Actionpunjab

Action Punjab Logo
Breaking News

Author name: Action Punjab

Action Punjab
Punjab

ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਅਤੇ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਵੱਲੋਂ ਵੋਟਿੰਗ ਪ੍ਰਕਿਰਿਆ ਦਾ ਅਚਨਚੇਤ ਨਿਰੀਖਣ

ਮਾਨਸਾ, 26 ਮਈ:       ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੀਆਂ 3 ਨਗਰ ਕੌਂਸਲਾਂ ਮਾਨਸਾ, ਬੁਢਲਾਡਾ, ਬਰੇਟਾ ਅਤੇ 2 ਨਗਰ ਪੰਚਾਇਤਾਂ ਜੋਗਾ ਤੇ ਬੋਹਾ ਵਿੱਚ ਚੱਲ ਰਹੀ ਮਤਦਾਨ ਪ੍ਰਕਿਰਿਆ ਦਾ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਅਚਨਚੇਤ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਕਿਹਾ ਕਿ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਅੰਦਰ ਬੈਠਣ ਦਾ ਅਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗ ਵੋਟਰਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨ। ਉਨ੍ਹਾਂ ਪਹਿਲੀ ਵਾਰ ਵੋਟ ਪਾ ਰਹੇ ਨਵੇਂ ਵੋਟਰਾਂ ਨੂੰ ਲੋਕਤੰਤਰ ਵਿਚ ਭਾਗੀਦਾਰੀ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਅੱਤ ਦੀ ਗਰਮੀ ਵਿਚ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ 137 ਪੋਲਿੰਗ ਬੂਥ ਹਨ ਜਿਨ੍ਹਾਂ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਾਰੇ ਹੀ ਪੋਲਿੰਗ ਬੂਥਾਂ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਪੱਖੋ ਬੇਹਤਰੀਨ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਪਹਿਲੀ ਵਾਰ ਵੋਟ ਦਾ ਅਧਿਕਾਰ ਵਰਤਣ ਲਈ ਪੁੱਜੇ ਨੌਜਵਾਨਾਂ ਅਤੇ ਉਤਸ਼ਾਹਪੂਰਵਕ ਵੋਟ ਪਾਉਣ ਵਾਲੇ ਬਜ਼ੁਰਗ ਵੋਟਰਾਂ ਦੀ ਵਿਸ਼ੇਸ਼ ਤੌਰ ਉੱਤੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਐੱਸ.ਐਂਸ.ਪੀ. ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੀਆਂ 3 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਵਿਚ ਚਲ ਰਹੀ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਾਰੇ ਪੋਲਿੰਗ ਬੂਥਾਂ ‘ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਕਰੀਬ 800 ਪੁਲਿਸ ਮੁਲਾਜ਼ਮ, 7 ਡੀ.ਐਸ.ਪੀ., 2 ਐਸ.ਪੀ. ਅਤੇ 19 ਪੈਟਰੋਲਿੰਗ ਪਾਰਟੀਆਂ ਤੋਂ ਇਲਾਵਾ 19 ਰਿਜ਼ਰਵ ਪਾਰਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਉਹ ਚੋਣਾਂ ਵਾਲੇ ਇਲਾਕਿਆਂ ਵਿਚ ਲਗਾਤਾਰ ਗਸ਼ਤ ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਅੰਤਰ ਰਾਜੀ ਤੇ ਅੰਤਰ ਜ਼ਿਲ੍ਹਾ ਨਾਕਾਬੰਦੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਰੇ ਵੋਟਰ ਬੇਝਿਜਕ ਅਤੇ ਬਿਨ੍ਹਾਂ ਕਿਸੇ ਡਰ ਦੇ ਮਤਦਾਨ ਕਰਨ। 

Punjab

ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 13 ਜੂਨ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨ, ਪੰਜਾਬ

ਚੰਡੀਗੜ੍ਹ 26 ਮਈ 2026:– ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੁਆਰਾ ਪੰਜਾਬ ਮਿਊਂਸੀਪਲ ਐਕਟ, 1911 ਦੀ ਧਾਰਾ 13-ਏ ਅਧੀਨ ਜਾਰੀ ਨੋਟੀਫਿਕੇਸ਼ਨ ਨੰਬਰ 03/01/ਈਲੈਕਸ਼ਨਸ(ਐਸ-2)/ਐਮਈਬੀ/2026/78 ਮਿਤੀ 21.05.2026 ਅਨੁਸਾਰ ਰਾਜ ਚੋਣ ਕਮਿਸ਼ਨ ਪੰਜਾਬ ਨੇ ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਚੋਣ ਸ਼ਡਿਊਲ ਅਨੁਸਾਰ, ਨਾਮਜ਼ਦਗੀ ਪੱਤਰ 30.05.2026 (ਸ਼ਨੀਵਾਰ) ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਦਾਖਲ ਕੀਤੇ ਜਾਣੇ ਸ਼ੁਰੂ ਹੋਣਗੇ ਅਤੇ ਆਖਰੀ ਮਿਤੀ 03.06.2026 (ਬੁੱਧਵਾਰ) ਦੁਪਹਿਰ 03:00 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀਆਂ ਦੀ ਜਾਂਚ 04.06.2026 (ਵੀਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 05.06.2026 (ਸ਼ੁੱਕਰਵਾਰ) ਦੁਪਹਿਰ 03:00 ਵਜੇ ਤੱਕ ਹੋਵੇਗੀ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13.06.2026 (ਸ਼ਨੀਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ ਕੀਤੀ ਜਾਵੇਗੀ। ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਸ਼ਡਿਊਲ ਦੇ ਐਲਾਨ ਨਾਲ, ਇਨ੍ਹਾਂ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ, ਜਿੱਥੇ ਚੋਣਾਂ ਹੋਣੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।  

Punjab

ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ

ਚੰਡੀਗੜ੍ਹ/ਫਿਰੋਜ਼ਪੁਰ, 26 ਮਈ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਪੰਜ .30 ਬੋਰ ਗਲੌਕ ਪਿਸਤੌਲ ਨਾਲ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਖੇੜਾ ਕੇ ਉੱਤਰ, ਫਿਰੋਜ਼ਪੁਰ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਇੱਕ ਮਹੀਨਾ ਹੀ ਪਹਿਲਾਂ ਜੇਲ੍ਹ ਤੋਂ ਰਿਹਾਅ ਹੋਇਆ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਥਿਤ ਤੌਰ ‘ਤੇ ਸਰਹੱਦ ਪਾਰੋਂ ਚੈਨਲਾਂ ਰਾਹੀਂ ਭਾਰਤ ਵਿੱਚ ਤਸਕਰੀ ਕੀਤੇ ਗਏ ਸਨ ਅਤੇ ਇਨ੍ਹਾਂ ਹਥਿਆਰਾਂ ਨੂੰ ਨੈੱਟਵਰਕ ਰਾਹੀਂ ਅੱਗੇ ਭੇਜਣ ਦਾ ਇਰਾਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਡਿਊਲ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਸ਼ੱਕੀ ਲਖਵਿੰਦਰ ਸਿੰਘ ਦੇ ਖੇਤਰ ਵਿੱਚ ਹਥਿਆਰ ਸਪਲਾਈ ਕਰਨ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀਆਈ ਫਿਰੋਜ਼ਪੁਰ ਦੀ ਪੁਲਿਸ ਟੀਮ ਨੇ ਫਿਰੋਜ਼ਪੁਰ ਦੇ ਕੁਲਗੜ੍ਹੀ ਖੇਤਰ ਵਿੱਚ ਗੁਪਤ ਕਾਰਵਾਈ ਕਰਕੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਉਸਦੀ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੇ ਪੰਜ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ। ਏਆਈਜੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਹ ਹਥਿਆਰ ਆਪਣੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਅਪਰਾਧਿਕ ਸਮੂਹਾਂ ਦੇ ਕਾਰਕੁੰਨਾਂ ਨੂੰ ਸਪਲਾਈ ਕਰਨੇ ਸਨ। ਉਨ੍ਹਾਂ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਕੇਸ ਥਾਣਾ ਕੁਲਗੜ੍ਹੀ, ਫਿਰੋਜ਼ਪੁਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 103 ਮਿਤੀ 25-05-2026 ਦਰਜ ਕੀਤਾ ਗਿਆ ਹੈ।  

Punjab

UP 'ਚ ਤੂਫਾਨ ਨੇ ਮਚਾਈ ਤਬਾਹੀ: ਘਰਾਂ ਦੀਆਂ ਟੈਂਕੀਆਂ ਉੱਡੀਆਂ, 5 ਮੌਤਾਂ; 39 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ

ਅੱਜ ਯੂਪੀ ਵਿੱਚ ‘ਨੌਤਪਾ’ (ਗਰਮੀਆਂ ਦੇ ਨੌਂ ਸਭ ਤੋਂ ਗਰਮ ਦਿਨ) ਦਾ ਦੂਜਾ ਦਿਨ ਹੈ। ਮੰਗਲਵਾਰ ਸਵੇਰੇ, ਲਖੀਮਪੁਰ ਖੇੜੀ ਵਿੱਚ ਇੱਕ ਭਿਆਨਕ ਤੂਫ਼ਾਨ ਆਇਆ। ਦਰੱਖਤ ਅਤੇ ਉਪਯੋਗਤਾ ਦੇ ਖੰਭੇ ਉਖੜ ਗਏ, ਅਤੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਦੀਆਂ ਟੈਂਕੀਆਂ ਉੱਡ ਗਈਆਂ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਭਰ ਬੱਦਲ ਛਾਏ ਰਹੇ, ਹਾਲਾਂਕਿ ਸੂਰਜ ਰੁਕ-ਰੁਕ ਕੇ ਟੁੱਟਦਾ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਜਿਵੇਂ-ਜਿਵੇਂ ਮੰਗਲਵਾਰ ਅੱਗੇ ਵਧਦਾ ਹੈ, ਗਰਮੀ ਤੇਜ਼ ਹੋਵੇਗੀ, ਅਤੇ ਗਰਮ ਹਵਾਵਾਂ ਤੇਜ਼ ਹੋਣਗੀਆਂ। ਅੱਜ 39 ਸ਼ਹਿਰਾਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ, ਤਿੰਨ ਸ਼ਹਿਰਾਂ – ਬਾਂਦਾ, ਚਿੱਤਰਕੂਟ ਅਤੇ ਪ੍ਰਯਾਗਰਾਜ – ਲਈ ‘ਰੈੱਡ ਅਲਰਟ’ ਲਾਗੂ ਹੈ, ਜੋ ਦਰਸਾਉਂਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਬਹੁਤ ਗਰਮ ਹਵਾਵਾਂ ਚੱਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ, ਸੋਮਵਾਰ ਦੇਰ ਰਾਤ, ਮੌਸਮ ਨੇ ਅਚਾਨਕ ਕਰਵਟ ਲਈ। ਲਖਨਊ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਵਾਲੇ ਤੂਫ਼ਾਨ ਦੀ ਲਪੇਟ ਵਿੱਚ ਆ ਗਿਆ। ਬਸਤੀ, ਗੋਰਖਪੁਰ ਅਤੇ ਗੋਂਡਾ ਵਿੱਚ ਵੀ ਇੰਨੇ ਭਿਆਨਕ ਤੂਫ਼ਾਨ ਆਏ ਕਿ ਹਜ਼ਾਰਾਂ ਦਰੱਖਤ ਅਤੇ ਉਪਯੋਗਤਾ ਦੇ ਖੰਭੇ ਉਖੜ ਗਏ। ਗੋਂਡਾ, ਲਖੀਮਪੁਰ, ਬਸਤੀ ਅਤੇ ਸੀਤਾਪੁਰ ਵਿੱਚ, ਤੂਫਾਨਾਂ ਅਤੇ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਬਦਾਯੂੰ, ਅਯੁੱਧਿਆ, ਉਨਾਓ ਅਤੇ ਸੰਭਲ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 28 ਮਈ ਤੋਂ ਮੌਸਮ ਦੇ ਪੈਟਰਨਾਂ ਵਿੱਚ ਮਹੱਤਵਪੂਰਨ ਤਬਦੀਲੀ ਆਉਣ ਦੀ ਉਮੀਦ ਹੈ। ਤੂਫਾਨ, ਤੇਜ਼ ਹਵਾਵਾਂ ਅਤੇ ਬੱਦਲਵਾਈ ਵਾਲੇ ਅਸਮਾਨ ਰਹਿਣਗੇ। ਪੂਰੇ ਰਾਜ ਵਿੱਚ 2-3 ਦਿਨਾਂ ਦੀ ਮਿਆਦ ਵਿੱਚ ਕਾਫ਼ੀ ਬਾਰਿਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਤਾਪਮਾਨ 8°C ਤੋਂ 10°C ਤੱਕ ਡਿੱਗ ਜਾਵੇਗਾ। ਪਿਛਲੇ 24 ਘੰਟਿਆਂ ‘ਤੇ ਨਜ਼ਰ ਮਾਰੀਏ ਤਾਂ, ਬੰਦਾ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਗਰਮ ਸ਼ਹਿਰ ਵਜੋਂ ਉੱਭਰਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.6°C ਦਰਜ ਕੀਤਾ ਗਿਆ। ਮਹਾਰਾਸ਼ਟਰ ਵਿੱਚ, ਬ੍ਰਹਮਪੁਰੀ ਵਿੱਚ ਪਾਰਾ 47.6°C ਨੂੰ ਛੂਹ ਗਿਆ। ਝਾਂਸੀ ਵਿੱਚ, ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦੋਂ ਕਿ ਜਲੌਨ ਵਿੱਚ 45.8 ਡਿਗਰੀ ਸੈਲਸੀਅਸ, ਆਗਰਾ ਵਿੱਚ 45.5 ਡਿਗਰੀ ਸੈਲਸੀਅਸ ਅਤੇ ਪ੍ਰਯਾਗਰਾਜ ਵਿੱਚ 45.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Punjab

ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ – ਕੇਜਰੀਵਾਲ

*ਨਵੀਂ ਦਿੱਲੀ, 26 ਮਈ , 2026* ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਹੋਣ ਅਤੇ ਕਈ ਤਰ੍ਹਾਂ ਦੀਆਂ ਗੜਬੜੀਆਂ ਸਾਹਮਣੇ ਆਉਣ ‘ਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ। ਨੀਟ, ਸੀਬੀਐਸਈ 12ਵੀਂ, ਐਸਐਸਸੀ ਜੀਡੀ ਤੋਂ ਬਾਅਦ ਹੁਣ ਬੀਟੈਕ ਪ੍ਰੀਖਿਆ ਵਿੱਚ ਵੀ ਗੜਬੜੀਆਂ ਦੀ ਖ਼ਬਰ ਆ ਰਹੀ ਹੈ। ਪੂਰੀ ਸਿੱਖਿਆ ਪ੍ਰਣਾਲੀ ‘ਤੇ ਮਾਫ਼ੀਆ ਨੇ ਕਬਜ਼ਾ ਕਰ ਲਿਆ ਹੈ। ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਕੁਝ ਕਰਨਾ ਪਵੇਗਾ। ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਨੀਟ, ਸੀਬੀਐਸਈ ਕਲਾਸ 12ਵੀਂ ਤੋਂ ਬਾਅਦ ਹੁਣ ਐਸਐਸਸੀ ਜੀਡੀ ਵਿੱਚ ਵੀ ਕਈ ਥਾਵਾਂ ਤੋਂ ਗੜਬੜੀਆਂ ਦੀ ਖ਼ਬਰ ਆ ਰਹੀ ਹੈ। ਕਈ ਥਾਵਾਂ ਤੋਂ ਸ਼ਿਕਾਇਤ ਆ ਰਹੀ ਹੈ ਕਿ ਸਰਵਰ ਵਿੱਚ ਖਰਾਬੀ ਆ ਗਈ, ਕਈ ਥਾਵਾਂ ‘ਤੇ ਪ੍ਰੀਖਿਆ ਕੇਂਦਰਾਂ ‘ਤੇ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬੁਲਾ ਲਿਆ ਗਿਆ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਜੋ ਇੱਕ ਪੇਪਰ ਵੀ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਤੇ ਮਾਫ਼ੀਆ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਕਰੋੜਾਂ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਦਾ ਸੌਦਾ ਹੋ ਰਿਹਾ ਹੈ। ਇਹ ਸਿੱਖਿਆ ਮਾਫ਼ੀਆ ਐਵੇਂ ਹੀ ਫਲ-ਫੁੱਲ ਨਹੀਂ ਰਿਹਾ। ਇਹਨਾਂ ਨੂੰ ਸ਼ਹਿ ਦੇਣ ਵਾਲੇ ਸਿਖਰ ‘ਤੇ ਬੈਠੇ ਦੋ ਲੋਕ ਹਨ। ਜੇਕਰ ਆਪਣਾ ਭਵਿੱਖ ਸੁਰੱਖਿਅਤ ਚਾਹੁੰਦੇ ਹੋ ਤਾਂ ਤੁਹਾਨੂੰ ਹੀ ਕੁਝ ਕਰਨਾ ਪਵੇਗਾ। ਦੂਜੇ ਪਾਸੇ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ “ਆਪ” ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਕੋਈ ਪੇਪਰ ਲੀਕ ਦਾ ਮਾਮਲਾ ਸਾਹਮਣੇ ਨਾ ਆਇਆ ਹੋਵੇ। ਕਿਸੇ ਪ੍ਰੀਖਿਆ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਲੋਕਾਂ ਨੂੰ ਗੁੱਸਾ ਨਾ ਆਇਆ ਹੋਵੇ ਜਾਂ ਕਿਸੇ ਐਗਜ਼ਾਮ ਨੂੰ ਲੈ ਕੇ ਹੰਗਾਮਾ ਨਾ ਹੋਇਆ ਹੋਵੇ। ਨੀਟ ਦਾ ਪੇਪਰ ਲੀਕ ਹੋਇਆ। ਫਿਰ ਸੀਬੀਐਸਈ ਦੀ ਪ੍ਰੀਖਿਆ ਵਿੱਚ ਮੁਲਾਂਕਣ (ਮਾਰਕਿੰਗ) ਦਾ ਘੁਟਾਲਾ ਸਾਹਮਣੇ ਆ ਗਿਆ। ਯੂਪੀਐਸਸੀ ਦੀ ਪ੍ਰੀਖਿਆ ਨੂੰ ਲੈ ਕੇ ਬਵਾਲ ਹੋ ਗਿਆ। ਅਜੇ ਉੱਤਰ ਪ੍ਰਦੇਸ਼ ਵਿੱਚ ਬੋਰਡ ਦੀ ਪ੍ਰੀਖਿਆ ਹੋਈ, ਉੱਥੇ ਵੀਆਈਪੀ ਰੋਲ ਨੰਬਰਾਂ ਨੂੰ ਲੈ ਕੇ ਹੰਗਾਮਾ ਹੋ ਗਿਆ। ਅੱਜ ਪੂਰਾ ਦਿਨ ਐਸਐਸਸੀ ਦੇ ਜੋ ਵਿਦਿਆਰਥੀ ਪ੍ਰੀਖਿਆ ਦੇਣ ਗਏ ਸਨ, ਉਹ ਸੜਕਾਂ ‘ਤੇ ਪ੍ਰਦਰਸ਼ਨ ਕਰਦੇ ਰਹੇ ਕਿਉਂਕਿ ਉਨ੍ਹਾਂ ਨਾਲ ਧੋਖਾ ਹੋ ਗਿਆ। ਦੇਸ਼ ਵਿੱਚ ਇਹ ਚੱਲ ਕੀ ਰਿਹਾ ਹੈ? ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਚੋਣਾਂ ਜਿੱਤਣ ‘ਤੇ ਜਿੰਨਾ ਧਿਆਨ ਦਿੰਦੇ ਹਨ, ਜੇਕਰ ਉਸ ਦਾ ਇੱਕ ਫੀਸਦੀ ਵੀ ਦੇਸ਼ ਵਿੱਚ ਪੇਪਰ ਠੀਕ ਕਰਵਾਉਣ ‘ਤੇ ਦੇ ਦੇਣ, ਤਾਂ ਪੇਪਰ ਠੀਕ ਹੋਣ ਲੱਗ ਜਾਣਗੇ ਅਤੇ ਨੌਜਵਾਨਾਂ ਦਾ ਭਵਿੱਖ ਬਣਨ ਲੱਗੇਗਾ। ਪਰ ਉਨ੍ਹਾਂ ਨੂੰ ਤਾਂ ਇਸ ਦੀ ਚਿੰਤਾ ਹੀ ਨਹੀਂ ਹੈ। ਪ੍ਰਧਾਨ ਮੰਤਰੀ ਪੂਰੇ ਦੇਸ਼ ਨੂੰ ਗੁਮਰਾਹ ਕਰ ਸਕਦੇ ਹਨ, ਪਰ ਇਸ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਨਹੀਂ ਕਰ ਸਕਦੇ। ਇਹ ਨਵੇਂ ਦੌਰ ਦਾ ਨੌਜਵਾਨ ਹੈ, ਇਹ ਸਬਕ ਸਿਖਾਉਣਾ ਜਾਣਦਾ ਹੈ। ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਨਾ ਤੁਹਾਡੇ ਤੋਂ ਸਿੱਖਿਆ ਮੰਤਰੀ ਦਾ ਅਸਤੀਫ਼ਾ ਲਿਆ ਜਾ ਰਹੀ ਹੈ, ਨਾ ਪ੍ਰੀਖਿਆਵਾਂ ਇਮਾਨਦਾਰੀ ਨਾਲ ਕਰਵਾਈਆਂ ਜਾ ਰਹੀਆਂ ਹਨ। ਦੇਸ਼ ਦਾ ਨੌਜਵਾਨ ਪੁੱਛ ਰਿਹਾ ਹੈ ਕਿ ਜਦੋਂ ਤੁਹਾਡੇ ਤੋਂ ਸਿਸਟਮ ਹੀ ਨਹੀਂ ਸੰਭਾਲਿਆ ਜਾ ਰਿਹਾ, ਤਾਂ ਕੁਰਸੀ ਛੱਡ ਕਿਉਂ ਨਹੀਂ ਦਿੰਦੇ? 

Punjab

ਐਸ.ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

ਚੰਡੀਗੜ੍ਹ,  26 ਮਈ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਾਈਰਲ ਵੀਡੀਓ ਦਾ ਸੂ ਮੋਟੋ ਨੋਟਿਸ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਵਲੋਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੋਟਾਂ ਦੇ ਪ੍ਰਚਾਰ ਦੌਰਾਨ ਦਲਿਤ ਜਾਤੀਆਂ ਪ੍ਰਤੀ ਜਾਤੀ ਸੂਚਕ ਸ਼ਬਦ ਵਰਤੇ ਗਏ ਹਨ । ਜਿਸ ਸਬੰਧੀ ਕਮਿਸ਼ਨ ਨੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਸਤਰ ਸਾਹਿਬ ਤੋਂ 29 ਮਈ 2026 ਨੂੰ ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਰਾਹੀਂ ਰਿਪੋਰਟ ਤਲਬ ਕੀਤੀ ਹੈ ਅਤੇ ਨਾਲ ਹੀ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ  ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਵਾਜ਼ ਦੇ ਸੈਂਪਲ ਲੈ ਕੇ ਫੋਰੈਂਸਿਕ ਜਾਂਚ ਕਰਵਾ ਕਮਿਸ਼ਨ ਨੂੰ ਰਿਪੋਰਟ ਪੇਸ਼ ਕੀਤੀ ਜਾਵੇ।  

Punjab

ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਨੰਗਲ ਵਿੱਚ ਪੋਲਿੰਗ ਤਿਆਰੀਆਂ ਦਾ ਜਾਇਜ਼ਾ

ਨੰਗਲ 26 ਮਈ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਐਸਐਸਪੀ ਮਨਿੰਦਰ ਸਿੰਘ ਨੇ ਨਗਰ ਕੌਂਸਲ ਚੋਣਾਂ ਦੇ ਦਿਨ ਨੰਗਲ ਵਿੱਚ ਪੋਲਿੰਗ ਬੂਥਾਂ ਦੇ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ ‘ਤੇ ਲਗਾਏ ਗਏ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ, ਤਾਂ ਜੋ ਚੋਣਾਂ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾ ਸਕਣ। ਉੱਚ ਅਧਿਕਾਰੀਆਂ ਨੇ ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਚੋਣ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਅਤੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਂਦੇ ਹੋਏ ਸੁਚਾਰੂ ਪੋਲਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।     ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਨੰਗਲ ਚੋਣ ਸੈੱਲ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੰਟਰੋਲ ਰੂਮ ਵਿੱਚ ਮੌਜੂਦ ਅਧਿਕਾਰੀਆਂ ਨੇ ਮਾਨੀਟਰਿੰਗ ਪ੍ਰਣਾਲੀਆਂ, ਸੰਚਾਰ ਸਿਸਟਮ ਅਤੇ ਪੋਲਿੰਗ ਦਿਨ ਲਈ ਕੀਤੇ ਗਏ ਤਾਲਮੇਲ ਸਬੰਧੀ ਇੰਤਜ਼ਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸਡੀਐਮ ਸਚਿਨ ਪਾਠਕ ਵੀ ਮੌਜੂਦ ਸਨ, ਜਿਨ੍ਹਾਂ ਨੇ ਇਲਾਕੇ ਵਿੱਚ ਕੀਤੀਆਂ ਗਈਆਂ ਪ੍ਰਸ਼ਾਸਕੀ ਤਿਆਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਅਧਿਕਾਰੀਆਂ ਨੇ ਤਿਆਰੀਆਂ ‘ਤੇ ਸੰਤੁਸ਼ਟੀ ਜਤਾਈ ਅਤੇ ਸਾਰੇ ਵਿਭਾਗਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਪੂਰੀ ਤਰ੍ਹਾਂ ਚੌਕਸ ਅਤੇ ਜ਼ਿੰਮੇਵਾਰ ਰਹਿਣ ਦੇ ਨਿਰਦੇਸ਼ ਦਿੱਤੇ।     ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਨੰਗਲ ਵਿੱਚ ਕੁੱਲ 19 ਵਾਰਡ ਹਨ ਅਤੇ ਸੁਚਾਰੂ ਵੋਟਿੰਗ ਲਈ 36 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੁੱਲ 13 ਵਿੱਚੋਂ 12 ਵਾਰਡਾਂ ਵਿੱਚ ਵੋਟਿੰਗ ਕਰਵਾਈ ਜਾਵੇਗੀ, ਜਦਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿੱਚ 11 ਵਾਰਡ ਹਨ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਚੋਣ ਅਮਲਾ, ਪੋਲਿੰਗ ਸਮੱਗਰੀ, ਆਵਾਜਾਈ ਅਤੇ ਨਿਗਰਾਨੀ ਪ੍ਰਣਾਲੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ, ਤਾਂ ਜੋ ਵੋਟਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਵੋਟ ਪਾਉਣ ਦੀ ਸਹੂਲਤ ਮਿਲ ਸਕੇ।    ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕਿਹਾ ਕਿ ਚੋਣਾਂ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਵਿਸ਼ਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸਥਾਨਾਂ ‘ਤੇ ਪੁਲਿਸ ਬਲ ਅਤੇ ਸੁਰੱਖਿਆ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜਦਕਿ ਪੋਲਿੰਗ ਦੌਰਾਨ ਸੀਸੀਟੀਵੀ ਨਿਗਰਾਨੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਪ੍ਰਸ਼ਾਸਨ ਦੀ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਪੱਖਪਾਤ ਚੋਣਾਂ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਅਤੇ ਭਾਈਚਾਰੇ ਨੂੰ ਬਣਾਈ ਰੱਖਦੇ ਹੋਏ ਉਤਸ਼ਾਹ ਨਾਲ ਲੋਕਤੰਤਰਕ ਪ੍ਰਕਿਰਿਆ ਵਿੱਚ ਭਾਗ ਲੈਣ।  

Punjab

ਜ਼ਿਲ੍ਹਾ ਮਲੇਰਕੋਟਲਾ ’ਚ ਨਗਰ ਕੌਂਸਲਾਂ/ਨਗਰ ਪੰਚਾਇਤ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ : ਡਿਪਟੀ ਕਮਿਸ਼ਨਰ

ਮਾਲੇਰਕੋਟਲਾ, 26 ਮਈ :-                        ਜ਼ਿਲ੍ਹਾ ਮਲੇਰਕੋਟਲਾ ਵਿੱਚ ਨਗਰ ਕੌਂਸਲ ਮਾਲੇਰਕੋਟਲਾ, ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਲਈ ਹੋਈ ਵੋਟਿੰਗ ਅੱਜ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋ ਗਈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਦਿੱਤੀ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੀ ਅਤੇ ਜ਼ਿਲ੍ਹਾ ਨਿਵਾਸੀਆਂ ਨੇ ਲੋਕਤੰਤਰਕ ਪ੍ਰਕਿਰਿਆ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹੇ ਵਿੱਚ ਵੋਟਿੰਗ ਬਹੁਤ ਹੀ ਸ਼ਾਂਤਮਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋਈ ਅਤੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ।                         ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਮਾਲੇਰਕੋਟਲਾ ਵਿੱਚ ਸਵੇਰੇ 10 ਵਜੇ ਤੱਕ 14.60 ਪ੍ਰਤੀਸ਼ਤ, ਦੁਪਹਿਰ 12 ਵਜੇ ਤੱਕ 29.96 ਪ੍ਰਤੀਸ਼ਤ, ਦੁਪਹਿਰ 2 ਵਜੇ ਤੱਕ 44.98 ਪ੍ਰਤੀਸ਼ਤ, ਸ਼ਾਮ 4 ਵਜੇ ਤੱਕ 60.94 ਪ੍ਰਤੀਸ਼ਤ ਅਤੇ ਸ਼ਾਮ 5 ਵਜੇ ਤੱਕ ਦੀ ਰਿਪੋਰਟ ਅਨੁਸਾਰ ਕੁੱਲ 71.63 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ।                            ਇਸੇ ਤਰ੍ਹਾਂ ਨਗਰ ਕੌਂਸਲ ਅਹਿਮਦਗੜ੍ਹ ਵਿੱਚ 10 ਵਜੇ ਤੱਕ 16.99 ਪ੍ਰਤੀਸ਼ਤ, 12 ਵਜੇ ਤੱਕ 34.48 ਪ੍ਰਤੀਸ਼ਤ, 2 ਵਜੇ ਤੱਕ 51.08 ਪ੍ਰਤੀਸ਼ਤ, ਸ਼ਾਮ 04 ਵਜੇ ਤੱਕ 64.99 ਪ੍ਰਤੀਸ਼ਤ ਅਤੇ ਸ਼ਾਮ 5 ਵਜੇ ਤੱਕ ਕੁੱਲ 72.27 ਪ੍ਰਤੀਸ਼ਤ ਅਤੇ ਨਗਰ ਪੰਚਾਇਤ ਅਮਰਗੜ੍ਹ ਵਿੱਚ 10 ਵਜੇ ਤੱਕ 27.23 ਪ੍ਰਤੀਸ਼ਤ, 12 ਵਜੇ ਤੱਕ 49.67 ਪ੍ਰਤੀਸ਼ਤ, 2 ਵਜੇ ਤੱਕ  66.33  ਪ੍ਰਤੀਸ਼ਤ,ਸ਼ਾਮ 04 ਵਜੇ ਤੱਕ  77.45 ਅਤੇ 5 ਵਜੇ ਤੱਕ 80.03 ਪ੍ਰਤੀਸ਼ਤ ਵੋਟਿੰਗ ਹੋਈ।                    ਇਸ ਤਰ੍ਹਾਂ ਜ਼ਿਲੇ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵਿੱਚ 5 ਵਜੇ ਤੱਕ ਰਿਪੋਰਟ ਅਨੁਸਾਰ ਕਰੀਬ 72.14 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ।                         ਡਿਪਟੀ ਕਮਿਸ਼ਨਰ ਨੇ ਪੋਲਿੰਗ ਅਫ਼ਸਰਾਂ, ਚੋਣ ਅਮਲੇ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਚੋਣ ਪ੍ਰਕਿਰਿਆ ਸੁਚੱਜੇ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹ ਸਕੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਦਾ ਵੀ ਚੋਣ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਧੰਨਵਾਦ ਕੀਤਾ।                         ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੋਟਿੰਗ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਵੱਲੋਂ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਵਿਵਸਥਿਤ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। 

Punjab

ਉੱਤਰਾਖੰਡ 'ਚ 28 ਮਈ ਨੂੰ ਹੋਵੇਗੀ ਬਕਰੀਦ ਦੀ ਛੁੱਟੀ: ਸੜਕਾਂ 'ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ, ਥਾਵਾਂ ਤੈਅ

ਉੱਤਰਾਖੰਡ ਸਰਕਾਰ ਨੇ ਈਦ-ਉਲ-ਜ਼ੂਹਾ (ਬਕਰੀਦ) ਦੇ ਮੌਕੇ ‘ਤੇ ਜਨਤਕ ਛੁੱਟੀ ਦੀ ਮਿਤੀ ਵਿੱਚ ਸੋਧ ਕੀਤੀ ਹੈ। ਰਾਜ ਵਿੱਚ, ਬਕਰੀਦ ਦੀ ਛੁੱਟੀ ਹੁਣ 27 ਮਈ (ਬੁੱਧਵਾਰ) ਦੀ ਬਜਾਏ 28 ਮਈ (ਵੀਰਵਾਰ) ਨੂੰ ਮਨਾਈ ਜਾਵੇਗੀ। ਆਮ ਪ੍ਰਸ਼ਾਸਨ ਵਿਭਾਗ ਨੇ ਮੰਗਲਵਾਰ, 26 ਮਈ ਨੂੰ ਇਸ ਸੋਧ ਸੰਬੰਧੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ। ਸਰਕਾਰ ਦੇ ਸਕੱਤਰ ਰਾਜੇਂਦਰ ਕੁਮਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ, ਅਸਲ ਵਿੱਚ 24 ਦਸੰਬਰ, 2025 ਨੂੰ ਜਾਰੀ ਕੀਤੀ ਗਈ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ। ਵਿਚਾਰ-ਵਟਾਂਦਰੇ ਤੋਂ ਬਾਅਦ, ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬਕਰੀਦ ਦੀ ਜਨਤਕ ਛੁੱਟੀ ਹੁਣ ਪੂਰੇ ਰਾਜ ਵਿੱਚ 28 ਮਈ, 2026 ਨੂੰ ਮਨਾਈ ਜਾਵੇਗੀ। ਬੈਂਕ ਬੰਦ ਰਹਿਣਗੇ ਇਹ ਆਦੇਸ਼ ਸਿਰਫ਼ ਰਾਜ ਸਰਕਾਰ ਦੇ ਦਫ਼ਤਰਾਂ ਤੱਕ ਸੀਮਿਤ ਨਹੀਂ ਹੈ। ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ, ‘ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881’ ਦੀ ਧਾਰਾ 25 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਰਾਜ ਦੇ ਅੰਦਰ ਸਾਰੇ ਬੈਂਕ, ਖਜ਼ਾਨੇ ਅਤੇ ਉਪ-ਖਜ਼ਾਨੇ ਵੀ 28 ਮਈ ਨੂੰ ਬੰਦ ਰਹਿਣਗੇ। ਸਰਕਾਰ ਨੇ ਇਸ ਸੋਧੇ ਹੋਏ ਹੁਕਮ ਦੀਆਂ ਕਾਪੀਆਂ ਨੈਨੀਤਾਲ ਹਾਈ ਕੋਰਟ, ਰਾਜਪਾਲ ਅਤੇ ਮੁੱਖ ਮੰਤਰੀ ਦੇ ਦਫ਼ਤਰਾਂ, ਪੁਲਿਸ ਡਾਇਰੈਕਟਰ ਜਨਰਲ, ਸਾਰੇ ਡਿਵੀਜ਼ਨਲ ਕਮਿਸ਼ਨਰਾਂ ਅਤੇ ਰਾਜ ਭਰ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ (ਡੀਐਮ) ਨੂੰ ਭੇਜ ਦਿੱਤੀਆਂ ਹਨ। ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਦੇਹਰਾਦੂਨ ਨੂੰ ਵੀ ਉਨ੍ਹਾਂ ਦੀ ਜਾਣਕਾਰੀ ਅਤੇ ਜ਼ਰੂਰੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ। ਇਸ ਫੈਸਲੇ ਨਾਲ ਰਾਜ ਸਰਕਾਰ ਦੇ ਕਰਮਚਾਰੀਆਂ, ਅਧਿਆਪਕਾਂ ਅਤੇ ਬੈਂਕ ਕਰਮਚਾਰੀਆਂ ਲਈ ਛੁੱਟੀਆਂ ਦੇ ਸ਼ਡਿਊਲ ਬਾਰੇ ਸਪੱਸ਼ਟਤਾ ਆਈ ਹੈ। ਉੱਤਰਾਖੰਡ ਵਕਫ਼ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਆਉਣ ਵਾਲੇ ਈਦ ਦੇ ਜਸ਼ਨਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਈਦ ਦੀ ਨਮਾਜ਼ ਵਿਸ਼ੇਸ਼ ਤੌਰ ‘ਤੇ ਨਿਰਧਾਰਤ ਈਦਗਾਹਾਂ ਜਾਂ ਮਸਜਿਦ ਕੰਪਲੈਕਸਾਂ ਵਿੱਚ ਹੀ ਅਦਾ ਕੀਤੀ ਜਾਣੀ ਹੈ। ਕਿਸੇ ਵੀ ਹਾਲਤ ਵਿੱਚ ਜਨਤਕ ਸੜਕਾਂ ਜਾਂ ਸੜਕਾਂ ‘ਤੇ ਨਮਾਜ਼ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਹੁਕਮ ਦੀ ਉਲੰਘਣਾ ਕਰਨ ਵਾਲੀਆਂ ਕਿਸੇ ਵੀ ਪ੍ਰਬੰਧਕ ਕਮੇਟੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Punjab

ਪੰਜਾਬੀ ਸੂਟਾਂ ਦੇ ਨਵੇਂ ਡਿਜ਼ਾਈਨ: ਇਸ ਸੀਜ਼ਨ ਦੇ ਟ੍ਰੈਂਡਿੰਗ ਫੈਬਰਿਕ ਅਤੇ ਕਢਾਈ

ਪੰਜਾਬੀ ਸੂਟ ਹਮੇਸ਼ਾ ਤੋਂ ਹੀ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ, ਭਾਵੇਂ ਉਹ ਰੋਜ਼ਾਨਾ ਪਹਿਨਣ ਲਈ ਹੋਣ ਜਾਂ ਕਿਸੇ ਖਾਸ ਸਮਾਗਮ ਲਈ। ਸਮੇਂ ਦੇ ਨਾਲ-ਨਾਲ ਇਨ੍ਹਾਂ ਦੇ ਡਿਜ਼ਾਈਨਾਂ ਵਿੱਚ ਨਵੇਂ ਬਦਲਾਅ ਆਉਂਦੇ ਰਹਿੰਦੇ ਹਨ। ਜੇਕਰ ਤੁਸੀਂ ਇਸ ਸੀਜ਼ਨ ਵਿੱਚ ਆਪਣੇ ਵਾਰਡਰੋਬ ਨੂੰ ਅੱਪਡੇਟ ਕਰਨਾ ਚਾਹੁੰਦੇ ਹੋ, ਤਾਂ ਆਓ ਜਾਣਦੇ ਹਾਂ ਕਿ ਅੱਜ-ਕੱਲ੍ਹ ਕਿਹੜੇ ਫੈਬਰਿਕ ਅਤੇ ਕਢਾਈ ਸਭ ਤੋਂ ਵੱਧ ਟ੍ਰੈਂਡ ਵਿੱਚ ਹਨ। ਟ੍ਰੈਂਡਿੰਗ ਫੈਬਰਿਕ (Trending Fabrics) ਇਸ ਸੀਜ਼ਨ ਵਿੱਚ ਫੈਬਰਿਕ ਦੀ ਚੋਣ ਆਰਾਮ ਅਤੇ ਸਟਾਈਲ ਦੋਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ: ਓਰਗੈਂਜ਼ਾ (Organza): ਪਾਰਟੀ ਵੀਅਰ ਸੂਟਾਂ ਲਈ ਓਰਗੈਂਜ਼ਾ ਇਸ ਸਮੇਂ ਸਭ ਤੋਂ ਵੱਧ ਡਿਮਾਂਡ ਵਿੱਚ ਹੈ। ਇਸ ਦੀ ਹਲਕੀ, ਸ਼ਾਨਦਾਰ ਅਤੇ ਥੋੜ੍ਹੀ ਫੁੱਲੀ ਹੋਈ ਦਿੱਖ ਇਸਨੂੰ ਖਾਸ ਬਣਾਉਂਦੀ ਹੈ। ਜੋਰਜੈੱਟ (Georgette): ਇਹ ਫੈਬਰਿਕ ਕਦੇ ਵੀ ਆਊਟ-ਆਫ-ਫੈਸ਼ਨ ਨਹੀਂ ਹੁੰਦਾ। ਇਸਦੀ ਫਿਟਿੰਗ ਅਤੇ ਫਲੋਅ ਬਹੁਤ ਵਧੀਆ ਆਉਂਦਾ ਹੈ, ਜੋ ਇਸਨੂੰ ਸ਼ਰਾਰਾ, ਗਰਾਰਾ ਅਤੇ ਪਲਾਜ਼ੋ ਸੂਟਾਂ ਲਈ ਬੈਸਟ ਬਣਾਉਂਦਾ ਹੈ। ਪਿਓਰ ਸਿਲਕ ਅਤੇ ਕ੍ਰੇਪ (Pure Silk & Crepe): ਵਿਆਹਾਂ ਅਤੇ ਤਿਉਹਾਰਾਂ ਲਈ ਸਿਲਕ ਅਤੇ ਕ੍ਰੇਪ ਦੇ ਸੂਟ ਹਮੇਸ਼ਾ ਸ਼ਾਹੀ ਅਤੇ ਰਾਇਲ ਲੁੱਕ ਪ੍ਰਦਾਨ ਕਰਦੇ ਹਨ। ਮਸਲੀਨ ਅਤੇ ਕਾਟਨ (Muslin & Cotton): ਗਰਮੀਆਂ ਅਤੇ ਰੋਜ਼ਾਨਾ ਪਹਿਨਣ ਲਈ ਮਸਲੀਨ ਕਾਟਨ ਦੇ ਪ੍ਰਿੰਟਿਡ ਸੂਟ ਬਹੁਤ ਹੀ ਆਰਾਮਦਾਇਕ ਅਤੇ ਟਰੈਡੀ ਮੰਨੇ ਜਾਂਦੇ ਹਨ।  ਮਸ਼ਹੂਰ ਕਢਾਈ ਅਤੇ ਵਰਕ (Popular Embroidery & Work) ਸੂਟ ਦੀ ਅਸਲੀ ਖੂਬਸੂਰਤੀ ਉਸ ਉੱਤੇ ਕੀਤੀ ਗਈ ਕਢਾਈ ਤੋਂ ਝਲਕਦੀ ਹੈ। ਇਸ ਸੀਜ਼ਨ ਦੇ ਮੁੱਖ ਕਢਾਈ ਡਿਜ਼ਾਈਨ ਇਹ ਹਨ: ਗੋਟਾ ਪੱਟੀ ਅਤੇ ਕਿਨਾਰੀ ਵਰਕ: ਇਹ ਕੰਮ ਪੰਜਾਬੀ ਸੂਟਾਂ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਸੂਟ ਨੂੰ ਬਹੁਤ ਹੀ ਹੈਵੀ ਅਤੇ ਰਵਾਇਤੀ (Traditional) ਲੁੱਕ ਦਿੰਦਾ ਹੈ, ਜੋ ਵਿਆਹਾਂ ਲਈ ਪਰਫੈਕਟ ਹੈ। ਧਾਗੇ ਦੀ ਕਢਾਈ (Thread Work/Resham): ਬਾਰੀਕ ਅਤੇ ਸਾਫ਼ ਧਾਗੇ ਦੀ ਕਢਾਈ, ਖਾਸ ਕਰਕੇ ਫੁੱਲਾਂ ਵਾਲੇ ਡਿਜ਼ਾਈਨ (Floral motifs), ਓਰਗੈਂਜ਼ਾ ਅਤੇ ਜੋਰਜੈੱਟ ਉੱਤੇ ਬਹੁਤ ਖੂਬਸੂਰਤ ਲੱਗਦੇ ਹਨ। ਇਹ ਸੋਬਰ ਅਤੇ ਐਲੀਗੈਂਟ ਲੁੱਕ ਦਿੰਦੇ ਹਨ। ਕੱਟ-ਦਾਨਾ ਅਤੇ ਸੀਕੁਐਂਸ (Cut-dana & Sequence): ਜੇਕਰ ਤੁਸੀਂ ਨਾਈਟ ਪਾਰਟੀ ਜਾਂ ਰਿਸੈਪਸ਼ਨ ਲਈ ਸੂਟ ਤਿਆਰ ਕਰਵਾ ਰਹੇ ਹੋ, ਤਾਂ ਸੀਕੁਐਂਸ ਅਤੇ ਸ਼ੀਸ਼ੇ (Mirror work) ਦਾ ਕੰਮ ਸਭ ਤੋਂ ਵਧੀਆ ਰਹੇਗਾ। ਇਹ ਸੂਟ ਨੂੰ ਚਮਕਦਾਰ ਅਤੇ ਗਲੈਮਰਸ ਦਿੱਖ ਦਿੰਦਾ ਹੈ। ਆਰੀ ਅਤੇ ਜ਼ਰੀ ਵਰਕ (Aari & Zari Work): ਪਾਕਿਸਤਾਨੀ ਸਟਾਈਲ ਸੂਟਾਂ ਵਿੱਚ ਆਰੀ ਅਤੇ ਜ਼ਰੀ ਦਾ ਕੰਮ ਬਹੁਤ ਟ੍ਰੈਂਡ ਕਰ ਰਿਹਾ ਹੈ, ਜੋ ਖਾਸ ਕਰਕੇ ਕਮੀਜ਼ ਦੇ ਘੇਰੇ, ਬਾਹਾਂ (Sleeves) ਅਤੇ ਦੁਪੱਟੇ ਦੇ ਬਾਰਡਰ ‘ਤੇ ਕੀਤਾ ਜਾਂਦਾ ਹੈ। ਆਧੁਨਿਕ ਫੁਲਕਾਰੀ (Modern Phulkari): ਰਵਾਇਤੀ ਫੁਲਕਾਰੀ ਨੂੰ ਹੁਣ ਆਧੁਨਿਕ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪਲੇਨ ਸੂਟਾਂ ਦੇ ਨਾਲ ਹੈਵੀ ਫੁਲਕਾਰੀ ਕਢਾਈ ਵਾਲੇ ਦੁਪੱਟੇ ਹਮੇਸ਼ਾ ਸਦਾਬਹਾਰ ਰਹਿੰਦੇ ਹਨ। ਸੁਝਾਅ (Tip): ਇਸ ਸੀਜ਼ਨ ਵਿੱਚ ਪੇਸਟਲ ਰੰਗ (Pastel colors) ਜਿਵੇਂ ਕਿ ਲਵੈਂਡਰ, ਪਿਸਤਾ ਗ੍ਰੀਨ, ਅਤੇ ਪੀਚ ਕਾਫੀ ਪਸੰਦ ਕੀਤੇ ਜਾ ਰਹੇ ਹਨ। ਆਪਣੇ ਸ਼ੌਕ ਅਤੇ ਮੌਕੇ ਦੇ ਹਿਸਾਬ ਨਾਲ ਸਹੀ ਫੈਬਰਿਕ ਅਤੇ ਕਢਾਈ ਦੀ ਚੋਣ ਕਰੋ ਅਤੇ ਆਪਣੇ ਵਾਰਡਰੋਬ ਨੂੰ ਇੱਕ ਨਵੀਂ ਅਤੇ ਸਟਾਈਲਿਸ਼ ਦਿੱਖ ਦਿਓ!

Scroll to Top