Actionpunjab

Action Punjab Logo
Breaking News

Punjab

Punjab

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਜਸਨੂਰ ਸਿੰਘ ਸੀ.ਡੀ.ਐਸ. ਮੈਰਿਟ ਸੂਚੀ ਵਿੱਚ ਪੂਰੇ ਭਾਰਤ ‘ਚੋਂ ਅੱਵਲ

ਚੰਡੀਗੜ੍ਹ, 7 ਅਪ੍ਰੈਲ:– ਰੱਖਿਆ ਬਲਾਂ ਲਈ ਤਿਆਰੀ ਸਬੰਧੀ ਸਿੱਖਿਆ ਵਿੱਚ ਪੰਜਾਬ ਦੇ ਵਧਦੇ ਦਬਦਬੇ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਇੱਕ ਵਾਰ ਫਿਰ ਕੌਮੀ ਪੱਧਰ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਇੰਸਟੀਚਿਊਟ ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਏਅਰ ਫੋਰਸ ਸੂਚੀ ਵਿੱਚ ਆਲ ਇੰਡੀਆ ਰੈਂਕ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਪਠਾਨਕੋਟ ਦੇ ਇੱਕ ਕਾਰੋਬਾਰੀ ਦਾ ਪੁੱਤਰ, ਜਸਨੂਰ ਸਿੰਘ ਹੁਣ ਪ੍ਰੀ-ਫਲਾਇੰਗ ਸਿਖਲਾਈ ਕੋਰਸ ਲਈ ਹੈਦਰਾਬਾਦ ਵਿੱਚ ਏਅਰ ਫੋਰਸ ਅਕੈਡਮੀ ਜਾਵੇਗਾ। ਜਸਨੂਰ ਦੀ ਇਸ ਪ੍ਰਾਪਤੀ ਨਾਲ ਸੰਸਥਾ ਨੇ ਦੇਸ਼ ਭਰ ਵਿੱਚ ਪੰਜਵੀਂ ਵਾਰ ਸਿਖਰਲਾ ਰੈਂਕ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਸੰਸਥਾ ਦਾ ਇਹ ਤੀਜਾ ਸਨਮਾਨ ਹੈ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਪਨੇ ਸਾਕਾਰ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤੋਂ ਇਲਾਵਾ ਰੋਪੜ ਤੋਂ  ਕੈਡਿਟ ਸੁਖਰਾਜ ਸਿੰਘ ਹੀਰਾ ਨੇ ਚੌਥਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ ਅਤੇ ਸੁਖਰਾਜ ਹੁਣ ਜੂਨ 2026 ਵਿੱਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਦੇਹਰਾਦੂਨ ਵਿੱਚ ਸ਼ਾਮਲ ਹੋਵੇਗਾ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਦੋਵਾਂ ਕੈਡਿਟਾਂ ਨੂੰ ਦਿਲੋਂ ਵਧਾਈਆਂ ਦਿੰਦੇ ਹੋਏ ਕਿਹਾ, ‘‘ਇਹ ਭਾਰਤ ਦੇ ਰੱਖਿਆ ਬਲਾਂ ਦੇ ਭਵਿੱਖੀ ਅਧਿਕਾਰੀ ਬਣਨ ਲਈ ਉਨ੍ਹਾਂ ਦੇ ਸਫ਼ਰ ਦਾ ਆਗਾਜ਼ ਹੈ। ਮੈਂ ਉਨ੍ਹਾਂ ਨੂੰ ਪੂਰੇ ਸਮਰਪਣ ਅਤੇ ਸੰਜੀਦਗੀ ਨਾਲ ਆਪਣੀ ਸਿਖਲਾਈ ਪੂਰੀ ਕਰਨ ਲਈ ਸ਼ੁਭਇੱਛਾਵਾਂ ਦਿੰਦਾ ਹਾਂ। ਪੰਜਾਬ ਨੂੰ ਇਨ੍ਹਾਂ ਹੋਣਹਾਰ ਨੌਜਵਾਨਾਂ ਦੀ ਪ੍ਰਾਪਤੀ ’ਤੇ ਸੱਚਮੁੱਚ ਮਾਣ ਹੈ।’’ ਇੰਸਟੀਟਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਕੈਡਿਟ ਜਸਨੂਰ ਅਤੇ ਸੁਖਰਾਜ ਨੂੰ ਸੰਸਥਾ  ਅਤੇ ਪੰਜਾਬ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ ਅਤੇ ਕਿਹਾ,‘‘ਅਸੀਂ ਐਨਡੀਏ-156 ਕੋਰਸ ਦੀ ਮੈਰਿਟ ਸੂਚੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਜਿਸ ਤੋਂ ਸਾਨੂੰ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।”  

Punjab

ਭਗਵੰਤ ਮਾਨ ਸਰਕਾਰ ਨੇ 70 ਅਸਾਮੀਆਂ ਲਈ ਸਿੱਧੀ ਭਰਤੀ ਨੂੰ ਦਿੱਤੀ ਮਨਜ਼ੂਰੀ, ਯੋਜਨਾ ਵਿਭਾਗ ਨੂੰ ਮਜ਼ਬੂਤ ਕੀਤਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 7 ਅਪ੍ਰੈਲਸੂਬੇ ਵਿੱਚ ਰੁਜ਼ਗਾਰ ਉਤਪਤੀ ਅਤੇ ਪ੍ਰਸ਼ਾਸਕੀ ਕੁਸ਼ਲਤਾ ਨੂੰ ਵੱਡਾ ਹੁਲਾਰਾ ਦਿੰਦਿਆਂ, ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਯੋਜਨਾਬੰਦੀ ਵਿਭਾਗ ਵਿੱਚ 70 ਅਸਾਮੀਆਂ ਲਈ ਸਿੱਧੀ ਭਰਤੀ ਪ੍ਰਕਿਰਿਆ ਨੂੰ ਰਸਮੀ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ।ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਭਾਗੀ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਭਾਰਤੀ ਕਰ ਰਹੀ ਹੈ। ਉਨ੍ਹਾਂ ਦੱਸਿਆ, “ਦੋ ਪ੍ਰਮੁੱਖ ਸੰਸਥਾਵਾਂ: ਅੰਕੜਾ ਡਾਇਰੈਕਟੋਰੇਟ, ਅਤੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਅਧੀਨ ਆਉਂਦੀਆਂ ਵੱਖ-ਵੱਖ ਗਰੁੱਪ ਏ, ਬੀ ਅਤੇ ਸੀ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਸ਼ੁਰੂ ਕਰਨ ਲਈ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ।”ਪ੍ਰਵਾਨਿਤ ਅਸਾਮੀਆਂ ਦਾ ਸ਼੍ਰੇਣੀਵਾਰ ਵੇਰਵਾ ਸਾਂਝਾ ਕਰਦਿਆਂ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੁੱਲ 70 ਖਾਲੀ ਅਸਾਮੀਆਂ ਵਿੱਚੋਂ 68 ਅਸਾਮੀਆਂ ਅੰਕੜਾ ਡਾਇਰੈਕਟੋਰੇਟ ਵਿੱਚ ਭਰੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿੱਚ 14 ਸਹਾਇਕ ਖੋਜ ਅਫ਼ਸਰਾਂ, 4 ਸੀਨੀਅਰ ਸਹਾਇਕਾਂ ਅਤੇ 50 ਇਨਵੈਸਟੀਗੇਟਰਾਂ ਦੀ ਸਿੱਧੀ ਭਰਤੀ ਸ਼ਾਮਲ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ, “ਬਾਕੀ ਦੋ ਅਸਾਮੀਆਂ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਨੂੰ ਅਲਾਟ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਗਰੁੱਪ-ਏ ਪ੍ਰੋਗਰਾਮਰ ਅਤੇ ਇੱਕ ਸੀਨੀਅਰ ਸਹਾਇਕ ਦੀ ਭਰਤੀ ਸ਼ਾਮਲ ਹੋਵੇਗੀ।”ਇਸ ਫੈਸਲੇ ਦੇ ਪਿਛੋਕੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੰਜਾਬ ਕੈਬਨਿਟ ਅੱਗੇ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਇਨ੍ਹਾਂ ਦੋਵਾਂ ਸੰਸਥਾਵਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਅਧੀਨ 140 ਅਧਿਕਾਰੀਆਂ ਦੀ ਭਰਤੀ ਦੀ ਤਜਵੀਜ਼ ਰੱਖੀ ਗਈ ਸੀ। ਉਨ੍ਹਾਂ ਅੱਗੇ ਕਿਹਾ, “29 ਮਾਰਚ, 2026 ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਪ੍ਰਸਤਾਵਿਤ ਅਸਾਮੀਆਂ ਵਿੱਚੋਂ ਪੰਜਾਹ ਫੀਸਦੀ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਨਾਲ ਮੌਜੂਦਾ ਭਰਤੀ ਮੁਹਿੰਮ ਲਈ ਮਨਜ਼ੂਰਸ਼ੁਦਾ ਅਸਾਮੀਆਂ ਦੀ ਕੁੱਲ ਗਿਣਤੀ 70 ਹੋ ਗਈ।”ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸੋਧੀ ਹੋਈ ਤਜਵੀਜ਼ ਦੀ ਰਸਮੀ ਪ੍ਰਵਾਨਗੀ ਤੋਂ ਬਾਅਦ ਹੁਣ ਰਸਮੀ ਪੱਤਰ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਬੀ) ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਸ.ਐਸ.ਬੀ ਵੱਲੋਂ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਅਹਿਮ ਅਸਾਮੀਆਂ ਨੂੰ ਜਲਦ ਤੋਂ ਜਲਦ ਪਾਰਦਰਸ਼ੀ ਢੰਗ ਨਾਲ ਭਰਿਆ ਜਾ ਸਕੇ। 

Punjab

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਮਾਨਸਾ, 7 ਅਪ੍ਰੈਲ:-        ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਐਸ.ਐਸ.ਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਮਾਨਸਾ ਪੁਲਿਸ ਨੇ ਇੱਕ ਵਿਅਕਤੀ ਨੂੰ 1 ਕਿਲੋ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਮਾਨਸਾ, ਨਸ਼ਾ ਤਸਕਰਾਂ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾ ਰਹੀ ਹੈ ਅਤੇ ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਔਲਖ ਐਸ.ਪੀ (ਇਨਵੈਸਟੀਗੇਸ਼ਨ), ਕਮਲਜੀਤ ਸਿੰਘ ਡੀ.ਐਸ.ਪੀ (ਪੀ.ਬੀ.ਆਈ), ਹੋਮੀਸਾਈਡ ਐਂਡ ਫੋਰੈਸਿੰਕ ਦੀ ਦੇਖ ਰੇਖ ਅਤੇ ਇੰਸ: ਬਲਕੌਰ ਸਿੰਘ ਇੰਚਾਰਜ ਸੀ.ਆਈ.ਏ ਦੀ ਅਗਵਾਈ ਵਿੱਚ 06 ਅਪ੍ਰੈਲ ਨੂੰ ਐਸ.ਆਈ. ਭੁਪਿੰਦਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪ੍ਰੀਤ ਨਗਰ ਮਾਨਸਾ ਨੇੜੇ ਗਿੱਲ ਬੱਸ ਵਾਲਿਆ ਦੀ ਕੋਠੀ ਤੋਂ ਥੋੜਾ ਅੱਗੇ (ਥਾਣਾ ਸਿਟੀ-2) ਤੋਂ ਵਿਸ਼ਾਲ ਕੁਮਾਰ ਪੁੱਤਰ ਚਰਨਜੀਤ ਸਿੰਘ ਪੁੱਤਰ ਗੁਰਦਿਆਲ ਲਾਲ ਵਾਸੀ ਵਾਰਡ ਨੰਬਰ 04 ਨੇੜੇ ਰਾਮ ਬਾਗ ਮਾਨਸਾ ਹਾਲ ਅਬਾਦ ਵਾਰਡ ਨੰਬਰ 04 ਪ੍ਰੀਤ ਨਗਰ ਮਾਨਸਾ ਨੂੰ ਸਮੇਤ 01 ਕਿਲੋ 50 ਗ੍ਰਾਮ ਹੈਰੋਇਨ (ਚਿੱਟਾ) ਦੇ ਕਾਬੂ ਕਰਕੇ ਮੁ.ਨੰ 81 ਮਿਤੀ 07.04.2026 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 2 ਮਾਨਸਾ ਵਿੱਚ ਦਰਜ ਕੀਤਾ। ਉਹਨਾਂ ਦੱਸਿਆ ਕਿ ਇਸ ਵਿਅਕਤੀ ਖਿਲਾਫ ਪਹਿਲਾਂ ਵੀ 13 ਮਾਮਲੇ ਦਰਜ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀ ਤੋਂ ਮੁਢਲੀ ਪੁੱਛਗਿੱਛ ਦੌਰਾਨ ਤਸਕਰੀ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਮਾਨਸਾ ਪੁਲਿਸ ਨਸ਼ਿਆਂ ਦੇ ਸੌਦਾਗਰਾਂ ਦੀ ਕਮਰ ਤੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹੇ ਦੇ ਕੋਨੇ-ਕੋਨੇ ਵਿੱਚ ਚੌਕਸੀ ਵਧਾ ਦਿੱਤੀ ਹੈ ਅਤੇ ਨਸ਼ਾ ਵੇਚਣ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਹਾਈ-ਟੈਕ ਨਾਕੇਬੰਦੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਦਾ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਸਾਂਝੀ ਕਰਨ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ। 

Punjab

ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਮਾਨਸਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਅਚਨਚੇਤ ਨਿਰੀਖਣ

ਮਾਨਸਾ, 7 ਅਪ੍ਰੈਲ:ਮਾਨਸਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਥਾਈ ਹੱਲ ਲਈ ਅੱਜ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਾਲੀ ਮਾਤਾ ਮੰਦਰ ਰੋਡ ਨੇੜੇ ਰੇਲਵੇ ਫਾਟਕ, ਸੀ.ਸੀ.ਬੀ. (ਕਰੀਟੀਕਲ ਕੇਅਰ ਬਲਾਕ), ਮੂਸਾ ਚੁੰਗੀ ਰੋਡ ਨੇੜੇ ਪੀਰ ਖ਼ਾਨਾ, ਗ੍ਰੀਨ ਵੈਲੀ ਰੋਡ, ਚਕੇਰੀਆਂ ਫਾਟਕ ਰੋਡ ਉਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਨੇ ਕੁਝ ਵਿਕਾਸ ਕਾਰਜਾਂ ਵਿੱਚ ਹੋ ਰਹੀ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਤਾੜਨਾ ਕੀਤੀ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਸਖ਼ਤ ਆਦੇਸ਼ ਦਿੱਤੇ।ਵਿਧਾਇਕ ਡਾ. ਵਿਜੈ ਸਿੰਗਲਾ ਨੇ ਸਖਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਕਾਸ ਕਾਰਜਾਂ ਨੂੰ ਸਮਾਂਬੱਧ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਵੇ। ਨਿਰੀਖਣ ਦੌਰਾਨ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ ਕਿ ਨਿਰਮਾਣ ਸਮੱਗਰੀ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਅਣਗਹਿਲੀ ਪਾਈ ਗਈ ਤਾਂ ਸਬੰਧਤ ਠੇਕੇਦਾਰਾਂ ਖਿਲਾਫ ਤੁਰੰਤ ਕਾਰਵਾਈ ਹੋਵੇਗੀ।ਉਨ੍ਹਾਂ ਵਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਕਰੀਬ 16.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਅਤਿ-ਆਧੁਨਿਕ ਕਾਰਡੀਅਕ ਕੇਅਰ ਸੈਂਟਰ ਦੇ ਨਿਰਮਾਣ ਕਾਰਜਾਂ ਦਾ ਵੀ ਨਿਰੀਖਣ ਕੀਤਾ ਗਿਆ। ਉਹਨਾਂ ਦੱਸਿਆ ਕਿ ਇੱਥੇ ਪਾਰਕਿੰਗ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਵਿਧਾਇਕ ਡਾ. ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਜਾਂ ਜਨਤਕ ਪੈਸੇ ਦੀ ਦੁਰਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਨਗਰ ਕੌਂਸਲ, ਲੋਕ ਨਿਰਮਾਣ ਵਿਭਾਗ (ਬੀ ਐਡ ਆਰ), ਸਿਹਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਕੰਮਾਂ ਨੂੰ ਜਲਦ ਮੁਕੰਮਲ ਕਰਵਾਉਣ ਤਾਂ ਜੋ ਆਮ ਲੋਕਾਂ ਨੂੰ ਵਧੇਰੇ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਪ੍ਰਧਾਨ ਨਗਰ ਕੌਂਸਲ ਸੁਨੀਲ ਕੁਮਾਰ ਨੀਨੂੰ, ਐਕਸੀਅਨ  ਲੋਕ ਨਿਰਮਾਣ ਵਿਭਾਗ ਪ੍ਰਤੀਕ ਸਿੰਗਲਾ, ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫਸਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ। 

Punjab

ਅਵਾਰਡ ਸ਼ੋਅ ਵਿੱਚ ਰਾਜਪਾਲ ਯਾਦਵ ਦਾ ਹੋਇਆ ਅਪਮਾਨ, ਸਪੋਰਟ ਵਿੱਚ ਉੱਤਰੇ 'ਭਾਈਜਾਨ' ਸਲਮਾਨ ਖਾਨ!

ਮੁੰਬਈ: ਬਾਲੀਵੁੱਡ ਇੰਡਸਟਰੀ ਵਿੱਚ ਅਵਾਰਡ ਸ਼ੋਅ ਅਕਸਰ ਗਲੈਮਰ, ਚਕਾਚੌਂਧ ਅਤੇ ਮਸਤੀ ਲਈ ਜਾਣੇ ਜਾਂਦੇ ਹਨ। ਪਰ ਕਈ ਵਾਰ ਟੀਆਰਪੀ (TRP) ਅਤੇ ਹਾਸੇ-ਮਜ਼ਾਕ ਦੇ ਨਾਂ ‘ਤੇ ਹੋਸਟਾਂ ਦੀ ਸਕ੍ਰਿਪਟ ਕਿਸੇ ਨਾ ਕਿਸੇ ਸਟਾਰ ਲਈ ਅਪਮਾਨਜਨਕ ਬਣ ਜਾਂਦੀ ਹੈ। ਹਾਲ ਹੀ ਵਿੱਚ ਇੱਕ ਮਸ਼ਹੂਰ ਅਵਾਰਡ ਸ਼ੋਅ ਦੌਰਾਨ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਬਾਲੀਵੁੱਡ ਦੇ ਦਿੱਗਜ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਰਾਜਪਾਲ ਯਾਦਵ (Rajpal Yadav) ਦਾ ਸ਼ਰੇਆਮ ਮਜ਼ਾਕ ਉਡਾਇਆ ਗਿਆ। ਹਾਲਾਂਕਿ, ਇਸ ਘਟਨਾ ਨੇ ਉਦੋਂ ਇੱਕ ਨਵਾਂ ਮੋੜ ਲੈ ਲਿਆ ਜਦੋਂ ਸ਼ੋਅ ਵਿੱਚ ਮੌਜੂਦ ਬਾਲੀਵੁੱਡ ਦੇ ‘ਦਬੰਗ’ ਯਾਨੀ ਸਲਮਾਨ ਖਾਨ (Salman Khan) ਨੂੰ ਇਹ ਸਭ ਬਿਲਕੁਲ ਰਾਸ ਨਹੀਂ ਆਇਆ ਅਤੇ ਉਹ ਤੁਰੰਤ ਆਪਣੇ ਕੋ-ਸਟਾਰ ਦੇ ਸਪੋਰਟ ਵਿੱਚ ਉੱਤਰ ਆਏ। ਕੀ ਸੀ ਪੂਰਾ ਮਾਮਲਾ? ਸੂਤਰਾਂ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਰਿਪੋਰਟਾਂ ਮੁਤਾਬਕ, ਅਵਾਰਡ ਨਾਈਟ ਦੌਰਾਨ ਸਟੇਜ ‘ਤੇ ਮੌਜੂਦ ਕੁਝ ਨੌਜਵਾਨ ਹੋਸਟਾਂ ਨੇ ਰਾਜਪਾਲ ਯਾਦਵ ਦੇ ਕੱਦ, ਉਨ੍ਹਾਂ ਦੇ ਲੁੱਕ ਅਤੇ ਉਨ੍ਹਾਂ ਦੇ ਕਾਮਿਕ ਕਿਰਦਾਰਾਂ ਨੂੰ ਲੈ ਕੇ ਕੁਝ ਅਜਿਹੇ ਜੋਕਸ (Jokes) ਮਾਰੇ ਜੋ ਮਰਿਆਦਾ ਦੀ ਹੱਦ ਪਾਰ ਕਰ ਗਏ। ਸ਼ੁਰੂਆਤ ਵਿੱਚ ਹਮੇਸ਼ਾ ਚਿਹਰੇ ‘ਤੇ ਮੁਸਕਾਨ ਰੱਖਣ ਵਾਲੇ ਰਾਜਪਾਲ ਯਾਦਵ ਇਸ ਨੂੰ ਹਾਸੇ ਵਿੱਚ ਟਾਲਦੇ ਨਜ਼ਰ ਆਏ। ਪਰ ਮਜ਼ਾਕ ਦਾ ਪੱਧਰ ਲਗਾਤਾਰ ਡਿੱਗਣ ਲੱਗਾ, ਜਿਸ ਨਾਲ ਉੱਥੇ ਮੌਜੂਦ ਦਰਸ਼ਕਾਂ ਅਤੇ ਕਈ ਸਾਥੀ ਕਲਾਕਾਰਾਂ ਨੂੰ ਵੀ ਅਸਹਿਜਤਾ ਮਹਿਸੂਸ ਹੋਣ ਲੱਗੀ। ਇੱਕ ਸੀਨੀਅਰ ਅਦਾਕਾਰ ਨਾਲ ਇਸ ਤਰ੍ਹਾਂ ਦਾ ਵਰਤਾਓ ਦੇਖ ਕੇ ਮਾਹੌਲ ਵਿੱਚ ਅਜੀਬ ਜਿਹਾ ਸੰਨਾਟਾ ਛਾ ਗਿਆ। ਜਦੋਂ ਸਲਮਾਨ ਖਾਨ ਨੇ ਹੋਸਟਾਂ ਨੂੰ ਪੜ੍ਹਾਇਆ ‘ਸਨਮਾਨ’ ਦਾ ਪਾਠ ਬਾਲੀਵੁੱਡ ਵਿੱਚ ਇਹ ਗੱਲ ਜੱਗ-ਜ਼ਾਹਿਰ ਹੈ ਕਿ ਸਲਮਾਨ ਖਾਨ ਗਲਤ ਗੱਲ ਬਰਦਾਸ਼ਤ ਨਹੀਂ ਕਰਦੇ ਅਤੇ ਆਪਣੇ ਦੋਸਤਾਂ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ। ਫਰੰਟ ਰੋ (Front Row) ਵਿੱਚ ਬੈਠੇ ਸਲਮਾਨ ਨੂੰ ਇਹ ਮਜ਼ਾਕ ਬਿਲਕੁਲ ਪਸੰਦ ਨਹੀਂ ਆਇਆ। ਰਿਪੋਰਟਾਂ ਦੀ ਮੰਨੀਏ ਤਾਂ, ਸਲਮਾਨ ਨੇ ਤੁਰੰਤ ਦਖਲ ਦਿੱਤਾ ਅਤੇ ਹੋਸਟਾਂ ਨੂੰ ਵਿੱਚ ਹੀ ਟੋਕ ਦਿੱਤਾ। ਉਨ੍ਹਾਂ ਨੇ ਮੰਚ ਤੋਂ ਸਾਫ਼ ਅਤੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ‘ਕਾਮੇਡੀ ਕਰਨ ਅਤੇ ਕਿਸੇ ਦਾ ਅਪਮਾਨ ਕਰਨ ਦੇ ਵਿਚਕਾਰ ਇੱਕ ਬਾਰੀਕ ਲਾਈਨ ਹੁੰਦੀ ਹੈ, ਜਿਸ ਨੂੰ ਪਾਰ ਨਹੀਂ ਕਰਨਾ ਚਾਹੀਦਾ।’ ਸਲਮਾਨ ਨੇ ਕਿਹਾ ਕਿ ਰਾਜਪਾਲ ਯਾਦਵ ਇੰਡਸਟਰੀ ਦੇ ਇੱਕ ਬਿਹਤਰੀਨ ਕਲਾਕਾਰ ਹਨ, ਜਿਨ੍ਹਾਂ ਨੇ ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਉਨ੍ਹਾਂ ਦੇ ਕੰਮ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਹੈ। ਸਲਮਾਨ ਦੇ ਇਸ ਸਖ਼ਤ ਰੁਖ਼ ਤੋਂ ਬਾਅਦ ਹੋਸਟਾਂ ਨੂੰ ਤੁਰੰਤ ਬੈਕਫੁੱਟ ‘ਤੇ ਆਉਣਾ ਪਿਆ ਅਤੇ ਉਨ੍ਹਾਂ ਨੇ ਮੁਆਫ਼ੀ ਮੰਗੀ। ਸੋਸ਼ਲ ਮੀਡੀਆ ‘ਤੇ ਭਾਈਜਾਨ ਦੀ ਹੋ ਰਹੀ ਹੈ ਜੈ-ਜੈਕਾਰ ਜਿਵੇਂ ਹੀ ਇਸ ਘਟਨਾ ਦੀ ਖ਼ਬਰ ਬਾਹਰ ਆਈ, ਇੰਟਰਨੈੱਟ ‘ਤੇ ਇਹ ਮਾਮਲਾ ਤੇਜ਼ੀ ਨਾਲ ਵਾਇਰਲ ਹੋ ਗਿਆ। ਪ੍ਰਸ਼ੰਸਕ ਰਾਜਪਾਲ ਯਾਦਵ ਪ੍ਰਤੀ ਆਪਣਾ ਪਿਆਰ ਅਤੇ ਸਨਮਾਨ ਪ੍ਰਗਟ ਕਰ ਰਹੇ ਹਨ। ਨਾਲ ਹੀ, ਸਲਮਾਨ ਖਾਨ ਦੇ ਇਸ ਕਦਮ ਨੇ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਇੱਕ ਵਾਰ ਫਿਰ ਜਿੱਤ ਲਿਆ ਹੈ। ਪ੍ਰਸ਼ੰਸਕਾਂ ਦੇ ਰਿਐਕਸ਼ਨ: ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਯੂਜ਼ਰ ਨੇ ਲਿਖਿਆ, “ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਭਾਈਜਾਨ ਕਿਹਾ ਜਾਂਦਾ ਹੈ, ਉਹ ਹਮੇਸ਼ਾ ਸਹੀ ਦਾ ਸਾਥ ਦਿੰਦੇ ਹਨ।” > ਉੱਥੇ ਹੀ ਦੂਜੇ ਯੂਜ਼ਰ ਨੇ ਲਿਖਿਆ, “ਅਵਾਰਡ ਸ਼ੋਅਜ਼ ਨੂੰ ਟੀਆਰਪੀ ਲਈ ਦਿੱਗਜਾਂ ਦਾ ਅਪਮਾਨ ਕਰਨਾ ਬੰਦ ਕਰਨਾ ਚਾਹੀਦਾ ਹੈ। ਰਾਜਪਾਲ ਸਰ ਲੈਜੇਂਡ (Legend) ਹਨ।” ਇਸ ਪੂਰੀ ਘਟਨਾ ਨੇ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਸੀਨੀਅਰ ਕਲਾਕਾਰਾਂ ਪ੍ਰਤੀ ਸਨਮਾਨ ਅਤੇ ਅਵਾਰਡ ਸ਼ੋਅਜ਼ ਦੀ ਡਿੱਗਦੀ ਸਕ੍ਰਿਪਟਿੰਗ ਕੁਆਲਿਟੀ ‘ਤੇ ਬਹਿਸ ਛੇੜ ਦਿੱਤੀ ਹੈ।

Punjab

ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਵਿਖੇ ਲੋਕ ਮਿਲਣੀ – ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਤੁਰੰਤ ਨਿਪਟਾਰੇ ਲਈ ਦਿੱਤੇ ਨਿਰਦੇਸ਼

ਕੋਟਕਪੂਰਾ, 7 ਅਪ੍ਰੈਲ () ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਾਰਟੀ ਦਫ਼ਤਰ, ਨੇੜੇ ਬੀ.ਡੀ.ਪੀ.ਓ. ਦਫ਼ਤਰ, ਕੋਟਕਪੂਰਾ ਵਿਖੇ ਲੋਕ ਮਿਲਣੀ ਕਰਕੇ ਇਲਾਕੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਗਈਆਂ।   ਇਸ ਮੌਕੇ ਉਨ੍ਹਾਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ ਨਾਲ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ।   ਇਸ ਮੌਕੇ ਹਲਕੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਨੇ ਪੀਣ ਵਾਲੇ ਪਾਣੀ, ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਬੰਧ, ਬਿਜਲੀ ਸਪਲਾਈ, ਸਿਹਤ ਸਹੂਲਤਾਂ ਅਤੇ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਮੁੱਦੇ ਉਠਾਏ।   ਸਪੀਕਰ ਸ. ਸੰਧਵਾਂ ਨੇ ਹਰ ਇੱਕ ਅਰਜ਼ੀ ਨੂੰ ਗੰਭੀਰਤਾ ਨਾਲ ਸੁਣਦਿਆਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਸ. ਸੰਧਵਾਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।   ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਹਰ ਇੱਕ ਸ਼ਿਕਾਇਤ ਦਾ ਨਿਪਟਾਰਾ ਨਿਯਮਾਂ ਅਨੁਸਾਰ ਅਤੇ ਸਮੇਂ-ਬੱਧ ਤਰੀਕੇ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨਾਲ ਸਨਮਾਨਪੂਰਵਕ ਵਤੀਰਾ ਕੀਤਾ ਜਾਵੇ ਅਤੇ ਪੈਂਡਿੰਗ ਮਾਮਲਿਆਂ ਦੀ ਸਮੀਖਿਆ ਕਰਕੇ ਜਲਦੀ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ।   ਉਨ੍ਹਾਂ ਇਹ ਵੀ ਦੱਸਿਆ ਕਿ ਕੋਟਕਪੂਰਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਥਾਨਕ ਆਗੂ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ। 

Punjab

ਮੇਰਾ ਘਰ ਮੇਰੇ ਨਾਮ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲਾਲ ਲਕੀਰ ਅੰਦਰਲੇ ਘਰਾਂ ਦੀਆਂ ਰਜਿਸਟਰੀਆਂ ਸੌਂਪੀਆਂ

ਭਦੌੜ/ਤਪਾ, 7 ਅਪ੍ਰੈਲ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇ ਅਸਲ ਮਾਲਕਾਨਾ ਹੱਕ ਦੇਣ ਦੇ ਮਕਸਦ ਨਾਲ ਚਲਾਈ ਗਈ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕਾ ਭਦੌੜ ਦੇ ਪਿੰਡ ਦੀਪਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਪਿੰਡ ਦੇ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਰਜਿਸਟਰੀਆਂ ਤਕਸੀਮ ਕੀਤੀਆਂ ਗਈਆਂ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਕੋਲ ਆਪਣੇ ਘਰਾਂ ਦੇ ਕਾਨੂੰਨੀ ਦਸਤਾਵੇਜ਼ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਸ ਸਕੀਮ ਰਾਹੀਂ ਉਨ੍ਹਾਂ ਨੂੰ ਆਪਣੇ ਘਰ ਦਾ ਅਸਲ ਮਾਲਕ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਜਿਸਟਰੀਆਂ ਮਿਲਣ ਨਾਲ ਹੁਣ ਲੋਕ ਆਪਣੇ ਘਰਾਂ ‘ਤੇ ਬੈਂਕ ਕਰਜ਼ਾ ਜਾਂ ਹੋਰ ਸਹੂਲਤਾਂ ਵੀ ਲੈ ਸਕਣਗੇ।ਸਮਾਗਮ ਦੌਰਾਨ ਐੱਸ.ਡੀ.ਐਮ. ਤਪਾ ਸ੍ਰੀ ਆਯੂਸ਼ ਗੋਇਲ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਸਕੀਮ ਦੀਆਂ ਤਕਨੀਕੀ ਬਾਰੀਕੀਆਂ ਅਤੇ ਸਰਕਾਰ ਦੇ ਇਸ ਲੋਕ-ਪੱਖੀ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਪਿੰਡ ਵਾਸੀਆਂ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਵੱਡੀ ਰਾਹਤ ਦਿੱਤੀ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤ ਢਿੱਲਵਾਂ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਸਰਪੰਚ ਅੰਗਰੇਜ ਸਿੰਘ ਦੀਪਗੜ੍ਹ , ਆਗੂ ਜੋਗਿੰਦਰ ਸਿੰਘ ਮਠਾੜੂ, ਗੁਰਤੇਜ ਸਿੰਘ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਤਪਾ, ਮਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 

Punjab

ਹੁਣ ਬਾਗ਼ਬਾਨੀ ਖੇਤਰ ਨੂੰ ਮਿਲੇਗੀ ਨਵੀਂ ਰਫ਼ਤਾਰ, ਮੋਹਿੰਦਰ ਭਗਤ ਵੱਲੋਂ ਵੱਡੇ ਪੱਧਰ ‘ਤੇ ਫ਼ਲਦਾਰ ਬੂਟੇ ਤਿਆਰ ਕਰਨ ਦੇ ਹੁਕਮ

ਚੰਡੀਗੜ੍ਹ, ਅਪ੍ਰੈਲ 7 –  ਪੰਜਾਬ ਦੇ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਾਗ਼ਬਾਨੀ ਖੇਤਰ ਨੂੰ ਨਵੀਂ ਰਫ਼ਤਾਰ ਦੇਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫ਼ਲਦਾਰ ਬੂਟੇ ਵੱਡੇ ਪੱਧਰ ’ਤੇ ਤਿਆਰ ਕੀਤੇ ਜਾਣ।  ਉਨ੍ਹਾ ਕਿਹਾ ਕਿ ਫ਼ਲਾਂ ਲਈ ਮਾਰਕੀਟ ਮੰਗ ਅਤੇ ਕਿਸਾਨਾਂ ਦੀ ਸਹੂਲਤ ਅਨੁਸਾਰ ਫ਼ਲਦਾਰ ਬੂਟਿਆਂ ਦੀ ਪਨੀਰੀ ਤਿਆਰ ਕੀਤੀ ਜਾਵੇ।ਇਸ ਮੀਟਿੰਗ ਦੌਰਾਨ ਬਾਗ਼ਬਾਨੀ ਵਿਭਾਗ ਦੇ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਡਾਇਰੈਕਟਰ ਸ੍ਰੀ ਮਨੀਸ਼ ਕੁਮਾਰ ਵੱਲੋਂ ਵਿਭਾਗ ਦੇ ਵੱਖ ਵੱਖ ਪ੍ਰਾਜੈਕਟਾਂ ਦੀ ਉੱਨਤੀ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਭਾਗ ਵਿੱਚ ਨਵੀਂ ਭਰਤੀ ਅਤੇ ਅਧਿਕਾਰੀਆਂ ਦੀ ਪ੍ਰਮੋਸ਼ਨ ਸਬੰਧੀ ਵੀ ਵਿਸੇਸ਼ ਚਰਚਾ ਕੀਤੀ ਗਈ।ਇਸ ਮੌਕੇ ਬਾਗ਼ਬਾਨੀ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਵਿਚ ਬਾਗ਼ਬਾਨੀ ਖੇਤਰ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਜਾਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ, ਜੀਕਾ, ਦੇ ਸਹਿਯੋਗ ਨਾਲ ਲਗਭਗ 1300 ਕਰੋੜ ਰੁਪਏ ਦੇ ਮਨਜੂਰ ਪ੍ਰਾਜੈਕਟਾਂ ਦੀ ਪੈਰਵੀ ਕੀਤੀ ਜਾਵੇ। ਉਨ੍ਹਾ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਦਾ ਮਕਸਦ ਪੰਜਾਬ ਵਿੱਚ ਮੌਸਮੀ ਤਬਦੀਲੀਆਂ ਦੇ ਅਨੁਕੂਲ ਅਤੇ ਉੱਚ ਮੁੱਲ ਵਾਲੀ ਬਾਗ਼ਬਾਨੀ ਫਸਲਾਂ ਨੂੰ ਉਤਸ਼ਾਹਿਤ ਕਰਨਾ ਹੈ।ਇਸ ਮੌਕੇ ਮੰਤਰੀ ਸ਼੍ਰੀ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਗ਼ਬਾਨੀ ਵਿਭਾਗ ਅਧੀਨ ਪ੍ਰਗਤੀ ਅਧੀਨ ਸਾਰੇ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾ ਕਿਹਾ ਕਿ ਅਧਿਕਾਰੀ ਸਥਾਨਕ ਪੰਚਾਇਤਾਂ ਅਤੇ ਕਿਸਾਨਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰਨ ਅਤੇ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਹਰ ਸੰਭਵ ਸਹਾਇਤਾ ਕਰਨ। ਅਧਿਕਾਰੀਆਂ ਨੇ ਮੰਤਰੀ ਨੂੰ ਹਰ ਕੰਮ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ। 

Punjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਮੰਗਾਂ ਦੇ ਹੱਲ ਲਈ ਗੱਲਬਾਤ

ਚੰਡੀਗੜ੍ਹ, 7 ਅਪ੍ਰੈਲ 2026– ਪੰਜਾਬ ਦੇ ਵਿੱਤ ਮੰਤਰੀ ਅਤੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸਬੰਧੀ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਮੁਲਾਜ਼ਮ ਯੂਨੀਅਨਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਇਹਨਾਂ ਵਿਚਾਰ-ਵਟਾਂਦਰਿਆਂ ਦਾ ਮੁੱਖ ਉਦੇਸ਼ ਸਬੰਧਤ ਯੂਨੀਅਨਾਂ ਨਾਲ ਜੁੜੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਨੂੰ ਹੱਲ ਕਰਨਾ ਸੀ। ਦੋ ਘੰਟੇ ਤੱਕ ਚੱਲੀਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਵੱਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਅਤੇ ਮਸਲਿਆਂ ਨੂੰ ਹਮਦਰਦੀ ਅਤੇ ਵਿਸਥਾਰ ਨਾਲ ਸੁਣਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਲਾਜ਼ਮ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਵਿੱਤ ਮੰਤਰੀ ਨੇ ਸਬੰਧਤ ਸਰਕਾਰੀ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ। ਵਿੱਤ ਮੰਤਰੀ ਚੀਮਾ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਤੁਰੰਤ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ, ਉਹਨਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਉਹ ਸਬੰਧਤ ਯੂਨੀਅਨਾਂ ਨਾਲ ਵਿਸ਼ੇਸ਼ ਫਾਲੋ-ਅੱਪ ਮੀਟਿੰਗਾਂ ਕਰਨ ਤਾਂ ਜੋ ਉਹਨਾਂ ਦੇ ਖਾਸ ਮਸਲਿਆਂ ਦਾ ਤੇਜ਼, ਢੁਕਵਾਂ ਅਤੇ ਸਥਾਈ ਹੱਲ ਯਕੀਨੀ ਬਣਾਇਆ ਜਾ ਸਕੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਇੱਕ ਸਹਿਯੋਗੀ ਅਤੇ ਲਾਹੇਵੰਦ ਪ੍ਰਸ਼ਾਸਨਿਕ ਮਾਹੌਲ ਸਿਰਜਣ ਲਈ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਖੁੱਲ੍ਹੀ ਗੱਲਬਾਤ ਜਾਰੀ ਰੱਖਣ ਲਈ ਵਚਨਬੱਧ ਹੈ। ਇਸ ਵਿਸਤ੍ਰਿਤ ਗੱਲਬਾਤ ਵਿੱਚ ਹਿੱਸਾ ਲੈਣ ਵਾਲੀਆਂ ਯੂਨੀਅਨਾਂ ਵਿੱਚ ਆਈ.ਈ.ਏ.ਟੀ ਸਪੈਸ਼ਲ ਬੀ.ਐੱਡ. ਪਾਸ ਐਜੂਕੇਸ਼ਨ ਯੂਨੀਅਨ ਦੀ ਨੁਮਾਇੰਦਗੀ ਰਾਕੇਸ਼ ਕੁਮਾਰ, ਮਨਜਿੰਦਰ ਸਿੰਘ ਅਤੇ ਜਗਰੂਪ ਕੌਰ ਨੇ ਕੀਤੀ। ਆਸ਼ਾ ਵਰਕਰਜ਼ ਅਤੇ ਆਸ਼ਾ ਫੈਸਿਲੀਟੇਟਰਜ਼ ਨਿਰੋਲ ਯੂਨੀਅਨ ਦੇ ਵਫ਼ਦ ਵਿੱਚ ਕਿਰਨਦੀਪ ਕੌਰ, ਜਸਵੀਰ ਕੌਰ ਅਤੇ ਪਵਨਪ੍ਰੀਤ ਕੌਰ ਸ਼ਾਮਲ ਸਨ। ਇਸ ਦੌਰਾਨ ਰਣਜੀਤ ਸਿੰਘ ਅਤੇ ਭੁਪਿੰਦਰ ਸਿੰਘ ਰੋਪੜ ਨੇ ਐਨ.ਐਸ.ਐਫ.ਕਿਊ ਵੋਕੇਸ਼ਨਲ ਟੀਚਰਜ਼ ਫਰੰਟ ਦੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ, ਗੌਰਮਿੰਟ ਕਾਲਜ ਸੀਨੀਅਰ ਲੈਬ ਅਟੈਂਡੈਂਟ ਯੂਨੀਅਨ ਦੀ ਨੁਮਾਇੰਦਗੀ ਅੰਗਰੇਜ਼ ਸਿੰਘ, ਸੁਰਜੀਤ ਸਿੰਘ ਅਤੇ ਸਕੱਤਰ ਸਿੰਘ ਨੇ ਕੀਤੀ, ਜਿਨ੍ਹਾਂ ਨੇ ਆਪਣੀਆਂ ਵਿਭਾਗ ਨਾਵ ਸਬੰਧਤ ਮੰਗਾਂ ਬਾਰੇ ਚਰਚਾ ਕੀਤੀ। ਅੰਤ ਵਿੱਚ, ਕੁਲਦੀਪ ਸਿੰਘ, ਬਜਿੰਦਰ ਸਿੰਘ ਅਤੇ ਗੁਰਪਿੰਦਰ ਕੌਰ ਨੇ ਪੰਜਾਬ ਨੇਤਰਹੀਣ ਯੂਥ ਐਸੋਸੀਏਸ਼ਨ ਨਾਲ ਸਬੰਧਤ ਅਹਿਮ ਮੰਗਾਂ ਅਤੇ ਮੁੱਦਿਆਂ ਨੂੰ ਉਠਾਉਂਦਿਆਂ ਇਹ ਯਕੀਨੀ ਬਣਾਇਆ ਗਿਆ ਕਿ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਦੀਆਂ ਚਿੰਤਾਵਾਂ ਨੂੰ ਪ੍ਰਮੁੱਖਤਾ ਨਾਲ ਸੁਣਿਆ ਅਤੇ ਦਰਜ ਕੀਤਾ ਜਾਵੇ।  

Punjab

ਭਗਵੰਤ ਮਾਨ ਸਰਕਾਰ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਨੂੰ ਵੱਡਾ ਹੁਲਾਰਾ ਦੇਣ ਦੀ ਤਿਆਰੀ, ਡੇਅਰੀ ਦੀ ਮੁਕੰਮਲ ਆਟੋਮੇਸ਼ਨ ਲਈ ਰਾਹ ਪੱਧਰਾ

ਲੁਧਿਆਣਾ, 7 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਸੂਬੇ ਵਿੱਚ ਸਹਿਕਾਰੀ ਡੇਅਰੀ ਖੇਤਰ ਦੇ ਆਧੁਨਿਕੀਕਰਨ, ਨਿਰੰਤਰ ਮਜ਼ਬੂਤੀ ਅਤੇ ਮਿਆਰੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵੇਰਕਾ ਲੁਧਿਆਣਾ ਡੇਅਰੀ ਨੂੰ ਵੱਡਾ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਦੀ ਇਸ ਦੂਰਅੰਦੇਸ਼ੀ ਸੋਚ ਅਨੁਸਾਰ ਸਕੱਤਰ (ਸਹਿਕਾਰਤਾ), ਅਜੀਤ ਬਾਲਾਜੀ ਜੋਸ਼ੀ ਅਤੇ ਮੈਨੇਜਿੰਗ ਡਾਇਰੈਕਟਰ ਮਿਲਕਫੈੱਡ ਰਾਹੁਲ ਗੁਪਤਾ ਨੇ ਅੱਜ ਮਿਲਕਫੈੱਡ ਦੇ ਅਧਿਕਾਰੀਆਂ ਨਾਲ ਡੇਅਰੀ ਦਾ ਦੌਰਾ ਕਰਕੇ ਆਧੁਨਿਕੀਕਰਨ ਪ੍ਰੋਜੈਕਟ ਦੀ ਸਮੀਖਿਆ ਕੀਤੀ। ਦੋਵੇਂ ਅਧਿਕਾਰੀਆਂ ਨੇ ਆਧੁਨਿਕੀਕਰਨ ਦੀਆਂ ਲੋੜਾਂ ਦਾ ਮੁਲਾਂਕਣ ਕਰਨ ਤੋਂ ਇਲਾਵਾ ਮੌਜੂਦਾ ਉਤਪਾਦਨ, ਭਰਾਈ ਅਤੇ ਪੈਕੇਜਿੰਗ ਬੁਨਿਆਦੀ ਢਾਂਚੇ ਦੀ ਸਮੀਖਿਆ ਵੀ ਕੀਤੀ। ਅਧਿਕਾਰੀਆ ਨੇ ਵਿਸ਼ੇਸ਼ ਤੌਰ ‘ਤੇ ਹੋਲ ਮਿਲਕ ਪਾਊਡਰ ਦੀ ਭਰਾਈ ਅਤੇ ਪੈਕੇਜਿੰਗ ਪ੍ਰਕਿਰਿਆ ਦਾ ਨਿਰੀਮਣ ਕੀਤਾ, ਜਿਸ ਦੌਰਾਨ ਇਹ ਦੇਖਿਆ ਗਿਆ ਕਿ ਮੌਜੂਦਾ ਢਾਂਚਾ ਕਾਫ਼ੀ ਪੁਰਾਣਾ ਹੈ, ਜੋ ਮੌਜੂਦਾ ਸਮੇਂ ਦੇ ਐਂਡ-ਟੂ-ਐਂਡ ਆਟੋਮੇਟਿਡ ਡੇਅਰੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਅਭਿਆਸਾਂ ਦੇ ਮੱਦੇਨਜ਼ਰ ਸਮਾਂ ਹੰਢਾ ਚੁੱਕਾ ਹੈ। ਆਪਣੇ ਦੌਰੇ ਦੌਰਾਨ ਦੋਵਾਂ ਅਧਿਕਾਰੀਆਂ ਨੇ ਮੌਜੂਦਾ ਸਹੂਲਤਾਂ ‘ਚ ਸੁਧਾਰ ਅਤੇ ਪੂਰੀ ਤਰ੍ਹਾਂ ਸਵੈਚਾਲਿਤ ਆਪ੍ਰੇਸ਼ਨਾਂ ਵੱਲ ਕਦਮ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਕਰਨਾਟਕ ਮਿਲਕ ਫੈਡਰੇਸ਼ਨ (ਨੰਦਨੀ) ਅਤੇ ਵਾਰਨਾ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ ਵਰਗੀਆਂ ਹੋਰ ਪ੍ਰਮੁੱਖ ਸਹਿਕਾਰੀ ਡੇਅਰੀ ਫੈਡਰੇਸ਼ਨਾਂ ਦੀ ਤਰਜ ‘ਤੇ ਪੰਜਾਬ ਮਿਲਕਫੈੱਡ ਨੂੰ ਵੀ ਹੋਲ ਮਿਲਕ ਪਾਊਡਰ ਦੀ ਭਰਾਈ ਅਤੇ ਪੈਕਿੰਗ ਲਈ ਐਂਡ-ਟੂ-ਐਂਡ ਆਟੋਮੇਸ਼ਨ ਅਪਣਾਉਣੀ ਚਾਹੀਦੀ ਹੈ। ਇਸ ਅਨੁਸਾਰ ਇਹ ਫੈਸਲਾ ਕੀਤਾ ਗਿਆ ਕਿ ਵੇਰਕਾ ਲੁਧਿਆਣਾ ਡੇਅਰੀ, ਮਿਲਰਡ ਹੈੱਡ ਆਫਿਸ ਪੰਜਾਬ ਅਤੇ ਐਨਡੀਬੀ ਦੇ ਅਧਿਕਾਰੀਆਂ ਦੀ ਟੀਮ ਇਨ੍ਹਾਂ ਫੈਡਰੇਸ਼ਨਾਂ ਦਾ ਦੌਰਾ ਕਰਕੇ ਪੂਰੀ ਤਰ੍ਹਾਂ ਸਵੈਚਾਲਿਤ ਪ੍ਰਣਾਲੀਆਂ ਦਾ ਅਧਿਐਨ ਕਰੇਗੀ। ਸਕੱਤਰ (ਸਹਿਕਾਰਤਾ) ਨੇ ਕਿਹਾ ਕਿ ਤਕਨੀਕੀ ਮੁਲਾਂਕਣ ਦੇ ਅਧਾਰ ‘ਤੇ ਮਿਲਕਫੈੱਡ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਵੇਰਕਾ ਲੁਧਿਆਣਾ ਡੇਅਰੀ ਵਿਖੇ ਹੋਲ ਮਿਲਕ ਪਾਊਡਰ ਫਿਲਿੰਗ ਅਤੇ ਪੈਕਿੰਗ ਪ੍ਰਕਿਰਿਆ ਦਾ ਐਂਡ-ਟੂ-ਐਂਡ ਆਟੋਮੇਸ਼ਨ ਕਰੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਪ੍ਰੋਸੈਸਿੰਗ ਅਤੇ ਪੈਕੇਜਿੰਗ ਦੇ ਹਰ ਪੜਾਅ ‘ਤੇ ਸੀਸੀਟੀਵੀ, ਕਿਊਆਰ ਸਮਰੱਥ ਡਾਇਨਾਮਿਕ ਸੀਲਿੰਗ ਸਿਸਟਮ, ਆਰ.ਐਫ.ਆਈ.ਡੀ. ਆਈ.ਆਰ.ਆਈ.ਐਸ. ਦੀ ਸਥਾਪਨਾ ਵਰਗੀਆਂ ਏਆਈ ਅਤੇ ਆਈਟੀ ਸਹੂਲਤਾਂ ਦੇ ਜਲਦ ਲਾਗੂਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਆਦੇਸ਼ ਅਨੁਸਾਰ ਮਿਲਕਫੈੱਡ ਦੀ ਸਥਿਤੀ ਨੂੰ ਮਾਰਕੀਟ ਲੀਡਰ ਵਜੋਂ ਮਜ਼ਬੂਤ ਕਰਨ ਲਈ ਮਿਆਰੀ ਗੁਣਵੱਤਾ ਭਰੋਸੇ ਅਤੇ ਸੰਚਾਲਨ ਮੁਕਾਬਲੇਬਾਜ਼ੀ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਕੱਤਰ ਨੇ ਵੇਰਕਾ ਮੋਗਾ ਡੇਅਰੀ ਬੱਸੀ ਪਠਾਣਾ ਅਤੇ ਕੈਟਲ ਫੀਡ ਪਲਾਂਟ ਖੰਨਾ ਦਾ ਵੀ ਦੌਰਾ ਕੀਤਾ। 

Scroll to Top