, ਹਰਪ੍ਰੀਤ ਸਿੰਘ ਰਾਜਾ ਭੀਟੀਵਾਲਾ ਹਲਕਾ ਵਾਈਜ ਕੋਆਰਡੀਨੇਟਰ, ਦਿਲਬਾਗ ਸਿੰਘ ਪੰਨੀਵਾਲਾ ਵਾਈਜ ਕੋਆਰਡੀਨੇਟਰ, ਸ਼ਮਸ਼ੇਰ ਸਿੰਘ ਰਾਣੀ ਵਾਲਾ ਬਲਾਕ ਕੋਆਰਡੀਨੇਟਰ, ਹਰਪ੍ਰੀਤ ਸਿੰਘ ਮਾਨ ਬਲਾਕ ਕੋਆਰਡੀਨੇਟਰ, ਸਾਬਕਾ ਚੇਅਰਮੈਨ ਸਰਜੀਤ ਸਿੰਘ ਮਿੱਡਾ, ਸ਼ਿਵਰਾਜ ਸਿੰਘ ਮਿਠੜੀ ਬਲਾਕ ਪ੍ਰਧਾਨ, ਹਰਚਰਨ ਸਿੰਘ ਬਲਾਕ ਕੋਆਰਡੀਨੇਟਰ, ਗੁਰਮਨ ਸਿੰਘ ਬਲਾਕ ਕੋਆਰਡੀਨੇਟਰ, ਹਰਪਾਲ ਸਿੰਘ ਪੰਜਾਵਾ ਬਲਾਕ ਕੋਆਰਡੀਨੇਟਰ, ਬਲਾਕ ਪ੍ਰਧਾਨ ਕਰਨਵੀਰ ਸਨੀ ਲੁਹਾਰਾ, ਟੋਜੀ ਲੰਬੀ, ਗੁਰਬਾਜ ਸਿੰਘ ਬਨਵਾਲਾ, ਜ਼ਿਲ੍ਹਾ ਯੂਥ ਪ੍ਰਧਾਨ ਖੁਸ਼ਵੀਰ ਮਾਨ, ਪਰਮ ਭਾਗੁ ਸਰਪੰਚ, ਮੀਡੀਆ ਸਲਾਹਕਾਰ ਮੋਹਿਤ ਸੋਨੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਪਿੰਡਾਂ ਦੇ ਸਰਪੰਚ, ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰ ਹਾਜ਼ਰ ਰਹੇ। 

Punjab

•ਪੰਜਾਬ ਦੀ ਉਚੇਰੀ ਸਿੱਖਿਆ ਨੂੰ ਰੋਜ਼ਗਾਰ ਅਤੇ ਉਦਯੋਗ ਦੀਆਂ ਭਵਿੱਖੀ ਲੋੜਾਂ ਅਨੁਸਾਰ ਢਾਲਿਆ ਜਾ ਰਿਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 6 ਜੂਨ:   ਸੂਬੇ ਵਿੱਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਨੂੰ ਹੁਲਾਰਾ ਦੇਣ ਦੇ ਵਿਆਪਕ ਯਤਨ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾ ਸਪੁਰ ਵਿੱਚ ਅਕਾਦਮਿਕ ਸੈਸ਼ਨ 2026-27 ਤੋਂ ਪੰਜ ਨਵੇਂ ਉਦਯੋਗ ਅਤੇ ਹੁਨਰ-ਅਧਾਰਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।   ਸ. ਬੈਂਸ ਨੇ ਕਿਹਾ ਕਿ ਨਵੇਂ ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਵਿੱਚ ਬੀ.ਟੈਕ, ਰੋਬੋਟਿਕਸ ਅਤੇ ਏਆਈ ਵਿੱਚ ਬੀ.ਟੈਕ, ਬੀ.ਫਾਰਮੇਸੀ, ਬੀ.ਐਸ.ਸੀ. ਐਗਰੀਕਲਚਰ ਅਤੇ ਐਮ.ਸੀ.ਏ., ਐਮ.ਬੀ.ਏ. ਤੇ ਐਮ.ਐਸ.ਸੀ. ਵਿੱਚ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਲ ਹਨ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਨੂੰ ਰੋਜ਼ਗਾਰ-ਅਧਾਰਤ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇ ਯੋਗ ਬਣਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਅੱਗੇ ਕਿਹਾ “ਥਿਊਰੀ, ਪ੍ਰੀਖਿਆ-ਕੇਂਦ੍ਰਿਤ ਸਿੱਖਿਆ ਦਾ ਪੁਰਾਣਾ ਮਾਡਲ ਵੇਲਾ ਹੰਢਾ ਚੁੱਕਾ ਹੈ, ਜਿਸ ਕਰਕੇ ਅਸੀਂ ਇਸਨੂੰ ਵਿਹਾਰਕ ਸਿਖਲਾਈ, ਪ੍ਰਯੋਗਸ਼ਾਲਾ-ਅਧਾਰਤ ਅਤੇ ਅਸਲ-ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਅਨੁਸਾਰ ਢਾਲ ਰਹੇ ਹਾਂ। ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਹੁਣ ਸਿਰਫ ਡਿਗਰੀ ਧਾਰਕਾਂ ਲਈ ਹੀ ਨਹੀਂ, ਸਗੋਂ ਨਵੀਨ ਵਿਚਾਰਾਂ ਵਾਲੇ ਨੌਜਵਾਨਾਂ ਲਈ ਲਾਂਚਪੈਡ ਬਣੇਗੀ।”   ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਇੱਕ ਸਮੈਸਟਰ ਦੀ ਮਿਆਦ ਜਿੰਨੀ ਲਾਜ਼ਮੀ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਾਂ ਵਿੱਚੋਂ ਗੁਜ਼ਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੋਈ ਵਿਦਿਆਰਥੀ ਗ੍ਰੈਜੂਏਟ ਹੁੰਦਾ ਹੈ, ਤਾਂ ਉਹ ਪਹਿਲਾਂ ਹੀ ਉਦਯੋਗ ਲਈ ਤਿਆਰ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਪਾਠਕ੍ਰਮ ਵਿੱਚ ਤਬਦੀਲੀ ਨਹੀਂ, ਸਗੋਂ ਪੰਜਾਬ ਦੇ ਸਿੱਖਣ, ਕਮਾਉਣ ਅਤੇ ਅੱਗੇ ਵਧਣ ਦੇ ਸਫ਼ਰ ਵਿੱਚ ਇੱਕ ਕ੍ਰਾਂਤੀ ਹੈ।   ਸ. ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਸੂਬੇ ‘ਚੋਂ ਹੁਨਰ ਦੀ ਹਿਜਰਤ ਦੇ ਰੁਝਾਨ ਨੂੰ ਉਲ਼ਟਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਪੰਜਾਬ ਵਿੱਚ ਮਾਪਿਆਂ ਨੂੰ ਹੁਣ ਗੁਣਵੱਤਾ ਅਧਾਰਤ ਤਕਨੀਕੀ ਜਾਂ ਫਾਰਮਾ ਸਿੱਖਿਆ ਲਈ ਮਜ਼ਬੂਰੀ ਵੱਸ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਕਿਉਂਕਿ ਮਾਨ ਸਰਕਾਰ ਇੱਥੇ ਹੀ ਭਵਿੱਖ ਲਈ ਤਿਆਰ ਯੂਨੀਵਰਸਿਟੀਆਂ ਬਣਾ ਰਹੀ ਹੈ।

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ

ਚੰਡੀਗੜ੍ਹ, 6 ਜੂਨ:          ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਪੰਜਾਬ ਵਿੱਚ 10 ਲੱਖ ਉਸਾਰੀ ਕਿਰਤੀਆਂ ਦੀ ਮੁਫ਼ਤ ਰਜਿਸਟ੍ਰੇਸ਼ਨ ਅਤੇ ਪੁਰਾਣੀ ਰਜਿਸਟ੍ਰੇਸ਼ਨ ਨਵਿਆਉਣ ਲਈ ਵੱਡੀ ਮੁਹਿੰਮ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਭਲਾਈ ਸਕੀਮਾਂ ਦਾ ਲਾਭ ਸਿੱਧਾ ਕਿਰਤੀਆਂ ਤੱਕ ਪਹੁੰਚਾਇਆ ਜਾਵੇ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਉਸਾਰੀ ਕਿਰਤੀ ਨੂੰ ਸਮਾਜਿਕ ਸੁਰੱਖਿਆ ਲਾਭ, ਭਲਾਈ ਸਹਾਇਤਾ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦਾ ਗਠਨ ਨਿਰਮਾਣ ਕਾਮਿਆਂ ਦੀ ਰਜਿਸਟ੍ਰੇਸ਼ਨ, ਵਿੱਤੀ ਸਹਾਇਤਾ ਅਤੇ ਭਲਾਈ ਸਕੀਮਾਂ ਰਾਹੀਂ ਉਨ੍ਹਾਂ ਦੀ ਭਲਾਈ, ਸਮਾਜਿਕ ਸੁਰੱਖਿਆ ਅਤੇ ਸਮਾਜਿਕ-ਆਰਥਿਕ ਤਰੱਕੀ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਇਹ ਮੰਦਭਾਗਾ ਹੈ ਕਿ ਲੋੜੀਂਦੇ ਫੰਡ ਉਪਲਬਧ ਹੋਣ ਦੇ ਬਾਵਜੂਦ ਲੰਬੇ ਪ੍ਰੋਸੈਸਿੰਗ ਸਮੇਂ ਕਾਰਨ ਕਿਰਤੀਆਂ ਲਈ ਭਲਾਈ ਸਕੀਮਾਂ ਲੋੜੀਂਦੀ ਸਫ਼ਲਤਾ ਹਾਸਲ ਨਹੀਂ ਕਰ ਸਕੀਆਂ।” ਭਲਾਈ ਸਕੀਮਾਂ ਦਾ ਘੇਰਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਇਸ ਸਮੇਂ ਬੀ.ਓ.ਸੀ.ਡਬਲਯੂ. ਵੈਲਫੇਅਰ ਬੋਰਡ ਕੋਲ 2.21 ਲੱਖ ਮਜ਼ਦੂਰ ਰਜਿਸਟਰਡ ਹਨ, ਜੋ ਪੰਜਾਬ ਭਰ ਵਿੱਚ ਚੱਲ ਰਹੀਆਂ ਵੱਡੇ ਪੱਧਰ ਦੀਆਂ ਨਿਰਮਾਣ ਗਤੀਵਿਧੀਆਂ ਅਤੇ ਸ਼ਹਿਰੀਕਰਨ ਨੂੰ ਦੇਖਦੇ ਹੋਏ ਕਾਫ਼ੀ ਘੱਟ ਹੈ। ਰਜਿਸਟ੍ਰੇਸ਼ਨ ਵਿੱਚ ਸੁਧਾਰ ਲਈ ਰਾਜ ਭਰ ਵਿੱਚ ਹੋਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ।” ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਇਸ ਵਿਸ਼ੇਸ਼ ਮੁਹਿੰਮ ਦੌਰਾਨ ਮਜ਼ਦੂਰਾਂ ‘ਤੇ ਰਜਿਸਟ੍ਰੇਸ਼ਨ ਫੀਸ ਦਾ ਬੋਝ ਖ਼ਤਮ ਕਰੇਗੀ ਤਾਂ ਜੋ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਮਜ਼ਦੂਰ ਅਕਸਰ ਰਜਿਸਟ੍ਰੇਸ਼ਨ ਕਰਵਾਉਣ ਤੋਂ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਫੀਸ ਵਜੋਂ 145 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਅਤੇ ਨਵਿਆਉਣ ਨੂੰ ਉਤਸ਼ਾਹਿਤ ਕਰਨ ਲਈ ਇਸ ਵਿਸ਼ਾਲ ਰਜਿਸਟ੍ਰੇਸ਼ਨ ਮੁਹਿੰਮ ਦੌਰਾਨ ਬਿਨੈਕਾਰਾਂ ਨੂੰ ਇਹ ਫੀਸ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਸ ਮੁਹਿੰਮ ਦੌਰਾਨ ਲਗਪਗ 10 ਲੱਖ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਦੇ ਲਗਪਗ 15 ਕਰੋੜ ਰੁਪਏ ਦੇ ਵਿੱਤੀ ਖ਼ਰਚੇ ਨੂੰ ਖ਼ੁਦ ਸਹਿਣ ਕਰੇਗੀ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਮਜ਼ਦੂਰਾਂ ਦੀ ਮਦਦ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਉਨ੍ਹਾਂ ਸਾਰੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਫੀਸ ਦਾ ਖ਼ਰਚਾ ਚੁੱਕੇਗੀ, ਜੋ ਇੱਕ ਸਾਲ ਦੇ ਅੰਦਰ ਕਿਸੇ ਵੀ ਲਾਭ ਦਾ ਫਾਇਦਾ ਨਹੀਂ ਉਠਾਉਂਦੇ। ਕਿਰਤ ਵਿਭਾਗ ਨੂੰ ਪਿੰਡਾਂ ਵਿੱਚ ਸ਼ਾਮ ਦੇ ਸਮੇਂ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਕਿਉਂਕਿ ਮਜ਼ਦੂਰ ਉਸ ਸਮੇਂ ਕੰਮ ਤੋਂ ਪਰਤਦੇ ਹਨ ਅਤੇ ਇਸ ਨਾਲ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਲੇਬਰ ਚੌਂਕਾਂ ‘ਤੇ ਮਜ਼ਦੂਰਾਂ ਲਈ ਉਪਲਬਧ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ, “ਲੇਬਰ ਚੌਂਕਾਂ ‘ਤੇ ਸ਼ੈੱਡ ਬਣਾਏ ਜਾਣੇ ਚਾਹੀਦੇ ਹਨ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਮਜ਼ਦੂਰਾਂ ਨੂੰ ਕੰਮ ਦੀ ਉਡੀਕ ਕਰਦੇ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।” ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਰਜ਼ੀਆਂ ਦੇ ਨਿਬੇੜੇ ਵਿੱਚ ਹੁੰਦੀ ਦੇਰੀ ਨੂੰ ਘਟਾ ਕੇ ਭਲਾਈ ਸਕੀਮਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਹੀ ਅਹਿਮ ਕਦਮ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਵਿੱਤੀ ਸਾਲ 2022-23 ਵਿੱਚ ਮਜ਼ਦੂਰਾਂ ਲਈ ਭਲਾਈ ਸਕੀਮਾਂ ਦਾ ਪ੍ਰੋਸੈਸਿੰਗ ਸਮਾਂ 203 ਦਿਨ ਸੀ। ਪੰਜਾਬ ਸਰਕਾਰ ਨੇ ਹੁਣ ਇਸ ਨੂੰ ਘਟਾ ਕੇ 73 ਦਿਨ ਕਰ ਦਿੱਤਾ ਹੈ। ਲੰਬਾ ਪ੍ਰੋਸੈਸਿੰਗ ਸਮਾਂ ਮਜ਼ਦੂਰਾਂ ਲਈ ਭਲਾਈ ਸਕੀਮਾਂ ਦਾ ਲਾਭ ਲੈਣ ਵਿੱਚ ਵੱਡੀ ਰੁਕਾਵਟ ਸੀ, ਇਸ ਲਈ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ।” ਹੁਨਰ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਬੋਰਡ ਨੂੰ 50,000 ਰਜਿਸਟਰਡ ਨਿਰਮਾਣ ਕਾਮਿਆਂ ਦੇ ਵੇਰਵੇ ‘ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ’ ਨਾਲ ਸਾਂਝੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, “ਬੋਰਡ ਨੂੰ ਹੁਨਰ ਸਿਖਲਾਈ ਲਈ 50,000 ਰਜਿਸਟਰਡ ਉਸਾਰੀ ਕਿਰਤੀਆਂ ਦਾ ਡੇਟਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੂੰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਹ ਸਿਖਲਾਈ ਸਿਰਫ਼ ਨਿਰਮਾਣ ਵਾਲੀਆਂ ਥਾਵਾਂ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਿਖਲਾਈ ਕੇਂਦਰਾਂ ਅਤੇ ਬੀ.ਓ.ਸੀ.ਡਬਲਯੂ. ਵੈਲਫੇਅਰ ਬੋਰਡ ਵੱਲੋਂ ਲਗਾਏ ਗਏ ਕੈਂਪਾਂ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਕਿਰਤੀਆਂ ਨੂੰ ਅਜਿਹੇ ਵਿਸ਼ੇਸ਼ ਖੇਤਰਾਂ ਵਿੱਚ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਜੋ ਉਨ੍ਹਾਂ ਦੇ ਹੁਨਰ ਅਤੇ ਕਮਾਈ ਦੀ ਸਮਰੱਥਾ ਨੂੰ ਵਧਾ ਸਕਣ। ਉਨ੍ਹਾਂ ਕਿਹਾ, “ਰਾਜਗੀਰੀ (ਮੈਸਨਰੀ), ਬਾਰ ਬੈਂਡਿੰਗ ਅਤੇ ਫਿਕਸਿੰਗ, ਸ਼ਟਰਿੰਗ ਕਾਰਪੈਂਟਰੀ, ਸਕੈਫੋਲਡਿੰਗ (ਪੈੜ ਬੰਨ੍ਹਣਾ), ਕੁਆਲਿਟੀ ਐਸ਼ੋਰੈਂਸ, ਕੰਸਟ੍ਰਕਸ਼ਨ ਪੇਂਟਿੰਗ, ਕੰਸਟ੍ਰਕਸ਼ਨ ਇਲੈਕਟ੍ਰੀਕਲ ਵਰਕਸ, ਸਰਵੇਖਣ, ਸੜਕਾਂ ਅਤੇ ਰਨਵੇਅ ਦਾ ਨਿਰਮਾਣ, ਅੰਦਰੂਨੀ ਅਤੇ ਬਾਹਰੀ ਫਿਨਿਸ਼ਿੰਗ, ਫੈਬਰੀਕੇਸ਼ਨ, ਡਰਾਫਟਿੰਗ, ਸ਼ਟਰਿੰਗ ਕਾਰਪੈਂਟਰੀ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।” ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਕਿ ਮਹਿਲਾ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਭਲਾਈ ਯੋਜਨਾਵਾਂ ਦਾ ਲਾਭ ਮਿਲੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬੋਰਡ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਹਿਲਾ ਮਜ਼ਦੂਰਾਂ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵਿੱਤੀ ਸਹਾਇਤਾ ਵੀ ਮਿਲੇ।” ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। 

Punjab

ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਦ੍ਰਿੜ ਸੰਕਲਪ – ਹਰਮੀਤ ਸਿੰਘ ਸੰਧੂ

ਤਰਨ ਤਾਰਨ, 6 ਜੂਨ:     ਅੱਜ ਤਰਨ ਤਾਰਨ ਵਿਖੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਫੇਜ਼-2 ਤਹਿਤ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਮੌਕੇ ਨਸ਼ਾ ਮੁਕਤੀ ਯਾਤਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਪਿੰਡ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਕਨਵੀਨਰਾਂ, ਪ੍ਰਧਾਨਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜਿੱਥੇ ਵੱਡੀ ਗਿਣਤੀ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ, ਉਥੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਪਿੰਡ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਅਤੇ  ਨਸ਼ਾ ਮੁਕਤੀ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਮਿਲੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਜਲਦ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈਆਂ ਜਾ ਰਹੀਆਂ ਕਾਰਵਾਈਆਂ ਅਤੇ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਐਸ.ਡੀ.ਐਮ ਤਰਨ ਤਾਰਨ ਡਾ. ਕਰਨਵੀਰ ਸਿੰਘ, ਡੀ.ਐਸ.ਪੀ ਸਿਟੀ ਸੁਖਬੀਰ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਭੁਪਿੰਦਰ ਸਿੰਘ ਖੇੜਾ, ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ ਰੰਧਾਵਾ, ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੋਲਡੀ, ਯਾਦਵਿੰਦਰ ਸਿੰਘ ਯਾਦੂ,  ਕਰਨੈਲ ਸਿੰਘ, ਜਰਨੈਲ ਸਿੰਘ, ਸਰਬਜਿੰਦਰ ਸਿੰਘ ਭਰੋਵਾਲ, ਅੰਜੂ ਵਰਮਾ, ਗੁਰਨਾਮ ਸਿੰਘ ਜੌਹਲ ਰਾਜੂ ਸਿੰਘ ਵਾਲਾ ਅਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

Punjab

ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਵੱਲੋਂ ਫਲੈਗ ਮਾਰਚ

ਮਾਲੇਰਕੋਟਲਾ, 6 ਜੂਨ-                         ਸੀਨੀਅਰ ਕਪਤਾਨ ਪੁਲਿਸ ਗੁਰਮੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਕਪਤਾਨ ਪੁਲਿਸ (ਪੀ.ਬੀ.ਆਈ)  ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਉਪ ਕਪਤਾਨ ਪੁਲਿਸ (ਸਪੈਸਲ ਬ੍ਰਾਂਚ) ਸਤੀਸ ਕੁਮਾਰ, ਉਪ ਕਪਤਾਨ ਪੁਲਿਸ ਅਹਿਮਦਗੜ੍ਹ ਇੰਦਰਪਾਲ ਸਿੰਘ ਅਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਅਮਰਗੜ੍ਹ ਸੰਜੀਵ ਕਪੂਰ ਵੱਲੋਂ ਸਬ-ਡਵੀਜਨ ਮਾਲੇਰਕੋਟਲਾ ਦੇ ਮੁੱਖ ਅਧਿਕਾਰੀਆਂ ਅਤੇ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਦੀ ਭੀੜ ਭੜੱਕੇ ਵਾਲੀਆਂ ਥਾਵਾਂ ਉੱਤੇ ਫਲੈਗ ਮਾਰਚ ਕੀਤਾ ਗਿਆ, ਇਹ ਫਲੈਗ ਮਾਰਚ ਡਾਕਟਰ ਜਾਕਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਿੱਲੀ ਗੇਟ, ਸਰਕਾਰੀ ਇਮਾਮਵਾੜਾ, ਛੋਟਾ ਚੌਂਕ, ਸੁਨਿਆਰਾ ਚੌਕ, ਸਦਰ ਬਜਾਰ, ਜੈਨ ਸਥਾਪਕ ਤੱਕ ਪੈਦਲ ਕੀਤਾ ਗਿਆ। ਜਿਸ ਤੋਂ ਬਾਅਦ ਗੱਡੀਆ ਵਿੱਚ ਸਵਾਰ ਹੋ ਕੇ ਕੂਲਰ ਚੌਂਕ, ਹਨੂੰਮਾਨ ਮੰਦਰ, ਸਰਹੰਦੀ ਗੇਟ, ਜਰਗ ਚੌਕ, ਗਰੇਵਾਲ ਚੌਕ, ਕਿਲਾ ਰਹਿਮਤਗੜ੍ਹ, ਨਵੀਂ ਕਚਹਿਰੀ ਹੁੰਦਾ ਹੋਇਆ ਵਾਪਸ ਰੇਲਵੇ ਸਟੇਸ਼ਨ ਮਾਲੇਰਕੋਟਲਾ ਵਿਖੇ ਖਤਮ ਹੋਇਆ। ਜਿੱਥੇ ਰੇਲਵੇ ਸਟੇਸ਼ਨ ਤੇ ਸੱਕੀ ਵਿਅਕਤੀਆਂ ਅਤੇ ਰੇਲਵੇ ਸਟੇਸ਼ਨ ਦੀ ਬਿਲਡਿੰਗ ਦੀ ਚੈਕਿੰਗ ਕੀਤੀ ਗਈ।                         ਇਸ ਤਰਾਂ ਹੀ ਸਬ ਡਵੀਜਨ ਅਹਿਮਦਗੜ੍ਹ ਵਿਖੇ ਪੁਲਿਸ ਫੋਰਸ ਅਤੇ ਸਬ ਡਵੀਜਨ ਅਮਰਗੜ੍ਹ ਵਿਖੇ ਪੁਲਿਸ ਫੋਰਸ ਵੱਲੋਂ ਆਪੋ ਆਪਣੇ ਏਰੀਆ ਵਿੱਚ ਫਲੈਗ ਮਾਰਚ ਕੀਤਾ ਗਿਆ। ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਆਮ ਪਬਲਿਕ ਦੀ ਸਰੁੱਖਿਆ ਨੂੰ ਹਰ ਪੱਖ ਤੋਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਮਾਲੇਰਕੋਟਲਾ ਪੁਲਿਸ ਆਮ ਪਬਲਿਕ ਦੀ ਸੁਰੱਖਿਆ ਦੀ 24 ਘੰਟੇ ਪੂਰੀ ਤਰਾਂ ਚੌਕਸ ਹੈ । ਉਨ੍ਹਾਂ ਆਮ ਲੋਕਾਂ ਨੂੰ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਤੁਰੰਤ 112 ਹੈਲਮਾਈਨ ਜਾਂ ਕੰਟਰੋਲ ਰੂਮ ਮਾਲੇਰਕੋਟਲਾ 91135-87100 ਤੇ ਦੇਣ ਦੀ ਅਪੀਲ ਕੀਤੀ 

Punjab

ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ :ਧਾਲੀਵਾਲ

ਅੰਮ੍ਰਿਤਸਰ/ਅਜਨਾਲਾ,6 ਜੂਨ ( )- ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਚ ਘਰੇਲੂ, ਵਪਾਰਕ ਅਦਾਰਿਆਂ ਤੇ ਖੇਤੀ ਟਿਊਬਵੈਲਾਂ ਲਈ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਨਵੇਂ ਕੀਰਤੀਮਾਨ ਸਥਾਪਿਤ ਕਰਨ ਹਿੱਤ ਅੱਜ ਬਕਾਇਦਾ ਰਸਮੀ ਤੌਰ ਤੇ ਹਲਕੇ ਦੇ ਇਤਿਹਾਸਿਕ ਨਗਰ ਰਮਦਾਸ ਵਿਖੇ ਪਾਵਰਕੌਮ ਦੇ ਬਾਰਡਰ ਰੇਂਜ ਚੀਫ਼ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ, ਨਿਗਰਾਨ ਇੰਜੀਨੀਅਰ ਬਲਕਾਰ ਸਿੰਘ, ਅਜਨਾਲਾ ਡਵੀਜ਼ਨ ਦੇ ਵਧੀਕ ਨਿਗਰਾਨ ਇੰਜੀਨੀਅਰ – ਕਮ – ਐਕਸੀਂਅਨ ਇੰਜੀ: ਅਨੀਸ਼ ਸਿੰਘ ਸਮੇਤ ਸਥਾਨਕ ਪਾਵਰਕੌਮ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਪਰੰਤ ਗੱਲਬਾਤ ਦੌਰਾਨ ਮੁੱਖ ਬੁਲਾਰੇ ਤੇ ਵਿਧਾਇਕ ਸ. ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ ਪਹਿਲਾਂ ਹੀ ਜਾਰੀ ਕੀਤੇ ਭਾਰੀ ਫੰਡਾਂ ਤੋਂ ਇਲਾਵਾ ਹੁਣ ਹੋਰ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਅੱਜ ਆਲਾ ਬਿਜਲੀ ਅਧਿਕਾਰੀਆਂ ਨਾਲ ਕੀਤੀ ਗਈ ਉੱਚ ਤਾਕਤੀ ਮੀਟਿੰਗ ਚ ਇਸ ਰਾਸ਼ੀ ਨਾਲ ਹਲਕਾ ਅਜਨਾਲਾ ਚ ਬਿਜਲੀ ਸਬ ਡਵੀਜ਼ਨਾਂ ਅਜਨਾਲਾ, ਰਮਦਾਸ, ਗੱਗੋਮਾਹਲ, ਚੱਕ ਡੋਗਰਾਂ, ਝੰਡੇਰ ਆਦਿ ਦੇ ਅਧਿਕਾਰ ਖੇਤਰ ਚ ਗਰਿੱਡਾਂ, ਖੰਭਿਆਂ, ਢਿੱਲੀਆਂ ਤਾਰਾਂ ਦੇ ਨਵੀਨੀਕਰਣ ਆਦਿ ਬੁਨਿਆਦੀ ਢਾਂਚੇ ਚ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਵੋਲਟੇਜ ਚ ਸੁਧਾਰ ਲਈ ਬਕਾਇਦਾ ਕਾਰਜ ਯੋਜਨਾ ਉਲੀਕੀ ਗਈ ਅਤੇ ਇਸ ਤੋਂ ਇਲਾਵਾ ਇਤਿਹਾਸਕ ਨਗਰ ਰਮਦਾਸ ਦੀ ਪਾਵਰਕੌਮ ਸਬ ਡਵੀਜ਼ਨ ਤਹਿਤ ਪੈਂਦੇ ਸ਼ਹਿਰੀ ਤੇ ਪੇਂਡੂ ਖੇਤਰ ਚ ਨਿਰੰਤਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਸਮੇਤ ਬਿਜਲੀ ਖੰਭਿਆਂ ਦੀ ਉਚਾਈ ਘੱਟ ਹੋਣ ਕਾਰਣ ਤੇ ਤਾਰਾਂ ਢਿੱਲੀਆਂ ਹੋਣ ਵਜੋਂ ਵਾਪਰਦੇ ਅਚਨਚੇਤੀ ਹਾਦਸਿਆਂ ਨੂੰ ਮੁਕੰਮਲ ਤੌਰ ਤੇ ਠੱਲਣ ਲਈ ਖੰਭਿਆਂ ਦੀ ਉਚਾਈ ਚ ਵਾਧਾ ਕਰਕੇ 11 ਮੀਟਰ ਉੱਚੇ ਕਰਨ ਦੀ ਸਥਿਤੀ ਦਾ ਜ਼ਾਇਜ਼ਾ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਰਾਸ਼ੀ ਦੀ ਹਲਕੇ ਚ ਬਿਜਲੀ ਸੁਧਾਰਾਂ ਲਈ ਵਰਤੋਂ ਚ ਪਾਰਦਰਸ਼ਤਾ ਬਣਾਈ ਰੱਖਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਅਧਿਕਾਰੀਆਂ ਨੂੰ ਸ਼ੁਰੂ ਹੋਏ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਅਤੇ ਖ਼ਾਸ ਕਰਕੇ ਝੋਨੇ ਦੀ ਲਵਾਈ ਲਈ ਖੇਤੀ ਟਿਊਬਵੈਲਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਸਮੇਤ ਘਰੇਲੂ ਤੇ ਵਪਾਰਕ ਅਦਾਰਿਆਂ ਲਈ ਲਗਾਤਾਰਤਾ ਚ ਬਿਜਲੀ ਸਪਲਾਈ ਦਾ ਸੁਮੇਲ ਬਿਠਾਉਣ ਲਈ ਵਿਸ਼ੇਸ਼ ਨਿਰਦੇਸ਼ ਦਿੰਦਿਆ ਖੇਤੀ ਟਿਊਬਵੈਲਾਂ ਦੇ ਟ੍ਰਾਂਸਫਾਰਮਰ ਖ਼ਰਾਬ ਹੋਣ ਜਾਂ ਸੜਨ ਦੀ ਸੂਰਤ ਚ ਤੁਰੰਤ ਲੋੜੀਂਦੇ ਕਦਮ ਅਮਲ ਚ ਲਿਆਉਣ ਲਈ ਕਿਹਾ ਗਿਆ। ਉਹਨਾਂ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਨੇ ਸਹੂਲਤਾਂ ਦੇ ਨਾਂਅ ਤੇ ਬਿਜਲੀ ਖਪਤਕਾਰਾਂ ਨਾਲ ਕਥਿਤ ਤੌਰ ਤੇ ਧੋਖਾ ਕੀਤਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰੇਕ ਵਰਗ ਲਈ ਬਿਨਾਂ ਸ਼ਰਤ 600 ਯੂਨਿਟ ਮੁਫ਼ਤ ਬਿਜਲੀ ਖਪਤਕਾਰਾਂ ਨੂੰ ਸਹੂਲਤ ਦੇਣ ਦੇ ਨਾਲ ਗੋਇੰਦਵਾਲ ਵਿਖੇ 1100 ਕਰੋੜ ਦੀ ਲਾਗਤ ਨਾਲ ਨਿੱਜੀ ਪਲਾਂਟ ਖਰੀਦ ਕਰਕੇ ਸਰਕਾਰ ਵਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਸਾਬਕਾ ਸਰਕਾਰਾਂ ਵਲੋਂ ਕਥਿਤ ਲੁੱਟ ਖਸੁੱਟ ਦੀ ਆੜ੍ਹ ਚ ਝਾਰਖੰਡ ਵਿਖੇ ਬੰਦ ਕੀਤੀ ਹੋਈ ਕੋਲ਼ੇ ਦੀ ਖਾਣ ਨੂੰ ਬਹਾਲ ਕਰਕੇ ਪੰਜਾਬ ਦੇ ਸਰਮਾਏ ਦੀ ਲੁੱਟ ਖਸੁੱਟ ਖਿੜਕੀ ਬੰਦ ਕਰਕੇ ਬਚਾਏ ਗਏ ਸਰਮਾਏ ਦੇ ਖਰਚੇ ਨਾਲ ਬਿਜਲੀ ਸੁਧਾਰਾਂ ਚ ਕ੍ਰਾਂਤੀ ਲਿਆਂਦੀ ਗਈ। ਉਹਨਾਂ ਇਹ ਵੀ ਸਪਸ਼ਟ ਕੀਤਾ ਸੂਬਾ ਮਾਨ ਸਰਕਾਰ ਨੇ ਮੁਫ਼ਤ 600 ਯੂਨਿਟ ਬਿਜਲੀ ਤੋਂ ਲਿਆਵਾ 10 ਲੱਖ ਮੁਫ਼ਤ ਸਿਹਤ ਬੀਮਾ, ਮੁਫ਼ਤ ਇਲਾਜ ਲਈ ਆਮ ਆਦਮੀ ਕਲੀਨਿਕ, ਮੇਰੀ ਰਸੋਈ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫ਼ਤ ਚਾਹ, ਖੰਡ, ਲੂਣ, ਦਾਲਾਂ, ਤੇਲ ਆਦਿ ਜ਼ਰੂਰੀ ਵਸਤਾਂ ਦੀ ਮੁਫ਼ਤ ਕਿੱਟ, ਹਰੇਕ ਆਮ ਸ਼ਰੇਣੀ ਦੀ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਤੇ ਦਲਿਤ ਸ਼ਰੇਣੀ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਆਦਿ ਅਨੇਕਾਂ ਸਹੂਲਤਾਂ ਮੁੱਹਈਆ ਕਰਵਾ ਕੇ ਸਹੂਲਤਾਂ ਦੀ ਰਾਜਨੀਤੀ ਕੀਤੀ ਹੈ ਅਤੇ ਇਸ ਸਹੂਲਤਾਂ ਸਮੇਤ ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਤੇ ਆਗਾਮੀ ਵਿਧਾਨ ਸਭਾ ਚ ਵੋਟਰਾਂ ਦਾ ਫਤਵਾ ਹਾਸਲ ਕਰਕੇ ਮਾਨ ਸਰਕਾਰ ਮੁੜ ਸੱਤਾ ਚ ਆਏਗੀ। 

Punjab

ਨਸ਼ਿਆਂ ਦੇ ਖਾਤਮੇ ਲਈ ਪਿੰਡ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨ, ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਲਈ ਕੀਤੇ ਉਪਰਾਲੇ- ਵਿਧਾਇਕ ਗੁਰਦੀਪ ਸਿੰਘ ਰੰਧਾਵਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 6 ਜੂਨ-    ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਸਰਪੰਚ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਮੀਟਿੰਗ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਪਿੰਡ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨ, ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਅਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੇ ਯਤਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਆਦਿੱਤਿਆ ਸ਼ਰਮਾ, ਡੀ.ਐੱਸ.ਸੀ ਪੀ ਜੋਗਾ ਸਿੰਘ ਅਤੇ ਨਸ਼ਾ ਮੁਕਤੀ ਮੋਰਚਾ ਦੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ  ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਲਈ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਨਸ਼ਾ ਮੁਕਤੀ ਮੋਰਚਾ ਦੇ ਸਾਰੇ ਵਲੰਟੀਅਰਜ਼, ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਵੱਲੋਂ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਬੜੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਐੱਸ ਡੀ ਐਮ, ਆਦਿੱਤਿਆ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੂਸਰੇ ਫੇਜ਼ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਤਹਿਤ ਡੇਰਾ ਬਾਬਾ ਨਾਨਕ ਵਿੱਚ ਕੀਤੀ ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ- ਵਟਾਂਦਰਾ ਕੀਤਾ ਗਿਆ ਅਤੇ ਅਗਲੇ ਦਿਨਾਂ ਵਿੱਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜਾਗਰੂਕਤਾ ਮੁਹਿੰਮ, ਸੈਮੀਨਾਰ ਅਤੇ ਕੈਂਪ ਵੱਡੇ ਪੱਧਰ `ਤੇ ਲਗਾਏ ਜਾਣਗੇ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਡੇਰਾ ਬਾਬਾ ਨਾਨਕ ਦੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ ਅਤੇ ਸਾਰੇ ਮੈਂਬਰਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਜੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। 

Punjab

ਬੁਢਲਾਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮੀਖਿਆ ਮੀਟਿੰਗ ਦਾ ਆਯੋਜਨ

ਬੁਢਲਾਡਾ, 6 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਬੁਢਲਾਡਾ ਵਿਖੇ ਸਮੀਖਿਆ ਮੀਟਿੰਗ ਹੋਈ ਜਿਸ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਅਤੇ ਡੀਐਸਪੀ ਸਿਕੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇੱਕ ਮਾਰਚ 2025 ਤੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 60 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਅਤੇ 50 ਹਜ਼ਾਰ ਤੋਂ ਵੱਧ ਐਫ,ਆਈ,ਆਰ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਵੱਡੀ ਪੱਧਰ ‘ਤੇ ਚਿੱਟਾ,ਸਮੈਕ, ਅਫੀਮ, ਗੋਲੀਆਂ ਅਤੇ ਨਗਦੀ ਫੜੀ ਗਈ ਹੈ।  ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰ ਨਿਡਰ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਵੀ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਫੜ੍ਹਨ ਲਈ ਕੋਈ ਢਿੱਲ ਨਾ ਕਰਨ । ਮੀਟਿੰਗ ਵਿੱਚ ਸਾਰੇ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਤੋਂ ਲਿਖਤੀ ਸੁਝਾਅ ਲਏ ਗਏ। ਇਸ ਦੌਰਾਨ ਜਲਦੀ ਹੀ ਪੰਜ ਈ- ਰਿਕਸ਼ਾ ਚਲਾਏ ਜਾਣ ਦੀ ਗੱਲ ਆਖੀ ਗਈ ਜੋ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਿੰਡ ਜਾਣਗੇ।  ਸਟੇਜ ਦੀ ਕਾਰਵਾਈ ਹਲਕਾ ਕੋਆਰਡੀਨੇਟਰ ਪ੍ਰੀਤ ਗਿੱਲ ਨੇ ਨਿਭਾਈ ਅਤੇ ਲਖਵਿੰਦਰ ਲੱਖੀ ਸਰਪੰਚ ਬੋੜਾਵਾਲ, ਜ਼ਿਲ੍ਹਾ ਕੋਆਰਡੀਨੇਟਰ ਸਤੀਸ਼ ਸਿੰਗਲਾ ਚੇਅਰਮੈਨ, ਜਸਵਿੰਦਰ ਸਿੰਘ ਸਰਪੰਚ ਰਿਓਂਦ ਕਲਾਂ, ਬਲਵੀਰ ਸਿੰਘ ਛੀਨਾ ਚੇਅਰਮੈਨ ਬਲਾਕ ਸੰਮਤੀ, ਕੁਲਵੰਤ ਸਿੰਘ ਸ਼ੇਰ ਖਾਂ ਵਾਲਾ ਅਤੇ ਸਤਨਾਮ ਸਿੰਘ ਖਨਾਲੀਆ ਨੇ ਵੀ ਸੰਬੋਧਨ ਕੀਤਾ। 

Punjab

34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾ ਨੇ ਲਗਾਏ 9000 ਤੋ ਉਪਰ ਪੌਦੇ

ਯੁਵਕ ਸੇਵਾਵਾਂ  ਵਿਭਾਗ ਹੁਸਿਆਰਪੁਰ ਦੁਆਰਾ  ਮੁੱਖ ਮੰਤਰੀ ਭਗਵੰਤ ਮਾਨ ਦੇ ਤੰਦਰੁਸਤ ਪੰਜਾਬ ਦੇ ਸੁਪਨੇ ਨੁੰ ਸਾਕਾਰ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ  ਦੁਆਰਾ ਜਿਲਾ ਹੁਸ਼ਿਆਰਪੁਰ ਵਿੱਚ ਯੁਵਕ ਸੇਵਾਵਾਂ ਵਿਭਾਗ ਨਾਲ ਸੰਬਧਤ ਯੂਥ ਕਲੱਬਾਂ , ਐਨ ਐਸ ਐਸ ਯੁਨਿਟਾਂ , ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਮਨਾਇਆਂ ਗਿਆ ਵਾਤਾਵਰਨ ਦਿਵਸ , ਇਸ ਮੌਕੇ ਤੇ ਜਿਲੇ ਭਰ ਦੇ ਵਲੰਟੀਅਰਾਂ ਵਲੋਂ ਛੁਟੀਆਂ ਹੋਣ ਦੇ ਬਾਵਜੂਦ ਆਪੋ-ਆਪਣੇ ਘਰ, ਗਲੀ, ਮੁਹਲੇ ਅਤੇ ਕੁੱਝ ਇੱਕ ਸਾਂਝੀਆ ਥਾਵਾਂ ਤੇ 9000 ਤੋਂ ਵੱਧ ਪੋਦੇ ਲਗਾਏ ਗਏ।ਪ੍ਰ੍ਰੀਤ ਕੋਹਲੀ ਨੇ ਦਸਿਆ ਕਿ ਛੁਟੀਆਂ ਦੇ ਚਲਦਿਆ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ/ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੁੰ ਵਟਸਅਪ ਗਰੁਪ ਰਾਂਹੀ ਇੱਕਠਾਂ ਕੀਤਾ ਗਿਆ ਉਹਨਾਂ ਨਾਲ ਆਨਲਾੲਾੀਨ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੁੰ ਪੋਦਾਰੋਪਣ ਕਰਨ ਲਈ ਉਤਸ਼ਾਹਿਤ ਕੀਤਾ  ਗਿਆ ਜਿਸ ਦੇ ਨਤੀਜੇ ਵਲੋਂ ਇਹਨਾਂ ਵਧੀਆ ਰਿਸਪੌਸ ਵੇਖਣ ਨੁੰ ਮਿਿਲਆ।ਪੋਦੇ ਲਗਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਜੋ ਸੂਰੂਆਤ ਕੀਤੀ ਗਈ,  ਉਹਨਾਂ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੁਆਤ ਅੱਜ ਕੀਤੀ ਗਈ ਹੈ  ਪਾਣੀ ਦੀ ਬਚਤ ਕਰਨ ਲਈ ਵੀ ਪਿੰਡਾ ਤੇ ਸਹਿਰਾਂ ਦੇ ਯੁਵਕਾਂ ਨੁੰ ਜਾਗਰੂਕ ਕੀਤਾਾ ਜਾਵੇਗਾ।ਉਹਨਾਂ ਕਿਹਾ ਕਿ ਜਿਵੇਂ ਅਸੀ ਆਪਣੇ ਘਰ ਦਾ ਆਡਿਟ ਕਰਦੇ ਹਾਂ ਸਾਨੂੰ ਆਪਣੇ ਵਰਤਨ ਵਾਲੇ ਪਾਣੀ ਦਾ ਵੀ ਆਡਿਟ ਕਰਨਾ ਚਾਹੀਦਾ ਹੈ ਤਾਂ ਕਿ ਸਾਂਨੂ ਪਤਾ ਚਲ ਸਕੇ ਕਿ ਅਸੀ ਕਿੰਨਾ ਪਾਣੀ ਸਹੀ ਮਾਇਨੇ ਵਿਚ ਵਰਤ ਰਹੇ ਹਾ ਅਤੇ ਕਿੰਨਾ ਫਜੂਲ ਗਵਾ ਰਹੇ ਹਾਂ।ਇਸ ਦੀ ਦੀ ਵਰਤੋਂ ਨੁੰ ਘਟਾਉਣ ਲਈ ਜਾਗਰੂਕਤਾ ਵੀ ਜਰੂਰੀ ਹੋ ਚੁੱਕੀ ਹੈ ਕਿਉਜੋ ਧਰਤੀ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ। ਫਸਲਾਂ ਦੀ ਰਹਿਂਦ-ਖੂੰਦ ਨੁੰ ਨਾ ਜਲਾਉਣ ਲਈ ਕਿਸਾਨਾ ਨੁੰ ਜਾਗਰੂਕ ਕੀਤਾ ਜਾਵੇਗਾ। ਧਰਤੀ ਹੇਠ ਪੋਦਿਆ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ 20,000 ਤੌ ਵੱਧ ਪੋਦੇ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਉਣ ਦਾ ਟੀਚਾ ਮਿਥੀਆ ਗਿਆ ਹੈ ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਯੋਗ ਮਦਦ ਲਈ ਜਾਵੇਗੀ।ਤਾਂਕਿ ਵਾਤਾਵਰਣ ਨੂੰ ਸੰਤੂਲਿਤ ਕਰਨ ਵਿੱਚ ਆਪਣਾ ਹਿੱਸਾ ਪਾਇਆ ਜਾ ਸਕੇ । 

Punjab

ਪੰਜਾਬ ਪੁਲਿਸ ਵੱਲੋਂ ਨਿੱਜੀ ਵਾਹਨਾਂ ‘ਤੇ ਗੈਰ-ਕਾਨੂੰਨੀ ਹੂਟਰ, ਸਾਇਰਨ ਅਤੇ ਫਲੈਸ਼ਰ ਲਾਉਣ ਵਿਰੁੱਧ 5 ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਚੈਕਿੰਗ

ਚੰਡੀਗੜ੍ਹ, 6 ਜੂਨ: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਰੜਾ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਨਿੱਜੀ ਵਾਹਨਾਂ ‘ਤੇ ਹੂਟਰ, ਸਾਇਰਨ ਅਤੇ ਫਲੈਸ਼ਰਾਂ ਦੀ ਗੈਰ-ਕਾਨੂੰਨੀ ਵਰਤੋਂ ਵਿਰੁੱਧ ਪੰਜ ਦਿਨਾ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ, ਜਿਸ ਦੌਰਾਨ 29,000 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸੂਬੇ ਭਰ ਵਿੱਚ ਇਹ ਵਿਆਪਕ ਕਾਰਵਾਈ 2 ਜੂਨ, 2026 ਤੋਂ ਸ਼ੁਰੂ ਕੀਤੀ ਗਈ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਗਈ ਇਸ ਮੁਹਿੰਮ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਕਿਸੇ ਅਧਿਕਾਰ ਦੇ ਹੂਟਰ, ਸਾਇਰਨ ਜਾਂ ਫਲੈਸ਼ਰ ਸਮੇਤ ਕੋਈ ਵੀ ਗੈਰ-ਕਾਨੂੰਨੀ ਸਿਗਨਲਿੰਗ ਉਪਕਰਨ ਲਾਉਣ ਵਾਲੇ ਨਿੱਜੀ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਤੇ ਵਿਵਸਥਾ ਪ੍ਰਵੀਨ ਸਿਨਹਾ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਯੰਤਰ ਸਿਰਫ਼ ਐਮਰਜੈਂਸੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਹਨ। ਉਨ੍ਹਾਂ ਕਿਹਾ ਕਿ ਨਿੱਜੀ ਵਿਅਕਤੀਆਂ ਨੂੰ ਇਨ੍ਹਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੰਜ ਦਿਨਾ ਕਾਰਵਾਈ ਦੇ ਨਤੀਜੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਕੁੱਲ 29,324 ਵਾਹਨਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਵੱਲੋਂ ਅਣਅਧਿਕਾਰਤ ਵਾਹਨਾਂ ਤੋਂ 52 ਹੂਟਰ, 10 ਸਾਇਰਨ ਅਤੇ 403 ਫਲੈਸ਼ਰ ਸਫਲਤਾਪੂਰਵਕ ਹਟਾਏ ਗਏ। ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ 4,221 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 48 ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ। ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਅਧੀਨ ਸਖ਼ਤ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦਿਆਂ ਵਿਸ਼ੇਸ਼ ਡੀਜੀਪੀ ਪ੍ਰਵੀਨ ਸਿਨਹਾ ਨੇ ਕਿਹਾ ਕਿ ਇਹ ਮੁਹਿੰਮ ਸੂਬੇ ਭਰ ਵਿੱਚ ਜਾਰੀ ਰਹੇਗੀ ਅਤੇ ਫਲੈਸ਼ਰਾਂ, ਸਾਇਰਨਾਂ ਜਾਂ ਹੂਟਰਾਂ ਦੀ ਅਣਅਧਿਕਾਰਤ ਵਰਤੋਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ‘ਗੈਂਗਸਟਰਾਂ ਦੀ ਵਾਰ’ ਮੁਹਿੰਮ ਨੂੰ 137ਵੇਂ ਦਿਨ ਵੀ ਜਾਰੀ ਰੱਖਦਿਆਂ ਪੁਲਿਸ ਟੀਮਾਂ ਨੇ ਅੱਠ ਹਥਿਆਰਾਂ ਸਮੇਤ 320 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 34,532 ਹੋ ਗਈ ਹੈ। ਇਸ ਤੋਂ ਇਲਾਵਾ 97 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦਕਿ 13 ਵਿਅਕਤੀਆਂ ਨੂੰ ਤਸਦੀਕ ਕਰਕੇ ਪੁੱਛਗਿੱਛ ਤੋਂ ਬਾਅਦ ਜਾਣ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਸੱਤ ਭਗੌੜੇ ਅਪਰਾਧੀਆਂ (ਪੀ.ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।  

Scroll to Top