Actionpunjab

Action Punjab Logo
Breaking News

Author name: Action Punjab

Action Punjab
Punjab

ਗੁਰਮੀਤ ਸਿੰਘ ਖੁੱਡੀਆਂ ਨੇ 13 ਖੇਤੀਬਾੜੀ ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 11 ਫਰਵਰੀ:ਸੂਬੇ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਜ਼ਮੀਨੀ ਪੱਧਰ ‘ਤੇ ਸੇਵਾਵਾਂ ਦੇ ਵਿਸਥਾਰ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ 13 ਨਵ-ਨਿਯੁਕਤ ਖੇਤੀਬਾੜੀ ਸਬ-ਇੰਸਪੈਕਟਰਾਂ (ਏ.ਐਸ.ਆਈਜ਼) ਨੂੰ ਨਿਯੁਕਤੀ ਪੱਤਰ ਸੌਂਪੇ।ਨਵ-ਨਿਯੁਕਤ ਏ.ਐਸ.ਆਈਜ਼. ਨੂੰ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਕਿਸਾਨਾਂ ਦਰਮਿਆਨ ਇੱਕ ਅਹਿਮ ਕੜੀ ਦੱਸਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੂਬੇ ਦੇ ਕਿਸਾਨਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡਾ ਆਚਰਣ ਅਤੇ ਜ਼ਿੰਮੇਵਾਰੀ ਖੇਤੀਬਾੜੀ ਖੇਤਰ ਦੀ ਖੁਸ਼ਹਾਲੀ ‘ਤੇ ਸਿੱਧਾ ਪ੍ਰਭਾਵ ਪਾਵੇਗੀ ਕਿਉਂਕਿ ਤੁਸੀਂ ਅੱਜ ਦੇਸ਼ ਦੇ ‘ਅੰਨਦਾਤਾ’ ਪ੍ਰਤੀ ਆਪਣੀ ਜ਼ਿੰਮੇਵਾਰੀ ਨਾਲ ਜੁੜ ਰਹੇ ਹੋ।ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸੇਵਾਵਾਂ ਦੇ ਵਿਸਥਾਰ ‘ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਧਿਆਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਭਾਗ ਵਿੱਚ 133 ਖੇਤੀਬਾੜੀ ਸਬ-ਇੰਸਪੈਕਟਰਾਂ (ਏ.ਐੱਸ.ਆਈਜ਼) ਅਤੇ 200 ਖੇਤੀਬਾੜੀ ਵਿਕਾਸ ਅਫਸਰਾਂ (ਏ.ਡੀ.ਓਜ਼) ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਵਿਭਾਗ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦਿਆਂ ਕਿਸਾਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਪ੍ਰਤੀ ਸਾਡੀ ਸਮਰੱਥਾ ਨੂੰ ਹੋਰ ਬਲ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 63,943 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਇਨ੍ਹਾਂ ਭਰਤੀਆਂ ਨਾਲ ਵੱਖ-ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਗਿਆ ਹੈ, ਜੋ ਪੰਜਾਬ ਦੇ ਲੋਕਾਂ ਨੂੰ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।ਇਸ ਮੌਕੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਰਸ਼ਦੀਪ ਥਿੰਦ, ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। 

Punjab

ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਦੀ ਮੌਜੂਦਗੀ ’ਚ ਪੁਸ਼ਪਿੰਦਰ ਸ਼ਰਮਾ ਨੇ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਸੰਗਰੂਰ, 8 ਫਰਵਰੀ:ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸ. ਸੁਖਵੀਰ ਸਿੰਘ ਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਪੁਸ਼ਪਿੰਦਰ ਸ਼ਰਮਾ ਨੇ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਉਪਰੰਤ ਉਨ੍ਹਾਂ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਅਤੇ ਕਮਿਸ਼ਨ ਦੇ ਮੈਂਬਰਾਂ ਨਾਲ ਮਹੱਤਵਪੂਰਨ ਬੈਠਕ ਕੀਤੀ। ਇਸ ਬੈਠਕ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਪ੍ਰਦਾਨ ਕਰਨਾ ਸੀ।ਬੈਠਕ ਦੌਰਾਨ ਓ.ਐਸ.ਡੀ. ਸ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਪਾਰਦਰਸ਼ੀ, ਸਰਲ ਅਤੇ ਸੁਰੱਖਿਅਤ ਵਪਾਰਕ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਤਾਂ ਜੋ ਵਪਾਰਕ ਸਰਗਰਮੀਆਂ ਨੂੰ ਹੋਰ ਤੇਜ਼ੀ ਮਿਲ ਸਕੇ।ਇਸ ਮੌਕੇ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਪੁਸ਼ਪਿੰਦਰ ਸ਼ਰਮਾ ਅਤੇ ਮੈਂਬਰਾਂ ਵੱਲੋਂ ਵਪਾਰੀਆਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ, ਜਿਵੇਂ ਕਿ ਬੁਨਿਆਦੀ ਢਾਂਚੇ, ਸਹੂਲਤਾਂ, ਸੁਰੱਖਿਆ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ ਗਏ। ਓ.ਐਸ.ਡੀ. ਸੁਖਵੀਰ ਸਿੰਘ ਨੇ ਭਰੋਸਾ ਦਿੱਤਾ ਕਿ ਇਹ ਸਾਰੇ ਸੁਝਾਅ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਜਲਦੀ ਕਾਰਵਾਈ ਕੀਤੀ ਜਾਵੇਗੀ।ਸ. ਸੁਖਵੀਰ ਸਿੰਘ ਨੇ ਕਿਹਾ ਕਿ ਵਪਾਰੀ ਵਰਗ ਪੰਜਾਬ ਦੀ ਆਰਥਿਕ ਤਰੱਕੀ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬੈਠਕਾਂ ਰਾਹੀਂ ਸਰਕਾਰ ਅਤੇ ਵਪਾਰੀਆਂ ਦਰਮਿਆਨ ਸਿੱਧਾ ਸੰਵਾਦ ਮਜ਼ਬੂਤ ਹੋਵੇਗਾ।ਮੀਟਿੰਗ ਦੌਰਾਨ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਪੁਸ਼ਪਿੰਦਰ ਸ਼ਰਮਾ ਨੇ ਕਿਹਾ ਕਿ ਟਰੇਡ ਕਮਿਸ਼ਨ ਵੱਲੋਂ ਬਲਾਕ ਪੱਧਰ ਉੱਤੇ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਬੈਠਕ ਦੌਰਾਨ ਕਮਿਸ਼ਨ ਦੇ ਮੈਂਬਰਾਂ ਜਗਤਾਰ ਸਿੰਘ, ਬਸੰਤ ਲਾਲ, ਅਮਨ ਖਾਨ, ਸੰਦੀਪ ਸਿੰਘ, ਬਲਾਲ ਖਾਨ, ਕੁਲਦੀਪ ਸਿੰਘ, ਰਾਜਿੰਦਰ ਕੁਮਾਰ, ਅਵਤਾਰ ਸਿੰਘ, ਦੀਪਕ ਵਰਮਾ ਤੇ ਜਸਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਲਏ ਜਾ ਰਹੇ ਲੋਕਪੱਖੀ ਫ਼ੈਸਲਿਆਂ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਪੰਜਾਬ ਵਕ਼ਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਅਨਿਲ ਮਿੱਤਲ, ਰਮਨਦੀਪ ਸਿੰਘ, ਨਰੇਸ਼ ਸਿੰਗਲਾ, ਜਸਪਾਲ ਭੁੱਲਰ, ਰਛਪਾਲ ਸਿੰਘ ਵੀ ਮੌਜੂਦ ਸਨ। 

Punjab

ਗੈਂਗਸਟਰਾਂ ਤੇ ਵਾਰ’: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ ਲਈ ’ਆਪਰੇਸ਼ਨ ਪ੍ਰਹਾਰ-2’ ਕੀਤਾ ਲਾਂਚ

ਚੰਡੀਗੜ੍ਹ, 8 ਫਰਵਰੀ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ  ਲਈ 72 ਘੰਟੇ ਵਾਲੇ ‘ਆਪ੍ਰੇਸ਼ਨ ਪ੍ਰਹਾਰ-2’ ਦੀ ਸ਼ੁਰੂਆਤ ਦਾ ਐਲਾਨ ਕੀਤਾ।ਡੀਜੀਪੀ ਗੌਰਵ ਯਾਦਵ , ਜਿਨ੍ਹਾਂ ਦੇ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਏਡੀਜੀਪੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੀਲਾਭ ਕਿਸ਼ੋਰ ਅਤੇ ਇੰਟੈਲੀਜੈਂਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਵੀ ਮੌਜੂਦ ਸਨ, ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਸਾਰੇ ਸੀਪੀ/ਐਸਐਸਪੀਜ਼ ਅਤੇ ਰੇਂਜ ਆਈਜੀਪੀਜ਼/ਡੀਆਈਜੀਜ਼ ਨਾਲ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।ਇਹ ਕਾਰਵਾਈ ‘ਆਪ੍ਰੇਸ਼ਨ ਪ੍ਰਹਾਰ’ , ਜਿਸ ਤਹਿਤ ਮਹਿਜ਼ 72 ਘੰਟਿਆਂ ਵਿੱਚ 3256 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 69 ਹਥਿਆਰ ਬਰਾਮਦ ਕੀਤੇ ਗਏ ਸਨ, ਦੀ ਵੱਡੀ ਸਫਲਤਾ ਤੋਂ ਕੁਝ ਦਿਨ ਬਾਅਦ ਅਮਲ ਵਿਚ ਲਿਆਂਦੀ ਗਈ ਹੈ ।ਡੀਜੀਪੀ ਨੇ ਕਿਹਾ ਕਿ ‘ ਆਪ੍ਰੇਸ਼ਨ ਪ੍ਰਹਾਰ-2’ ਸੋਮਵਾਰ ਤੋਂ ਬੁੱਧਵਾਰ ਤੱਕ ਚਲਾਇਆ ਜਾਵੇਗਾ ਅਤੇ ਆਪ੍ਰੇਸ਼ਨ ਦੀ ਪ੍ਰਭਾਵੀ ਨਿਗਰਾਨੀ ਲਈ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 20 ਦਿਨਾਂ ਦੇ ਨਤੀਜੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 17,603 ਛਾਪੇਮਾਰੀਆਂ ਕਰ ਕੇ 5,290 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਗੈਂਗਸਟਰ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀ ਸ਼ਾਮਲ ਹਨ ਅਤੇ ਉਨ੍ਹਾਂ ਦੇ ਕਬਜ਼ੇ ਚੋਂ 128 ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 2,973 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 5413 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ, ਉਨ੍ਹਾਂ ਕਿਹਾ ਕਿ 344 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਸਾਰੀਆਂ ਝੂਠੀਆਂ ਬਿਆਨਬਾਜ਼ੀਆਂ ਨੂੰ ਨਕਾਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਆਪ੍ਰੇਸ਼ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਹੈ ਅਤੇ ਪੁਲਿਸ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਰਹੀਆਂ ਜੋ ਅਪਰਾਧ ਵਿੱਚ ਲੋੜੀਂਦੇ ਹਨ। ਪੁਲਿਸ ਜ਼ਿਲਿ੍ਆਂ ਵਿੱਚ ਪ੍ਰਭਾਵਸ਼ਾਲੀ ਨਿਗਰਾਨੀ ਲਈ, ਵਿਸ਼ੇਸ਼ ਡੀਜੀਪੀ, ਏਡੀਜੀਪੀ, ਆਈਜੀਪੀ ਅਤੇ ਡੀਆਈਜੀ-ਰੈਂਕ ਦੇ ਅਧਿਕਾਰੀਆਂ ਨੂੰ ਮੁਕੰਮ ਨਜ਼ਰਸਾਨੀ ਲਈ ਪੁਲਿਸ ਜ਼ਿਲ੍ਹੇ ਅਲਾਟ ਕੀਤੇ ਗਏ ਹਨ ਅਤੇ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਲਾਪ੍ਰਵਾਹੀ ਲਈ ਸਬੰਧਤ ਅਧਿਕਾਰੀ ਜਵਾਬਦੇਹ ਹੋਣਗੇ।ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵਧਾਉਣ ਅਤੇ ਅਪਰਾਧ ਨਜਿੱਠਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ, ਡੀਜੀਪੀ ਨੇ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਅਤੇ ਰੇਂਜ ਆਈਜੀਪੀਜ਼/ਡੀਆਈਜੀਜ਼ ਨੂੰ ਮੁਕੰਮਲ ਤਿਆਰੀ ਕਰਨ ਬਾਰੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਵੀ ਜਾਰੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸੀਪੀ/ਐਸਐਸਪੀ ਨੂੰ ਜਾਂਚ ਦੀ ਨਿਗਰਾਨੀ ਕਰਨ ਅਤੇ ਘਿਨਾਉਣੇ ਅਪਰਾਧਾਂ ਦਾ ਪਤਾ ਲਗਾਉਣ ਨੂੰ ਯਕੀਨੀ ਬਣਾਉਣ ਲਈ ਅਪਰਾਧ ਵਾਲੀਆਂ ਸਾਰੀਆਂ ਅਹਿਮ ਥਾਵਾਂ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੀ ਮੌਜੂਦਗੀ ਅਤੇ  ਭਰੋਸਾ ਵਧਾਉਣ ਲਈ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਭੀੜ-ਭੜੱਕੇ ਵਾਲੇ ਇਲਾਕੇ ਅਤੇ ਹੌਟਸਪੌਟ ਖੇਤਰਾਂ ਵਿੱਚ ਨਿੱਜੀ ਤੌਰ ’ਤੇ ਖੇਤਰੀ ਦੌਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਵਿੱਚ ਨਾਨ-ਕੋਰ ਡਿਊਟੀਆਂ ’ਤੇ ਤਾਇਨਾਤ ਪÇੁਲਸ ਫੋਰਸ ਦਾ ਆਡਿਟ ਅਤੇ ਲਾਮਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਚੌਵੀ ਘੰਟੇ ਸਰਗਰਮ ਹਾਈ-ਟੈਕ ਨਾਕਿਆਂ ਅਤੇ ਸ਼ਹਿਰ ਦੇ ਸੀਲਿੰਗ ਪੁਆਇੰਟਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਨਫ਼ਰੀ ਜੁਟਾਈ ਜਾ ਸਕੇ  ।  ਪੁਲਿਸ ਨੂੁੰ ਰਿਪੋਰਟ ਮਿਲੀ ਸੀ ਕਿ ਅਪਰਾਧਾਂ ਵਿੱਚ ਵਰਤੇ ਗਏ ਕਈ ਵਾਹਨ,ਬਿਨਾਂ ਨੰਬਰਾਂ ਤੋਂ ਘੁੰਮ ਰਹੇ ਹਨ, ਇਸ ਲਈ   ਵਾਹਨਾਂ ਦੀ ਜਾਂਚ , ਵਿਸ਼ੇਸ਼  ਕਰਕੇ ਦੋ-ਪਹੀਆ ਵਾਹਨਾਂ ਦੇ ਚਲਾਨ ਕਰਨ ਅਤੇ ਜ਼ਬਤ ਕਰਨ ’ਤੇ ਵਿਸ਼ੇਸ਼ ਧਿਆਨ ਕੇਂਦ੍ਰਤ ਕਰਨ ਲਈ ਨਿਰੇਦਸ਼ ਜਾਰੀ ਕੀਤੇ ਗਏ ਹਨ।ਵਾਇਰਲੈੱਸ ਸੈੱਟਾਂ ਅਤੇ ਵਾਕੀ-ਟਾਕੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ  ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਬੰਧਤ ਸੀਪੀਜ਼/ਐਸਐਸਪੀਜ਼/ਰੇਂਜ ਆਈਜੀਪੀਜ਼/ਡੀਆਈਜੀਜ਼ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਘਟਨਾ ਦੀ ਰਿਪੋਰਟ ਹੋਣ ਤੋਂ ਤੁਰੰਤ ਬਾਅਦ ਢੁਕਵੀਂ ਪੁਲਿਸ ਕਾਰਵਾਈ ਅਮਲ ਵਿੱਚ ਲਿਆਉਣ। ਉਨ੍ਹਾਂ ਕਿਹਾ, ‘‘ਕਿਸੇ ਵੀ ਅਪਰਾਧਿਕ ਘਟਨਾ ਦੀ ਰਿਪੋਰਟ ਹੋਣ ਤੋਂ ਬਾਅਦ ਤੇਜ਼ੀ ਨਾਲ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ, ਬਚ ਕੇ ਫਰਾਰ ਹੋਣ ਵਾਲੇ ਰਸਤਿਆਂ ਅਤੇ ਨਿਕਾਸ ਸਥਾਨਾਂ ’ਤੇ ਤਿੱਖੀ ਨਜ਼ਰ ਰੱਖਦਿਆਂ ਅਪਰਾਧੀਆਂ ਨੂੰ ਰੋਕਣ ਲਈ ਇੱਕ ਵਿਆਪਕ ਸੀਲਿੰਗ ਯੋਜਨਾ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਹੈ।’’1 ਮਾਰਚ, 2025 ਨੂੰ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਰਾਜ ਦੀ ਅਣਥੱਕ ਲੜਾਈ ਨੂੰ ਉਜਾਗਰ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 48167 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 33,779 ਐਫਆਈਆਰਜ਼ ਦਰਜ ਕੀਤੀਆਂ ਅਤੇ ਉਨ੍ਹਾਂ ਦੇ ਕਬਜ਼ੇ ਚੋਂ 2149 ਕਿਲੋ ਹੈਰੋਇਨ, 29 ਕਿਲੋਗ੍ਰਾਮ ਆਈ.ਸੀ.ਈ., 649 ਕਿਲੋ ਅਫੀਮ, 28,527 ਕਿਲੋਗ੍ਰਾਮ ਭੁੱਕੀ, 48.31 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 15.91 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਉਨ੍ਹਾਂ ਕਿਹਾ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕਰ ਸਕਦੇ ਹਨ। 

Punjab

ਪੰਜਾਬ ਸਰਕਾਰ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਬੰਧਨ ਮਾਹਰ ਡਾ. ਪੁਸ਼ਪਿੰਦਰ ਸਿੰਘ ਗਿੱਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਨਿਯੁਕਤ

ਚੰਡੀਗੜ੍ਹ, 8 ਫਰਵਰੀ:ਪੰਜਾਬ ਸਰਕਾਰ ਨੇ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (ਐਮ.ਬੀ.ਐਸ.ਪੀ.ਐਸ.ਯੂ.), ਪਟਿਆਲਾ ਦਾ ਵਾਈਸ-ਚਾਂਸਲਰ ਨਿਯੁਕਤ ਕੀਤਾ ਹੈ, ਜਿਸਦਾ ਕਾਰਜਕਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਦਾ ਹੋਵੇਗਾ।ਦੱਸਣਯੋਗ ਹੈ ਕਿ ਡਾ. ਪੁਸ਼ਪਿੰਦਰ ਸਿੰਘ ਗਿੱਲ ਕੋਲ ਅਕਾਦਮਿਕ, ਖੋਜ, ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਸਲਾਹ-ਮਸ਼ਵਰੇ ਵਿੱਚ 36 ਸਾਲ ਤੋਂ ਵੱਧ ਦਾ ਤਜਰਬਾ ਹੈ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾਮੁਕਤ ਪ੍ਰੋਫੈਸਰ  ਡਾ. ਗਿੱਲ ਨੇ ਵੱਖ-ਵੱਖ ਖੇਤਰਾਂ ਵਿੱਚ ਸੇਵਾ ਨਿਭਾਈ ਹੈ ਅਤੇ ਉਨ੍ਹਾਂ ਦੀਆਂ ਲੀਡਰਸ਼ਿਪ ਸਮਰੱਥਾਵਾਂ ਪੰਜਾਬ ਦੀ ਪ੍ਰਮੁੱਖ ਖੇਡ ਯੂਨੀਵਰਸਿਟੀ ਨੂੰ ਉੱਤਮਤਾ ਵੱਲ ਲਿਜਾਣ ਲਈ ਵਧੇਰੇ ਕਾਰਗਰ ਸਾਬਤ ਹੋਣਗੀਆਂ। ਦੱਸਣਯੋਗ ਹੈ ਕਿ ਡਾ. ਗਿੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ (1993) ਤੋਂ ਡਾਕਟਰੇਟ ਹਨ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੇ ਸ਼ਾਨਦਾਰ ਅਕਾਦਮਿਕ ਕਰੀਅਰ ਦੌਰਾਨ ਡਾ. ਗਿੱਲ ਨੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿੱਚ ਵਿਸ਼ੇਸ਼ ਤੌਰ ‘ਤੇ ਸੇਵਾ ਨਿਭਾਈ।ਆਪਣੇ ਅਕਾਦਮਿਕ ਕਰੀਅਰ ਵਿੱਚ ਨਵਾਂ ਮਾਪਦੰਡ ਸਥਾਪਤ ਕਰਦਿਆਂ  ਡਾ. ਗਿੱਲ ਨੇ 1999 ਤੋਂ 2001 ਤੱਕ ਅਫ਼ਰੀਕਾ (ਯੂਗਾਂਡਾ, ਕੀਨੀਆ, ਇਥੋਪੀਆ ਅਤੇ ਨਾਈਜੀਰੀਆ) ਵਿੱਚ ਕੋਕਾ-ਕੋਲਾ ਕੰਪਨੀ ਲਈ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਵਿਲੱਖਣ ਸੇਵਾਵਾਂ ਨਿਭਾਈਆਂ ਅਤੇ ਉਚੇਰੀ ਸਿੱਖਿਆ ਪ੍ਰਸ਼ਾਸਨ ਵਿੱਚ ਕੁਸ਼ਲ ਕਾਰਪੋਰੇਟ ਗਵਰਨੈਂਸ ਤੇ ਰਣਨੀਤਕ ਪ੍ਰਬੰਧਨ ਮੁਹਾਰਤ ਲਿਆਂਦੀ।ਡਾ. ਗਿੱਲ ਦੀਆਂ ਅਕਾਦਮਿਕ ਪ੍ਰਾਪਤੀਆਂ:ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ 84 ਖੋਜ ਪ੍ਰਕਾਸ਼ਨਾਵਾਂ ਤੋਂ ਇਲਾਵਾ 10 ਕਿਤਾਬਾਂ ਅਤੇ ਪ੍ਰਸਿੱਧ ਰਸਾਲਿਆਂ ਅਤੇ ਅਖਬਾਰਾਂ ਵਿੱਚ ਮੈਨੇਜਮੈਂਟ ਅਤੇ ਸਹਾਇਕ ਵਿਸ਼ਿਆਂ ’ਤੇ ਅਧਾਰਤ 400 ਤੋਂ ਵੱਧ ਲੇਖ ਸ਼ਾਮਲ ਹਨ ।ਬੁਲਾਰੇ ਨੇ ਕਿਹਾ ਕਿ ਡਾ. ਗਿੱਲ ਦੀ ਮੁਹਾਰਤ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਏਕੀਕ੍ਰਿਤ ਖੇਡ ਸਿੱਖਿਆ, ਉੱਚ-ਪ੍ਰਦਰਸ਼ਨ ਵਾਲੀ ਖੇਡ, ਅਤੇ ਵਿਹਾਰਕ ਖੋਜ ਦੇ ਖੇਤਰ ਵਿੱਚ ਦੇਸ਼ ਦੀ ਬਿਹਤਰੀਨ ਸੰਸਥਾ ਵਜੋਂ ਸਥਾਪਤ ਕਰੇਗੀ,ਜਿਥੇ ਵਿਦਿਆਰਥੀ, ਐਥਲੀਟ, ਫੈਕਲਟੀ, ਕੋਚ ਅਤੇ ਉਦਯੋਗ ਮਿਲ ਕੇ ਗਿਆਨ ਸਿਰਜਣ ਕਰਨ ਅਤੇ ਵਿਗਿਆਨ ਨੂੰ ਪੋਡੀਅਮ ਪ੍ਰਦਰਸ਼ਨ ਅਤੇ ਖੇਡ-ਖੇਤਰ ਦੇ ਕਰੀਅਰ ਵਿੱਚ ਬਦਲਣਗੇ।ਉਨ੍ਹਾਂ  ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਬਲਿਕ ਸਰਵਿਸ ਕਮਿਸ਼ਨਾਂ ਦੇ ਮਾਹਰ ਵਜੋਂ ਵੀ ਸੇਵਾ ਨਿਭਾਈ ਹੈ। 

Punjab

ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 89 'ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 08 ਫਰਵਰੀ  (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 89 ਅਧੀਨ ਛਾਉਣੀ ਮੁਹੱਲਾ ਵਿਖੇ ਨਵੀਆਂ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਅਮਨ ਬੱਗਾ, ਲਾਲਾ ਸੁਰਿੰਦਰ ਅਟਵਾਲ, ਪ੍ਰਦੀਪ ਨਾਗਰ, ਬਾਦਸ਼ਾਹ, ਅਵਤਾਰ ਮਲਿਕ, ਪਾਲੀ ਮਲਿਕ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਸੁਖਾਵੀਂ ਹੋਵੇਗੀ  ਉੱਥੇ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜ੍ਹਕ ਨਿਰਮਾਣ ਕਾਰਜ਼ਾਂ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੋਤਾ ਨਹੀਂ ਕੀਤਾ ਜਾਵੇਗਾ ਅਤੇ ਕੋਤਾਹੀ ਕਰਨ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਵਿਧਾਇਕ ਜਨਤਾ ਦਰਬਾਰ ਮੁਹਿੰਮ ਤਹਿਤ ਸ਼ਹਿਰ ਦੀਆਂ ਸਭ ਸੜਕਾਂ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਿਲਾਂ ਆਉਣਗੀਆਂ ਉਹ ਲੋਕਾਂ ਵਿੱਚ ਰਹਿ ਕੇ ਲੋਕਾਂ ਨਾਲ ਖੜ੍ਹ ਕੇ ਹੱਲ ਕੀਤੀਆਂ ਜਾਣਗੀਆਂ।ਵਿਧਾਇਕ ਬੱਗਾ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। 

Punjab

ਹਰਭਜਨ ਸਿੰਘ ਈ.ਟੀ.ਓ. ਬਾਰੇ ਟਿੱਪਣੀ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਐਸ.ਐਸ.ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ

ਚੰਡੀਗੜ੍ਹ, 9 ਫਰਵਰੀ:ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਕੀਤੀ ਗਈ ਟਿੱਪਣੀ ਦਾ ਸੂ-ਮੋਟੋ ਨੋਟਿਸ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀਓ ਖਿਲਾਫ ਗ਼ਲਤ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਤੋਂ ਡੀਐਸਪੀ /ਐਸਪੀ ਪੱਧਰ ਦੇ ਅਧਿਕਾਰੀ ਰਾਹੀਂ 11 ਫਰਵਰੀ 2026 ਨੂੰ ਬਾਅਦ ਦੁਪਹਿਰ 3 ਵਜੇ ਰਿਪੋਰਟ ਤਲਬ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਇਸ ਵਾਇਰਲ ਵੀਡੀਓ ਸਬੰਧੀ ਸਪਸ਼ਟੀਕਰਨ ਦੇਣ ਲਈ 11 ਫਰਵਰੀ 2026 ਨੂੰ ਦੁਪਹਿਰ 3 ਵਜੇ ਤਲਬ ਕੀਤਾ ਗਿਆ ਹੈ। 

Punjab

ਬੁਨਿਆਦੀ ਢਾਂਚੇ ਨਾਲ ਸਬੰਧਤ ਨਵੇਂ ਪ੍ਰੋਜੈਕਟਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਜ਼ੋਰਾਂ ‘ਤੇ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 9 ਫਰਵਰੀ:–ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ ਇਲਾਕੇ ਵਿੱਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਨਾਲ ਸਬੰਧਤ ਅਹਿਮ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲ ਗਈ ਹੈ।ਇੱਥੋਂ ਜਾਰੀ ਵੀਡੀਓ ਸੰਦੇਸ਼ ਵਿੱਚ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪੰਜ ਅਹਿਮ ਪੁਲਾਂ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਮਨਜ਼ੂਰੀ ਮਿਲ ਗਈ ਹੈ।ਸ. ਬੈਂਸ ਨੇ ਕਿਹਾ, “ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਪ੍ਰਵਾਨਿਤ ਪੁਲ ਪ੍ਰੋਜੈਕਟਾਂ ਵਿੱਚ ਬ੍ਰਹਮਪੁਰ ਅਤੇ ਡਰੋਲੀ ਪੁਲ ਸ਼ਾਮਲ ਹਨ, ਜੋ ਅਸਲ ਵਿੱਚ ਨਹਿਰ ਦੀ ਉਸਾਰੀ ਸਮੇਂ ਬਣਾਏ ਗਏ ਸਨ। ਇਨ੍ਹਾਂ ਪੁਲਾਂ ਨੂੰ ਆਧੁਨਿਕ ਜ਼ਰੂਰਤਾਂ ਨੂੰ ਵੇਖਦਿਆਂ ਹੁਣ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੰਗੂਵਾਲ ਡਬਲ ਪੁਲ ਇੱਕ ਰਣਨੀਤਕ ਪ੍ਰੋਜੈਕਟ ਹੈ। ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਖਾਸ ਕਰਕੇ ਗੁਰੂ ਕਾ ਲਾਹੌਰ ਵਿਖੇ ਵਿਆਹ ਪੁਰਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੌਰਾਨ ਵੱਡੀ ਗਿਣਤੀ ਵਿੱਚ ਪੁੱਜਣ ਵਾਲੀ ਸੰਗਤ ਨੂੰ ਜਿੱਥੇ ਵੱਡੀ ਸੌਖ ਹੋਵੇਗੀ ਉੱਥੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਕਿਹਾ, “ਇਸ ਨਾਲ ਸੰਗਤ ਲਈ ਨਿਰਵਿਘਨ ਯਾਤਰਾ ਯਕੀਨੀ ਬਣਾਏਗੀ।”ਇਸ ਤੋਂ ਇਲਾਵਾ, ਅਟਾਰੀ ਪਿੰਡ ਦਾ ਪੁਲ ਅਟਾਰੀ ਪਿੰਡ ਨੂੰ ਸਿੱਧੇ ਕੌਮੀ ਰਾਜਮਾਰਗ ਨਾਲ ਜੋੜੇਗਾ ਜਿਸ ਨਾਲ ਲੰਬੇ ਚੱਕਰ ਖਤਮ ਹੋਣਗੇ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਓਵਾਲ ਪੁਲ ਨਾਲ ਖੇਤਰ ਵਿੱਚ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।ਸਿੱਖਿਆ ਮੰਤਰੀ ਨੇ ਕਿਹਾ ਕਿ ਸਰਸਾ ਨੰਗਲ ਪੁਲ ਪ੍ਰੋਜੈਕਟ ਦਾ ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਇਸ ਦਾ ਕੰਮ 14 ਅਪ੍ਰੈਲ ਦੇ ਆਸਪਾਸ ਸ਼ੁਰੂ ਹੋ ਜਾਵੇਗਾ।ਸ. ਬੈਂਸ ਨੇ ਨੰਗਲ ਤੋਂ ਕਲਮਾ ਮੋੜ ਸੜਕ ਅਤੇ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਸਬੰਧੀ ਯੋਜਨਾਵਾਂ ਬਾਰੇ ਵੀ ਯੋਜਨਾ ਸਾਂਝੀ ਕੀਤੀ। ਨੰਗਲ ਤੋਂ ਕਲਮਾ ਮੋੜ ਸੜਕ 10 ਕਰੋੜ ਰੁਪਏ ਦੀ ਲਾਗਤ ਨਾਲ ਭਾਰੀ ਉਦਯੋਗਿਕ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਜਾਵੇਗੀ, ਜਦੋਂ ਕਿ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਨੂੰ ਅਪਗ੍ਰੇਡ ਕਰਨ ਨਾਲ ਬੱਸ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਖੇੜਾ ਕਲਮੋਟ ਵਿੱਚ ਪਾਣੀ ਭਰਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੜਕ ਦੇ ਦੋਵੇਂ ਪਾਸੇ ਕੰਕਰੀਟ ਦੀ ਡਰੇਨ ਬਣਾਈ ਜਾਵੇਗੀ। ਇਹ ਪ੍ਰਾਜੈਕਟ ਲਗਭਗ 12.5 ਕਰੋੜ ਰੁਪਏ ਨਾਲ ਤਿਆਰ ਹੋਵੇਗਾ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ‘ਤੇ ਕੰਮ ਅਗਲੇ ਦੋ ਹਫ਼ਤਿਆਂ ਦੇ ਅੰਦਰ ਸ਼ੁਰੂ ਹੋ ਜਾਵੇਗਾ।ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਉੱਥੇ ਇਲਾਕੇ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਸੜਕੀ ਸੰਪਰਕ ਬਿਹਤਰ ਹੋਵੇਗਾ।  ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮਹਿਜ਼ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ, ਬਲਕਿ ਲੋਕਾਂ ਦੀਆਂ ਜਿੰਦਗੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਜ਼ਰੀਆ ਸਾਬਤ ਹੋਣਗੇ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਟਿਕਾਊ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। 

Punjab

ਅੰਮ੍ਰਿਤਸਰ ਤੋਂ ਛੇ ਪਿਸਤੌਲਾਂ, 115 ਗ੍ਰਾਮ ਹੈਰੋਇਨ ਅਤੇ 11.9 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਸਰਹੱਦ ਪਾਰ ਦੇ ਤਸਕਰੀ ਨੈੱਟਵਰਕ ਨਾਲ ਜੁੜੇ ਪੰਜ ਵਿਅਕਤੀ ਕਾਬੂ

ਅੰਮ੍ਰਿਤਸਰ, 9 ਫਰਵਰੀ:ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੌਰਾਨ ਖੁਫੀਆ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਦੇ  ਹਥਿਆਰ ਅਤੇ ਨਸ਼ਾ ਤਸਕਰੀ ਮਾਡਿਊਲ ਦੇ ਪੰਜ ਕਾਰਕੁਨਾਂ  ਨੂੰ ਛੇ ਆਧੁਨਿਕ ਪਿਸਤੌਲ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕਰ ਕੇ ਇਸ ਗਿਰੋਹ ਨੂੰ ਬੇਅਸਰ  ਦਿੱਤਾ ਹੈ । ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਮੰਨੂ (24), ਗੁਰਪ੍ਰੀਤ ਸਿੰਘ ਉਰਫ਼ ਗੋਪੀ (20), ਸੁਖਰਾਜ ਸਿੰਘ ਉਰਫ਼ ਜੋਗਾ (24) ਅਤੇ ਸਾਜਨ ਸਿੰਘ ਉਰਫ਼ ਗੁਰਸਾਜਨ ਸਿੰਘ ਉਰਫ਼ ਲੱਡਾ ਸਾਰੇ ਵਾਸੀ ਪਿੰਡ ਰੋਡਾ ਵਾਲਾ ਕਲਾਂ (ਅੰਮ੍ਰਿਤਸਰ ) ਅਤੇ ਅੰਮ੍ਰਿਤਸਰ ਦੇ ਪਿੰਡ ਰਣੀਕੇ ਦੇ ਵਸਨੀਕ ਮੋਲਕਦੀਪ ਸਿੰਘ (23) ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਆਸਟਰੀਆ ਦੇ ਬਣੇ  ਦੋ 9 ਐਮ.ਐਮ. ਗਲੌਕ, ਤੁਰਕੀ ਦਾ ਬਣਿਆ ਇੱਕ ਜ਼ਿਗਾਨਾ, ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਨੇ ਦੋਸ਼ੀਆਂ ਦੀ ਹੁੰਡਈ ਕਰੇਟਾ ਕਾਰ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਤਸਕਰੀ ਲਈ ਕਰਦੇ  ਸਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ। ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸਰਹੱਦ ਪਾਰ ਦੇ ਤਸਕਰੀ ਸਬੰਧਾਂ ਬਾਰੇ ਪੁਖਤਾ ਤੇ ਗੁਪਤ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸਿਮਰਨਜੀਤ ਉਰਫ਼ ਮੰਨੂ, ਮੋਲਕਦੀਪ ਸਿੰਘ, ਗੁਰਪ੍ਰੀਤ ਉਰਫ਼ ਗੋਪੀ, ਸੁਖਰਾਜ ਉਰਫ਼ ਜੋਗਾ ਅਤੇ ਸਾਜਨ ਉਰਫ਼ ਗੁਰਸਾਜਨ ਉਰਫ਼ ਲੱਡਾ ਨੂੰ ਇੱਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .32 ਬੋਰ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋਰ ਪੁੱਛਗਿੱਛ ਤੋਂ ਬਾਅਦ ਹੋਈਆਂ ਬਰਾਮਦਗੀਆਂ ਦੌਰਾਨ ਚਾਰ ਹੋਰ ਪਿਸਤੌਲ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ, ਜੋ ਸੰਗਠਿਤ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਦੀ ਹੈ।ਸੀ.ਪੀ. ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਿਮਰਨਜੀਤ ਉਰਫ਼ ਮੰਨੂ, ਮੋਲਕਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਜੁਰਾਇਮ-ਪੇਸ਼ਾ ਅਪਰਾਧੀ ਹਨ ਅਤੇ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਮਾਮਲਿਆਂ ਵਿੱਚ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਸਿਮਰਨਜੀਤ ਉਰਫ਼ ਮੰਨੂ ਦੁਬਈ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਟੀਮਾਂ ਇਸ ਨੈੱਟਵਰਕ ਦੇ ਵਿੱਤੀ ਟਰੇਲ ਅਤੇ ਹਵਾਲਾ ਲਿੰਕਾਂ ਦੀ ਜਾਂਚ ਵੀ ਕਰ ਰਹੀਆਂ ਹਨ।ਇਸ ਸਬੰਧ ਵਿੱਚ ਐਫਆਈਆਰ ਨੰਬਰ 21 ਮਿਤੀ 03-02-2026  ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛਾਉਣੀ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 25(8) ਅਤੇ ਐਨਡੀਪੀਐਸ ਐਕਟ ਦੀ ਧਾਰਾ 21ਬੀ, 27ਏ ਅਤੇ 29 ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ। 

Punjab

ਪੰਜਾਬ ਸਰਕਾਰ ਐਸ ਸੀ/ਬੀ ਸੀ ਵਰਗਾਂ ਦੇ ਹੱਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਜੀਤ ਕੌਰ

ਚੰਡੀਗੜ੍ਹ, 9 ਫਰਵਰੀ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸਦੇ ਨਾਲ ਨਾਲ ਐਸ.ਸੀ ਅਤੇ ਬੀ.ਸੀ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਮਾਜਿਕ–ਆਰਥਿਕ ਤਰੱਕੀ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।ਪੰਜਾਬ ਭਵਨ ਵਿਖੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਐਸ.ਸੀ/ਬੀ.ਸੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਮੰਤਰੀ ਨੇ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਹਰ ਜਾਇਜ਼ ਮੰਗ ਨੂੰ ਤਰਜੀਹ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ।ਉਨ੍ਹਾਂ ਸਪਸ਼ਟ ਕੀਤਾ ਕਿ ਜਿਹੜੀਆਂ ਮੰਗਾਂ ਵਿਭਾਗੀ ਪੱਧਰ ’ਤੇ ਹੱਲ ਹੋ ਸਕਦੀਆਂ ਹਨ, ਉਨ੍ਹਾਂ ਨੂੰ ਤੁਰੰਤ ਅਤੇ ਸਮੇਂ-ਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਜਿਹੜੀਆਂ ਮੰਗਾਂ ਸਰਕਾਰ ਪੱਧਰ ’ਤੇ ਨੀਤੀਗਤ ਫੈਸਲੇ ਦੀ ਮੰਗ ਕਰਦੀਆਂ ਹਨ, ਉਨ੍ਹਾਂ ਨੂੰ ਸਰਕਾਰ ਨਾਲ ਜਲਦ ਤੋਂ ਜਲਦ ਟੇਕ ਅੱਪ ਕਰਕੇ ਯੋਗ ਹੱਲ ਯਕੀਨੀ ਬਣਾਇਆ ਜਾਵੇਗਾ।ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਲਾਜ਼ਮੀ ਹੈ ਕਿ ਸਮਾਜ ਦਾ ਹਰ ਵਰਗ ਤਰੱਕੀ ਦੀ ਮੁੱਖ ਧਾਰਾ ਨਾਲ ਜੁੜੇ। ਉਨ੍ਹਾਂ ਕਿਹਾ ਕਿ ਐਸ.ਸੀ ਅਤੇ ਬੀ.ਸੀ ਵਰਗਾਂ ਨੂੰ ਸਨਮਾਨ, ਸਮਾਨ ਅਵਸਰ ਅਤੇ ਨਿਆਂ ਮਿਲੇ ਬਿਨਾਂ ਰੰਗਲਾ ਪੰਜਾਬ ਦੀ ਕਲਪਨਾ ਅਧੂਰੀ ਹੈ। “ਜਦੋਂ ਹਰ ਘਰ ਵਿੱਚ ਖੁਸ਼ਹਾਲੀ, ਹਰ ਮਨ ਵਿੱਚ ਵਿਸ਼ਵਾਸ ਅਤੇ ਹਰ ਵਰਗ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ, ਤਦੋਂ ਹੀ ਅਸਲ ਅਰਥਾਂ ਵਿੱਚ ਰੰਗਲਾ ਪੰਜਾਬ ਬਣੇਗਾ,” ਉਨ੍ਹਾਂ ਭਰੋਸਾ ਦਿਵਾਇਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਸ਼ੀਆਗ੍ਰਸਤ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਸੁਚੱਜੇ ਅਤੇ ਸਕਾਰਾਤਮਕ ਮਾਹੌਲ ਵਿੱਚ ਸੰਪੰਨ ਹੋਈ।ਇਸ ਮੌਕੇ ਮੀਟਿੰਗ ਵਿੱਚ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵੀ.ਕੇ. ਮੀਨਾ,ਆਈ.ਏ.ਐਸ, ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਵਿੰਮੀ ਭੁੱਲਰ, ਆਈ.ਏ.ਐਸ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

Punjab

4ਜੀ/5ਜੀ ਟੈਲੀਕਾਮ ਸਬੰਧੀ ਚੋਰੀਆਂ ’ਤੇ ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ; 17 ਹੋਰ ਗ੍ਰਿਫ਼ਤਾਰ

ਚੰਡੀਗੜ੍ਹ, 9 ਫਰਵਰੀ:ਭਾਰਤੀ ਏਅਰਟੈੱਲ ਲਿਮਟਿਡ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ  4ਜੀ/5ਜੀ ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ ’ਤੇ ਵੱਡੀ ਅਤੇ ਨਿਰੰਤਰ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ 17 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਨਾਲ ਸੂਬੇ ਭਰ ਵਿੱਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 126 ਹੋ ਗਈ ਹੈ ਅਤੇ 140 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਫੈਸਲਾਕੁੰਨ ਕਾਰਵਾਈਆਂ ਦੇ ਲਾਗੂ ਕਰਨ ਸਦਕਾ ਅਹਿਮ ਜਨਤਕ ਟੈਲੀਕਾਮ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ 4ਜੀ/5ਜੀ ਬੁਨਿਆਦੀ ਢਾਂਚੇ ਨਾਲ ਸਬੰਧਤ ਚੋਰੀਆਂ ਦੀਆਂ ਰਿਪੋਰਟਾਂ ਤੋਂ ਬਾਅਦ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਹੁਕਮਾਂ ’ਤੇ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ। ਚੇਅਰਮੈਨ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਰਾਜਪਾਲ ਸਿੰਘ ਸੰਧੂ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਜ਼ਿਲ੍ਹਾ ਪੁਲਿਸ ਯੂਨਿਟਾਂ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਅਤੇ ਚੋਰੀ ਹੋਏ ਸਾਜ਼ੋ-ਸਾਮਾਨ ਦੀ  ਬਰਾਮਦਗੀ ਕੀਤੀ ਜਾ ਸਕੇ।ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਐਸ.ਆਈ.ਟੀ. ਦੇ ਚੇਅਰਮੈਨ ਆਈ.ਜੀ.ਪੀ. ਰਾਜਪਾਲ ਸੰਧੂ ਨੇ ਕਿਹਾ ਕਿ ਮੁਲਜ਼ਮਾਂ ਨੇ ਖਾਸ ਤੌਰ ’ਤੇ ਉੱਚ-ਮੁੱਲ ਵਾਲੇ ਜੀ.ਯੂ.ਸੀ.1 ਕਾਰਡਾਂ (ਬੇਸ ਬੈਂਡ ਯੂਨਿਟਾਂ) ਨੂੰ ਨਿਸ਼ਾਨਾ ਬਣਾਇਆ, ਜੋ ਕਿ 4ਜੀ ਅਤੇ 5ਜੀ ਸਿਗਨਲਾਂ ਦੇ ਸੰਚਾਰ ਲਈ ਬਹੁਤ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ,‘‘ ਚੋਰੀ ਦੀ ਪੂਰੀ ਕਾਰਵਾਈ ਨੂੰ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ,’’। ਇਨ੍ਹਾਂ ਚੋਰੀਆਂ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਦੂਰਸੰਚਾਰ ਸੇਵਾਵਾਂ ਵਿੱਚ ਕਾਫ਼ੀ ਪ੍ਰਭਾਵਿਤ ਰਹੀਆਂ,ਜਿਸ ਨਾਲ ਲੋਕਾਂ  ਜ਼ਰੂਰੀ ਵਾਇਸ ਅਤੇ ਡੇਟਾ ਕਨੈਕਟੀਵਿਟੀ ਤੋਂ ਵਾਂਝੀ ਰਹੇ।ਆਈ.ਜੀ.ਪੀ. ਨੇ ਕਿਹਾ ਕਿ ਤਕਨੀਕੀ ਨਿਗਰਾਨੀ ਅਤੇ ਮਨੁੱਖੀ ਬੌਧਿਕਤਾ ਦੀ ਵਰਤੋਂ ਕਰਦਿਆਂ ਪੰਜਾਬ ਪੁਲਿਸ ਨੇ ਇਨ੍ਹਾਂ ਚੋਰੀਆਂ ਵਿੱਚ ਸ਼ਾਮਲ ਨੈੱਟਵਰਕਾਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਹੈ, ਜਦੋਂ ਕਿ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਅਪਰਾਧਿਕ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਹੋਰ ਜਾਂਚ ਜਾਰੀ ਹੈ।’’ਪੰਜਾਬ ਪੁਲਿਸ ਨੇ ਸਾਰੇ ਸਮਾਜ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰ ਦੇਣ ਜਾਂ ਫਿਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ । ਜ਼ਿਲ੍ਹਾ ਪੁਲਿਸ ਬਲਾਂ ਵੱਲੋਂ ਸਮਰਪਿਤ ਵਿਸ਼ੇਸ਼ ਕਰੈਕ ਟੀਮਾਂ ਬਣਾਈਆਂ ਗਈਆਂ ਹਨ। ਅਗਲੇਰੀ ਜਾਂਚ ਕੀਤੀ ਜਾ ਰਹਹ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ। 

Scroll to Top