Actionpunjab

Action Punjab Logo
Breaking News

Author name: Action Punjab

Action Punjab
Punjab

ਡਾ. ਰਵਜੋਤ ਸਿੰਘ ਨੇ “ਆਨਲਾਈਨ ਮਿਲਣੀ” ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਸੁਣੇ

ਚੰਡੀਗੜ੍ਹ, 13 ਮਈ: ਪੰਜਾਬ ਸਰਕਾਰ ਦੇ ਐਨਆਰਆਈ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ “ਆਨਲਾਈਨ ਮਿਲਣੀ” ਕਰਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ ਮਿਲਣੀ ਦੌਰਾਨ ਜ਼ਮੀਨ-ਜਾਇਦਾਦੀ ਵਿਵਾਦਾਂ, ਵਿਆਹ ਸੰਬੰਧੀ ਮਾਮਲਿਆਂ, ਧੋਖਾਧੜੀ, ਕਬਜ਼ਿਆਂ ਅਤੇ ਡਰਾਉਣ-ਧਮਕਾਉਣ ਨਾਲ ਸਬੰਧਤ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਦਰਜ ਕਰਕੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਪੰਜਾਬੀ ਭਾਈਚਾਰੇ ਨੂੰ ਇਨਸਾਫ਼, ਸੁਰੱਖਿਆ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ ਭਾਈਚਾਰੇ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਆਨਲਾਈਨ ਅਤੇ ਫਿਜ਼ੀਕਲ ਮਿਲਣੀਆਂ ਨਿਯਮਿਤ ਤੌਰ ‘ਤੇ ਹਰ ਮਹੀਨੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ ਦੋ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਜਾਣਕਾਰੀ ਅਗਾਊਂ ਤੌਰ ‘ਤੇ ਸਾਂਝੀ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਪਰਵਾਸੀ ਪੰਜਾਬੀ ਇਸ ਪਹਿਲ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੀ ਆਨਲਾਈਨ ਮਿਲਣੀ ਦੌਰਾਨ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਕਨੇਡਾ ਆਦਿ ਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ 16 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਅਪ੍ਰੈਲ 2026 ਤੱਕ ਐਨ.ਆਰ.ਆਈ ਵਿਭਾਗ ਨੂੰ ਕੁੱਲ 590 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 430 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 160 ਮਾਮਲੇ ਕਾਰਵਾਈ ਅਧੀਨ ਹਨ। ਇਸੇ ਤਰ੍ਹਾਂ ਮਈ 2026 ਦੌਰਾਨ ਹੁਣ ਤੱਕ 56 ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ‘ਤੇ ਕਾਰਵਾਈ ਜਾਰੀ ਹੈ। ਐਨ.ਆਰ. ਆਈ ਮੰਤਰੀ ਨੇ ਆਨਲਾਈਨ ਮਿਲਣੀ ਵਿੱਚ ਸ਼ਾਮਲ ਹੋਏ ਸਾਰੇ ਐਨ.ਆਰ.ਆਈ ਭਰਾਵਾਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਅਤੇ ਸਮੱਸਿਆਵਾਂ ਦੇ ਜਲਦ ਨਿਪਟਾਰੇ ਲਈ ਹਰ ਸੰਭਵ ਉਪਰਾਲਾ ਕਰੇਗੀ। ਇਸ ਆਨਲਾਈਨ ਮਿਲਣੀ ਦੌਰਾਨ ਐਨ. ਆਰ.ਆਈ ਵਿਭਾਗ ਦੇ ਸਕੱਤਰ ਸ੍ਰੀ ਵੀ. ਐਨ. ਜ਼ਾਦੇ, ਏ.ਡੀ.ਜੀ.ਪੀ ਐਨ.ਆਰ.ਆਈ ਸ੍ਰੀ ਆਰ. ਕੇ. ਜੈਸਵਾਲ, ਡਵੀਜ਼ਨਲ ਕਮਿਸ਼ਨਰ ਜਲੰਧਰ ਸ੍ਰੀ ਰਾਮਵੀਰ, ਵਿਸ਼ੇਸ਼ ਸਕੱਤਰ ਐਨ.ਆਰ.ਆਈ ਸ੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਸੀਨੀਅਰ ਵਿਭਾਗੀ ਅਧਿਕਾਰੀ ਹਾਜ਼ਰ ਸਨ।  

Punjab

ਹਰਜੋਤ ਸਿੰਘ ਬੈਂਸ ਨੇ ਸਥਾਨਕ ਸਰਕਾਰਾਂ ਮੰਤਰੀ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 13 ਮਈ:–ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇੱਥੇ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜ ਭਾਰ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਤਕਨੀਕੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਕਰ ਰਹੇ ਨੌਜਵਾਨ ਮੰਤਰੀ ਦਾ ਸਥਾਨਕ ਸਰਕਾਰਾਂ ਦੇ ਪ੍ਰਬੰਧਕੀ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਵਿਸ਼ੇਸ਼ ਸਕੱਤਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਅਹੁਦਾ ਸੰਭਾਲਣ ਉਪਰੰਤ ਸ. ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਰਹਿੰਦ-ਖੂੰਹਦ ਪ੍ਰਬੰਧਨ, ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੇ ਸ਼ਹਿਰੀ ਕੇਂਦਰ ਪੰਜਾਬ ਦੇ ਭਵਿੱਖ ਦਾ ਧੁਰਾ ਹਨ। ਸਿੱਖਿਆ ਖੇਤਰ ਦੀ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੀ ਪੂਰੀ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ।”  

Punjab

12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮਾਰੀ ਬਾਜ਼ੀ, 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲੇ ਤਿੰਨ ਸਥਾਨ ਮੱਲੇ

ਚੰਡੀਗੜ੍ਹ, 13 ਮਈ:ਪੰਜਾਬ ਦੇ ਸਿੱਖਿਆ ਖੇਤਰ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਤਿੰਨ ਵਿਦਿਆਰਥਣਾਂ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਮੁਤਾਬਕ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਉੱਭਾ (ਮਾਨਸਾ) ਦੀ ਵਿਦਿਆਰਥਣ ਸੁਪਨੀਤ ਕੌਰ ਨੇ ਸਾਇੰਸ ਸਟ੍ਰੀਮ ਵਿੱਚ 500/500 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ ਦੀ ਵਿਦਿਆਰਥਣ ਸੁਹਾਨੀ ਚੌਹਾਨ ਨੇ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਦਿਵਾਂਸ਼ੀ ਨੇ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਤਿੰਨੋਂ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਖੇਡਾਂ ਦੇ ਖੇਤਰ ਵਿੱਚ ਵੀ ਮੱਲ੍ਹਾਂ ਮਾਰ ਰਹੀਆਂ ਹਨ। ਕੁੱਲ 2,65,417 ਵਿਦਿਆਰਥੀਆਂ ਨੇ 12ਵੀ ਜਮਾਤ ਦੀ ਸਾਲਾਨਾ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 2,42,755 ਪਾਸ ਹੋਏ। ਇਸ ਹਿਸਾਬ ਨਾਲ ਪਾਸ ਪ੍ਰਤੀਸ਼ਤਤਾ 91.46 ਫ਼ੀਸਦ ਰਹੀ। ਕਾਮਰਸ ਸਟ੍ਰੀਮ ਵਿੱਚ ਸਭ ਤੋਂ ਵੱਧ ਪਾਸ ਦਰ 98.78 ਫ਼ੀਸਦ ਦਰਜ ਕੀਤੀ ਗਈ ਹੈ, ਜਿਸ ਤਹਿਤ 34,496 ਵਿਦਿਆਰਥੀਆਂ ਵਿੱਚੋਂ 34,074 ਵਿਦਿਆਰਥੀ ਪਾਸ ਹੋਏ। ਸਾਇੰਸ ਸਟ੍ਰੀਮ ਵਿੱਚ 98.47 ਫ਼ੀਸਦ ਪਾਸ ਪ੍ਰਤੀਸ਼ਤਤਾ ਰਹੀ, 56,456 ਵਿੱਚੋਂ 55,593 ਵਿਦਿਆਰਥੀ ਪਾਸ ਹੋਏ। ਹਿਊਮੈਨਿਟੀਜ਼ ਸਟ੍ਰੀਮ ਦੇ 1,65,457 ਵਿਦਿਆਰਥੀਆਂ ਵਿੱਚੋਂ 1,45,179 ਪਾਸ ਹੋਏ ਜਿਸ ਨਾਲ 87.74 ਫ਼ੀਸਦ ਦਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਵੋਕੇਸ਼ਨਲ ਸਟ੍ਰੀਮ ਵਿੱਚ 87.80 ਫ਼ੀਸਦ ਪਾਸ ਪ੍ਰਤੀਸ਼ਤਤਾ ਦਰਜ ਕੀਤੀ, ਜਿਸ ਵਿੱਚ 9,008 ਵਿਦਿਆਰਥੀਆਂ ਵਿੱਚੋਂ 7,909 ਨੇ ਪ੍ਰੀਖਿਆ ਪਾਸ ਕੀਤੀ। ਸ. ਹਰਜੋਤ ਬੈਂਸ ਨੇ ਕਿਹਾ, “ਇਹ ਨਤੀਜਾ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਸਾਡੇ ਅਧਿਆਪਕਾਂ ਦੇ ਸਮਰਪਣ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਸੁਧਾਰਾਂ ਨੂੰ ਉਜਾਗਰ ਕਰਦਾ ਹੈ।” ਅੱਵਲ ਰਹੀਆਂ ਤਿੰਨੋਂ ਵਿਦਿਆਰਥਣਾਂ ਦੀ ਸ਼ਾਨਦਾਰ ਉਪਲੱਬਧੀ ਲਈ ਸ਼ਲਾਘਾ ਕਰਦਿਆਂ ਸ. ਬੈਂਸ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਟ੍ਰੀਮਾਂ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਅੰਕ ਪ੍ਰਾਪਤ ਕੀਤੇ ਗਏ ਹਨ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਿਹਤਰ ਨਤੀਜਿਆਂ ਦਾ ਸਿਹਰਾ ਡਿਜੀਟਲ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਸਮੇਂ ਸਿਰ ਸਿਲੇਬਸ ਪੂਰਾ ਕਰਨ ਵੱਲੋਂ ਸੂਬਾ ਸਰਕਾਰ ਦੀ ਤਰਜੀਹ ਨੂੰ ਦਿੱਤਾ।  

Punjab

ਵਿਧਾਇਕ ਜਿੰਪਾ ਨੇ ਸੜਕਾਂ ਦੇ ਪੈਚ ਵਰਕ ਅਤੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਹੁਸ਼ਿਆਰਪੁਰ, 13 ਮਈ: ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੜਕਾਂ ਦੀ ਖ਼ਰਾਬ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੌਜੂਦਗੀ ਵਿੱਚ ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਅਤੇ ਊਨਾ ਰੋਡ ਨੈਸ਼ਨਲ ਹਾਈਵੇ ਨਾਲ ਸਬੰਧਤ ਵੱਖ-ਵੱਖ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਕਾਰਜਾਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ (ਨੈਸ਼ਨਲ ਹਾਈਵੇ ਡਿਵੀਜ਼ਨ), ਨੈਸ਼ਨਲ ਹਾਈਵੇ ਅਥਾਰਟੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਭਾਗ ਲਿਆ।        ਮੀਟਿੰਗ ਦੌਰਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਸੜਕ ਮੁਰੰਮਤ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ ਮੁੱਖ ਮਾਰਗ ਪੂਰੀ ਤਰ੍ਹਾਂ ਆਵਾਜਾਈ ਯੋਗ ਬਣਾਏ ਜਾਣ ਤਾਂ ਜੋ ਆਮ ਲੋਕਾਂ, ਵਪਾਰੀਆਂ ਅਤੇ ਯਾਤਰੀਆਂ ਨੂੰ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।      ਲੋਕ ਨਿਰਮਾਣ ਵਿਭਾਗ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਵਿਧਾਇਕ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਜਰਬਾਗ ਤੋਂ ਚੌਹਾਲ ਤੱਕ ਪੈਚ ਵਰਕ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਅੰਬੇ ਵੈਲੀ ਰੋਡ ’ਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਤੋਂ ਇਲਾਵਾ ਕੇ.ਐਫ.ਸੀ ਚੌਕ ਤੋਂ ਪ੍ਰਭਾਤ ਚੌਕ ਤੱਕ ਸੜਕ ਦੇ ਪੈਚ ਵਰਕ ਦਾ ਕੰਮ ਵੀਰਵਾਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਿਰਧਾਰਿਤ ਸਮੇਂ ਅੰਦਰ ਸਾਰੇ ਕੰਮ ਗੁਣਵੱਤਾ ਮਾਪਦੰਡਾਂ ਅਨੁਸਾਰ ਪੂਰੇ ਕੀਤੇ ਜਾਣਗੇ।       ਮੀਟਿੰਗ ਵਿੱਚ ਊਨਾ ਰੋਡ ਨੈਸ਼ਨਲ ਹਾਈਵੇ ਨਾਲ ਸਬੰਧਤ ਕੰਮਾਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਜਵਾੜਾ ਭੱਠਾ ਚੌਕ ਤੋਂ ਹਿਮਾਚਲ ਸਰਹੱਦ ਤੱਕ ਪੈਚ ਵਰਕ ਦਾ ਕੰਮ ਪੂਰਾ ਕਰਵਾ ਦਿੱਤਾ ਗਿਆ ਹੈ। ਇਸ ’ਤੇ ਵਿਧਾਇਕ ਜਿੰਪਾ ਨੇ ਹਦਾਇਤਾਂ ਦਿੰਦਿਆਂ ਕਿਹਾ ਕਿ ਹਿਮਾਚਲ ਸਰਹੱਦ ਦੇ ਨੇੜੇ ਸੜਕ ਕਿਨਾਰੇ ਬਰਮ ਅਤੇ ਡੰਗਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਸੜਕ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।      ਊਨਾ ਰੋਡ ਦੇ ਸਥਾਈ ਨਿਰਮਾਣ ਸਬੰਧੀ ਪ੍ਰੋਜੈਕਟ ’ਤੇ ਚਰਚਾ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਣ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਮਨਜ਼ੂਰੀ ਮਿਲਦੇ ਹੀ ਸੜਕ ਨਿਰਮਾਣ ਦਾ ਕੰਮ ਨਿਯਮਾਂ ਅਨੁਸਾਰ ਸ਼ੁਰੂ ਕਰ ਦਿੱਤਾ ਜਾਵੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਮਾਰਗ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਲੋਕਾਂ ਦੀਆਂ ਮੁਸ਼ਕਲਾਂ ਵਧਾਉਂਦੀ ਹੈ, ਇਸ ਲਈ ਸਬੰਧਤ ਵਿਭਾਗ ਸਾਰੀਆਂ ਪ੍ਰਕਿਰਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ।         ਇਸ ਦੌਰਾਨ ਵਿਧਾਇਕ ਜਿੰਪਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਪ੍ਰਭਾਤ ਚੌਕ ਵਿੱਚ ਸੜਕ ਹੇਠਾਂ ਹੋ ਰਹੀ ਪਾਣੀ ਦੀ ਲੀਕੇਜ ਦੀ ਸਮੱਸਿਆ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਦ ਤੱਕ ਲੀਕੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਤਦ ਤੱਕ ਸੜਕ ਨਿਰਮਾਣ ਕੰਮ ਪ੍ਰਭਾਵਿਤ ਹੁੰਦਾ ਰਹੇਗਾ।        ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਧਾਇਕ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਸੜਕ ਮੁਰੰਮਤ ਅਤੇ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਅਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਐਕਸੀਅਨ ਨਗਰ ਨਿਗਮ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। 

Punjab

ਲੜਕੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ: ਮੈਂਬਰ ਪਾਰਲੀਮੈਂਟ ਸ. ਮਲਵਿੰਦਰ ਸਿੰਘ ਕੰਗ

ਸ੍ਰੀ ਚਮਕੌਰ ਸਾਹਿਬ, 13 ਮਈ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ. ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਲੜਕੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣ ਸਕਣ। ਉਹ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਆਯੋਜਿਤ ਐਨ.ਵੀ.ਐਸ. ਖੇਤਰੀ ਪੱਧਰੀ ਲੜਕੀਆਂ ਕਬੱਡੀ ਮੁਕਾਬਲਾ 2026–27 ਦੇ ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।   ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਹਨ। ਸ. ਕੰਗ ਨੇ ਭਾਗ ਲੈਣ ਵਾਲੀਆਂ ਟੀਮਾਂ, ਕੋਚਾਂ ਅਤੇ ਆਯੋਜਕਾਂ ਨੂੰ ਇਸ ਖੇਡ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਚ ਮਿਆਰ ਹਾਸਲ ਕਰਨ ਲਈ ਪ੍ਰੇਰਿਤ ਕੀਤਾ।   ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਬੀਰਦਵਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਖਿਡਾਰਨੀਆਂ ਦੀ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ।   ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵੱਲੋਂ ਰਵਾਇਤੀ ਤੌਰ ‘ਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਵਾਗਤੀ ਗੀਤ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਮਾਗਮ ਨੂੰ ਰੰਗੀਲਾ ਬਣਾ ਦਿੱਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਲੋਕ ਨਾਚਾਂ ਅਤੇ ਦੇਸ਼ਭਗਤੀ ਭਰੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।   ਇਸ ਮੌਕੇ 50 ਤੋਂ ਵੱਧ ਪ੍ਰਸਿੱਧ ਹਸਤੀਆਂ, ਸੀਨੀਅਰ ਸਿੱਖਿਆ ਵਿਦਵਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਡੀਐੱਸਪੀ ਚਮਕੌਰ ਸਾਹਿਬ ਸ. ਮਨਜੀਤ ਸਿੰਘ ਔਲਖ ਦੀ ਵਿਸ਼ੇਸ਼ ਹਾਜ਼ਰੀ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ।   ਇਨਾਮ ਵੰਡ ਸਮਾਰੋਹ ਦੌਰਾਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਅਤੇ ਖਿਡਾਰਨੀਆਂ ਨੂੰ ਸਨਮਾਨਿਤ ਕੀਤਾ ਗਿਆ। ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਪ੍ਰਮਾਣ ਪੱਤਰ ਭੇਟ ਕੀਤੇ ਗਏ। ਦਰਸ਼ਕਾਂ ਵੱਲੋਂ ਤਾੜੀਆਂ ਨਾਲ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕੀਤੀ ਗਈ। 

Punjab

ਬਟਾਲਾ ਦੋਹਰਾ ਕਤਲ ਕਾਂਡ: ਗੈਂਗਸਟਰ ਹੈਪੀ ਜੱਟ ਦੇ ਤਿੰਨ ਕਾਰਕੁਨ ਭੂਟਾਨ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਅੰਤਰਾਸ਼ਟਰੀ ਸਰਹੱਦ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 13 ਮਈ: ਬਟਾਲਾ ਵਿਖੇ ਸਨਸਨੀਖੇਜ਼ ਦੋਹਰੇ ਕਤਲ ਕਾਂਡ ਮਾਮਲੇ ਵਿੱਚ ਵੱਡੀ ਸਫ਼ਲਤਾ ਤਹਿਤ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਇੱਕ ਸੁਚੱਜੇ ਤਾਲਮੇਲ ਰਾਹੀਂ ਕਾਰਵਾਈ ਕਰਦਿਆਂ ਪੱਛਮੀ ਬੰਗਾਲ ਵਿੱਚ ਭਾਰਤ-ਭੂਟਾਨ ਸਰਹੱਦ ਤੋਂ ਵਿਦੇਸ਼-ਅਧਾਰਤ ਭਗੌੜੇ ਗੈਂਗਸਟਰ ਹੈਪੀ ਜੱਟ ਦੇ ਤਿੰਨ ਕਾਰਕੁਨਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਭੂਟਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਅੱਜ ਇਥੇ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। “ਆਪ੍ਰੇਸ਼ਨ ਨੈਸਟ ਰੈਕਰ” ਨਾਮ ਹੇਠ ਇਹ ਕਾਰਵਾਈ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਸ਼ੀਸ਼ ਚੌਧਰੀ ਦੀ ਅਗਵਾਈ ਹੇਠ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਐਫਟੀਈਸੀ) ਅਤੇ ਬਟਾਲਾ ਪੁਲਿਸ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਕੱਥੂਨੰਗਲ ਦੇ ਰਹਿਣ ਵਾਲੇ ਜਤਿਨ ਸਿੰਘ, ਤਰਨ ਤਾਰਨ ਦੇ ਪਿੰਡ ਸੰਗਰ ਕੋਟ ਦੇ ਰਹਿਣ ਵਾਲੇ ਸਾਜਨਦੀਪ ਸਿੰਘ ਅਤੇ ਅੰਮ੍ਰਿਤਸਰ ਦੇ ਬਲੀਆ ਮੰਜਪੁਰ ਦੇ ਰਹਿਣ ਵਾਲੇ ਮਹਿਕਦੀਪ ਸਿੰਘ ਵਜੋਂ ਹੋਈ ਹੈ। ਦੋਸ਼ੀ ਜਤਿਨ ਸਿੰਘ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸਦੇ ਖਿਲਾਫ ਅਸਲਾ ਐਕਟ, ਐਨਡੀਪੀਐਸ ਐਕਟ ਆਦਿ ਤਹਿਤ ਕਈ ਅਪਰਾਧਕ ਮਾਮਲੇ ਦਰਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, 27 ਅਪ੍ਰੈਲ, 2026 ਨੂੰ ਰਾਤ 9 ਵਜੇ ਦੇ ਕਰੀਬ ਬਟਾਲਾ ਦੇ ਪਿੰਡ ਭੋਮਾ ਵਿੱਚ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਅਣਪਛਾਤੇ ਹਮਲਾਵਰਾਂ ਨੇ ਤਿੰਨ ਵਿਅਕਤੀਆਂ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ, ਦੋ ਵਿਅਕਤੀਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਤੀਸਰਾ ਜ਼ਖਮੀ ਹੋ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ ਅਧਾਰਤ ਭਗੌੜੇ ਹੈਂਡਲਰ ਹੈਪੀ ਜੱਟ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਉਸਦੇ ਨਿਰਦੇਸ਼ਾਂ ‘ਤੇ ਹੀ ਇਨ੍ਹਾਂ ਯੋਜਨਾਬੱਧ ਕਤਲਾਂ ਨੂੰ ਅੰਜਾਮ ਦਿੱਤਾ ਸੀ। ਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣਾ ਥਹੁ-ਟਿਕਾਣਾ ਬਦਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਵਿੱਤੀ ਸਬੰਧਾਂ, ਲੌਜਿਸਟਿਕਲ ਸਹਾਇਤਾ, ਹਥਿਆਰਾਂ ਦੀ ਖਰੀਦ ਅਤੇ ਕੇਸ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਭੂਮਿਕਾ ਸਮੇਤ ਪੂਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਘਟਨਾ ਤੋਂ ਬਾਅਦ, ਏਜੀਟੀਐਫ, ਬਟਾਲਾ ਪੁਲਿਸ, ਖੁਫੀਆ ਅਤੇ ਤਕਨੀਕੀ ਇਕਾਈਆਂ ਦੀਆਂ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਜਾਂਚ ਕੀਤੀ ਅਤੇ ਵੱਖ-ਵੱਖ ਥਾਵਾਂ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ। ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਕਨੀਕੀ ਪੈੜ ਅਤੇ ਖੁਫੀਆ ਜਾਣਕਾਰੀ ਤੋਂ ਉਕਤ ਮੁਲਜ਼ਮਾਂ ਦੀ ਅੰਤਰਰਾਸ਼ਟਰੀ ਸਰਹੱਦੀ ਖੇਤਰ ਵੱਲ ਗਤੀਵਿਧੀ ਦਾ ਪਤਾ ਚੱਲਿਆ। ਇਸ ਉਪਰੰਤ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੰਜਾਬ ਵਾਪਸ ਲਿਆਉਣ ਲਈ ਏਜੀਟੀਐਫ ਅਤੇ ਬਟਾਲਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਇੱਕ ਟੀਮ ਰਵਾਨਾ ਕੀਤੀ ਗਈ। ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਘੁਮਾਣ, ਬਟਾਲਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103 ਤੇ 109 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 70 ਮਿਤੀ 28.04.2026 ਪਹਿਲਾਂ ਹੀ ਦਰਜ ਹੈ।  

Punjab

ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਭਗਵੰਤ ਮਾਨ ਸਰਕਾਰ ਸੂਬੇ ਵਿੱਚ ਖਾਦਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ

ਨਵੀਂ ਦਿੱਲੀ, 13 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਅਗਾਮੀ ਸਾਉਣੀ ਸੀਜ਼ਨ ਦੌਰਾਨ ਪੰਜਾਬ ਵਿੱਚ ਸੁਚਾਰੂ ਖਰੀਦ ਅਤੇ ਲਿਫਟਿੰਗ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਝੋਨੇ ਦੇ ਕੁਝ ਹਾਈਬ੍ਰਿਡਬੀਜਾਂ ਦੇ ਨੋਟੀਫਿਕੇਸ਼ਨ ਰੱਦ ਕਰਨ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਅਤੇ ਨਾਲ ਹੀ ਕੇਂਦਰ ਅੱਗੇ ਸੂਬੇ ਦੇ ਕਿਸਾਨਾਂ ਨਾਲ ਸਬੰਧਤ ਕਈ ਅਹਿਮ ਮੁੱਦੇ ਉਠਾਏ। ਦਿੱਲੀ ਵਿੱਚ ਹੋਈ ਅਹਿਮ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਰਵਿਘਨ ਖਾਦ ਸਪਲਾਈ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਦਾ ਭਰੋਸਾ ਦਿੰਦਿਆਂ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਮੰਗ ਕੀਤੀ ਅਤੇ 2026-27 ਲਈ ਕਣਕ ਦੇ ਬੀਜ ਸਬਸਿਡੀ ਅਲਾਟ ਕਰਨ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਦੇ 125 ਲੱਖ ਮੀਟ੍ਰਿਕ ਟਨ ਕਣਕ ਉਤਪਾਦਨ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਮੱਕੀ, ਦਾਲਾਂ, ਤੇਲ ਵਾਲੇ ਬੀਜ, ਸੂਰਜਮੁਖੀ ਅਤੇ ਬਾਜਰੇ ਰਾਹੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਝੋਨੇ ਦੀ ਕਾਸ਼ਤ ‘ਤੇ ਨਿਰਭਰਤਾ ਘਟਾਈ ਜਾ ਸਕੇ, ਤੇਜ਼ੀ ਨਾਲ ਘੱਟ ਰਹੇ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਨੂੰ ਸੂਬੇ ਦੇ ਖੇਤੀਬਾੜੀ ਭਵਿੱਖ ਲਈ ਖ਼ਤਰਾ ਬਣੇ ਡਾਰਕ ਜ਼ੋਨ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ। ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਤਾਵਿਤ ਬੀਜ ਬਿੱਲ-2025 ਅਧੀਨ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਸੂਬੇ ਵਿੱਚ ਫਸਲੀ ਵਿਭਿੰਨਤਾ ਅਤੇ ਖੇਤੀਬਾੜੀ ਸੁਧਾਰਾਂ ਲਈ ਕੇਂਦਰ ਤੋਂ ਵਧੇਰੇ ਸਮਰਥਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਦੱਸਿਆ ਕਿ ਭਾਵੇਂ ਪੰਜਾਬ ਦੇਸ਼ ਦੀ ਆਬਾਦੀ ਦਾ ਮਹਿਜ਼ 2 ਫ਼ੀਸਦ ਹੈ ਪਰ ਦੇਸ਼ ਦੇ ਅੰਨ ਭੰਡਾਰ ਵਿੱਚ ਇਹ ਸਾਲਾਨਾ ਲਗਭਗ 185 ਲੱਖ ਮੀਟਰਕ ਟਨ ਚੌਲ ਅਤੇ 125 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਉਂਦਾ ਹੈ, ਜਿਸ ਕਾਰਨ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਸਾਉਣੀ ਅਤੇ ਹਾੜੀ ਦੋਵਾਂ ਫਸਲਾਂ ਲਈ ਨਿਰਵਿਘਨ ਸਪਲਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਬੇਹੱਦ ਜ਼ਰੂਰੀ ਹੈ। ਬੀਜ ਬਿੱਲ-2025 ਦਾ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ, ਪੰਜਾਬ ਕੌਮੀ ਖੁਰਾਕ ਪੂਲ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ, ਇਸ ਲਈ ਕੇਂਦਰੀ ਬੀਜ ਕਮੇਟੀ ਵਿੱਚ ਇਸ ਦੀ ਢੁਕਵੀਂ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੇ ਹਿੱਤਾਂ ਅਤੇ ਖੇਤੀਬਾੜੀ ਖੇਤਰ ਦੀ ਰਾਖੀ ਲਈ ਸੂਬਾ ਪੱਧਰੀ ਬੀਜ ਕਮੇਟੀ ਦੀ ਮੌਜੂਦਾ ਭੂਮਿਕਾ ਅਤੇ ਸ਼ਕਤੀਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ। ਹਾਈਬ੍ਰਿਡ ਝੋਨੇ ਦੇ ਬੀਜਾਂ ‘ਤੇ ਚਿੰਤਾਵਾਂ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, “ਝੋਨੇ ਦੇ ਕੁਝ ਹਾਈਬ੍ਰਿਡ ਬੀਜਾਂ ਵਿੱਚ ਮਿਲਿੰਗ ਦੌਰਾਨ ਦਾਣਾ ਟੁੱਟਣ ਦੀ ਉੱਚ ਦਰ ਦੇਖੀ ਗਈ ਹੈ ਅਤੇ ਸਿਫ਼ਾਰਸ਼ ਕੀਤੀਆਂ ਕਿਸਮਾਂ ਦੇ ਮੁਕਾਬਲੇ ਹੈੱਡ ਰਾਈਸ ਰਿਕਵਰੀ ਵੀ ਘੱਟ ਪਾਈ ਗਈ ਹੈ। ਅਜਿਹੀ ਉਪਜ ਭਾਰਤੀ ਖੁਰਾਕ ਨਿਗਮ ਵੱਲੋਂ ਨਿਰਧਾਰਤ ਗੁਣਵੱਤਾ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ ਜਿਸ ਕਾਰਨ ਖਰੀਦ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਗਾਮੀ ਸਾਉਣੀ ਸੀਜ਼ਨ-2026 ਦੇ ਮੱਦੇਨਜ਼ਰ, ਪੰਜਾਬ ਵਿੱਚ ਇਨ੍ਹਾਂ ਹਾਈਬ੍ਰਿਡ ਝੋਨੇ ਦੇ ਬੀਜਾਂ ਵਿੱਚੋਂ ਕੁਝ ਬੀਜਾਂ ਦਾ ਨੋਟੀਫੀਕੇਸ਼ਨ ਰੱਦ ਕਰਨ ਲਈ ਪਹਿਲ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਭਾਈਚਾਰੇ ਦੇ ਵਡੇਰੇ ਹਿੱਤ ਵਿੱਚ ਸੁਚਾਰੂ ਖਰੀਦ ਅਤੇ ਲਿਫਟਿੰਗ ਕਾਰਜਾਂ ਨੂੰ ਯਕੀਨੀ ਬਣਾਇਆ ਜਾ ਸਕੇ।” ਪੰਜਾਬ ਵੱਲੋਂ ਉਠਾਏ ਗਏ ਮੁੱਦਿਆਂ ਦੇ ਜਵਾਬ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਦੇ ਮੁੱਦੇ ਦੀ ਜਾਂਚ ਕਰਨ ਅਤੇ ਸੂਬੇ ਵਿੱਚ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਇੱਕ ਹੋਰ ਅਹਿਮ ਮੁੱਦੇ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਣਕ ਦੇ ਝਾੜ ਨੂੰ ਬਰਕਰਾਰ ਰੱਖਣ ਲਈ ਸਾਲਾਨਾ ਲਗਭਗ 33 ਫ਼ੀਸਦ ਕਣਕ ਦੇ ਬੀਜ ਨੂੰ ਬਦਲਣ ਦੀ ਲੋੜ ਹੁੰਦੀ ਹੈ। ਪੰਜਾਬ ਵਿੱਚ ਖੇਤੀਬਾੜੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਬੀਜ ਬਦਲਣ ਦੀ ਦਰ ਨੂੰ ਵਧਾਉਣਾ ਸਮੇਂ ਦੀ ਲੋੜ ਹੈ।” ਕੇਂਦਰ ਤੋਂ ਸਹਾਇਤਾ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਵਿੱਤੀ ਸਾਲ 2026-27 ਦੀ ਸਾਲਾਨਾ ਕਾਰਜ ਯੋਜਨਾ ਲਈ ਕਣਕ ਦੀ ਬੀਜ ਸਬਸਿਡੀ ਦੀ ਪ੍ਰਵਾਨਗੀ ਅਤੇ ਵੰਡ ਲਈ ਬੇਨਤੀ ਕੀਤੀ। ਮੁੱਖ ਮੰਤਰੀ ਨੇ ਕਿਹਾ, “ਖੇਤੀਬਾੜੀ ਖੇਤਰ ਦੇ ਵਿਆਪਕ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਅਜਿਹਾ ਕਰਨਾ ਬੇਹੱਦ ਜ਼ਰੂਰੀ ਹੈ। ਇਹ ਵਿਗਿਆਨਕ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ ਜਿਸ ਨਾਲ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।” ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਹੌਲੀ-ਹੌਲੀ ਕਣਕ-ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ, “ਵਿਭਿੰਨਤਾ ਨਾ ਸਿਰਫ਼ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਸਗੋਂ ਪੰਜਾਬ ਵਿੱਚ ਤੇਜ਼ੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਭੰਡਾਰਾਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ।” ਭੂਮੀਗਤ ਪਾਣੀ ਦੀ ਚਿੰਤਾਜਨਕ ਸਥਿਤੀ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਕੁੱਲ 150 ਬਲਾਕਾਂ ਵਿੱਚੋਂ 117 ਬਲਾਕਾਂ ਵਿੱਚ ਭੂਮੀਗਤ ਪਾਣੀ ਦਾ ਪੱਧਰ ਪਹਿਲਾਂ ਹੀ ਡਾਰਕ ਜ਼ੋਨ ਵਿੱਚ ਦਾਖਲ ਹੋ ਚੁੱਕਾ ਹੈ।” ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਬਦਲਵੀਆਂ ਫਸਲਾਂ ‘ਤੇ ਵੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਾਗੂ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕੀਤਾ ਜਾ ਸਕੇ, ਕਿਸਾਨਾਂ ਲਈ ਬਿਹਤਰ ਆਮਦਨ ਯਕੀਨੀ ਬਣਾਈ ਜਾ ਸਕੇ ਅਤੇ ਸੂਬੇ ਦੇ ਜਲ ਸਰੋਤਾਂ ਦੀ ਸੰਭਾਲ ਕੀਤੀ ਜਾ ਸਕੇ। 

Punjab

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੀਐਸਪੀਸੀਐਲ ਮੁੱਖ ਦਫ਼ਤਰ ਪਟਿਆਲਾ ਵਿਖੇ ਬਿਜਲੀ ਮੰਤਰੀ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ/ਪਟਿਆਲਾ, 13 ਮਈ: ਪੰਜਾਬ ਦੇ ਕੈਬਿਨਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ ਮੰਤਰੀ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪੋਰਟਫੋਲਿਓ ਵਿੱਚ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ਼ਾਮਲ ਹਨ। ਅਹੁਦਾ ਸੰਭਾਲਣ ਉਪਰੰਤ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਅਤੇ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਘੱਟੋ-ਘੱਟ 8 ਘੰਟੇ ਨਿਰਵਿਘਨ ਸਪਲਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ. ਸੌਂਦ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸੂਬੇ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਖੇਤੀਬਾੜੀ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਹੋ ਸਕਣ। ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਕਿਉਂਕਿ ਇਹ ਸੂਬੇ ਦੀ ਖੇਤੀਬਾੜੀ ਆਧਾਰਿਤ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਖਪਤਕਾਰ ਸੇਵਾਵਾਂ ਵਿੱਚ ਹੋਰ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੌਜੂਦਾ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਦਿਆਂ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਖਾਸ ਤੌਰ ‘ਤੇ ਪਿੰਡਾਂ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਢਾਂਚੇ ਦੇ ਅਪਗ੍ਰੇਡ ਅਤੇ ਰੱਖ-ਰਖਾਅ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਬਿਜਲੀ ਕੱਟਾਂ ਨੂੰ ਘਟਾਇਆ ਜਾ ਸਕੇ ਅਤੇ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਵਾਧਾ ਹੋਵੇ। ਉਨ੍ਹਾਂ ਵਿਭਾਗ ਨੂੰ ਜਿੱਥੇ ਵੀ ਲੋੜ ਹੋਵੇ ਟ੍ਰਾਂਸਫਾਰਮਰਾਂ, ਟ੍ਰਾਂਸਮਿਸ਼ਨ ਲਾਈਨਾਂ ਅਤੇ ਹੋਰ ਉਪਕਰਨਾਂ ਦੀ ਸਮੇਂ ਸਿਰ ਤਬਦੀਲੀ ਅਤੇ ਸਮਰੱਥਾ ਵਾਧਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਬਿਜਲੀ ਸਪਲਾਈ ਨਾਲ ਸੰਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਮੰਗ ਵਾਲੇ ਸੀਜ਼ਨ ਦੌਰਾਨ ਕਿਸੇ ਵੀ ਸਮੱਸਿਆ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਹਰ ਪੱਧਰ ‘ਤੇ ਆਪਸੀ ਤਾਲਮੇਲ ਬਣਾਈ ਰੱਖਿਆ ਜਾਵੇ। ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਭਰੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਹਤਰ ਸੇਵਾਵਾਂ ਯਕੀਨੀ ਬਣਾਉਣ ਅਤੇ ਬਿਜਲੀ ਢਾਂਚੇ ਦੇ ਆਧੁਨਿਕੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਮੀਟਿੰਗ ਦੌਰਾਨ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡਾ. ਇੰਦਰਪਾਲ ਸਿੰਘ, ਡਾਇਰੈਕਟਰ ਫਾਇਨੈਂਸ ਐੱਸ.ਕੇ. ਬੇਰੀ ਅਤੇ ਡਾਇਰੈਕਟਰ ਕਮਰਸ਼ੀਅਲ ਇੰਜੀ. ਹਰਸ਼ਰਨ ਕੌਰ ਤ੍ਰੇਹਨ ਸਮੇਤ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ।  

Punjab

40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਵਿਰੁੱਧ ਕੇਸ ਦਰਜ

ਚੰਡੀਗੜ੍ਹ, 13 ਮਈ, 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਕਾਨੂੰਗੋ ਵਰਿੰਦਰ ਸਿੰਘ ਭੁੱਟਰ ਵਿਰੁੱਧ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਗਥਲਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਮਾਲ ਵਿਭਾਗ ਫਰੀਦਕੋਟ ਨੂੰ ਸ਼ਿਕਾਇਤਕਰਤਾ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਸਬੰਧ ਵਿੱਚ ਦੋਸ਼ੀ ਕਾਨੂੰਗੋ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਬਦਲੇ ਉਸਤੋਂ 80,000 ਰੁਪਏ ਰਿਸ਼ਵਤ ਮੰਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਮੁਲਜ਼ਮ ਕਾਨੂੰਗੋ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 40000 ਰੁਪਏ ਦਿੱਤੇ ਅਤੇ ਰਿਸ਼ਵਤ ਦੇਣ ਸਮੇਂ ਦੀ ਵੀਡੀਓ ਰਿਕਾਰਡ ਕਰ ਲਈ। ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।  

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ, ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਓਵਰਬ੍ਰਿਜਾਂ ਅਤੇ ਰਾਜਮਾਰਗਾਂ ਦੇ ਕਾਰਜਾਂ ਨੂੰ ਮੁਕੰਮਲ ਕਰਨ ਦਾ ਰਾਹ ਪੱਧਰਾ ਹੋਇਆ

ਨਵੀਂ ਦਿੱਲੀ, 13 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਮਹੱਤਵਪੂਰਨ ਮੀਟਿੰਗ ਉਪਰੰਤ ਕੇਂਦਰ ਨੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇਅ ਅਤੇ ਫਲਾਈਓਵਰ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਭਰੋਸਾ ਦਿੱਤਾ, ਜਿਸ ਨਾਲ ਮੱਖੂ, ਆਦਮਪੁਰ ਅਤੇ ਭਵਾਨੀਗੜ੍ਹ ਵਿਖੇ ਰੁਕੇ ਹੋਏ ਬੁਨਿਆਦੀ ਢਾਂਚੇ ਸਬੰਧੀ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਸੂਬੇ ਭਰ ਦੇ ਮੁੱਖ ਸੜਕੀ ਮਾਰਗਾਂ ਦੇ ਵੱਡੇ ਪੱਧਰ ‘ਤੇ ਵਿਸਥਾਰ ਅਤੇ ਚਹੁੰ-ਮਾਰਗੀ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸੜਕਾਂ, ਜਿਨ੍ਹਾਂ ਵਿੱਚ ਕੌਮਾਂਤਰੀ ਸਰਹੱਦ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਗਲਿਆਰਾ ਵੀ ਸ਼ਾਮਲ ਹੈ, ਨੂੰ ਕੌਮੀ ਰਾਜਮਾਰਗ ਐਲਾਨਣ ਦੀ ਪੰਜਾਬ ਦੀ ਮੰਗ ਵੀ ਉਠਾਈ। ਉਨ੍ਹਾਂ ਨੇ ਦੇਰੀ ਅਤੇ ਰੁਕਾਵਟਾਂ ਕਾਰਨ ਸਾਲਾਂ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੁਨਾਮ, ਚੀਮਾ ਮੰਡੀ, ਭੀਖੀ, ਮਾਨਸਾ ਅਤੇ ਮੌੜ ਰਾਹੀਂ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਾਰ-ਮਾਰਗੀ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਬਰਨਾਲਾ-ਬਾਜਾਖਾਨਾ ਅਤੇ ਮਲੇਰਕੋਟਲਾ-ਬਰਨਾਲਾ ਗਲਿਆਰਿਆਂ ਦਾ ਵਿਸਥਾਰ ਵੀ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਦੇ ਸੜਕੀ ਸੰਪਰਕ, ਆਰਥਿਕ ਆਵਾਜਾਈ ਅਤੇ ਜਨਤਕ ਸੁਰੱਖਿਆ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੂਬੇ ਭਰ ਵਿੱਚ ਜਾਨਾਂ ਦੀ ਰਾਖੀ ਅਤੇ ਸੁਰੱਖਿਅਤ ਹਾਈਵੇਅ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ‘ਸੜਕ ਸੁਰਖਿਆ ਫੋਰਸ’ ਦੇ ਕੰਮਕਾਜ ਦੀ ਭਰਪੂਰ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਸ੍ਰੀ ਨਿਤਿਨ ਗਡਕਰੀ ਨਾਲ ਅੱਜ ਮੀਟਿੰਗ ਕਰਕੇ ਵਡੇਰੇ ਜਨਤਕ ਹਿੱਤ ਵਿੱਚ ਅੰਮ੍ਰਿਤਸਰ ਦੇ ਵੱਲ੍ਹਾ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਐਨ.ਐਚ.ਏ.ਆਈ. ਵੱਲੋਂ ਐਵਾਰਡ ਕੀਤਾ ਗਿਆ ਸੀ ਜੋ 15 ਸਤੰਬਰ, 2023 ਤੱਕ ਮੁਕੰਮਲ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਮੁਕੰਮਲ ਹੋਣ ਦੀ ਮਿਆਦ ਵਿੱਚ ਵਾਰ-ਵਾਰ ਵਾਧਾ ਹੋਣ ਦੇ ਬਾਵਜੂਦ ਇਹ ਕੰਮ ਅਜੇ ਵੀ ਅਧੂਰਾ ਹੈ ਅਤੇ ਇਸ ਨੂੰ ਮੁਕੰਮਲ ਕਰਨ ਦੀ ਤਰੀਕ ਵਧਾ ਕੇ 30 ਅਪ੍ਰੈਲ, 2026 ਤੱਕ ਤੈਅ ਕੀਤੀ ਗਈ ਸੀ ਪਰ ਅਜੇ ਤੱਕ 76 ਫੀਸਦੀ ਕੰਮ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਾਂਘੇ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਇਹ ਲਾਂਘਾ ਅੰਮ੍ਰਿਤਸਰ ਏਅਰਪੋਰਟ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੋੜਦਾ ਹੈ ਅਤੇ ਵੀ.ਆਈ.ਪੀਜ਼ ਦੀ ਨਿਰੰਤਰ ਆਵਾਜਾਈ ਸਮੇਤ ਭਾਰੀ ਟ੍ਰੈਫਿਕ ਨਾਲ ਵੀ ਨਜਿੱਠਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਲਗਾਤਾਰ ਦੇਰੀ ਹੋਣ ਨਾਲ ਭੀੜ-ਭੜੱਕਾ ਵਧਦਾ ਹੈ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਐਨ.ਐਚ.ਏ.ਆਈ. ਨੂੰ ਵੱਲ੍ਹਾ ਫਲਾਈਓਵਰ ਦੇ ਬਾਕੀ ਰਹਿੰਦੇ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਤੁਰੰਤ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਨਿਰਧਾਰਤ ਸਮੇਂ ਵਿੱਚ ਪ੍ਰਾਜੈਕਟ ਪੂਰਾ ਕੀਤਾ ਜਾ ਸਕੇ। ਜਲੰਧਰ-ਹੁਸ਼ਿਆਰਪੁਰ-ਮਨਾਲੀ ਰੋਡ ਐਨ.ਐਚ.-70 ਦੇ ਚਾਰ ਮਾਰਗੀ ਦੇ ਇਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਧਾਰਮਿਕ, ਸੈਰ-ਸਪਾਟਾ, ਆਰਥਿਕ ਅਤੇ ਰਣਨੀਤਿਕ ਨਜ਼ਰੀਏ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਮਾਤਾ ਚਿੰਤਪੁਰਨੀ ਜੀ ਮੰਦਰ, ਮਾਤਾ ਜਵਾਲਾ ਜੀ ਮੰਦਰ, ਮਾਤਾ ਚਮੁੰਡਾ ਦੇਵੀ ਜੀ ਮੰਦਿਰ, ਧਰਮਸ਼ਾਲਾ, ਮਨਾਲੀ ਅਤੇ ਪਾਲਮਪੁਰ ਸਮੇਤ ਹਿਮਾਚਲ ਪ੍ਰਦੇਸ਼ ਵਿੱਚ ਪ੍ਰਸਿੱਧ ਧਾਰਮਿਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੋੜਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਨਾਲ ਲਗਦੇ ਆਦਮਪੁਰ ਏਅਰਪੋਰਟ ਕਰਕੇ ਰਣਨੀਤਿਕ ਪੱਖ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿਉਂ ਜੋ ਇਹ ਏਅਰਪੋਰਟ ਦੋਆਬਾ ਖੇਤਰ ਅਤੇ ਇਸ ਖਿੱਤੇ ਵਿੱਚ ਵੀ.ਵੀ.ਆਈ.ਪੀਜ਼ ਦੇ ਦੌਰਿਆਂ ਲਈ ਵਰਤਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਨੂੰ ਚਾਰ ਮਾਰਗੀ ਕਰਨ ਦੇ ਪ੍ਰਾਜੈਕਟ ਨੂੰ ਸਾਲ 2016 ਵਿੱਚ ਪ੍ਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਠੇਕੇਦਾਰ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਦੇ ਬਾਕੀ ਰਹਿੰਦੇ ਕੰਮ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਸੂਬਾ ਸਰਕਾਰ ਨੇ ਮੰਤਰਾਲੇ ਕੋਲ ਜਮ੍ਹਾਂ ਕਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਲਈ ਬਹੁਤ ਅਹਿਮੀਅਤ ਰੱਖਦਾ ਹੈ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਮੰਤਰਾਲੇ ਪਾਸੋਂ ਪ੍ਰਵਾਨਗੀ ਦੇਣ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਹ ਸੜਕ ਐਸਏਐਸ ਨਗਰ ਜ਼ਿਲ੍ਹੇ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਜੋੜਨ ਵਾਲੀ ਸੂਬੇ ਦੀ ਮਹੱਤਵਪੂਰਨ ਸੜਕ ਹੈ, ਜਿਸਦੀ ਵਧੇਰੇ ਇਤਿਹਾਸਕ ਮਹੱਤਤਾ ਹੈ। “ਇਹ ਸੜਕ ਸੋਹਾਣਾ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੁੰਦੀ ਹੈ ਅਤੇ ਲਖਨੌਰ, ਲਾਂਡਰਾਂ, ਝੰਝੇੜੀ ਅਤੇ ਚੁੰਨੀ ਵਿੱਚੋਂ ਲੰਘਦਿਆਂ ਫਤਿਹਗੜ੍ਹ ਸਾਹਿਬ ਵਿਖੇ ਖਤਮ ਹੁੰਦੀ ਹੈ। ਮੌਜੂਦਾ ਸਮੇਂ ਇਹ ਮੁੱਖ ਤੌਰ ‘ਤੇ 10-ਮੀਟਰ ਕੈਰੇਜਵੇਅ ਚੌੜਾਈ ਦੇ ਨਾਲ ਦੋ-ਮਾਰਗੀ ਹੈ, ਹਾਲਾਂਕਿ ਕੁਝ ਹਿੱਸਿਆਂ ਨੂੰ ਪਹਿਲਾਂ ਹੀ ਚਾਰ ਮਾਰਗੀ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ “ਭਾਰਤਮਾਲਾ ਪ੍ਰੋਜੈਕਟ ਅਧੀਨ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ ਵੀ ਪਿੰਡ ਝੰਝੇੜੀ ਵਿਖੇ ਇਸ ਸੜਕ ਨੂੰ ਪਾਰ ਕਰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਸਾਲ ਦਸੰਬਰ ਦੇ ਮਹੀਨੇ ਦੌਰਾਨ, ਲੱਖਾਂ ਸ਼ਰਧਾਲੂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਆਉਂਦੇ ਹਨ। ਇਸ ਸਮੇਂ ਦੌਰਾਨ 37.26 ਕਿਲੋਮੀਟਰ ਲੰਬੀ ਇਸ ਸੜਕ ’ਤੇ  ਭਾਰੀ ਆਵਾਜਾਈ ਰਹਿੰਦੀ ਹੈ। ਇਸ ਸੜਕ ਦੀ ਰਣਨੀਤਕ ਅਤੇ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਇਸਨੂੰ ਕੌਮੀ ਰਾਜਮਾਰਗ ਘੋਸ਼ਿਤ ਕੀਤਾ ਜਾਵੇ। ਇਕ ਹੋਰ ਏਜੰਡੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਕੋਲ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਰੋਡ ਨੂੰ ਕੌਮੀ ਮਾਰਗ ਐਲਾਨਣ ਲਈ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਇਹ ਰੋਡ ਸੂਬੇ ਵਿੱਚ ਕੌਮੀ ਮਾਰਗਾਂ ਨਾਲ ਜੁੜਦਾ ਹੈ ਅਤੇ ਇਹ ਰੋਡ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਵੀ ਨੇੜੇ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਂਘਾ ਰੱਖਿਆ ਤੇ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਸਥਿਤ ਫੌਜ ਦੀ ਅਥਾਰਟੀ ਵੀ ਇਸ ਰੋਡ ਨੂੰ ਚੌੜਾ ਕਰਕੇ ਚਾਰ ਮਾਰਗੀ ਬਣਾਉਣ ਲਈ ਲਗਾਤਾਰ ਜ਼ੋਰ ਪਾ ਰਹੀ ਹੈ ਤਾਂ ਕਿ ਫੌਜ ਦੇ ਵਾਹਨਾਂ ਦੀ ਤੇਜ਼ੀ ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਦੱਸਿਆ ਕਿ ਸੜਕ ਦੀ ਕੁੱਲ ਲੰਬਾਈ 144.555 ਕਿਲੋਮੀਟਰ ਹੈ ਅਤੇ ਇਸ ਸੜਕ ‘ਤੇ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਔਸਤ ਗਿਣਤੀ ਰਾਸ਼ਟਰੀ ਰਾਜ ਮਾਰਗਾਂ ਦੇ ਮੁਕਾਬਲੇ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਕੌਰੀਡੋਰ (ਸੜਕੀ ਮਾਰਗ) ਵਿੱਚ ਪਛਾਣ ਕੀਤੇ ਗਏ 11 ਬਲੈਕ ਸਪਾਟ ਹਨ ਅਤੇ ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਵਿੱਚ 2020 ਤੋਂ 2022 ਦੌਰਾਨ 162 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 138 ਹਾਦਸੇ ਕਾਫ਼ੀ ਘਾਤਕ ਸਨ, ਜੋ ਇਸ ਦੀ ਸਮਰੱਥਾ ਵਧਾਉਣ ਅਤੇ ਸੁਰੱਖਿਆ ਵਿੱਚ ਸੁਧਾਰ ਦੀ ਫੌਰੀ ਲੋੜ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਸੜਕ ਦੇ ਅੰਤਰ-ਕੌਮੀ

Scroll to Top