Actionpunjab

Action Punjab Logo
Breaking News

Punjab

Punjab

ਨਸ਼ਿਆਂ ਦੀ ਆਦਤ ਤੋਂ ਰੁਜ਼ਗਾਰ ਤੱਕ: ਨਸ਼ਿਆਂ ਤੋਂ ਉਭਰਨ ਦੀਆਂ ਕਹਾਣੀਆਂ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ੀਲਤਾ ਦਾ ਪ੍ਰਤੱਖ ਪ੍ਰਮਾਣ

ਚੰਡੀਗੜ੍ਹ, 20 ਮਾਰਚ:ਪੰਜਾਬ ਵਿੱਚ ਵਿੱਢੀ ਨਸ਼ਿਆਂ ਵਿਰੁੱਧ ਜੰਗ ਸਦਕਾ ਸਪੱਸ਼ਟ ਬਦਲਾਅ ਸਾਹਮਣੇ ਆ ਰਹੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਲਾਗੂਕਰਨ ਤੋਂ ਅੱਗੇ ਵਧ ਕੇ ਮੁੜ ਵਸੇਬੇ ਅਤੇ ਮੁੜ ਏਕੀਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਿਆਂ ਵਿੱਚ, ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀ ਸਥਿਰ ਜੀਵਨ ਵੱਲ ਵਾਪਸ ਆ ਰਹੇ ਹਨ ਅਤੇ ਨਸ਼ਿਆਂ ਤੋਂ ਉਭਰਣ ਵਿੱਚ ਰੁਜ਼ਗਾਰ ਅਹਿਮ ਭੂਮਿਕਾ ਨਿਭਾ ਰਹੇ ਹਨ।ਅਭਿਸ਼ੇਕ ਕੁਮਾਰ (ਨਾਮ ਬਦਲਿਆ ਗਿਆ) ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇਸ ਬਦਲਾਅ ਦਾ ਖੁਦ ਅਨੁਭਵ ਕੀਤਾ ਹੈ। ਕੁਝ ਸਾਲ ਪਹਿਲਾਂ, ਨਸ਼ੇ ਨੇ ਉਸਦੀ ਜ਼ਿੰਦਗੀ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਸੀ ਕਿ ਰੋਜ਼ਾਨਾ ਦੇ ਕੰਮ ਵੀ ਮੁਸ਼ਕਲ ਹੋ ਗਏ ਸਨ ਅਤੇ ਉਸਦੇ ਪਰਿਵਾਰ ਨੂੰ ਡਰ ਸੀ ਕਿ ਉਹ ਨਸ਼ਿਆਂ ਦੀ ਬਲੀ ਚੜ੍ਹ ਜਾਵੇਗਾ। ਅੱਜ, ਉਹ ਇੱਕ ਸਥਿਰ ਨੌਕਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਵਿੱਚ ਦੁਬਾਰਾ ਵਿਚਰਨ ਲੱਗ ਗਿਆ ਹੈ। ਉਸਨੇ ਕਿਹਾ, “ਨੌਕਰੀ ਦੁਬਾਰਾ ਮਿਲਣ ਨਾਲ ਸਭ ਕੁਝ ਬਦਲ ਗਿਆ। ਇਸ ਨੇ ਮੈਨੂੰ ਸਹੀ ਰਸਤਾ ਅਪਣਾਉਣ ਦਾ ਕਾਰਨ ਦਿੱਤਾ।”ਉਹ ਨਸ਼ਿਆਂ ਤੋਂ ਅਚਾਨਕ ਹੀ ਨਹੀਂ ਉਭਰਿਆ। ਉਸਦੇ ਪਰਿਵਾਰ ਵੱਲੋਂ ਨਿਰੰਤਰ ਉਤਸ਼ਾਹ, ਢਾਂਚਾਗਤ ਡਾਕਟਰੀ ਇਲਾਜ, ਸਲਾਹ, ਅਤੇ ਯੁੱਧ ਨਸ਼ਿਆਂ ਵਿਰੁੱਧ ਨਾਲ ਜੁੜੀਆਂ ਪਹਿਲਕਦਮੀਆਂ ਰਾਹੀਂ ਮਿਲੇ ਮੁੜ ਵਸੇਬੇ ਤੋਂ ਬਾਅਦ ਰੁਜ਼ਗਾਰ ਸਹਾਇਤਾ ਸਦਕਾ ਅਭਿਸ਼ੇਕ ਸਥਿਰਤਾ ਅਤੇ ਆਤਮਵਿਸ਼ਵਾਸ ਦੋਵਾਂ ਨੂੰ ਮੁੜ ਪ੍ਰਾਪਤ ਕਰਨ ਦੇ ਯੋਗ ਬਣਿਆ।ਨਵਦੀਪ ਕੁਮਾਰ (ਬਦਲਿਆ ਹੋਇਆ ਨਾਮ) ਲਈ, ਉਸ ਦੇ ਜੀਵਨ ਦਾ ਨਿਰਣਾਇਕ ਮੋੜ ਉਸਦੇ ਘਰ ਤੋਂ ਸ਼ੁਰੂ ਹੋਇਆ। ਲਗਾਤਾਰ ਝਗੜਿਆਂ ਅਤੇ ਭਾਵਨਾਤਮਕ ਦੂਰੀ ਨੇ ਉਸ ਨੂੰ ਉਸ ਨੁਕਸਾਨ ਦਾ ਅਹਿਸਾਸ ਕਰਵਾਇਆ ਜੋ ਨਸ਼ਿਆਂ ਕਾਰਨ ਉਸ ਨੂੰ ਹੋਇਆ। ਉਸਨੇ ਕਿਹਾ, “ਮੇਰੀ ਮਾਂ ਨੇ ਮੈਨੂੰ ਸਹੀ ਰਸਤੇ ‘ਤੇ ਵਾਪਸ ਲਿਆਂਦਾ।”ਇਲਾਜ ਪੂਰਾ ਕਰਨ ਤੋਂ ਬਾਅਦ, ਨਵਦੀਪ ਨੂੰ ਰੁਜ਼ਗਾਰ ਸਹਾਇਤਾ ਮਿਲੀ ਅਤੇ ਹੁਣ ਉਹ ਨਿੱਜੀ ਖੇਤਰ ਵਿੱਚ ਕੰਮ ਕਰ ਰਿਹਾ ਹੈ। ਉਹ ਦੁਬਾਰਾ ਰੁਜ਼ਾਗਰ ਮਿਲਣ ਨੂੰ ਉਸ ਪਲ ਵਜੋਂ ਦਰਸਾਉਂਦਾ ਹੈ ਜਿਸ ਨੇ ਉਸਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਲਿਆਂਦਾ ਅਤੇ ਉਸ ਨੂੰ ਆਪਣਾ ਮਕਸਦ ਦੁਬਾਰਾ ਘੜ੍ਹਨ ਵਿੱਚ ਮਦਦ ਕੀਤੀ।ਗੁਰਜਿੰਦਰ ਸਿੰਘ (ਬਦਲਿਆ ਹੋਇਆ ਨਾਮ) ਦੀ ਕਹਾਣੀ ਰਿਕਵਰੀ ਦੇ ਇੱਕ ਹੋਰ ਪਹਿਲੂ ਨੂੰ ਦਰਸਾਉਂਦੀ ਹੈ। ਨਸ਼ਿਆਂ ਨੇ ਨਾ ਸਿਰਫ਼ ਉਸਦੀ ਸਿਹਤ ਨੂੰ, ਸਗੋਂ ਉਸਦੇ ਪਰਿਵਾਰ ਵਿੱਚ ਉਸਦੀ ਵਿੱਤੀ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਵੀ ਖਤਮ ਕਰ ਦਿੱਤਾ ਸੀ। ਮੁੜ ਵਸੇਬਾ ਸੇਵਾਵਾਂ ਅਤੇ ਉਸਦੇ ਮਾਪਿਆਂ ਦੇ ਨਿਰੰਤਰ ਸਮਰਥਨ ਨਾਲ, ਉਹ ਹੌਲੀ ਹੌਲੀ ਰਿਕਵਰੀ ਵੱਲ ਵਧਿਆ। ਅੱਜ, ਉਹ ਦੁਬਾਰਾ ਨੌਕਰੀ ਕਰਦਾ ਹੈ ਅਤੇ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਪਰਿਵਾਰਕ ਸਬੰਧ ਵੀ ਬਿਹਤਰ ਹੋਏ ਹਨ।ਨਸ਼ਾ ਪੀੜਤਾਂ ਦਾ ਰਿਕਵਰੀ ਵੱਲ ਇਹ ਸਫਰ ‘ਆਪ’ ਸਰਕਾਰ ਵੱਲੋਂ ਅਪਣਾਈ ਗਈ ਵਿਆਪਕ ਪਹੁੰਚ ਨੂੰ ਦਰਸਾਉਂਦਾ ਹੈ, ਜਿਸ ਤਹਿਤ ਨਸ਼ਿਆਂ ਵਿਰੁੱਧ ਜੰਗ ਸਿਰਫ ਤਸਕਰਾਂ ਵਿਰੁੱਧ ਕਾਰਵਾਈ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਯਕੀਨੀ ਬਣਾਉਂਦੀ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾਵੇ।ਇਸ ਮੁਹਿੰਮ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੜਵਸੇਬੇ, ਸਲਾਹ ਅਤੇ ਢਾਂਚਾਗਤ ਸਹਾਇਤਾ ਪ੍ਰਣਾਲੀਆਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਮੰਨਿਆ ਗਿਆ ਹੈ ਕਿ ਆਰਥਿਕ ਸਥਿਰਤਾ ਤੋਂ ਬਿਨਾਂ ਰਿਕਵਰੀ ਅਧੂਰੀ ਰਹਿੰਦੀ ਹੈ।ਸਾਰੇ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਰੁਜ਼ਗਾਰ ਸਿਰਫ਼ ਰਿਕਵਰੀ ਤੋਂ ਬਾਅਦ ਦਾ ਇੱਕ ਕਦਮ ਨਹੀਂ ਹੈ ਸਗੋਂ ਇਹ ਨਸ਼ਾ-ਮੁਕਤ ਜੀਵਨ ਨੂੰ ਯਕੀਨੀ ਬਣਾਉਣ ਦੀ ਨੀਂਹ ਹੈ। ਇੱਕ ਸਥਿਰ ਨੌਕਰੀ ਵਿੱਤੀ ਸੁਤੰਤਰਤਾ ਪ੍ਰਦਾਨ ਕਰਦੀ ਹੈ, ਮਾਣ-ਸਨਮਾਨ ਨੂੰ ਬਹਾਲ ਕਰਦੀ ਹੈ ਅਤੇ ਵਿਅਕਤੀਆਂ ਨੂੰ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਦੁਬਾਰਾ ਜੁੜਨ ਦੇ ਯੋਗ ਬਣਾਉਂਦੀ ਹੈ। ਅਭਿਸ਼ੇਕ ਨੇ ਕਿਹਾ, “ਕਦੇ ਵੀ ਨਸ਼ਿਆਂ ਦਾ ਸੇਵਨ ਨਾ ਕਰੋ। ਇਹ ਨੁਕਸਾਨਦੇਹ ਲੱਗ ਸਕਦਾ ਹੈ ਪਰ ਇਹ ਸਭ ਕੁਝ ਤਬਾਹ ਕਰ ਸਕਦਾ ਹੈ।”ਜਿਵੇਂ-ਜਿਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ, ਨਸ਼ਾ ਪੀੜਤਾਂ ਦੀਆਂ ਇਹ ਕਹਾਣੀਆਂ ਵਿਆਪਕ ਬਦਲਾਅ ਨੂੰ ਦਰਸਾਉਂਦੀਆਂ ਹਨ, ਜਿੱਥੇ ਨਸ਼ਿਆਂ ਤੋਂ ਰਿਕਵਰੀ ਨੂੰ ਹੁਣ ਅੰਤਿਮ ਉਦੇਸ਼ ਵਜੋਂ ਨਹੀਂ ਦੇਖਿਆ ਜਾਂਦਾ ਸਗੋਂ ਇਸ ਨੂੰ ਇੱਕ ਸਥਿਰ ਅਤੇ ਸਨਮਾਨਜਨਕ ਜੀਵਨ ਵੱਲ ਵਾਪਸ ਆਉਣ ਦੀ ਸ਼ੁਰੂਆਤ ਵਜੋਂ ਦੇਖਿਆ ਜਾਂਦਾ ਹੈ। ——— 

Punjab

'ਗੈਂਗਸਟਰਾਂ ‘ਤੇ ਵਾਰ': ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ, 20 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੀ ਗਈ ਫੈਸਲਾਕੁੰਨ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ ਦੋ ਮਹੀਨੇ ਮੁਕੰਮਲ ਹੋ ਗਏ ਹਨ। ਇਸ ਦੌਰਾਨ ਪੰਜਾਬ ਪੁਲਿਸ ਨੇ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿੱਚ 46,915 ਥਾਵਾਂ ‘ਤੇ ਛਾਪੇਮਾਰੀ ਕਰਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀਆਂ ਸਮੇਤ 15,683 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ , ਜਿਸਦੀ ਸ਼ੁਰੂਆਤ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਪੂਰੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ੇ ਵਿੱਚੋਂ 309 ਹਥਿਆਰਾਂ ਸਮੇਤ 929 ਜ਼ਿੰਦਾ ਕਾਰਤੂਸ ਅਤੇ 94 ਮੈਗਜ਼ੀਨ, 132 ਤੇਜ਼ਧਾਰ ਹਥਿਆਰ ਅਤੇ ਛੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ।ਇਸ ਤੋਂ ਇਲਾਵਾ, 7831 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 13,132 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੁਹਿੰਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 745 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਅੱਜ ਮੁਹਿੰਮ ਦੇ 59ਵੇਂ ਦਿਨ, ਪੁਲਿਸ ਟੀਮਾਂ ਨੇ 599 ਥਾਵਾਂ ‘ਤੇ ਛਾਪੇਮਾਰੀ ਕਰਕੇ 225 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਦੋਂ ਕਿ 59 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਅਤੇ 5 ਭਗੌੜੇ ਅਪਰਾਧੀਆਂ (ਪੀਓ) ਨੂੰ ਗ੍ਰਿਫ਼ਤਾਰ ਕੀਤਾ ਗਿਆ।ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ ।ਇਸ ਦੌਰਾਨ, ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ 384ਵੇਂ ਦਿਨ ਵੀ ਜਾਰੀ ਰੱਖਦਿਆਂ, ਅੱਜ 182 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5.1 ਕਿਲੋਗ੍ਰਾਮ ਹੈਰੋਇਨ, 1717 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 88,603 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ, ਸਿਰਫ 384 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 54,781 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 79 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ। 

Punjab

ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ

ਲੁਧਿਆਣਾ, 20 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਪੰਜਾਬ ਦੀ ਖੇਤੀਬਾੜੀ ਲਈ ਅਗਲਾ ਫੈਸਲਾਕੁੰਨ ਮੋੜ ਦੱਸਿਆ। ਉਨ੍ਹਾਂ ਦਲੀਲ ਦਿੱਤੀ ਕਿ ਰਵਾਇਤੀ ਖੇਤੀ ਆਪਣੀਆਂ ਸੀਮਾਵਾਂ ‘ਤੇ ਪਹੁੰਚ ਗਈ ਹੈ ਅਤੇ ਇਸ ਨਾਲ ਹੁਣ ਕਿਸਾਨਾਂ ਦੀ ਆਮਦਨ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਖੇਤੀਬਾੜੀ ਵਿੱਚ ਤਕਨੀਕੀ ਦਖਲ ਲਈ ਇੱਕ ਠੋਸ ਦਲੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਘੱਟ ਰਹੇ ਮੁਨਾਫ਼ੇ ਵਿੱਚ ਵਾਧਾ ਕਰਨਾ, ਕੁਦਰਤੀ ਸਰੋਤਾਂ ‘ਤੇ ਦਬਾਅ ਘਟਾਉਣਾ ਅਤੇ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਇਸੇ ਦੌਰਾਨ, ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਸਿਆਸੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਸਾਲਾਂ ਦੀ ਅਣਗਹਿਲੀ ਕਾਰਨ ਪੰਜਾਬ ਸੰਕਟ ਵੱਲ ਜਾਣ ਲਈ ਮਜ਼ਬੂਰ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਕਿਸਾਨਾਂ, ਬੁਨਿਆਦੀ ਢਾਂਚੇ ਅਤੇ ਭਲਾਈ ‘ਤੇ ਕੇਂਦ੍ਰਿਤ ਸੁਧਾਰ-ਅਧਾਰਤ ਨੀਤੀਆਂ ਨਾਲ ਸੂਬੇ ਦਾ ਪੁਨਰ ਨਿਰਮਾਣ ਕਰ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਸੂਬਾ ਪੱਧਰੀ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇਸ਼ ਦਾ ਅੰਨਦਾਤਾ ਹੈ, ਜਿਸ ਨੇ ਭਾਰਤ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਇਆ ਹੈ। 1960 ਦੇ ਦਹਾਕੇ ਦੀ ਹਰੀ ਕ੍ਰਾਂਤੀ ਦੌਰਾਨ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਇੱਕ ਨਵਾਂ ਅਧਿਆਇ ਲਿਖਿਆ। ਹਾਲਾਂਕਿ, ਦੇਸ਼ ਦੀ ਸੇਵਾ ਕਰਦਿਆਂ ਸੂਬੇ ਦੇ ਕਿਸਾਨਾਂ ਨੇ ਉਪਜਾਊ ਮਿੱਟੀ ਅਤੇ ਪਾਣੀ ਵਰਗੇ ਕੀਮਤੀ ਕੁਦਰਤੀ ਸਰੋਤਾਂ ਦੀ ਕੁਰਬਾਨੀ ਦਿੱਤੀ ਹੈ।” ਉਨ੍ਹਾਂ ਖੇਤੀਬਾੜੀ ਵਿੱਚ ਵਧ ਰਹੇ ਸੰਕਟ ਦਾ ਜ਼ਿਕਰ ਕਰਦਿਆਂ, “ਮੁਨਾਫ਼ੇ ਦਾ ਮਾਰਜਿਨ ਘਟਣ ਨਾਲ, ਖੇਤੀਬਾੜੀ ਹੁਣ ਇੱਕ ਲਾਭਦਾਇਕ ਧੰਦਾ ਨਹੀਂ ਰਿਹਾ ਅਤੇ ਕਿਸਾਨ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਮੌਜੂਦਾ ਫਸਲ ਤਕਨਾਲੋਜੀਆਂ ਦੀ ਉਤਪਾਦਨ ਸਮਰੱਥਾ ਲਗਭਗ ਖਤਮ ਹੋ ਗਈ ਹੈ। ਖੇਤੀਬਾੜੀ ਆਮਦਨ ਵਿੱਚ ਵਾਧਾ ਕਰਨ ਅਤੇ ਸਰੋਤਾਂ ‘ਤੇ ਨਿਰਭਰਤਾ ਨੂੰ ਘਟਾਉਣ ਲਈ, ਖੇਤੀਬਾੜੀ ਵਿੱਚ ਏਆਈ ਨੂੰ ਪੇਸ਼ ਕਰਨਾ ਜ਼ਰੂਰੀ ਹੈ।” ਇਸ ਕਦਮ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਤਕਨਾਲੋਜੀ ਕਿਸਾਨਾਂ ਨੂੰ ਇਹ ਦੱਸਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਕਿ ਕਿਹੜੀਆਂ ਫਸਲਾਂ ਬੀਜਣੀਆਂ ਹਨ ਅਤੇ ਕਦੋਂ ਬੀਜਣੀਆਂ ਹਨ ਤਾਂ ਜੋ ਲਾਭ ਅਤੇ ਉਤਪਾਦਕਤਾ ਦੋਵਾਂ ਵਿੱਚ ਵਾਧਾ ਕੀਤਾ ਜਾ ਸਕੇ। ਪੰਜਾਬ ਹਮੇਸ਼ਾ ਨਵੀਨਤਾ ਨੂੰ ਅਪਣਾਉਣ ਵਿੱਚ ਮੋਹਰੀ ਰਿਹਾ ਹੈ ਅਤੇ ਏਆਈ ਇਸ ਖੇਤਰ ਵਿੱਚ ਕ੍ਰਾਂਤੀ ਲਿਆਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਦੀ ਸ਼ੁਰੂਆਤ ਸਮੇਂ ਦੀ ਲੋੜ ਹੈ।”  ਕਿਸਾਨ-ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਪਹਿਲੀ ਵਾਰ, ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਦੇ ਟਿਊਬਵੈੱਲਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ। ਕਿਸਾਨਾਂ ਨੂੰ ਹੁਣ ਸਿੰਚਾਈ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਭਰ ਦੀ ਸਭ ਤੋਂ ਵੱਧ ਗੰਨੇ ਦੀ ਕੀਮਤ ਮਿਲ ਰਹੀ ਹੈ ਜੋ ਕਿ 416 ਪ੍ਰਤੀ ਕੁਇੰਟਲ ਹੈ। ਹਰ ਸਾਲ, ਕਣਕ ਅਤੇ ਝੋਨੇ ਦੀ ਖਰੀਦ ਲਈ ਕਿਸਾਨਾਂ ਨੂੰ ਲਗਭਗ 80,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਇਹ ਭੁਗਤਾਨ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ ਕੀਤਾ ਜਾਂਦਾ ਹੈ। ਸਾਲ 2022 ਅਤੇ 2025 ਦਰਮਿਆਨ, ਨਹਿਰ ਦੀ ਲਾਈਨਿੰਗ, ਮੁਰੰਮਤ ਅਤੇ ਆਧੁਨਿਕੀਕਰਨ ‘ਤੇ 6,700 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੋ ਕਿ ਪਿਛਲੇ ਸਾਲਾਂ ਨਾਲੋਂ 300 ਫੀਸਦ ਵੱਧ ਹੈ। 2022 ਵਿੱਚ ਨਹਿਰੀ ਸਿੰਚਾਈ ਦੀ ਵਰਤੋਂ 20.90 ਲੱਖ ਏਕੜ ਵਿੱਚ ਕੀਤੀ ਜਾਂਦੀ ਸੀ ਅਤੇ ਇਹ ਹੁਣ ਵੱਧ ਕੇ 58 ਲੱਖ ਏਕੜ ਹੋ ਗਈ ਹੈ।” ਸਿੰਚਾਈ ਦੇ ਵਿਸਥਾਰ ‘ਤੇ ਜ਼ੋਰ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਹਿਰਾਂ ਦੀ ਸਿੰਚਾਈ ਸਮਰੱਥਾ ਦੁੱਗਣੀ ਹੋ ਗਈ ਹੈ, ਸਿੰਚਾਈ ਵਾਲਾ ਖੇਤਰ 2022 ਵਿੱਚ 2.23 ਮਿਲੀਅਨ ਏਕੜ ਤੋਂ ਵੱਧ ਕੇ 2025 ਵਿੱਚ 5.8 ਮਿਲੀਅਨ ਏਕੜ ਹੋ ਗਿਆ ਹੈ। 15,539 ਨਹਿਰਾਂ ਦੀ ਸਫਾਈ ਕੀਤੀ ਗਈ ਹੈ ਅਤੇ 18,349 ਖਾਲਿਆਂ ਨੂੰ ਬਹਾਲ ਕੀਤਾ ਗਿਆ ਹੈ। ਦਹਾਕਿਆਂ ਬਾਅਦ ਨਹਿਰੀ ਪਾਣੀ 1,444 ਪਿੰਡਾਂ ਤੱਕ ਪਹੁੰਚਿਆ ਹੈ। ਇਸ ਤੋਂ ਇਲਾਵਾ, 545 ਕਿਲੋਮੀਟਰ ਵਿੱਚ ਫੈਲੀਆਂ 101 ਬੰਦ ਪਈਆਂ ਨਹਿਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਅਤੇ ਫਿਰੋਜ਼ਪੁਰ ਫੀਡਰ ਨਹਿਰ ਨੂੰ ਰਿਕਾਰਡ 35 ਦਿਨਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ ਜਿਸ ਨਾਲ ਇਸ ਦੀ ਸਮਰੱਥਾ ਵਿੱਚ 2,682 ਕਿਊਸਿਕ ਦਾ ਵਾਧਾ ਹੋਇਆ ਹੈ।” ਉਨ੍ਹਾਂ ਅੱਗੇ ਕਿਹਾ ਕਿ 75 ਸਾਲਾਂ ਬਾਅਦ, ਸਰਹਿੰਦ ਨਹਿਰ ਨੂੰ ਅਪਗ੍ਰੇਡ ਕੀਤਾ ਗਿਆ ਹੈ, ਜਿਸ ਨਾਲ ਇਸਦੀ ਸਮਰੱਥਾ 2,844 ਕਿਊਸਿਕ ਵਧ ਗਈ ਹੈ। 22 ਕਿਲੋਮੀਟਰ ਲੰਬੀ ਸਰਹਾਲੀ ਮਾਈਨਰ ਨਹਿਰ, ਜੋ ਦਹਾਕਿਆਂ ਤੋਂ ਜ਼ਮੀਨਦੋਸ਼  ਸੀ, ਨੂੰ ਲੱਭ ਕੇ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ। ਭਾਖੜਾ ਨਹਿਰ ਦੀ ਸਮਰੱਥਾ 9,500 ਕਿਊਸਿਕ ਹੈ, ਪਰ ਅਸੀਂ ਸਪਲਾਈ ਵਧਾ ਕੇ 10,000 ਕਿਊਸਿਕ ਕਰ ਦਿੱਤੀ ਹੈ, ਜਿਸ ਨਾਲ ਇੱਕ ਵੀ ਇੰਚ ਜ਼ਮੀਨ ਪ੍ਰਾਪਤ ਕੀਤੇ ਬਿਨਾਂ ਇੱਕ ਨਵੀਂ ਨਹਿਰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਗਈ ਹੈ। ਦਹਾਕਿਆਂ ਤੋਂ ਕਿਸਾਨ ਸਿੰਚਾਈ ਲਈ ਪਾਣੀ ਦੀ ਵਾਰੀ ’ਤੇ ਨਿਰਭਰ ਸਨ, ਪਰ ਇਹ ਪ੍ਰਣਾਲੀ ਹੁਣ ਖਤਮ ਹੋ ਗਈ ਹੈ, ਜਿਸ ਨਾਲ ਵੱਡੀ ਰਾਹਤ ਮਿਲੀ ਹੈ। ਦੇਸ਼ ਦੀ ਖੇਤੀਬਾੜੀ ਜ਼ਮੀਨ ਦਾ ਸਿਰਫ਼ 3 ਫੀਸਦੀ ਹੋਣ ਦੇ ਬਾਵਜੂਦ, ਪੰਜਾਬ ਰਾਸ਼ਟਰੀ ਪੂਲ ਵਿੱਚ ਲਗਭਗ 40 ਫੀਸਦੀ ਕਣਕ ਅਤੇ 31 ਫੀਸਦੀਦ ਚੌਲਾਂ ਦਾ ਯੋਗਦਾਨ ਪਾਉਂਦਾ ਹੈ। ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਕਿਸਾਨਾਂ ਦੇ ਨਾਲ-ਨਾਲ ਪੀ.ਏ.ਯੂ. ਨੇ ਵੀ  ਮਹੱਤਵਪੂਰਨ ਭੂਮਿਕਾ ਨਿਭਾਈ ਹੈ।’’ ਅਕਾਦਮਿਕ ਉੱਤਮਤਾ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ, “ਰਾਸ਼ਟਰੀ ਸੰਸਥਾਗਤ ਦਰਜਾਬੰਦੀ ਢਾਂਚੇ ਦੇ ਅਨੁਸਾਰ, ਪੀਏਯੂ 2023, 2024 ਅਤੇ 2025 ਵਿੱਚ 75 ਜਨਤਕ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਸਥਾਨ ’ਤੇ ਰਹੀ । ਐਜੂ ਰੈਂਕ ਦੇ ਅਨੁਸਾਰ, ਇਹ ਵਿਸ਼ਵ ਪੱਧਰ ’ਤੇ ਚੋਟੀ ਦੀਆਂ 100 ਸੰਸਥਾਵਾਂ ਵਿੱਚੋਂ ਇੱਕ ਹੈ। ਸਰਕਾਰ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਅਪਗ੍ਰੇਡ ਕਰਨ ਲਈ ਵਚਨਬੱਧ ਹੈ।” ਵਿਭਿੰਨਤਾ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਨੇ ਅੱਗੇ ਕਿਹਾ, “ਬਾਗਬਾਨੀ ਦਾ ਵਿਸਥਾਰ ਕਰਨ ਲਈ ਜੇ.ਆਈ.ਸੀ.ਏ. ਦੁਆਰਾ ਸਹਾਇਤਾ ਪ੍ਰਾਪਤ 1,300 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਸ਼ੀਨਰੀ, ਬੁਨਿਆਦੀ ਢਾਂਚਾ, ਮਾਰਕੀਟਿੰਗ, ਬੀਜ ਅਤੇ ਖੋਜ ਵਿੱਚ ਨਿਵੇਸ਼ ਰਾਹੀਂ 2036 ਤੱਕ ਬਾਗਬਾਨੀ ਖੇਤਰ 3.56 ਲੱਖ ਹੈਕਟੇਅਰ ਤੋਂ ਵਧਾ ਕੇ 16 ਲੱਖ ਹੈਕਟੇਅਰ ਹੋ ਜਾਵੇਗਾ, ਜੋ ਕਿ 300 ਫੀਸਦੀ ਵਾਧਾ ਹੈ। ਪੰਜਾਬ ਵਿੱਚ ਲੰਬੇ ਸਮੇਂ ਬਾਅਦ ਏਸ਼ੀਆ ਕੱਪ ਹਾਕੀ ਦੀ ਮੇਜ਼ਬਾਨੀ ਕਰਨ ਦੀ ਵੀ ਸੰਭਾਵਨਾ ਹੈ।” ਮਹਿਲਾ-ਕੇਂਦ੍ਰਿਤ ਭਲਾਈ ਦਾ ਹਵਾਲਾ ਦਿੰਦਿਆਂ  ਉਨ੍ਹਾਂ  ਕਿਹਾ, “ਮਾਵਾਂ ਧੀਆਂ ਸਤਿਕਾਰ ਯੋਜਨਾ  ਤਹਿਤ, ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਮਿਲਣਗੇ। ਫੰਡ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਅਤੇ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਵੀ ਯੋਗ ਹੋਣਗੀਆਂ। ਇਸ ਨਾਲ ਲਗਭਗ 97 ਫੀਸਦੀ ਔਰਤਾਂ ਨੂੰ ਲਾਭ ਹੋਵੇਗਾ, ਇਸ ਲਈ 9300 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਸਬੰਧੀ ਰਜਿਸਟ੍ਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਹੈ। ਜੋ ਇਸ ਯੋਜਨਾ ਦਾ ਮਜ਼ਾਕ ਉਡਾ ਰਹੇ ਹਨ ਉਹ ਆਮ ਲੋਕਾਂ ਲਈ 1,000 ਰੁਪਏ ਦੀ ਕੀਮਤ ਨਹੀਂ ਸਮਝਦੇ। ਇੱਕੋ ਵਾਰ ਦੇ ਖਾਣੇ ’ਤੇ 5000 ਤੋਂ ਵੱਧ ਖਰਚ ਦੇਣ ਵਾਲੇ ਧਨਾਢ ਇਸਦੀ ਮਹੱਤਤਾ ਨੂੰ ਕੀ ਸਮਝਣਗੇ । ਉਨ੍ਹਾਂ ਦੇ ਪਰਿਵਾਰਾਂ ਨੂੰ ਇਸਦੀ ਲੋੜ

Punjab

ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ

ਚੰਡੀਗੜ੍ਹ, 20 ਮਾਰਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬਿਆਨਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਬੇਅਦਬੀ ਦੀਆਂ ਘਟਨਾਵਾਂ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਇਹ ਭੁੱਲ ਗਏ ਹਨ ਕਿ ਪੰਜਾਬ ਦੀ ਜਨਤਾ ਉਨ੍ਹਾਂ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਦੀ ਯਾਦਾਸ਼ਤ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ‘ਆਪ’ ਦੇ ਆਉਣ ਤੋਂ ਬਾਅਦ ਪੰਜਾਬ ਵਿੱਚ ਬੇਅਦਬੀ ਸ਼ੁਰੂ ਹੋਈ। ਸ਼ਾਇਦ ਉਹ ਭੁੱਲ ਗਏ ਹਨ ਕਿ 1986 ਵਿੱਚ ਜਦੋਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਇਨਸਾਫ਼ ਮੰਗ ਰਹੇ 4 ਨੌਜਵਾਨ ਸ਼ਹੀਦ ਹੋਏ, ਉਦੋਂ ਪੰਜਾਬ ਵਿੱਚ ਕਿਸ ਦੀ ਸਰਕਾਰ ਸੀ? ਕੀ ਉਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੀ? ਪੰਜਾਬ ਦੇ ਲੋਕ ਭੁੱਲੇ ਨਹੀਂ ਹਨ ਕਿ ਉਸ ਖ਼ੂਨੀ ਮੰਜ਼ਰ ਦੇ ਪਿੱਛੇ ਕਿਹੜੀਆਂ ਤਾਕਤਾਂ ਸਨ। ਪੰਨੂ ਨੇ 2015 ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ, ਉਦੋਂ ਸੱਤਾ ਵਿੱਚ ਕੌਣ ਸੀ? ਜੂਨ ਵਿੱਚ ਚੋਰੀ ਹੋਈ ਬੀੜ ਦੀ ਬੇਅਦਬੀ ਅਕਤੂਬਰ 2015 ਵਿੱਚ ਕੀਤੀ ਗਈ। ਇਸ ਪੂਰੇ ਦੌਰ ਵਿੱਚ ਪੰਜਾਬ ਦੀ ਸੱਤਾ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਸੀ। ਕੀ ਉਸ ਵੇਲੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਸੀ? ਸੱਚ ਤਾਂ ਇਹ ਹੈ ਕਿ ਤੁਹਾਡੀ ਸਰਕਾਰ ਨੇ ਹੀ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ। ਪੰਨੂ ਨੇ ਅੱਗੇ ਕਿਹਾ ਕਿ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ‘ਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ‘ਤੇ ਪੁਲਿਸ ਨੇ ਬਰਬਰਤਾ ਕੀਤੀ ਅਤੇ ਬਹਿਬਲ ਕਲਾਂ ਵਿੱਚ ਗੋਲੀਬਾਰੀ ਦੌਰਾਨ ਦੋ ਨਿਰਦੋਸ਼ ਸਿੱਖ ਸ਼ਹੀਦ ਹੋਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਸਪੱਸ਼ਟ ਤੌਰ ‘ਤੇ ਇਸ਼ਾਰਾ ਕਰਦੀਆਂ ਹਨ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਅਸਲੀ ਚਿਹਰੇ ਕੌਣ ਸਨ। ਅੱਜ ਸੁਖਬੀਰ ਸਿੰਘ ਬਾਦਲ ਖੁਦ ਕੋਟਕਪੂਰਾ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ਦੇ ਨਾਲ ਸੁਮੇਧ ਸੈਣੀ, ਚਰਨਜੀਤ ਸ਼ਰਮਾ ਅਤੇ ਉਮਰਾਨੰਗਲ ਵਰਗੇ ਲੋਕ ਵੀ ਜ਼ਮਾਨਤ ‘ਤੇ ਹਨ, ਜੋ ਇਨ੍ਹਾਂ ਦੇ ਸ਼ਾਸਨਕਾਲ ਦੇ ਕਾਲੇ ਕਾਰਨਾਮਿਆਂ ਦੀ ਗਵਾਹੀ ਦਿੰਦੇ ਹਨ। ਬਲਤੇਜ ਪੰਨੂ ਨੇ ਕਿਹਾ ਕਿ 2007 ਤੋਂ 2017 ਤੱਕ ਦਾ ਅਕਾਲੀ ਦਲ ਦਾ ਸ਼ਾਸਨ ਪੰਜਾਬ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ। ਪੰਜਾਬ ਨੂੰ ਨਸ਼ੇ, ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਕਾਲੇ ਦੌਰ ਵਿੱਚ ਧੱਕਣ ਦੇ ਪਿੱਛੇ ਕੋਈ ਹੋਰ ਨਹੀਂ, ਸਗੋਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਹੀ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਹੁਣ ਉਹ ‘ਆਪ’ ‘ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਪਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। 

Punjab

ਧੋਖਾਧੜੀ ਨਾਲ ਚੀਨ ਦੇ ਕੁਝ ਨਾਗਰਿਕਾਂ ਦੇ ਖਾਤਿਆਂ ਵਿੱਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ; ਖਾਤਿਆਂ ਵਿੱਚ ਪਏ 20 ਲੱਖ ਰੁਪਏ ਕੀਤੇ ਫਰੀਜ਼, 5100 ਅਮਰੀਕੀ ਡਾਲਰ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ

ਚੰਡੀਗੜ੍ਹ, 20 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ  ਫਰਜ਼ੀ ਫੰਡਾਂ ਦੀ ਰੂਟਿੰਗ, ਲੇਅਰਿੰਗ ਅਤੇ ਸੈਟਲਮੈਂਟ ਕਰਨ ਲਈ ਚਾਲੂ ਬੈਂਕ ਖਾਤੇ (ਮਿਊਲ ਖਾਤੇ)- ਖੋਲ੍ਹਣ ਅਤੇ ਉਪਲਬਧ ਕਰਵਾਉਣ ਵਿੱਚ ਸ਼ਾਮਲ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਮਿਊਲ ਖਾਤਾ ਅਜਿਹਾ ਬੈਂਕ ਖਾਤਾ ਹੁੰਦਾ ਹੈ, ਜੋ ਅਪਰਾਧੀਆਂ ਵੱਲੋਂ ਖਾਤਾ ਧਾਰਕ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਈ ਵਾਰ ਉਸਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਫੰਡ ਪ੍ਰਾਪਤ ਕਰਨ, ਟ੍ਰਾਂਸਫਰ ਕਰਨ ਜਾਂ ਲਾਂਡਰਿੰਗ ਕਰਨ ਲਈ ਵਰਤਿਆ ਜਾਂਦਾ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜੀਤ ਸਿੰਘ, ਰਮਨ ਰਾਏ ਅਤੇ ਸੁਖਦੇਵ ਸਿੰਘ ਵਜੋਂ ਹੋਈ ਹੈ, ਜੋ ਸਾਰੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਵਿੱਚ ਮੋਹਾਲੀ ਦੇ ਫੇਜ਼- 5 ਵਿਖੇ ਕਿਰਾਏ ਦੇ ਕਮਰੇ ਤੋਂ ‘ਬ੍ਰਦਰ ਟਰੇਡਰਜ਼’ ਦੇ ਨਾਮ ਹੇਠ ਚਾਲੂ ਬੈਂਕ ਖਾਤਿਆਂ ਰਾਹੀਂ ਸਾਈਬਰ ਧੋਖਾਧੜੀਆਂ ਕਰਨ ਵਿੱਚ ਸਰਗਰਮ ਸਨ।ਪੁਲਿਸ ਟੀਮਾਂ ਨੇ ਗਿਰੋਹ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਲਗਭਗ 20 ਲੱਖ ਰੁਪਏ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ  23 ਏ.ਟੀ.ਐਮ. ਕਾਰਡ, ਦੋ ਲੈਪਟਾਪ, ਸੱਤ ਮੋਬਾਈਲ ਫੋਨ, ਪੰਜ ਸਿਮ ਕਾਰਡ, ਜਾਅਲੀ ਬੈਂਕ/ਕੇ.ਵਾਈ.ਸੀ. ਦਸਤਾਵੇਜ਼ ਜਿਨ੍ਹਾਂ ਵਿੱਚ 14 ਚੈੱਕ ਬੁੱਕਾਂ ਅਤੇ ਉਦਯਮ ਸਰਟੀਫਿਕੇਟ, ਛੇ ਟਿਕਟਾਂ ਅਤੇ 5100 ਯੂਐਸਡੀਟੀ ਮੁੱਲ ਦੀ ਕ੍ਰਿਪਟੋਕਰੰਸੀ ਬਰਾਮਦ ਕੀਤੀ ਗਈ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਦੋਸ਼ੀ ਪਿਛਲੇ ਦੋ ਸਾਲਾਂ ਤੋਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ, ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਮਿਊਲ ਬੈਂਕ ਖਾਤੇ ਪ੍ਰਦਾਨ ਕਰਕੇ ਹੁਣ ਤੱਕ ਲਗਭਗ 50 ਲੱਖ ਰੁਪਏ ਦਾ ਕਮਿਸ਼ਨ ਕਮਾ ਚੁਕੇ ਹਨ।  ਉਨ੍ਹਾਂ ਅੱਗੇ ਕਿਹਾ, ‘‘ਬੈਂਕ ਖਾਤੇ ਜਾਅਲੀ ਢੰਗ ਅਤੇ ਫਰਜ਼ੀ ਦਸਤਾਵੇਜ਼ਾਂ ਨਾਲ ਖੋਲ੍ਹੇ ਗਏ ਸਨ ਅਤੇ ਜਾਂਚ ਤੋਂ ਬਚਣ ਲਈ, ਦੋਸ਼ੀਆਂ ਨੇ ਮੋਹਾਲੀ ਵਿੱਚ ਇੱਕ ਕਿਰਾਏ ਦੇ ਕਮਰੇ ਵਿੱਚ ਉਨ੍ਹਾਂ ਨੇ ਫਰਜ਼ੀ ਕਾਰੋਬਾਰ ਸੈੱਟ ਕੀਤਾ ਹੋਇਆ ਸੀ  ਅਤੇ ਸਮੇਂ -ਸਮੇਂ ’ਤੇ ਹੋਰਡਿੰਗ ਬਦਲਦੇ ਰਹਿੰਦੇ ਸਨ। ’’ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਇਹ ਕਾਰਵਾਈ ਸਾਈਬਰ ਅਪਰਾਧ ਨੂੰ ਰੋਕਣ ਲਈ ਚੱਲ ਰਹੇ ਆਪ੍ਰੇਸ਼ਨਾਂ ਤਹਿਤ ਕੀਤੀ ਗਈ ਹੈ।ਉਨ੍ਹਾਂ ਕਿਹਾ,“ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਟੈਲੀਗ੍ਰਾਮ ਰਾਹੀਂ ਸਿੱਧੇ ਤੌਰ ’ਤੇ ਚੀਨੀ ਨਾਗਰਿਕਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਬੈਂਕ ਖਾਤੇ ਪ੍ਰਦਾਨ ਕਰਵਾ ਕੇ ਯੂਐਸਡੀਟੀ ਕ੍ਰਿਪਟੋਕਰੰਸੀ ਵਿੱਚ ਮੁਨਾਫਾ ਪ੍ਰਾਪਤ ਕਰਦੇ ਸਨ,।” ਉਨ੍ਹਾਂ ਇਹ ਵੀ ਕਿਹਾ ਕਿ ਆਈ4ਸੀ ਦੇ ਸਮਨਵੇ ਪੋਰਟਲ ’ਤੇ ਤਸਦੀਕ ਕੀਤੇ ਗਏ ਅੰਤਰ-ਰਾਜੀ ਲਿੰਕੇਜ ਰਾਹੀਂ ਇਹ ਮਿਊਲ ਖਾਤੇ 24 ਸਾਈਬਰ ਧੋਖਾਧੜੀ ਪੀੜਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਵਿੱਚ 26.65 ਲੱਖ ਰੁਪਏ ਲੀਅਨ ਮਾਰਕ ਕਰ ਦਿੱਤੇ ਗਏ ਹਨ।ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਇਸ ਗਿਰੋਹ ਨਾਲ ਜੁੜੇ ਸਾਈਬਰ ਧੋਖਾਧੜੀ ਦੇ ਹੋਰ ਪੀੜਤਾਂ ਦਾ ਪਤਾ ਲਗਾਉਣ ਅਤੇ ਪੂਰੇ ਨੈੱਟਵਰਕ ਦੀ ਪੜਤਾਲ ਲਈ ਬਰਾਮਦ ਕੀਤੇ ਗਏ ਏ.ਟੀ.ਐਮ. ਕਾਰਡਾਂ ਦੀ ਜਾਂਚ ਜਾਰੀ ਹੈ।ਇਸ ਸਬੰਧ ਵਿੱਚ ਐਫਆਈਆਰ ਨੰਬਰ 16 17/3/2026 ਨੂੰ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿਖੇ ਬੀਐਨਸੀ ਦੀ ਧਾਰਾ 318(4) ਅਤੇ 61(2) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66ਡੀ ਤਹਿਤ  ਕੇਸ ਦਰਜ ਕੀਤਾ ਗਿਆ ਹੈ 

Punjab

ਹਲਵਾਰਾ ਏਅਰਪੋਰਟ: ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ ਫਲਾਈਟ ਬੁਕਿੰਗ

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਸੰਚਾਲਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲੁਧਿਆਣਾ ਪਹੁੰਚਣ ‘ਤੇ, ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦੱਸਿਆ ਕਿ ਏਅਰ ਇੰਡੀਆ ਅਗਲੇ ਹਫ਼ਤੇ ਤੋਂ ਫਲਾਈਟ ਬੁਕਿੰਗ ਸਵੀਕਾਰ ਕਰਨਾ ਸ਼ੁਰੂ ਕਰ ਦੇਵੇਗੀ। ਹਲਵਾਰਾ ਤੋਂ ਦਿੱਲੀ ਲਈ ਉਡਾਣਾਂ ਬੁਕਿੰਗ ਪ੍ਰਕਿਰਿਆ ਦੇ ਲਾਈਵ ਹੋਣ ਦੇ 15 ਦਿਨਾਂ ਦੇ ਅੰਦਰ-ਅੰਦਰ ਉਡਾਣ ਭਰਨ ਦੀ ਉਮੀਦ ਹੈ। ਸੰਜੀਵ ਅਰੋੜਾ ਨੇ ਟਾਟਾ ਗਰੁੱਪ ਦੇ ਚੇਅਰਮੈਨ ਨਾਲ ਲੁਧਿਆਣਾ ਦੇ ਧਨਾਨਸੂ ਵਿੱਚ ਟਾਟਾ ਸਟੀਲ ਦੇ ਗ੍ਰੀਨ ਸਟੀਲ ਪਲਾਂਟ ਦੇ ਉਦਘਾਟਨ ਦੌਰਾਨ ਮੁਲਾਕਾਤ ਕੀਤੀ, ਜਿਸ ਸਮੇਂ ਉਡਾਣਾਂ ਸੰਬੰਧੀ ਵੇਰਵੇ ਸਾਂਝੇ ਕੀਤੇ ਗਏ ਸਨ। ਏਅਰ ਇੰਡੀਆ ਨੇ ਹਲਵਾਰਾ ਅਤੇ ਦਿੱਲੀ ਵਿਚਕਾਰ ਦੋ ਰੋਜ਼ਾਨਾ ਉਡਾਣਾਂ ਚਲਾਉਣ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਤੋਂ ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਕਰ ਲਈ ਹੈ। ਇੱਕ ਉਡਾਣ ਸਵੇਰੇ ਲੁਧਿਆਣਾ ਤੋਂ ਰਵਾਨਾ ਹੋਵੇਗੀ, ਅਤੇ ਦੂਜੀ ਸ਼ਾਮ ਨੂੰ। **ਏਏਆਈ ਐਨਓਸੀ ਦਿੰਦਾ ਹੈ** ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁਰੂ ਕਰਨ ਲਈ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕਰ ਲਈਆਂ ਹਨ। ਹਵਾਈ ਸੈਨਾ ਤੋਂ ਲੋੜੀਂਦਾ ਨੋ ਇਤਰਾਜ਼ ਸਰਟੀਫਿਕੇਟ (ਐਨਓਸੀ) ਪ੍ਰਾਪਤ ਕਰਨ ਤੋਂ ਬਾਅਦ, ਏਏਆਈ ਨੇ ਹੁਣ ਏਅਰ ਇੰਡੀਆ ਨੂੰ ਆਪਣੀਆਂ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। **ਏਅਰ ਇੰਡੀਆ ਨੇ ਹਲਵਾਰਾ ਟਰਮੀਨਲ ‘ਤੇ ਦਫਤਰ ਲਈ ਜਗ੍ਹਾ ਸੁਰੱਖਿਅਤ ਕੀਤੀ** ਆਪਣੇ ਉਡਾਣ ਸੰਚਾਲਨ ਦੀ ਸ਼ੁਰੂਆਤ ਨੂੰ ਸੁਚਾਰੂ ਬਣਾਉਣ ਲਈ, ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਦੇ ਅੰਦਰ ਦਫਤਰ ਲਈ ਜਗ੍ਹਾ ਸੁਰੱਖਿਅਤ ਕਰ ਲਈ ਹੈ। ਦਫਤਰ ਦੀ ਸਥਾਪਨਾ ਜਲਦੀ ਹੀ ਪੂਰੀ ਹੋਣ ਦੀ ਉਮੀਦ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਵੀ ਏਅਰ ਇੰਡੀਆ ਨੂੰ ਜਲਦੀ ਤੋਂ ਜਲਦੀ ਉਡਾਣ ਸੰਚਾਲਨ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। **ਟਾਟਾ ਗਰੁੱਪ ਹਲਵਾਰਾ ਤੋਂ ਉਡਾਣਾਂ ਚਲਾਉਣ ਲਈ ਸਹਿਮਤ ਹੋਣ ਵਾਲਾ ਪਹਿਲਾ ਵਿਅਕਤੀ ਸੀ** ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇੱਕ ਵਾਰ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਪੂਰਾ ਹੋਣ ਦੇ ਨੇੜੇ ਆ ਗਿਆ ਸੀ, ਤਾਂ ਇੱਕ ਮੁੱਖ ਚੁਣੌਤੀ ਖੜ੍ਹੀ ਹੋ ਗਈ: ਇਹ ਪਛਾਣਨਾ ਕਿ ਕਿਹੜੀ ਏਅਰਲਾਈਨ ਇਸ ਸਹੂਲਤ ਤੋਂ ਉਡਾਣਾਂ ਚਲਾਏਗੀ। ਅਰੋੜਾ ਨੇ ਯਾਦ ਕੀਤਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਚੇਤਾਵਨੀ ਦਿੱਤੀ ਗਈ ਸੀ ਕਿ ਦੇਸ਼ ਨੂੰ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਖਾਸ ਰੂਟ ਲਈ ਜਹਾਜ਼ ਸੁਰੱਖਿਅਤ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਟਾਟਾ ਗਰੁੱਪ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁਰੂ ਕਰਨ ਲਈ ਆਪਣੀ ਸਹਿਮਤੀ ਦੇਣ ਵਾਲੀ ਪਹਿਲੀ ਸੰਸਥਾ ਸੀ। ਅਰੋੜਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਕੱਤਰ ਨੂੰ ਟਾਟਾ ਗਰੁੱਪ ਦੇ ਚੇਅਰਮੈਨ ਦੇ ਨਿੱਜੀ ਸੰਪਰਕ ਨੰਬਰ ਨੂੰ ਟਰੈਕ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਵਾਰ ਨੰਬਰ ਪ੍ਰਾਪਤ ਹੋਣ ਤੋਂ ਬਾਅਦ, ਉਨ੍ਹਾਂ ਨੇ ਐਨ. ਚੰਦਰਸ਼ੇਖਰਨ ਨੂੰ ਇੱਕ ਵਟਸਐਪ ਸੁਨੇਹਾ ਭੇਜਿਆ। ਅਰੋੜਾ ਨੇ ਕਿਹਾ ਕਿ, ਉਸ ਸਮੇਂ, ਉਨ੍ਹਾਂ ਨੂੰ ਡਰ ਦੀ ਭਾਵਨਾ ਮਹਿਸੂਸ ਹੋਈ ਸੀ, ਕਿਉਂਕਿ ਉਹ ਇੰਨੇ ਵੱਡੇ ਕਾਰਪੋਰੇਟ ਸਮੂਹ ਦੇ ਚੇਅਰਮੈਨ ਤੱਕ ਪਹੁੰਚ ਕਰ ਰਹੇ ਸਨ। ਆਮ ਤੌਰ ‘ਤੇ, ਕੋਈ ਤਿੰਨ ਜਾਂ ਚਾਰ ਦਿਨਾਂ ਦੇ ਅੰਦਰ ਜਵਾਬ ਦੀ ਉਮੀਦ ਕਰ ਸਕਦਾ ਹੈ – ਜਾਂ ਸ਼ਾਇਦ ਕੋਈ ਜਵਾਬ ਨਹੀਂ। ਹਾਲਾਂਕਿ, ਮੈਨੂੰ ਸਿਰਫ਼ 40 ਮਿੰਟ ਬਾਅਦ ਇੱਕ ਸੁਨੇਹਾ ਮਿਲਣ ‘ਤੇ ਹੈਰਾਨੀ ਹੋਈ, ਅਤੇ ਅਗਲੇ ਹੀ ਦਿਨ, ਦਿੱਲੀ ਵਿੱਚ ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ। **ਮੁੱਖ ਮੰਤਰੀ ਕਹਿੰਦੇ ਹਨ: ਪੰਜਾਬ ਤੋਂ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰੋ** ਮੁੱਖ ਮੰਤਰੀ ਭਗਵੰਤ ਮਾਨ ਨੇ ਟਾਟਾ ਗਰੁੱਪ ਦੇ ਚੇਅਰਮੈਨ ਐਸ. ਚੰਦਰਸ਼ੇਖਰਨ ਨੂੰ ਪੰਜਾਬ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ – ਹਲਵਾਰਾ ਸਮੇਤ – ਕੈਨੇਡਾ, ਸੰਯੁਕਤ ਰਾਜ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਦੇਸ਼ਾਂ ਵਰਗੇ ਸਥਾਨਾਂ ਲਈ ਉਡਾਣ ਸੇਵਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਭਰੋਸਾ ਦਿੱਤਾ, “ਜੇਕਰ ਤੁਸੀਂ ਇਹ ਉਡਾਣਾਂ ਸ਼ੁਰੂ ਕਰਦੇ ਹੋ, ਤਾਂ ਜਹਾਜ਼ ਦੀ ਇੱਕ ਵੀ ਸੀਟ ਖਾਲੀ ਨਹੀਂ ਰਹੇਗੀ।” **ਪੜਾਅ 1: ਦਿੱਲੀ ਲਈ ਦੋ ਉਡਾਣਾਂ ਸ਼ੁਰੂ** ਸ਼ੁਰੂਆਤੀ ਪੜਾਅ ਵਿੱਚ, ਲੁਧਿਆਣਾ ਤੋਂ ਦਿੱਲੀ ਲਈ ਦੋ ਰੋਜ਼ਾਨਾ ਉਡਾਣਾਂ ਚੱਲਣਗੀਆਂ, ਅਤੇ ਦਿੱਲੀ ਤੋਂ ਲੁਧਿਆਣਾ ਲਈ ਦੋ ਉਡਾਣਾਂ ਯਾਤਰਾ ਕਰਨਗੀਆਂ। ਇਸ ਤੋਂ ਬਾਅਦ, ਦੇਸ਼ ਦੇ ਅੰਦਰ ਦੂਜੇ ਰਾਜਾਂ ਨਾਲ ਜੁੜਨ ਵਾਲੀਆਂ ਉਡਾਣਾਂ ਲਈ ਪ੍ਰਵਾਨਗੀ ਦਿੱਤੀ ਜਾਵੇਗੀ। ਹਾਲਾਂਕਿ, ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਵਿੱਚ ਲਗਭਗ ਦੋ ਸਾਲ ਹੋਰ ਲੱਗ ਸਕਦੇ ਹਨ। **1 ਘੰਟਾ ਅਤੇ 20 ਮਿੰਟ ਵਿੱਚ ਦਿੱਲੀ ਪਹੁੰਚੋ** ਦਿੱਲੀ ਅਤੇ ਲੁਧਿਆਣਾ ਵਿਚਕਾਰ ਯਾਤਰਾ ਵਿੱਚ 1 ਘੰਟਾ ਅਤੇ 20 ਮਿੰਟ ਲੱਗਣ ਦੀ ਉਮੀਦ ਹੈ। ਇਸ ਰੂਟ ਲਈ ਟਿਕਟਾਂ ਦੀਆਂ ਕੀਮਤਾਂ ₹2,800 ਅਤੇ ₹3,500 ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ; ਹਾਲਾਂਕਿ, ਸਹੀ ਕਿਰਾਏ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤੇ ਗਏ ਹਨ। ਯਾਤਰੀਆਂ ਨੂੰ ਆਪਣੀ ਨਿਰਧਾਰਤ ਉਡਾਣ ਰਵਾਨਗੀ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਹੋਵੇਗਾ। **1 ਫਰਵਰੀ ਨੂੰ ਪ੍ਰਧਾਨ ਮੰਤਰੀ ਦੁਆਰਾ ਉਦਘਾਟਨ** ਪੰਜਾਬ ਦੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਮਾਰਚ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। 1 ਫਰਵਰੀ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਇਸ ਸਹੂਲਤ ਦਾ ਵਰਚੁਅਲੀ ਉਦਘਾਟਨ ਕੀਤਾ। **ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਫਾਇਦੇ…** **ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ:** ਇਹ ਹਵਾਈ ਅੱਡਾ ਨਾ ਸਿਰਫ਼ ਲੁਧਿਆਣਾ ਵਿੱਚ ਸਗੋਂ ਪੂਰੇ ਮਾਲਵਾ ਖੇਤਰ ਵਿੱਚ ਵਪਾਰ ਨੂੰ ਲਾਭ ਪਹੁੰਚਾਏਗਾ, ਜਿਸ ਨਾਲ ਪੰਜਾਬ ਦੀ ਸਮੁੱਚੀ ਆਰਥਿਕਤਾ ਮਜ਼ਬੂਤ ​​ਹੋਵੇਗੀ।**ਵੱਡੇ ਜਹਾਜ਼ਾਂ ਦੀ ਲੈਂਡਿੰਗ ਦੀ ਸਮਰੱਥਾ:** ਆਪਣੇ ਵਧੇ ਹੋਏ ਰਨਵੇਅ ਦੇ ਕਾਰਨ, ਇਹ ਹਵਾਈ ਅੱਡਾ ਏਅਰਬੱਸ ਏ-321 ਅਤੇ ਬੋਇੰਗ 737 ਵਰਗੇ ਵਪਾਰਕ ਜਹਾਜ਼ਾਂ ਨੂੰ ਅਨੁਕੂਲਿਤ ਕਰਨ ਦੇ ਯੋਗ ਹੋਵੇਗਾ, ਜੋ ਕਿ ATR ਵਰਗੇ ਛੋਟੇ ਜਹਾਜ਼ਾਂ ਦੁਆਰਾ ਪਹਿਲਾਂ ਲਗਾਈਆਂ ਗਈਆਂ ਸੀਮਾਵਾਂ ਤੋਂ ਪਰੇ ਹੈ।**ਧੁੰਦ ਵਿੱਚ ਵੀ ਸੁਰੱਖਿਅਤ ਸੰਚਾਲਨ:** CAT-II ਅਤੇ ILS ਪ੍ਰਣਾਲੀਆਂ ਨਾਲ ਲੈਸ, ਇਹ ਹਵਾਈ ਅੱਡਾ ਸਰਦੀਆਂ ਦੇ ਮੌਸਮ ਵਿੱਚ ਸੰਘਣੀ ਧੁੰਦ ਦੇ ਸਮੇਂ ਦੌਰਾਨ ਵੀ ਸੁਰੱਖਿਅਤ ਟੇਕਆਫ ਅਤੇ ਲੈਂਡਿੰਗ ਦੀ ਸਹੂਲਤ ਦੇਵੇਗਾ। ਲੁਧਿਆਣਾ ਦੇ ਉਦਯੋਗ ਦਾ ਵਿਸਥਾਰ: ਸਿੱਧੀ ਉਡਾਣ ਸੰਪਰਕ ਹੌਜ਼ਰੀ, ਸਾਈਕਲ ਅਤੇ ਆਟੋ-ਪਾਰਟਸ ਖੇਤਰਾਂ ਵਿੱਚ ਕਾਰੋਬਾਰ, ਉਤਪਾਦਨ ਅਤੇ ਰੁਜ਼ਗਾਰ ਨੂੰ ਵਧਾਏਗਾ। ਕਾਰੋਬਾਰੀ ਪੇਸ਼ੇਵਰਾਂ ਲਈ ਸਿੱਧੀ ਸਹੂਲਤ: ਵਿਦੇਸ਼ੀ ਨਿਵੇਸ਼ਕ ਅਤੇ ਗਾਹਕ ਹੁਣ ਸਿੱਧੇ ਲੁਧਿਆਣਾ ਪਹੁੰਚ ਸਕਣਗੇ, ਜਿਸ ਨਾਲ ਅੰਤਰਰਾਸ਼ਟਰੀ ਮੀਟਿੰਗਾਂ ਅਤੇ ਨਿਵੇਸ਼ਾਂ ਵਿੱਚ ਵਾਧਾ ਹੋਵੇਗਾ।ਯੋਜਨਾਬੱਧ ਕਾਰਗੋ ਸੇਵਾਵਾਂ: ਦੂਜੇ ਪੜਾਅ ਵਿੱਚ, ਕਾਰਗੋ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਲੁਧਿਆਣਾ ਦੇ ਉਤਪਾਦਾਂ ਦਾ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸਿੱਧਾ ਨਿਰਯਾਤ ਸੰਭਵ ਹੋਵੇਗਾ। ਸਮੇਂ ਅਤੇ ਲਾਗਤ ਵਿੱਚ ਬੱਚਤ: ਦਿੱਲੀ ਜਾਂ ਚੰਡੀਗੜ੍ਹ ਦੀ ਯਾਤਰਾ ਕਰਨ ਦੀ ਜ਼ਰੂਰਤ ਘੱਟ ਜਾਵੇਗੀ, ਨਤੀਜੇ ਵਜੋਂ ਟੈਕਸੀ ਦੇ ਖਰਚੇ ਘੱਟ ਹੋਣਗੇ ਅਤੇ ਨਾਲ ਹੀ ਆਵਾਜਾਈ ਦੀ ਭੀੜ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ। ਮਾਲਵਾ ਜ਼ਿਲ੍ਹਿਆਂ ਲਈ ਸਿੱਧੇ ਲਾਭ: ਆਸ ਪਾਸ ਦੇ ਜ਼ਿਲ੍ਹਿਆਂ ਦੇ ਯਾਤਰੀਆਂ – ਜਿਨ੍ਹਾਂ ਵਿੱਚ ਮੋਗਾ, ਬਰਨਾਲਾ, ਬਠਿੰਡਾ ਅਤੇ ਫਿਰੋਜ਼ਪੁਰ ਸ਼ਾਮਲ ਹਨ – ਨੂੰ ਕਾਫ਼ੀ ਰਾਹਤ ਮਿਲੇਗੀ।

Punjab

ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 19 ਮਾਰਚ, 2026:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਵੇਅਰਹਾਊਸ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਵੇਅਰਹਾਊਸ ਇੰਸਪੈਕਟਰ ਨਰੇਸ਼ ਕੁਮਾਰ ਗੋਇਲ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਘਣੀਆ ਜ਼ਿਲ੍ਹਾ ਫਰੀਦਕੋਟ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਆੜ੍ਹਤੀਏ ਵਜੋਂ ਕੰਮ ਕਰਦਾ ਹੈ ਅਤੇ ਦੋਸ਼ੀ ਵੇਅਰਹਾਊਸ ਇੰਸਪੈਕਟਰ ਨਰੇਸ਼ ਕੁਮਾਰ ਗੋਇਲ ਆੜਤੀਆਂ ਤੋਂ ਫਸਲ ਦੀ ਖਰੀਦ ਕਰਦਾ ਹੈ। ਦੋਸ਼ੀ ਵੇਅਰਹਾਊਸ ਇੰਸਪੈਕਟਰ ਨੇ ਸ਼ਿਕਾਇਤਕਰਤਾ ਤੋਂ 18500 ਰੁਪਏ ਰਿਸ਼ਵਤ ਮੰਗੀ ਅਤੇ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਉਸਨੂੰ ਰਿਸ਼ਵਤ ਨਹੀਂ ਦੇਵੇਗਾ ਤਾਂ ਉਹ ਉਸਦੀ ਆਉਣ ਵਾਲੀ ਕਣਕ ਦੀ ਫਸਲ ਮੰਡੀ ਤੋਂ ਨਹੀਂ ਚੁੱਕਣ ਦੇਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਇੰਸਪੈਕਟਰ ਅਕਸਰ ਰਿਸ਼ਵਤ ਲੈਣ ਲਈ ਕਿਸਾਨਾਂ ਤੋਂ ਖਰੀਦੀਆਂ ਗਈਆਂ ਫਸਲਾਂ ਵਿੱਚ ਜਾਣਬੁੱਝ ਕੇ ਨੁਕਸ ਕੱਡਦਾ ਰਹਿੰਦਾ ਹੈ।ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 18,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਸਬੰਧੀ, ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 

Punjab

ਕੰਢੀ ਇਲਾਕਾ ਹੁਣ ਪਛੜਿਆ ਨਹੀਂ ਰਿਹਾ: ਭਗਵੰਤ ਮਾਨ ਸਰਕਾਰ ਨੇ ਨਹਿਰੀ ਪਾਣੀ ਉੱਚੇ ਇਲਾਕਿਆਂ ਤੱਕ ਪਹੁੰਚਾਇਆ

*ਚੰਡੀਗੜ੍ਹ/ਕਾਠਗੜ੍ਹ (ਐਸ.ਬੀ.ਐਸ. ਨਗਰ), 19 ਮਾਰਚ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਖੇਤਰ ਵਿੱਚ ਆਪਣੇ ਵਾਅਦੇ ਨਿਭਾਅ ਰਹੀ ਹੈ ਅਤੇ ਸਾਰੀਆਂ ਗਾਰੰਟੀਆਂ ਬਿਨਾਂ ਕਿਸੇ ਪੱਖਪਾਤ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਰਹੇ ਕੰਢੀ ਇਲਾਕੇ ਵਿੱਚ ਮਾਨ ਸਰਕਾਰ ਨੇ ਸਿੰਚਾਈ ਖੇਤਰ ਵਿੱਚ ਵੱਡੀ ਪ੍ਰਾਪਤੀ ਦਰਜ ਕੀਤੀ ਹੈ ਅਤੇ ਨੀਮ-ਪਹਾੜੀ ਇਲਾਕੇ ਨੂੰ ਖੇਤੀਯੋਗ ਮੌਕਿਆਂ ਵਿੱਚ ਤਬਦੀਲ ਕਰ ਦਿੱਤਾ ਹੈ।ਮਾਨ ਸਰਕਾਰ ਨੇ 214 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਕਾਠਗੜ੍ਹ ਲਿਫਟ ਸਿੰਚਾਈ ਯੋਜਨਾ ਰਾਹੀਂ ਪਹਿਲੀ ਵਾਰ ਨਹਿਰੀ ਪਾਣੀ ਨੂੰ ਉੱਚੇ ਇਲਾਕਿਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨ-ਹਿਤੈਸ਼ੀ ਨੀਤੀਆਂ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਪਾਣੀ ਦੀ ਵਰਤੋਂ ਵਧੀਆ ਢੰਗ ਨਾਲ ਹੋਵੇਗੀ, ਵੱਡੇ ਪੱਧਰ ‘ਤੇ ਢਾਂਚਾਗਤ ਨਿਵੇਸ਼ ਹੋਵੇਗਾ ਅਤੇ ਕਿਸਾਨਾਂ ਨੂੰ ਰਾਹਤ ਦੇਣ ਸਣੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਰਥਿਕ ਪੱਧਰ ‘ਤੇ ਬਦਲਾਅ ਲਿਆਉਣ ਵਾਲੀ ਦੂਰਦਰਸ਼ੀ ਸੋਚ ਨੂੰ ਮਜ਼ਬੂਤੀ ਮਿਲੀ ਹੈ।ਇਸ ਇਤਿਹਾਸਕ ਕਦਮ ਤਹਿਤ ਬਰਿੰਦਰ ਕੁਮਾਰ ਗੋਇਲ ਨੇ ਅੱਜ 214 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਕਾਠਗੜ੍ਹ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਇਸ ਯੋਜਨਾ ਨਾਲ ਪਹਿਲੀ ਵਾਰ ਨਹਿਰੀ ਪਾਣੀ ਨੂੰ ਉੱਚੇ ਖੇਤਰਾਂ ਵਿੱਚ ਸਫ਼ਲਤਾਪੂਰਵਕ ਪਹੁੰਚਾਇਆ ਗਿਆ ਹੈ, ਜਿਸ ਨਾਲ ਕੰਢੀ ਇਲਾਕੇ ਦੀ ਸੁੱਕੀ ਅਤੇ ਮੀਂਹ ‘ਤੇ ਨਿਰਭਰ ਜ਼ਮੀਨ ਨੂੰ ਯਕੀਨਨ ਸਿੰਚਾਈ ਸਹੂਲਤਾਂ ਮਿਲਣਗੀਆਂ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਲਗਭਗ 33 ਪਿੰਡਾਂ ਦੀ 11,500 ਏਕੜ ਜ਼ਮੀਨ ਨੂੰ ਸਿੰਚਾਈ ਸਹੂਲਤ ਮਿਲੇਗੀ, ਜਿਸ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਇਜ਼ਾਫ਼ਾ ਹੋਵੇਗਾ। ਇਹ ਪਹਿਲ ਖੇਤਰ ਦੀ ਖੇਤੀਬਾੜੀ ਤਸਵੀਰ ਨੂੰ ਬਦਲਣ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਅਤੇ ਕਿਸਾਨਾਂ ਨੂੰ ਵਧੀਆ ਫ਼ਸਲਾਂ ਉਗਾਉਣ ਦੇ ਨਾਲ-ਨਾਲ ਜ਼ਮੀਨ ਦੀ ਕੀਮਤ ਵਧਾਉਣ ਵਿੱਚ ਮਦਦ ਕਰੇਗੀ।ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, “ਕਾਠਗੜ੍ਹ ਲਿਫ਼ਟ ਸਿੰਚਾਈ ਯੋਜਨਾ ਕੰਢੀ ਨਹਿਰ ਸਿਸਟਮ ਅਤੇ ਬਿਸਤ-ਦੁਆਬ ਪ੍ਰਣਾਲੀ ਰਾਹੀਂ , ਉਚਾਈ ਕਾਰਨ ਸਿੰਜਾਈ ਤੋਂ ਵਾਂਝੇ ਰਹਿ ਗਏ ਖੇਤਰਾਂ ਨੂੰ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਇਕ ਇਤਿਹਾਸਿਕ ਉਪਰਾਲਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਸ ਖੇਤਰ ਨੂੰ ਬਹੁਤ ਲਾਭ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ’ਤੇ ਦਬਾਅ ਵੀ ਘਟੇਗਾ।”ਇਸ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿੰਨ ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, “67 ਕਰੋੜ ਰੁਪਏ ਦੀ ਲਾਗਤ ਵਾਲਾ ਪਹਿਲਾ ਪੜਾਅ ਫਰਵਰੀ 2026 ਵਿੱਚ ਮੁਕੰਮਲ ਹੋ ਚੁੱਕਾ ਹੈ ਜਿਸ ਤਹਿਤ 13 ਪਿੰਡਾਂ ਦੇ 4,000 ਏਕੜ ਰਕਬੇ ਨੂੰ ਕਵਰ ਕੀਤਾ ਗਿਆ ਹੈ। 107 ਕਰੋੜ ਰੁਪਏ ਦੀ ਲਾਗਤ ਵਾਲੇ ਦੂਜਾ ਪੜਾਅ ਦੇ ਸਤੰਬਰ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਜਿਸ ਤਹਿਤ 14 ਪਿੰਡਾਂ ਦੇ 5,500 ਏਕੜ ਰਕਬੇ ਨੂੰ ਕਵਰ ਕੀਤਾ ਜਾਵੇਗਾ ਜਦੋਂ ਕਿ 40 ਕਰੋੜ ਦੀ ਲਾਗਤ ਵਾਲੇ ਤੀਜੇ ਪੜਾਅ ਨਾਲ 6 ਪਿੰਡਾਂ ਵਿੱਚ 2,000 ਏਕੜ ਰਕਬੇ ਲਈ ਸਿੰਚਾਈ ਯਕੀਨੀ ਬਣਾਏਗੀ ਜਾਵੇਗੀ।” ਉਨ੍ਹਾਂ ਕਿਹਾ ਕਿ ਬਿਜਲੀ ਦੇ ਬੋਝ ਨੂੰ ਘੱਟ ਕਰਨ ਲਈ 650 ਕਿਲੋਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਗਿਆ ਹੈ।ਤਕਨੀਕੀ ਪਹਿਲੂਆਂ ਨੂੰ ਉਜਾਗਰ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਸਕੀਮ ਨੂੰ ਬਿਸਤ ਦੁਆਬ ਨਹਿਰ ਨਾਲ ਜੋੜਿਆ ਗਿਆ ਹੈ ਜਿਸ ਦੀ ਡਿਸਚਾਰਜ ਸਮਰੱਥਾ 67 ਕਿਊਸਿਕ ਹੈ। ਇਸ ਤਹਿਤ ਪੰਪਾਂ ਰਾਹੀਂ ਪਾਣੀ ਉਪਰ ਚੁੱਕਿਆ ਜਾਵੇਗਾ ਅਤੇ ਉੱਚ-ਨੀਵੇਂ ਅਤੇ ਅਰਧ-ਪਹਾੜੀ ਖੇਤੀਬਾੜੀਯੋਗ ਖੇਤਰਾਂ ਵਿੱਚ ਇੱਕ ਵਿਸ਼ਾਲ ਪਾਈਪਲਾਈਨ ਨੈਟਵਰਕ ਰਾਹੀਂ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਪ ਹਾਊਸ ਲਈ ਵਿਭਾਗ ਦੀ ਮੌਜੂਦਾ ਜ਼ਮੀਨ ਦੀ ਵਰਤੋਂ ਕੀਤੀ ਗਈ ਸੀ ਜਿਸ ਨਾਲ ਜ਼ਮੀਨ ਪ੍ਰਾਪਤੀ ਦੀ ਜ਼ਰੂਰਤ ਨਹੀਂ ਸੀ।ਇਸ ਪ੍ਰਾਜੈਕਟ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਅੱਗੇ ਕਿਹਾ, “ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਕਮੀ ਅਤੇ ਟਿਊਬਵੈੱਲਾਂ ਬੰਦ ਹੋਣ ਕਾਰਨ ਕੰਢੀ ਖੇਤਰ ਦੇ ਕਿਸਾਨਾਂ ਨੂੰ ਬਾਰਿਸ਼ ‘ਤੇ ਬਹੁਤ ਜ਼ਿਆਦਾ ਨਿਰਭਰ ਕਰਨਾ ਪੈਂਦਾ ਸੀ, ਜਿਸ ਕਾਰਨ ਫਸਲੀ ਵਿਭਿੰਨਤਾ ਅਤੇ ਉਤਪਾਦਕਤਾ ਸੀਮਤ ਰਹਿ ਗਈ ਸੀ। ਅਰਧ-ਪਹਾੜੀ ਇਲਾਕਾ ਹੋਣ ਕਰਕੇ, ਰਵਾਇਤੀ ਨਹਿਰੀ ਪ੍ਰਣਾਲੀਆਂ ਪਹਿਲਾਂ ਸੰਭਵ ਨਹੀਂ ਸਨ, ਜਿਸ ਕਾਰਨ ਜ਼ਮੀਨ ਦੀਆਂ ਕੀਮਤਾਂ ਵੀ ਘੱਟ ਸਨ। ਇਸ ਪ੍ਰਾਜੈਕਟ ਨੂੰ ਡਿਜ਼ਾਈਨ ਕਰਨ ਲਈ ਉੱਨਤ ਸੈਟੇਲਾਈਟ ਅਤੇ ਡਰੋਨ ਸਰਵੇਖਣ ਕੀਤੇ ਗਏ ਅਤੇ ਆਈ.ਆਈ.ਟੀ ਰੁੜਕੀ ਅਤੇ ਆਈ.ਆਈ.ਟੀ ਰੋਪੜ ਵਿਖੇ ਤਕਨੀਕੀ ਸਟਾਫ ਨੂੰ ਸਿਖਲਾਈ ਦਿੱਤੀ ਗਈ, ਜਿਸ ਤੋਂ ਬਾਅਦ ਇਸ ਨੂੰ ਛੇ ਮਹੀਨਿਆਂ ਅੰਦਰ ਜੰਗੀ ਪੱਧਰ ‘ਤੇ ਲਾਗੂ ਕੀਤਾ ਗਿਆ।”ਉਨ੍ਹਾਂ ਅੱਗੇ ਕਿਹਾ, “ਇਸ ਪ੍ਰਾਜੈਕਟ ਤੋਂ ਪਹਿਲਾਂ ਬਲਾਚੌਰ ਹਲਕੇ ਦੇ 72 ਪਿੰਡਾਂ ਵਿੱਚ 28,205 ਏਕੜ ‘ਤੇ ਸਿੰਚਾਈ ਦੀ ਸਹੂਲਤ ਉਪਲਬਧ ਸੀ। ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਸਿੰਚਾਈ ਦਾ ਦਾਇਰਾ 105 ਪਿੰਡਾਂ ਵਿੱਚ 39,705 ਏਕੜ ਤੱਕ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਚੱਜੇ ਢੰਗ ਨਾਲ ਖੇਤਾਂ ਤੱਕ ਪਾਣੀ ਪਹੁੰਚਣ ਲਈ ਲਗਭਗ 94,000 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਨੇ ਸਿੰਚਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਿਰਵਿਘਨ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹੁਣ ਤੱਕ 6700 ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ, ‘‘ਪਹਿਲਾਂ ਸਿੰਚਾਈ ਲਈ ਸਿਰਫ਼ 22 ਫੀਸਦੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਮਾਨ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਨਹਿਰੀ ਪਾਣੀ ਵਰਤੋਂ ਹੁਣ ਵਧ ਕੇ 78 ਫ਼ੀਸਦੀ ਹੋ ਗਈ ਹੈ। ਨਹਿਰਾਂ ਦੀ ਮਜ਼ਬੂਤੀ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ, ਬਿਜਲੀ ਦੀ ਖਪਤ ਵਿੱਚ ਕਮੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ।”ਕੰਢੀ ਨਹਿਰ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਨਹਿਰ ਤਲਵਾੜਾ ਤੋਂ ਬਲਾਚੌਰ ਤੱਕ ਲੰਘਦੀ ਹੈ , ਇਸ ਦੀ ਕੁੱਲ ਲੰਬਾਈ 129.035 ਕਿਲੋਮੀਟਰ ਅਤੇ ਡਿਸਚਾਰਜ ਸਮਰੱਥਾ 463 ਕਿਊਸਿਕ ਹੈ। 1980 ਵਿੱਚ ਸ਼ੁਰੂ ਹੋਣ ਦੇ ਬਾਵਜੂਦ ਪਾਣੀ ਪਹਿਲਾਂ ਟੇਲ-ਐਂਡਾਂ ਤੱਕ ਨਹੀਂ ਪਹੁੰਚਦਾ ਸੀ। ’ਆਪ’ ਸਰਕਾਰ ਨੇ ਪਾਣੀ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਣਾਇਆ, 1500 ਕਿਲੋਮੀਟਰ ਪੁਰਾਣੀਆਂ ਪਾਈਪਲਾਈਨਾਂ ਨੂੰ ਬਹਾਲ ਕੀਤਾ, 300 ਕਿਲੋਮੀਟਰ ਨਵੀਆਂ ਪਾਈਪਲਾਈਨਾਂ ਵਿਛਾਈਆਂ ਅਤੇ 120 ਕਿਲੋਮੀਟਰ ਨਹਿਰਾਂ ਅਤੇ ਖਾਲਿਆਂ ਨੂੰ ਰੀਲਾਈਨ ਕੀਤਾ, ਜਿਸ ਨਾਲ ਤਿੰਨ ਦਹਾਕਿਆਂ ਬਾਅਦ 12 ਬਲਾਕਾਂ ਦੀ 128740 ਏਕੜ ਜ਼ਮੀਨ ਨੂੰ ਲਾਭ ਹੋਇਆ।ਲੋਕ-ਭਲਾਈ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ,‘‘ਭਗਵੰਤ ਮਾਨ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਦੇ ਬੀਮਾ ਕਵਰ ਦੇ ਨਾਲ ਮੁਫਤ ਤੇ ਮਿਆਰੀ ਸਿਹਤ ਸੰਭਾਲ ਅਤੇ ਘਰਾਂ ਨੂੰ 600 ਯੂਨਿਟ ਮੁਫਤ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ। ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਬਿਨਾਂ ਕਿਸੇ ਭੇਦਭਾਵ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।’’ਇਸ ਮੌਕੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਬਲਬੀਰ ਰਾਜ ਸਿੰਘ ਅਤੇ ਕਈ ਹੋਰ ਪਤਵੰਤੇ ਸ਼ਾਮਲ ਸਨ। 

Punjab

ਓਪੀਐਸ ਸਾਈਲੈਂਟ ਟ੍ਰਿਗਰ: ਚੰਡੀਗੜ੍ਹ ਸੈਕਟਰ 9 ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰ ਕੈਥਲ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਚੰਡੀਗੜ੍ਹ, 19 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਸਪੈਸ਼ਲ ਟਾਸਕ ਫੋਰਸ, ਹਰਿਆਣਾ (ਕਰਨਾਲ ਯੂਨਿਟ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੱਜ ਕੈਥਲ ਵਿੱਚ ਸੰਖੇਪ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਸੈਕਟਰ 9 ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਵਾਸੀ ਫਿਰੋਜ਼ਪੁਰ ਅਤੇ ਪ੍ਰੀਤਮ ਸ਼ਾਹ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ .30 ਬੋਰ ਦਾ ਪੀਐਕਸ-5 ਪਿਸਤੌਲ, .30 ਕੈਲੀਬਰ ਦਾ ਚੀਨੀ ਪਿਸਤੌਲ ਅਤੇ .32 ਕੈਲੀਬਰ ਦੇ ਪਿਸਤੌਲ ਸਮੇਤ ਗੋਲੀ-ਸਿੱਕਾ ਸ਼ਾਮਲ ਹੈ।ਜਾਣਕਾਰੀ ਅਨੁਸਾਰ, ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 9 ਵਿਖੇ ਪੀੜਤ ਚਰਨਪ੍ਰੀਤ ਸਿੰਘ ਉਰਫ਼ ਚੀਨੀ ਦਾ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬੰਬੀਹਾ ਗੈਂਗ ਦੇ ਭਗੌੜੇ ਗੈਂਗਸਟਰ ਲੱਕੀ ਪਟਿਆਲ ਦੇ ਮੁੱਖ ਸਹਿਯੋਗੀ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਜੀਵਨਜੋਤ ਸਿੰਘ ਉਰਫ਼ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੇ ਹਾਈ-ਪ੍ਰੋਫਾਈਲ ਕਤਲ ਵਿੱਚ ਵੀ ਲੋੜੀਂਦਾ ਹੈ।ਡੀਜੀਪੀ ਨੇ ਦੱਸਿਆ ਕਿ ਏਜੀਟੀਐਫ ਪੰਜਾਬ ਨੇ ਪੂਰੇ ਮਾਡਿਊਲ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ 30 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਏਜੀਟੀਐਫ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ, ਏਜੀਟੀਐਫ ਨੇ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਡੀਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਆਪ੍ਰੇਸ਼ਨ “ਓਪੀਐਸ ਸਾਈਲੈਂਟ ਟ੍ਰਿਗਰ” ਸ਼ੁਰੂ ਕੀਤਾ।ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ, ਮੁਲਜ਼ਮਾਂ ਨੇ ਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਿਸ ਟੀਮਾਂ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।ਏਡੀਜੀਪੀ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਪੀਯੂਸ਼ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕਤਲ ਨੂੰ ਅੰਜਾਮ ਦੇਣ ਲਈ ਮਲੇਸ਼ੀਆ ਤੋਂ ਨੇਪਾਲ ਰਾਹੀਂ ਆਇਆ ਸੀ। 

Punjab

ਯੁੱਧ ਨਸ਼ਿਆਂ ਵਿਰੁੱਧ': ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ 'ਤੇ ਛਾਪੇਮਾਰੀ; 248 ਕਾਬੂ

ਚੰਡੀਗੜ੍ਹ, 19 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ, ਪੰਜਾਬ ਪੁਲਿਸ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਦੇ 383ਵੇਂ ਦਿਨ, ਅੱਜ ਸੂਬੇ ਭਰ ਵਿੱਚ ਪਛਾਣੇ ਗਏ ਡਰੱਗ ਹੌਟਸਪੌਟਸ – ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀਆਂ ਥਾਵਾਂ – ‘ਤੇ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀਏਐਸਓ) ਚਲਾਈ।ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਈ ਗਈ। ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊਜ਼) ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮੁਹਿੰਮ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਸੀ।ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 426 ਡਰੱਗ ਹੌਟਸਪਾਟਾਂ ’ਤੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ 200 ਐਫਆਈਆਰਜ਼ ਦਰਜ ਕਰਕੇ 248 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 710 ਗ੍ਰਾਮ ਹੈਰੋਇਨ, 20 ਕਿਲੋ ਭੁੱਕੀ, 2655 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 14,150 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ।ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਕਿ ਇਸ ਮੁਹਿੰਮ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ 1 ਮਾਰਚ, 2025 ਨੂੰ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਵਜੋਂ ਸੂਬੇ ਭਰ ਵਿੱਚ 38,119 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 54,190 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 2384 ਕਿਲੋਗ੍ਰਾਮ ਹੈਰੋਇਨ, 715 ਕਿਲੋਗ੍ਰਾਮ ਅਫੀਮ, 303 ਕੁਇੰਟਲ ਭੁੱਕੀ, 834 ਕਿਲੋਗ੍ਰਾਮ ਗਾਂਜਾ, 51.35 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 36 ਕਿਲੋਗ੍ਰਾਮ ਆਈਸੀਈ ਅਤੇ 17 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।ਸਪੈਸ਼ਲ ਡੀਜੀਪੀ ਨੇ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 1.21 ਲੱਖ ਵਿਅਕਤੀਆਂ ਨੂੰ ਨਸ਼ਾ ਛੁਡਾਊ ਜਾਂ ਓਟ ਕੇਂਦਰਾਂ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।ਇਸ ਦੌਰਾਨ, ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 58ਵੇਂ ਦਿਨ, ਪੁਲਿਸ ਟੀਮਾਂ ਨੇ 207 ਵਿਅਕਤੀਆਂ ਨੂੰ ਚਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ 15,458 ਹੋ ਗਈਆਂ। ਇਸ ਤੋਂ ਇਲਾਵਾ, 80 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 101 ਵਿਅਕਤੀਆਂ ਨੂੰ ਤਸਦੀਕ ਉਪਰੰਤ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਛੇ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 

Scroll to Top