Actionpunjab

Action Punjab Logo
Breaking News

Author name: Action Punjab

Action Punjab
Punjab

10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ; ਜੈਤੋ ਦੀ ਹਰਲੀਨ 99.38% ਅੰਕਾਂ ਨਾਲ ਪੰਜਾਬ ਭਰ ਵਿੱਚੋਂ ਅੱਵਲ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 11 ਮਈ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਸਿੱਖਿਆ ਸੁਧਾਰਾਂ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਆਪਣੇ ਸ਼ਹਿਰੀ ਸਕੂਲਾਂ ਦੇ ਜਮਾਤੀਆਂ ਨੂੰ ਪਛਾੜ ਦਿੱਤਾ ਹੈ। ਪੇਂਡੂ ਖੇਤਰਾਂ ਵਿੱਚ ਪਾਸ ਦਰ 95.35% ਦਰਜ ਕੀਤੀ ਗਈ ਹੈ ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਇਹ 92.98% ਰਹੀ ਹੈ। ਇੱਥੇ ਅੱਜ ਵੇਰਵੇ ਸਾਂਝੇ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਨਤੀਜੇ ਦੀ ਸ਼ਲਾਘਾ ਕਰਦਿਆਂ ਇਸਨੂੰ ਜ਼ਮੀਨੀ ਪੱਧਰ ‘ਤੇ ‘ਸਿੱਖਿਆ ਕ੍ਰਾਂਤੀ’ ਦੇ ਅਮਲ ਵਿੱਚ ਆਉਣ ਦਾ ਸਬੂਤ ਦੱਸਿਆ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫ਼ਰੀਦਕੋਟ) ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ (99.38%) ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੇਹੱਦ ਸਖ਼ਤ ਮੁਕਾਬਲੇ ਵਿੱਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਨੇ 650 ਵਿੱਚੋਂ 645 ਅੰਕ (99.23%) ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਚੀਫ਼ ਖ਼ਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਦੀ ਰੀਆ ਰਾਨੀ ਨੇ 650 ਵਿੱਚੋਂ 645 ਅੰਕ (99.23%) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 2,69,505 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਪਾਸ ਹੋਏ ਹਨ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤਤਾ 94.52% ਰਹੀ ਹੈ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਵਿੱਚ ਪੇਂਡੂ ਖੇਤਰ ਦੇ 1,74,958 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 1,66,830 ਪਾਸ ਹੋਏ, ਜਿਨ੍ਹਾਂ ਦੀ ਪਾਸ ਦਰ 95.35% ਰਹੀ। ਸ਼ਹਿਰੀ ਖੇਤਰਾਂ ਵਿੱਚ 94,547 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 87,914 ਵਿਦਿਆਰਥੀ ਪਾਸ ਹੋਏ, ਜਿਸ ਨਾਲ ਉਨ੍ਹਾਂ ਦੀ ਪਾਸ ਦਰ 92.98% ਦਰਜ ਕੀਤੀ ਗਈ। ਸਾਰੇ ਸਫ਼ਲ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਿਆਂ, ਸ. ਬੈਂਸ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਪਾਸ ਦਰ ਵਿੱਚ 2.3 ਪ੍ਰਤੀਸ਼ਤ ਅੰਕਾਂ ਦਾ ਅੰਤਰ ਪਿਛਲੇ ਰੁਝਾਨਾਂ ਦੇ ਮੁਕਾਬਲੇ ਇੱਕ ਇਤਿਹਾਸਕ ਬਦਲਾਅ ਹੈ, ਕਿਉਂਕਿ ਪਹਿਲਾਂ ਅਕਸਰ ਸ਼ਹਿਰੀ ਸਕੂਲ ਹੀ ਅੱਗੇ ਰਹਿੰਦੇ ਸਨ। ਉਨ੍ਹਾਂ ਨੇ ਇਸ ਬਦਲਾਅ ਦਾ ਸਿਹਰਾ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਨਿਵੇਸ਼ ਅਤੇ ਅਧਿਆਪਕਾਂ ਦੀ ਨਿਯਮਤ ਸਿਖਲਾਈ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰਿਪੋਰਟ ਕਾਰਡ ਨਹੀਂ ਹੈ, ਇਹ ਉਸ ਸਰਕਾਰ ਦਾ ਰਿਪੋਰਟ ਕਾਰਡ ਹੈ ਜੋ ਵਿਸ਼ੇਸ਼ ਅਧਿਕਾਰ ਦੀ ਬਜਾਏ ਬਰਾਬਰ ਮੌਕੇ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।  

Punjab

*ਭਾਜਪਾ ਦੀ ਤਾਨਾਸ਼ਾਹੀ ਰਾਜਨੀਤੀ ਕਾਰਨ ਬਾਬਾਸਾਹਿਬ ਅੰਬੇਡਕਰ ਦੁਆਰਾ ਬਣਾਇਆ ਸੰਵਿਧਾਨ ਖਤਰੇ ਵਿੱਚ ਹੈ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ, 9 ਮਈ   ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ, ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਨੂੰ ਕੁਚਲਣ ਲਈ ਲੋਕਤੰਤਰ ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕਰਨ ਅਤੇ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣ ਲਈ 3 ਕਰੋੜ ਪੰਜਾਬੀ ਭਾਜਪਾ ਨੂੰ ਮੂੰਹਤੋੜ ਜਵਾਬ ਦੇਣਗੇ ਅਤੇ ਉਨ੍ਹਾਂ ਨੇ ‘ਆਪ’ ਵਰਕਰਾਂ ਵੱਲੋਂ ਭਾਜਪਾ ਦੀ ਬਦਲੇਖੋਰੀ ਅਤੇ ਡਰਾਉਣ-ਧਮਕਾਉਣ ਦੀ ਰਾਜਨੀਤੀ ਨੂੰ ਬੇਨਕਾਬ ਕਰਨ ਲਈ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ।   ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਵਰਗੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਸਥਾਪਿਤ ਹੋਇਆ ਲੋਕਤੰਤਰ ਅੱਜ ਭਾਜਪਾ ਤੋਂ ਗੰਭੀਰ ਖ਼ਤਰੇ ਵਿੱਚ ਹੈ। ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਸਥਾਪਨਾ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਹੁਣ ਭਾਜਪਾ ਦੀ ਤਾਨਾਸ਼ਾਹੀ ਰਾਜਨੀਤੀ ਕਾਰਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਖਤਰੇ ਹੇਠ ਹੈ। ਕੇਂਦਰੀ ਏਜੰਸੀਆਂ ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਜਿੱਥੇ ਵੀ ਚੋਣਾਂ ਹੋਣੀਆਂ ਹੁੰਦੀਆਂ ਹਨ, ਭਾਜਪਾ ਪਹਿਲਾਂ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਏਜੰਸੀਆਂ ਭੇਜਦੀ ਹੈ, ਅਤੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਚੋਣ ਕਮਿਸ਼ਨ ਦੀ ਵਰਤੋਂ ਵੀ ਕਰਦੀ ਹੈ। ਇਹ ਏਜੰਸੀਆਂ ਕਦੇ ਵੀ ਭਾਜਪਾ ਸ਼ਾਸਤ ਰਾਜਾਂ ਵਿੱਚ ਨਹੀਂ ਵਰਤੀਆਂ ਜਾਂਦੀਆਂ ਕਿਉਂਕਿ ਭਾਜਪਾ ਦਾ ਇੱਕੋ ਇੱਕ ਉਦੇਸ਼ ਵਿਰੋਧੀ ਸਰਕਾਰਾਂ ਨੂੰ ਅਸਥਿਰ ਕਰਨਾ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣਾ ਹੈ।   ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਈਡੀ ਦੀ ਕਾਰਵਾਈ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਤਰੀ ਨੇ ਅੱਗੇ ਕਿਹਾ ਕਿ ਪੱਛਮੀ ਬੰਗਾਲ ਚੋਣਾਂ ਤੋਂ ਤੁਰੰਤ ਬਾਅਦ ਈਡੀ ਨੇ ਆਪਣਾ ਧਿਆਨ ਪੰਜਾਬ ਵੱਲ ਮੋੜ ਲਿਆ। ਭਾਜਪਾ ਪੰਜਾਬ ਵਿੱਚ ਵੀ ਡਰਾਉਣ-ਧਮਕਾਉਣ ਅਤੇ ਸਿਆਸੀ ਹੇਰਾਫੇਰੀ ਦੇ ਉਸੇ ਮਾਡਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ ਪਹਿਲਾਂ ਕਾਰੋਬਾਰੀ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ‘ਤੇ ਭਾਜਪਾ ‘ਚ ਸ਼ਾਮਲ ਹੋਣ ਲਈ ਦਬਾਅ ਪਾਇਆ। ਇਸ ਤੋਂ ਤੁਰੰਤ ਬਾਅਦ ਈਡੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਪਹੁੰਚੀ। ਸੰਜੀਵ ਅਰੋੜਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਪੂਰੇ ਦੇਸ਼ ਨੇ ਦੇਖਿਆ—ਸਾਰਾ ਦਿਨ ਛਾਪੇਮਾਰੀ ਅਤੇ ਫਿਰ ਗ੍ਰਿਫਤਾਰੀ।   ਭਾਜਪਾ ਦੀ ਕਾਰਜਪ੍ਰਣਾਲੀ ਬਾਰੇ ਦੱਸਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਭਾਜਪਾ ਦਾ ਮਾਡਲ ਸਧਾਰਨ ਹੈ। ਜਿਹੜੇ ਡਰ ਜਾਂਦੇ ਹਨ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ, ਅਤੇ ਜੋ ਇਨਕਾਰ ਕਰਦੇ ਹਨ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਭਾਜਪਾ ਜਾਣਬੁੱਝ ਕੇ ਵਿਰੋਧੀ ਸ਼ਾਸਤ ਰਾਜਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਤਾਂ ਜੋ ਜਾਂ ਤਾਂ ਨੇਤਾਵਾਂ ਨੂੰ ਝੁਕਣ ਲਈ ਮਜਬੂਰ ਕੀਤਾ ਜਾ ਸਕੇ ਜਾਂ ਕੇਂਦਰੀ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਫਸਾਇਆ ਜਾ ਸਕੇ। ਪੱਛਮੀ ਬੰਗਾਲ ਚੋਣਾਂ ਦੌਰਾਨ ਭਾਜਪਾ ਨੇ ਸੱਤਾ ਹਥਿਆਉਣ ਲਈ ਵੋਟਰ ਸੂਚੀ ਵਿੱਚੋਂ 90 ਲੱਖ ਵੋਟਰ ਕੱਟ ਦਿੱਤੇ ਸਨ। ਭਾਜਪਾ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਚਾਲਾਂ ਦੁਹਰਾਉਣ ਦੇ ਸੁਪਨੇ ਦੇਖ ਰਹੀ ਹੈ, ਪਰ ਪੰਜਾਬੀ ਅਜਿਹੀ ਰਾਜਨੀਤੀ ਅੱਗੇ ਕਦੇ ਨਹੀਂ ਝੁਕਣਗੇ।   ਪੰਜਾਬ ਦੀ ਇਨਕਲਾਬੀ ਵਿਰਾਸਤ ਦਾ ਹਵਾਲਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਦੀਆਂ ਰਗਾਂ ਵਿੱਚ ਇਨਕਲਾਬੀਆਂ ਅਤੇ ਸ਼ਹੀਦਾਂ ਦਾ ਖੂਨ ਵਗਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਦਾ ਜਜ਼ਬਾ ਹਰ ਪੰਜਾਬੀ ਦੇ ਅੰਦਰ ਵੱਸਦਾ ਹੈ। ਜੇਕਰ ਭਾਜਪਾ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਜਾਰੀ ਰੱਖਦੀ ਹੈ ਤਾਂ 3 ਕਰੋੜ ਪੰਜਾਬੀ ਮੂੰਹਤੋੜ ਜਵਾਬ ਦੇਣਗੇ।   ਉਨ੍ਹਾਂ ਨੇ ਸੰਜੀਵ ਅਰੋੜਾ ਵਿਰੁੱਧ ਈਡੀ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ‘ਆਪ’ ਵਰਕਰ ਅਤੇ ਵਾਲੰਟੀਅਰ ਐਤਵਾਰ ਨੂੰ ਪੰਜਾਬ ਭਰ ਵਿੱਚ ਭਾਜਪਾ ਦੇ ਮੁੱਖ ਦਫ਼ਤਰਾਂ ਅਤੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।   ਰਾਜ ਵਿਆਪੀ ਪ੍ਰਦਰਸ਼ਨਾਂ ਦਾ ਐਲਾਨ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਆਪ’ ਵਰਕਰ ਸੂਬੇ ਭਰ ਵਿੱਚ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨਗੇ ਤਾਂ ਜੋ ਇਹ ਬੇਨਕਾਬ ਕੀਤਾ ਜਾ ਸਕੇ ਕਿ ਕਿਵੇਂ ਭਾਜਪਾ ਸਿਆਸੀ ਬਦਲਾਖੋਰੀ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਤੰਤਰ ਅਤੇ ਸੰਵਿਧਾਨ ਲਈ ਖਤਰਾ ਬਣ ਰਹੀ ਹੈ।

Punjab

ਸਕੂਲ ਸਿੱਖਿਆ ਵਿੱਚ ਪੰਜਾਬ ਨੇ ਕੇਰਲਾ ਨੂੰ ਪਛਾੜਿਆ, ਨੀਤੀ ਆਯੋਗ ਦੀ ਰਿਪੋਰਟ ਵਿੱਚ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉੱਭਰਿਆ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 10 ਮਈ: ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਨੇ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਬੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਾ ਨੂੰ ਪਛਾੜ ਦਿੱਤਾ ਹੈ। ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ ‘ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ ‘ਪੰਜਾਬ ਦੇ ਦੌਰ’ ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਸਨਮਾਨ ਹਰ ਉਸ ਮਾਤਾ-ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ ਬਲਕਿ ਇਹ ਬਿਹਤਰ ਨੀਤੀ, ਇਰਾਦੇ ਅਤੇ ਅਮਲ ਦਾ ਸੁਮੇਲ ਹੈ,  ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।” ਨੀਤੀ ਆਯੋਗ ਦੀ ਰਿਪੋਰਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ, “ਪੰਜਾਬ ਨੇ ਤੀਜੀ ਜਮਾਤ ਵਿੱਚ ਭਾਸ਼ਾ ‘ਚ 82 ਫ਼ੀਸਦ ਅਤੇ ਗਣਿਤ ਵਿੱਚ 78 ਫ਼ੀਸਦ ਅੰਕ ਹਾਸਲ ਕੀਤੇ, ਜੋ ਕੇਰਲਾ ਦੇ ਕ੍ਰਮਵਾਰ 75 ਫ਼ੀਸਦ ਅਤੇ 70 ਫ਼ੀਸਦ ਤੋਂ ਵੱਧ ਹਨ। 9ਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 52 ਫ਼ੀਸਦ ਮੁਹਾਰਤ ਦਰਜ ਕੀਤੀ ਜੋ ਕਿ ਕੇਰਲਾ ਦੇ 45 ਫ਼ੀਸਦ ਨਾਲੋਂ ਜ਼ਿਆਦਾ ਹੈ।” ਪੰਜਾਬ ਸਰਕਾਰ ਵੱਲੋਂ ਕੀਤੇ ਸੁਧਾਰਾਂ ਦੇ ਸਾਰਥਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਿਸ਼ਨ ਸਮਰੱਥ ਅਤੇ ਸਕੂਲ ਆਫ਼ ਐਮੀਨੈਂਸ ਪ੍ਰੋਗਰਾਮ ਰਾਹੀਂ ਕੋਵਿਡ ਮਹਾਂਮਾਰੀ ਤੋਂ ਬਾਅਦ ਕੀਤੇ ਗਏ ਸੁਧਾਰਾਂ ਦੇ ਠੋਸ ਨਤੀਜੇ ਸਾਹਮਣੇ ਆਏ ਹਨ।” ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਸੂਬੇ ਦੇ 99.9 ਫ਼ੀਸਦ ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲੱਬਧ ਹੈ, 99 ਫ਼ੀਸਦ ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲੱਬਧ ਹਨ ਅਤੇ 80 ਫ਼ੀਸਦ ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਹਨ। ਇਸ ਤੋਂ ਇਲਾਵਾ, 10ਵੀਂ ਜਮਾਤ ਦੇ 90 ਫ਼ੀਸਦ ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖ਼ਲਾ ਲੈ ਰਹੇ ਹਨ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਹੈ। ਵਿਦਿਆਰਥੀ ਅਧਿਆਪਕ ਅਨੁਪਾਤ  22:1 ਹੋ ਗਿਆ ਹੈ।” ਰਿਪੋਰਟ ਦਾ ਹਵਾਲਾ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਨੀਤੀ ਆਯੋਗ ਦੀ ਰਿਪੋਰਟ ਵਿੱਚ ਸਿੱਖਿਆ ਖੇਤਰ ਵਿੱਚ ਸ਼ਹਿਰੀ-ਪੇਂਡੂ ਖ਼ਿੱਤੇ ਦੇ ਪਾੜੇ ਨੂੰ ਪੂਰਨ ਅਤੇ ਪਿੰਡ ਦੇ ਵਿਦਿਆਰਥੀਆਂ ਅਤੇ ਕੁੜੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਪੰਜਾਬ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਹੈ। ਪੰਜਾਬ ਵੱਲੋਂ ਵਿਸ਼ਵ ਦੇ ਸਰਬੋਤਮ ਅਭਿਆਸਾਂ ਨੂੰ ਅਪਣਾਉਣ ਨਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੀ ਸਫਲਤਾ ਹਾਸਲ ਕਰਨ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹੁਣ ਤੱਕ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਪਾਸ ਕੀਤੀ ਹੈ ਅਤੇ 1,284 ਵਿਦਿਆਰਥੀ ਨੀਟ ਪ੍ਰੀਖਿਆ ਪਾਸ ਕਰ ਚੁੱਕੇ ਹਨ।” ਅਧਿਆਪਕ ਸਿਖਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰਾਂ ਤਹਿਤ ਸ਼ੁਰੂ ਕੀਤੇ ਗਏ ਫਿਨਲੈਂਡ ਅਤੇ ਸਿੰਗਾਪੁਰ ਵਿੱਚ ਅਧਿਆਪਕ ਸਿਖਲਾਈ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ ‘ਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਕਲਾਸਰੂਮ ਸਰਬੋਤਮ ਨਾਲ ਮੁਕਾਬਲਾ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ 13,000 ਅਧਿਆਪਕਾਂ ਅਤੇ ਸਟਾਫ ਦੀ ਭਰਤੀ ਕੀਤੀ ਗਈ ਹੈ ਅਤੇ ਲਗਭਗ 3 ਲੱਖ ਵਿਦਿਆਰਥੀਆਂ ਲਈ ਇੰਗਲਿਸ਼ ਐੱਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 118 ਸਕੂਲ ਆਫ਼ ਐਮੀਨੈਂਸ ਖੋਲ੍ਹੇ ਜਾ ਰਹੇ ਹਨ।” ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਿਹਤਰ ਨੀਤੀ, ਇਰਾਦੇ ਅਤੇ ਅਮਲ ਨਾਲ ਮਿਆਰੀ ਸਿੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਸਾਡੇ ਅਧਿਆਪਕਾਂ ਨੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੇ ਗਏ ਸੁਧਾਰਾਂ ਨੂੰ ਨੀਤੀ ਆਯੋਗ ਵੱਲੋਂ ਹੁਣ ਪ੍ਰਮਾਣਿਤ ਕੀਤਾ ਗਿਆ ਹੈ। ਸਰਕਾਰੀ ਸਕੂਲ ਦੇ ਬੱਚੇ ਸਿਰਫ਼ ਸਿਖਲਾਈ ਹੀ ਨਹੀਂ ਲੈ ਰਹੇ ਸਗੋਂ ਉਹ ਅਗਵਾਈ ਵੀ ਕਰ ਰਹੇ ਹਨ।  

Punjab

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ 13 ਮਈ ਨੂੰ ਰੂਬਰੂ ਹੋਣਗੇ ਐਨ.ਆਰ.ਆਈ. ਮੰਤਰੀ ਡਾ. ਰਵਜੋਤ ਸਿੰਘ

ਚੰਡੀਗੜ੍ਹ, 10 ਮਈ: ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਸਮਾਂਬੱਧ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 13 ਮਈ, 2026 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ (ਭਾਰਤੀ ਸਮੇਂ ਅਨੁਸਾਰ) “ਆਨਲਾਈਨ ਮਿਲਣੀ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਇਸ ਆਨਲਾਈਨ ਮਿਲਣੀ ਦੌਰਾਨ ਉਹ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ, ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸੁਣਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸਬੰਧਤ ਵਿਅਕਤੀ ਆਪਣੀਆਂ ਸ਼ਿਕਾਇਤਾਂ minister.pa@punjab.gov.in ਈਮੇਲ ‘ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ, ਆਨਲਾਈਨ ਮਿਲਣੀ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ https://forms.gle/KKUutEpVTeccLSta6 ਲਿੰਕ ਰਾਹੀਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਰਧਾਰਤ ਦਿਨ ਅਤੇ ਸਮੇਂ ਅਨੁਸਾਰ “ਆਨਲਾਈਨ ਮਿਲਣੀ” ਵਿੱਚ ਸ਼ਾਮਲ ਹੋਣ ਲਈ https://new.bharatvc.nic.in/join/8833894922 ਲਿੰਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੁਆਇਨ ਕਰਨ ਲਈ ਆਈ.ਡੀ. 8833894922 ਅਤੇ ਪਾਸਵਰਡ 742627 ਹੋਵੇਗਾ। ਐਨ.ਆਰ.ਆਈ. ਮੰਤਰੀ ਨੇ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਇਸ “ਆਨਲਾਈਨ ਮਿਲਣੀ” ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾ ਸਕੇ।  

Punjab

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਗੁਰਦਾਸਪੁਰ ਵਲੋਂ ਫਸਲ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਦਾ ਦੌਰਾ

ਗੁਰਦਾਸਪੁਰ, 10 ਮਈ –     ਅੱਜ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਫਸਲ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਆਪਣੀ ਮੌਜੂਦਗੀ ਵਿੱਚ ਖੇਤਾਂ ਵਿੱਚ ਲੱਗੀ ਅੱਗ ਨੂੰ ਫਾਇਰ ਬਿਰਗੇਡ, ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਵਾਇਆ ਗਿਆ। ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ, ਆਦਿਤਿਆ ਅਤੇ ਐਸ.ਡੀ.ਐਮ ਸ੍ਰੀਮਤੀ ਅਨੁਪ੍ਰੀਤ ਕੌਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਠਾਕਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ, ਆਦਿਤਿਆ ਉੱਪਲ, ਅੱਜ ਜਦ ਬਲਾਕ ਕਾਹਨੂੰਵਾਨ ਦੇ ਵੱਖ ਵੱਖ ਪਿੰਡਾਂਕੋਟ ਧੰਦਲ, ਗੋਤ, ਭਿੱਟੇਵਿੰਡ, ਜਾਗੋਵਾਲ ਬਾਂਗਰ, ਕੀੜੀ ਅਤੇ ਨੈਨੇਕੋਟ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਰਸਤੇ ਵਿਚ ਖੇਤਾਂ ਵਿੱਚ ਲੱਗੀ ਅੱਗ ਨੂੰ ਦੇਖਿਆ। ਉਨ੍ਹਾਂ ਵਲੋਂ ਤੁਰੰਤ ਕਾਰ ਰੋਕ ਕੇ, ਖੁਦ ਖੇਤ ਵਿੱਚ ਗਏ ਤੇ ਫਾਇਰ ਬਿਰਗੇਡ ਤੇ ਸਿਵਲ ਤੇ ਪੁਲਿਸ ਦੀਆਂ ਟੀਮਾਂ ਦੇ ਸਹਿਯੋਗ ਨਾਲ ਲੱਗੀ ਅੱਗ ਨੂੰ ਬੁਝਵਾਇਆ। ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚਾ ਪ੍ਰਸ਼ਾਸਨ, ਜਿਸ ਵਿੱਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਹੈ, ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਕਣਕ ਦੀ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਦੇ ਉਹ ਆਪ ਖੁਦ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਮਿਲ ਕੇ ਨਾੜ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਅੱਜ ਐਤਵਾਰ ਵਾਲੇ ਦਿਨ ਵੀ ਸਮੂਹ ਐੱਸ.ਡੀ.ਐੱਮਜ਼, ਡੀ.ਐੱਸ.ਪੀਜ਼, ਕਲੱਸਟਰ ਅਫਸਰ, ਨੋਡਲ ਅਫਸਰ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਰਹੇ ਹਨ, ਤਾਂ ਜੋ ਪਰਾਲੀ/ਨਾੜ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਦੇ ਕਿਸਾਨਾਂ ਨੂੰ ਮਿਲਕੇ ਨਾੜ ਨਾ ਸਾੜਨ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨਾਂ ਵਲੋਂ ਪਰਾਲੀ ਨਾ ਸਾੜਨ ਲਈ ਜਿਲ੍ਹਾ ਪਰਸ਼ਾਸਨ ਨਾਲ ਸਹਿਯੋਗ ਕਰਨ ਦਾ ਯਕੀਨ ਵੀ ਦਿਵਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਬਹੁਤਾਤ ਪਿੰਡਾਂ ਵਿੱਚ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਗਈ ਅਤੇ ਉਨ੍ਹਾਂ ਵਲੋਂ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਦੂਜੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੀ ਅਜਿਹੇ ਕਿਸਾਨਾਂ ਨੂੰ ‘ਵਾਤਾਵਰਣ ਦੇ ਰਖਵਾਲੇ’ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰ ਰਿਹਾ ਹੈ ਅਤੇ ਅਗਾਂਹਵਧੂ ਕਿਸਾਨ ਜੋ ਵਾਤਾਵਰਣ ਨੂੰ ਸਾਫ਼ ਰੱਖਣ ਤੇ ਸਮਾਜ ਭਲਾਈ ਲਈ ਯੋਗਦਾਨ ਪਾ ਰਹੇ ਹਨ, ਜਿਲ੍ਹਾ ਪ੍ਰਸ਼ਾਸਨ ਵੀ ਇਨ੍ਹਾਂ ਦੇ ਨਾਲ ਖੜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕਿਸਾਨਾਂ ਨਾਲ ਪੂਰਨ ਸਹਿਯੋਗ ਕਰ ਰਿਹਾ ਹੈ ਅਤੇ ਜੇਕਰ ਫਿਰ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਮਜਬੂਰਨ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ, ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਮਾਨਵਤਾ ਦੀ ਭਲਾਈ ਲਈ, ਪਰਾਲੀ/ਨਾੜ ਨਾ ਸਾੜਨ ਲਈ ਅਪੀਲ ਕੀਤੀ। ਇਸ ਮੌਕੇ ਐੱਸ ਐੱਸ ਪੀ ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਹੀ ਖੇਤੀ ਕਰ ਦੀ ਅਪੀਲ ਕਰਦਿਆਂ ਕਿਹਾ ਕਿ ਨਾੜ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦ ਹੈ। ਵਾਤਾਵਰਣ ਦੂਸ਼ਿਤ ਹੁੰਦਾ ਹੈ। ਧੂੰਏਁ ਕਾਰਨ ਸੜਕੀ ਹਾਦਸੇ ਵਾਪਰਦੇ ਹਨ। ਪੰਛੀਆਂ ਦੀਆਂ ਜਾਨਾ ਜਾਂਦੀਆਂ ਹਨ। ਸੜਕਾਂ ਕਿਨਾਰੇ ਲੱਗੇ ਬੂਟੇ ਸੜ ਜਾਂਦੇ ਹਨ। ਇਸ ਲਈ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖਦਿਆਂ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਗੁਰਦਾਸਪੁਰ ਪੁਲਿਸ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ  ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸਾਫ਼-ਸੁਥਰੇ ਮਾਹੌਲ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। 

Punjab

ਵਿਧਾਇਕ ਡਾ. ਅਜੇ ਗੁਪਤਾ ਨੇ ਚਾਰ ਵਾਰਡਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਅੰਮ੍ਰਿਤਸਰ, 10 ਮਈ, 2026: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਹਲਕੇ ਦੇ ਚਾਰ ਵਾਰਡਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਵਿਧਾਇਕ ਡਾ. ਗੁਪਤਾ ਨੇ ਵਾਰਡ ਨੰਬਰ 53, ਮੰਦਰ ਰਵਿਦਾਸ ਇੰਦਰਾ ਕਲੋਨੀ, ਵਾਰਡ ਨੰਬਰ 55, ਗਲੀ ਗੋਕੁਲ ਚੰਦ, ਗਲੀ ਖਾਈ ਵਾਲੀ, ਵਾਰਡ ਨੰਬਰ 56, ਗਲੀ ਗੋਸਾਈਆ, ਗਲੀ ਭਈਆ, ਗਲੀ ਸ਼ੇਖਾ ਵਾਲੀ, ਅਤੇ ਵਾਰਡ ਨੰਬਰ 57, ਗਲੀ ਮਾਵਾ ਵਾਲੀ, ਗੰਡੀ ਗਲੀ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 100% ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਦਾ ਕੋਈ ਵੀ ਖੇਤਰ ਵਿਕਾਸ ਤੋਂ ਰਹਿਤ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗਲੀਆਂ ਵਿੱਚ ਸੀਵਰੇਜ ਸਿਸਟਮ ਨੂੰ ਪਹਿਲਾਂ ਸੁਧਾਰਿਆ ਗਿਆ ਸੀ, ਅਤੇ ਹੁਣ ਗਲੀਆਂ ਨੂੰ ਕੰਕਰੀਟ ਦੇ ਫਰਸ਼ ਨਾਲ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਹਲਕੇ ਦੇ ਸਾਰੇ 14 ਵਾਰਡਾਂ ਵਿੱਚ ਵਿਕਾਸ ਕਾਰਜ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ। ਹੁਣ ਸਾਰੇ ਵਾਰਡਾਂ ਵਿੱਚ ਰੋਜ਼ਾਨਾ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲੋਕਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ, ਧਾਰਮਿਕ ਸਥਾਨਾਂ ਦੀ ਯਾਤਰਾ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਨਿਯਮਿਤ ਤੌਰ ‘ਤੇ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਰਵਾਨਾ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ “ਮਾਂ-ਧੀ ਸਵਾਗਤ ਯੋਜਨਾ” ਸ਼ੁਰੂ ਹੋਣ ਵਾਲੀ ਹੈ, ਜਿਸ ਨਾਲ ਔਰਤਾਂ ਵਿੱਚ ਖੁਸ਼ੀ ਆਈ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਉਦੇਸ਼ ਨਾ ਸਿਰਫ਼ ਵਿਕਾਸ ਕਾਰਜ ਕਰਨਾ ਹੈ, ਸਗੋਂ ਹਰ ਘਰ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਆਰਾਮਦਾਇਕ ਵਾਤਾਵਰਣ ਪ੍ਰਦਾਨ ਕਰਨਾ ਵੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਜਲਦੀ ਤੋਂ ਜਲਦੀ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਵਿੱਕੀ ਦੱਤਾ, ਬਲਾਕ ਇੰਚਾਰਜ ਰਿਸ਼ੀ ਕਪੂਰ, ਬਲਾਕ ਇੰਚਾਰਜ ਸਾਜਨ ਪ੍ਰਜਾਪਤੀ, ਸੁਦੇਸ਼ ਕੁਮਾਰ, ਰਿਤੂ ਮਹਾਜਨ, ਚਿਰਾਗ ਕੁਮਾਰ, ਰਾਹੁਲ ਸੇਠੀ, ਚਰਨਜੀਤ ਚੰਨੀ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। 

Punjab

ਨਵੇ ਵਾਰਡ ਨੰਬਰ 20 (ਪੁਰਾਣੇ 13) ਤੋਂ ਆਮ ਆਦਮੀ ਪਾਰਟੀ ਵੱਲੋਂ ਮਾਹੀ ਮਹੰਤ ਉਮੀਦਵਾਰ

ਸੁਨਾਮ, 10 ਮਈ- ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਲਈ ਨਵੇਂ ਵਾਰਡ ਨੰਬਰ 20 (ਪੁਰਾਣੇ 13) ਤੋਂ *ਵਾਰਡ ਵਾਸੀਆਂ ਦੀ ਮੰਗ* ‘ਤੇ ਮਾਹੀ ਮਹੰਤ (ਤੀਜਾ ਲਿੰਗ) ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਐਲਾਨ ਨਾਲ ਪਾਰਟੀ ਨੇ ਸਮਾਜ ਦੇ ਹਰ ਵਰਗ ਨੂੰ ਰਾਜਨੀਤੀ ਵਿੱਚ ਯੋਗ ਪ੍ਰਤਿਨਿਧਿਤਾ ਦੇਣ ਦੇ ਆਪਣੇ ਵਚਨ ਨੂੰ ਦੁਹਰਾਇਆ ਹੈ। ਇਸ ਮੌਕੇ ਮਾਹੀ ਮਹੰਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ‘ਤੇ ਜ਼ਾਹਿਰ ਕੀਤਾ ਗਿਆ ਭਰੋਸਾ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਵਾਰਡ ਨੰਬਰ 20 ਦੇ ਵਾਸੀਆਂ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਉਹ ਇਲਾਕੇ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ, ਸਫ਼ਾਈ ਪ੍ਰਬੰਧ ਨੂੰ ਸੁਧਾਰਨ, ਪੀਣ ਵਾਲੇ ਪਾਣੀ, ਸੜਕਾਂ ਅਤੇ ਸਟਰੀਟ ਲਾਈਟਾਂ ਵਰਗੀਆਂ ਮੁੱਖ ਸਮੱਸਿਆਵਾਂ ਦਾ ਹੱਲ ਕਰਨ ਨੂੰ ਪਹਿਲ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਨਗੇ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਬਹੁਤ ਘੱਟ ਹੁੰਦਾ ਹੈ ਕਿ ਮਹੰਤ ਸਮਾਜ ਵਿਚੋਂ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਜਿਹੜੇ ਮਹੰਤ ਲੋਕਾਂ ਦੇ ਦਰਵਾਜ਼ੇ ‘ਤੇ ਜਾ ਕੇ ਲੋਕਾਂ ਦੀਆਂ ਖੁਸ਼ੀਆਂ ਲਈ ਦੁਆਵਾਂ ਮੰਗਦੇ ਹਨ, ਪਰ ਉਹਨਾਂ ਨੂੰ ਨੁਮਾਇੰਦੇ ਵਜੋਂ ਚੋਣਾਂ ਵਿੱਚ ਬਹੁਤ ਘੱਟ ਉਤਾਰਿਆ ਜਾਂਦਾ ਹੈ। ਵਾਰਡ ਨੰਬਰ 20 ਵਾਸੀਆਂ ਦੀ ਇਹ ਮੰਗ ਸੀ ਕਿ ਮਾਹੀ ਮਹੰਤ ਨੂੰ ਟਿਕਟ ਦਿੱਤੀ ਜਾਵੇ ਤੇ ਉਸੇ ਅਧਾਰ ਮੁਤਾਬਕ ਇਹ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿੱਚ ਪੂਰੀ ਪਾਰਦਰਸ਼ਤਾ ਨਾਲ ਟਿਕਟਾਂ ਵੰਡ ਰਹੀ ਹੈ ਅਤੇ ਕਿਸੇ ਵੀ ਉਮੀਦਵਾਰ ਨੂੰ ਥੋਪਿਆ ਨਹੀਂ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਸਥਾਨਕ ਲੋਕਾਂ ਦੀ ਰਾਏ ਅਤੇ ਜ਼ਮੀਨੀ ਪੱਧਰ ‘ਤੇ ਉਮੀਦਵਾਰਾਂ ਦੀ ਲੋਕਪ੍ਰਿਯਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਪਾਰਟੀ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਰਨਾਂ ਰਾਜਨੀਤਿਕ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਲੱਭਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ, ਜਦਕਿ ਆਮ ਆਦਮੀ ਪਾਰਟੀ ਕੋਲ ਹਰ ਵਾਰਡ ਵਿੱਚ ਕਈ-ਕਈ ਯੋਗ ਅਤੇ ਸਮਰੱਥ ਉਮੀਦਵਾਰ ਮੌਜੂਦ ਹਨ। ਇਹ ਗੱਲ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਅਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਪਾਰਟੀ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਇਸ ਮੌਕੇ ਭਾਗੀਰਥ ਘੀਰਾ, ਰਾਮ ਕੁਮਾਰ, ਹਰੀ ਦੇਵ ਗੋਇਲ, ਨਿਸ਼ਾਨ ਸਿੰਘ ਟੋਨੀ ਸਾਬਕਾ ਪ੍ਰਧਾਨ, ਸ਼ੈਂਕੀ ਖੰਨਾ, ਬਿੱਟੂ ਤਲਵਾੜ, ਸੰਦੀਪ ਜੈਨ, ਸ਼ਾਮਾ ਜੀ, ਵਿਕਰਮ ਘੀਰਾ, ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਚਮਕੌਰ ਹਾਂਡਾ, ਗੁਰਤੇਜ ਨਿੱਕਾ, ਪ੍ਰਿਤਪਾਲ ਸਿੰਘ ਕਾਲਾ ਐਮ ਸੀ ਵੀ ਹਾਜ਼ਰ ਸਨ। 

Punjab

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ: ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ ਕਈ ਘੰਟੇ ਪਹਿਲਾਂ ਤੋਂ ਹੀ ਜਾਗ ਰਹੀ ਹੁੰਦੀ ਸੀ। ਉਨ੍ਹਾਂ ਲਈ ਨੀਂਦ ਲੈਣਾ ਮੁਸ਼ਕਲ ਹੋ ਗਿਆ ਸੀ। ਕਮਰ ਦੇ ਹੇਠਲੇ ਹਿੱਸੇ ਵਿੱਚ ਲਗਾਤਾਰ ਦਰਦ ਰਹਿੰਦਾ ਸੀ, ਜੋ ਖੜ੍ਹੇ ਹੁੰਦੇ ਹੀ ਸਰੀਰ ਦੇ ਇੱਕ ਪਾਸੇ ਵੱਲ ਤੇਜ਼ੀ ਨਾਲ ਫੈਲ ਜਾਂਦਾ ਸੀ। ਹਰ ਸਵੇਰ ਉਨ੍ਹਾਂ ਦੇ ਪੈਰ ਪਹਿਲਾਂ ਨਾਲੋਂ ਵੱਧ ਸੁੱਜੇ ਹੋਏ ਹੁੰਦੇ ਸਨ ਅਤੇ ਰਸੋਈ ਤੱਕ ਤੁਰਨਾ ਵੀ ਥਕਾਵਟ ਭਰਿਆ ਹੋ ਗਿਆ ਸੀ। ਉਹ ਵਿਚਕਾਰ ਰੁਕ ਜਾਂਦੇ, ਇੱਕ ਹੱਥ ਕੰਧ ’ਤੇ ਅਤੇ ਦੂਜਾ ਪੇਟ ’ਤੇ ਰੱਖ ਕੇ ਦਰਦ ਦੇ ਘਟਣ ਦੀ ਉਡੀਕ ਕਰਦੇ ਸਨ। ਦਰਦ ਦੇ ਬਾਵਜੂਦ ਸੁਨੀਤਾ ਨੇ ਆਪਣੇ ਰੋਜ਼ਾਨਾ ਦੇ ਕੰਮ ਜਾਰੀ ਰੱਖੇ ਅਤੇ ਆਸ ਕਰਦੇ ਰਹੇ ਕਿ ਸਮੱਸਿਆ ਆਪਣੇ ਆਪ ਠੀਕ ਹੋ ਜਾਵੇਗੀ। ਪਰ ਜਦੋਂ ਦਰਦ ਅਤੇ ਸੋਜ ਵਧਣ ਲੱਗੀ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਡਾਕਟਰ ਕੋਲ ਜਾਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲ ਰਹੀਆਂ ਸਹੂਲਤਾਂ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਰਜਿਸਟ੍ਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ। ਸੁਨੀਤਾ ਨੇ ਤੁਰੰਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਇਆ ਅਤੇ ਆਪਣੇ ਪਰਿਵਾਰ ਲਈ ਸਿਹਤ ਕਾਰਡ ਬਣਵਾਇਆ। ਇਲਾਜ ਲਈ ਉਨ੍ਹਾਂ ਨੂੰ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਪਤਾ ਲਗਾਇਆ ਕਿ ਉਨ੍ਹਾਂ ਦੇ ਯੂਰੇਟਰ ਵਿੱਚ ਕਿਡਨੀ ਸਟੋਨ ਫਸਿਆ ਹੋਇਆ ਹੈ। ਡਾਕਟਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸ਼ੂਗਰ ਅਤੇ ਗੰਭੀਰ ਸੋਜ ਦਾ ਇਲਾਜ ਕੀਤੇ ਬਿਨਾਂ ਸਰਜਰੀ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਆਪਣਾ ਅਨੁਭਵ ਸਾਂਝਾ ਕਰਦਿਆਂ ਸੁਨੀਤਾ ਰਾਣੀ ਨੇ ਕਿਹਾ, “ਜਦੋਂ ਦਰਦ ਅਸਹਿਣਯੋਗ ਹੋ ਗਿਆ ਤਾਂ ਮੈਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਇਆ ਅਤੇ ਆਪਣੇ ਪਰਿਵਾਰ ਦਾ ਸਿਹਤ ਕਾਰਡ ਬਣਵਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਕਿਡਨੀ ਸਟੋਨ ਦੀ ਪੁਸ਼ਟੀ ਕੀਤੀ। ਮੇਰਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਸੀ ਅਤੇ ਸਰੀਰ ਵਿੱਚ ਕਾਫ਼ੀ ਸੋਜ ਸੀ, ਇਸ ਲਈ ਡਾਕਟਰਾਂ ਨੇ ਪਹਿਲਾਂ ਇਨ੍ਹਾਂ ਦੋਹਾਂ ਸਮੱਸਿਆਵਾਂ ਨੂੰ ਕਾਬੂ ਕਰਨ ਲਈ ਇਲਾਜ ਸ਼ੁਰੂ ਕੀਤਾ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਨਿਯਮਿਤ ਤੌਰ ‘ਤੇ ਹਸਪਤਾਲ ਵਿੱਚ ਚੈਕ-ਅੱਪ ਲਈ ਜਾ ਰਹੀ ਹਾਂ ਅਤੇ ਡਾਕਟਰ ਲਗਾਤਾਰ ਮੇਰੀ ਹਾਲਤ ‘ਤੇ ਨਿਗਰਾਨੀ ਰੱਖ ਰਹੇ ਹਨ। ਹੁਣ ਸੋਜ ਘਟ ਗਈ ਹੈ ਅਤੇ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਲਈ ਮੇਰੀਆਂ ਦਵਾਈਆਂ ਵੀ ਬਦਲ ਦਿੱਤੀਆਂ ਗਈਆਂ ਹਨ।” ਸੁਨੀਤਾ ਰਾਣੀ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦਾ ਇਲਾਜ ਕੈਸ਼ਲੈੱਸ ਤਰੀਕੇ ਨਾਲ ਹੋ ਰਿਹਾ ਹੈ। ਉਹ ਕਹਿੰਦੇ ਹਨ,“ਮੈਨੂੰ ਹੋਰ 10 ਦਿਨਾਂ ਦੇ ਕੋਰਸ ਦਾ ਇਲਾਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਡਾਕਟਰ ਆਪਰੇਸ਼ਨ ਦੀ ਮਿਤੀ ਤੈਅ ਕਰਨਗੇ। ਸ਼ੁਰੂਆਤੀ ਇਲਾਜ ਤੋਂ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਸਰਜਰੀ ਤੱਕ, ਮੈਨੂੰ ਕਿਸੇ ਵੀ ਤਰ੍ਹਾਂ ਦੀ ਰਕਮ ਅਦਾ ਨਹੀਂ ਕਰਨੀ ਪਵੇਗੀ, ਇਹ ਮੇਰੇ ਲਈ ਬਹੁਤ ਵੱਡੀ ਰਾਹਤ ਅਤੇ ਸਕੂਨ ਦੀ ਗੱਲ ਹੈ।” ਡਾਕਟਰਾਂ ਮੁਤਾਬਕ ਸ਼ੂਗਰ, ਸਰੀਰ ਵਿੱਚ ਪਾਣੀ ਦੀ ਕਮੀ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਰਨ ਕਿਡਨੀ ਸਟੋਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚਿਕਿਤਸਾ ਮਾਹਿਰਾਂ ਦਾ ਕਹਿਣਾ ਹੈ ਕਿ ਇਲਾਜ ਵਿੱਚ ਦੇਰੀ ਹੋਣ ਨਾਲ ਗੰਭੀਰ ਇਨਫੈਕਸ਼ਨ ਅਤੇ ਹੋਰ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਸਮੇਂ ਸਿਰ ਜਾਂਚ ਅਤੇ ਡਾਕਟਰੀ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ। ਸੁਨੀਤਾ ਅਤੇ ਉਨ੍ਹਾਂ ਦੇ ਪਰਿਵਾਰ ਲਈ ਮੁੱਖ ਮੰਤਰੀ ਸਿਹਤ ਯੋਜਨਾ ਮੁਸ਼ਕਲ ਸਮੇਂ ਵਿੱਚ ਵੱਡੀ ਰਾਹਤ ਸਾਬਤ ਹੋਈ। ਇਸ ਯੋਜਨਾ ਤਹਿਤ ਉਨ੍ਹਾਂ ਨੂੰ ਤੁਰੰਤ ਰਜਿਸਟ੍ਰੇਸ਼ਨ, ਨਿਯਮਿਤ ਡਾਕਟਰੀ ਨਿਗਰਾਨੀ, ਕਿਫ਼ਾਇਤੀ ਇਲਾਜ ਅਤੇ ਮਾਹਿਰ ਡਾਕਟਰਾਂ ਤੱਕ ਬਿਨਾਂ ਆਰਥਿਕ ਬੋਝ ਦੇ ਪਹੁੰਚ ਮਿਲੀ। ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਇਸ ਨਾਲ ਪਰਿਵਾਰ ਨੂੰ ਇਹ ਭਰੋਸਾ ਮਿਲਿਆ ਕਿ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਹੁਣ ਉਨ੍ਹਾਂ ਦੀ ਪਹੁੰਚ ਵਿੱਚ ਹਨ। ਅੱਜ ਸੁਨੀਤਾ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਕਿਹਾ, “ਹੁਣ ਸੋਜ ਕਾਫ਼ੀ ਘਟ ਗਈ ਹੈ ਅਤੇ ਜਲਦੀ ਹੀ ਮੇਰਾ ਸ਼ੂਗਰ ਲੈਵਲ ਵੀ ਕੰਟਰੋਲ ਵਿੱਚ ਆ ਜਾਵੇਗਾ। ਮੇਰਾ ਇਲਾਜ ਅਜੇ ਵੀ ਜਾਰੀ ਹੈ, ਪਰ ਹੁਣ ਸਿਹਤ ਕਾਰਡ ਦੀ ਮਦਦ ਨਾਲ ਇਲਾਜ ਦੌਰਾਨ ਮੇਰੇ ਮਨ ਵਿੱਚ ਡਰ ਨਹੀਂ, ਸਗੋਂ ਜਲਦੀ ਠੀਕ ਹੋਣ ਦੀ ਉਮੀਦ ਹੈ।” ਭਾਵੁਕ ਹੋ ਕੇ ਸੁਨੀਤਾ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਰਕਾਰੀ ਸਿਹਤ ਯੋਜਨਾਵਾਂ ਪਰਿਵਾਰਾਂ ਨੂੰ ਬਿਨਾਂ ਖਰਚਿਆਂ ਦੀ ਚਿੰਤਾ ਕੀਤੇ ਸਮੇਂ ਸਿਰ ਇਲਾਜ ਦਿਵਾਉਣ ਵਿੱਚ ਮਦਦ ਕਰ ਰਹੀਆਂ ਹਨ।” ਉਨ੍ਹਾਂ ਦੀ ਕਹਾਣੀ ਇਸ ਗੱਲ ਦੀ ਉਦਾਹਰਨ ਹੈ ਕਿ ਸੌਖੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਅਤੇ ਸਮੇਂ ਸਿਰ ਇਲਾਜ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਹਨ, ਆਤਮਵਿਸ਼ਵਾਸ ਵਾਪਸ ਲਿਆ ਸਕਦੇ ਹਨ ਅਤੇ ਮੁਸ਼ਕਲ ਵੇਲੇ ਪਰਿਵਾਰਾਂ ਦਾ ਸਹਾਰਾ ਬਣ ਸਕਦੇ ਹਨ।  

Punjab

ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ”: ਸੰਜੀਵ ਅਰੋੜਾ ਖਿਲਾਫ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਨੇ ਪੰਜਾਬ ਭਰ ਵਿੱਚ ਭਾਜਪਾ ਦਫ਼ਤਰਾਂ ਦਾ ਕੀਤਾ ਘਿਰਾਓ

ਚੰਡੀਗੜ੍ਹ 10 ਮਈ , 2026- ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਸੂਬਾ ਵਿਆਪੀ ਪ੍ਰਦਰਸ਼ਨ ਸ਼ੁਰੂ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਗੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਰੁੱਧ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਭਾਜਪਾ ਦਫ਼ਤਰਾਂ ਦਾ ਘਿਰਾਓ ਕੀਤਾ ਅਤੇ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਹੁਸ਼ਿਆਰਪੁਰ, ਪਟਿਆਲਾ, ਮੋਹਾਲੀ ਅਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ ਕੀਤੇ ਗਏ, ਜਿੱਥੇ ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਡਰਾਉਣ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ‘ਤੇ ਹਰ ਉਸ ਸਿਆਸੀ ਤਾਕਤ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਜੋ ਉਸ ਅੱਗੇ ਝੁਕਣ ਤੋਂ ਇਨਕਾਰ ਕਰਦੀ ਹੈ। ਹੁਸ਼ਿਆਰਪੁਰ ਵਿੱਚ ‘ਆਪ’ ਆਗੂਆਂ ਨੇ ਪੀਐਮ ਮੋਦੀ ਦਾ ਪੁਤਲਾ ਫੂਕਿਆ ਅਤੇ ਭਾਜਪਾ ਦੀਆਂ ਕਾਰਵਾਈਆਂ ਨੂੰ ਵਿਰੋਧੀ ਪਾਰਟੀਆਂ ‘ਤੇ “ਤਾਨਾਸ਼ਾਹੀ ਅਤੇ ਲੋਕਤੰਤਰ ਵਿਰੋਧੀ ਹਮਲਾ” ਕਰਾਰ ਦਿੱਤਾ। ਪਾਰਟੀ ਵਰਕਰਾਂ ਨੇ ਕਿਹਾ ਕਿ ਭਾਜਪਾ ਛਾਪਿਆਂ ਅਤੇ ਜ਼ਬਰਦਸਤੀ ਕਾਰਵਾਈਆਂ ਰਾਹੀਂ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਅਜਿਹੀਆਂ ਚਾਲਾਂ ਅੱਗੇ ਗੋਡੇ ਨਹੀਂ ਟੇਕੇਗਾ। ਸੀਨੀਅਰ ‘ਆਪ’ ਆਗੂ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਨੂੰ ਸਿਆਸੀ ਹਥਿਆਰ ਬਣਾ ਦਿੱਤਾ ਹੈ। ਜਦੋਂ ਵੀ ਭਾਜਪਾ ਨੂੰ ਸਿਆਸੀ ਹਾਰ ਜਾਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਵਿਰੋਧੀ ਆਗੂਆਂ ‘ਤੇ ਕੇਂਦਰੀ ਏਜੰਸੀਆਂ ਨੂੰ ਛੱਡ ਦਿੰਦੀ ਹੈ। ਪਹਿਲਾਂ ਬੰਗਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੁਣ ਪੰਜਾਬ ‘ਤੇ ਹਮਲਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ‘ਆਪ’ ਦੀ ਵਧਦੀ ਲੋਕਪ੍ਰਿਯਤਾ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀ। ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਡਰਾ-ਧਮਕਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਹਰਾ ਨਹੀਂ ਸਕੀ। ਪੰਜਾਬ ਦੇ ਲੋਕ ਦੇਖ ਰਹੇ ਹਨ ਕਿ ਕਿਵੇਂ ਬਦਲਾਖੋਰੀ ਦੀ ਰਾਜਨੀਤੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟਿਆਲਾ ਵਿੱਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਰੋਸ ਮਾਰਚ ਦੀ ਅਗਵਾਈ ਕੀਤੀ ਅਤੇ “ਡਰ ਅਤੇ ਧਮਕਾਉਣ ਦੀ ਰਾਜਨੀਤੀ” ਕਰਨ ਲਈ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ। ਮੋਹਾਲੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਹੀ ਪ੍ਰਦਰਸ਼ਨ ਕੀਤੇ ਗਏ, ਜਿੱਥੇ ‘ਆਪ’ ਵਰਕਰਾਂ ਨੇ ਭਾਜਪਾ ਦਫ਼ਤਰਾਂ ਦੇ ਬਾਹਰ ਇਕੱਠੇ ਹੋ ਕੇ ਸੰਜੀਵ ਅਰੋੜਾ ਵਿਰੁੱਧ ਕੀਤੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਨਿੰਦਾ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ੜਭਾਜਪਾ ਦੀ ਰਾਜਨੀਤੀ ਧਮਕੀਆਂ, ਛਾਪਿਆਂ ਅਤੇ ਜ਼ਬਰਦਸਤੀ ਦੇ ਦੁਆਲੇ ਘੁੰਮਦੀ ਹੈ। ਜਦੋਂ ‘ਆਪ’ ਨੇ ਕੇਂਦਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਪਹਿਲਾਂ ਪੰਜਾਬ ਦੇ ਰਾਜ ਸਭਾ ਮੈਂਬਰਾਂ ‘ਤੇ ਦਬਾਅ ਪਾਇਆ ਅਤੇ ਬਾਅਦ ਵਿੱਚ ਕੈਬਨਿਟ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਸੋਚਿਆ ਕਿ ਪੰਜਾਬ ਨੂੰ ਈਡੀ, ਸੀਬੀਆਈ ਅਤੇ ਇਨਕਮ ਟੈਕਸ ਦੇ ਛਾਪਿਆਂ ਰਾਹੀਂ ਡਰਾਇਆ ਜਾ ਸਕਦਾ ਹੈ। ਪਰ ਪੰਜਾਬੀਆਂ ਦਾ ਜ਼ੁਲਮ ਵਿਰੁੱਧ ਖੜ੍ਹਨ ਦਾ ਇਤਿਹਾਸ ਰਿਹਾ ਹੈ ਅਤੇ ਉਹ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਛਾਪੇਮਾਰੀ ਕਿਉਂ ਬੰਦ ਹੋ ਗਈ? ਇਹ ਭਾਜਪਾ ਦਾ ਅਸਲੀ ਚਿਹਰਾ ਨੰਗਾ ਕਰਦਾ ਹੈ। ਏਜੰਸੀਆਂ ਸਿਰਫ਼ ਉਨ੍ਹਾਂ ਵਿਰੁੱਧ ਸਰਗਰਮ ਹੁੰਦੀਆਂ ਹਨ ਜੋ ਸਿਆਸੀ ਤੌਰ ‘ਤੇ ਉਨ੍ਹਾਂ ਦਾ ਵਿਰੋਧ ਕਰਦੇ ਹਨ। ਜਿਵੇਂ ਹੀ ਕੋਈ ਭਾਜਪਾ ਵਿੱਚ ਸ਼ਾਮਲ ਹੁੰਦਾ ਹੈ, ਸਾਰੀਆਂ ਜਾਂਚਾਂ ਗਾਇਬ ਹੋ ਜਾਂਦੀਆਂ ਹਨ। ‘ਆਪ’ ਆਗੂਆਂ ਨੇ ਦੁਹਰਾਇਆ ਕਿ ਪੰਜਾਬ ਦੇ ਲੋਕ ਸਿਆਸੀ ਬਦਲਾਖੋਰੀ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਵਰਕਰ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ “ਲੋਕਤੰਤਰ ਦੇ ਕਤਲ” ਵਿਰੁੱਧ ਸੜਕਾਂ ‘ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। 

Punjab

ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ, ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ- ਕੇਜਰੀਵਾਲ

ਨਵੀਂ ਦਿੱਲੀ, 10 ਮਈ- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇੱਕ ਫਰਜ਼ੀ ਕੇਸ ਵਿੱਚ ਗ੍ਰਿਫ਼ਤਾਰ ਕਰਨ ਨੂੰ ਪੰਜਾਬ ਦੇ ਲੋਕਾਂ ਦੇ ਭਰੋਸੇ, ਵਿਕਾਸ ਅਤੇ ਭਵਿੱਖ ਨਾਲ ਧੋਖਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਆਗੂਆਂ ਨੇ ਸੰਕਟ ਦੀ ਇਸ ਘੜੀ ਵਿੱਚ ਵੀ ਸੰਜੀਵ ਅਰੋੜਾ ਦੇ ਅਡੋਲ ਰਹਿਣ ਅਤੇ ਭਾਜਪਾ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ‘ਐਕਸ’ (X) ‘ਤੇ ਕਿਹਾ ਕਿ ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ। ਸੰਜੀਵ ਅਰੋੜਾ ਨੇ ਭਾਜਪਾ ਵਿੱਚ ਜਾਣ ਦੀ ਬਜਾਏ ਜੇਲ੍ਹ ਜਾਣਾ ਪਸੰਦ ਕੀਤਾ। ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੰਜੀਵ ਅਰੋੜਾ ਇੱਕ ਅਜਿਹੇ ਆਗੂ ਹਨ ਜੋ ਨਾ ਸਿਰਫ਼ ਇਮਾਨਦਾਰ ਅਤੇ ਮਿਹਨਤੀ ਹਨ, ਸਗੋਂ ਪੰਜਾਬ ਲਈ ਉਨ੍ਹਾਂ ਕੋਲ ਇੱਕ ਸਪਸ਼ਟ ਵਿਜ਼ਨ, ਡੂੰਘੀ ਸਮਝ ਅਤੇ ਬਦਲਾਅ ਦਾ ਜਨੂੰਨ ਵੀ ਹੈ। ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਲਿਆਉਣ ਲਈ ਜਿਸ ਗੰਭੀਰਤਾ ਅਤੇ ਰਫ਼ਤਾਰ ਨਾਲ ਕੰਮ ਕੀਤਾ, ਉਸ ਦੀ ਅੱਜ ਹਰ ਪਾਸੇ ਚਰਚਾ ਹੈ। ਪੰਜਾਬ ਦੇ ਕਿਸੇ ਵੀ ਉਦਯੋਗਪਤੀ ਤੋਂ ਪੁੱਛ ਲਓ- ਸ਼ਾਇਦ ਹੀ ਕੋਈ ਅਜਿਹਾ ਮਿਲੇ ਜੋ ਸੰਜੀਵ ਅਰੋੜਾ ਦੀ ਉਦਯੋਗਿਕ ਨੀਤੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦੀ ਤਾਰੀਫ਼ ਨਾ ਕਰਦਾ ਹੋਵੇ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਵਿਵਸਥਿਤ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕੀਤਾ। ਸਟਰੀਟ ਲਾਈਟਾਂ ਨਾਲ ਸ਼ਹਿਰਾਂ ਨੂੰ ਰੁਸ਼ਨਾਉਣ, ਸੜਕਾਂ ਅਤੇ ਗਲੀਆਂ ਵਿੱਚ ਫੈਲੇ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਵਿਵਸਥਿਤ ਕਰਨ ਅਤੇ ਆਧੁਨਿਕ ਅਰਬਨ ਇੰਫਰਾਸਟਰਕਚਰ ਖੜ੍ਹਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ। ਹਾਲ ਹੀ ਵਿੱਚ ਪਿੰਡਾਂ ਅਤੇ ਖੇਤਾਂ ਵਿੱਚ ਫੈਲੀਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰ-ਗਰਾਊਂਡ ਕਰਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਹਿਮ ਯੋਜਨਾ ਨੂੰ ਜ਼ਮੀਨ ‘ਤੇ ਉਤਾਰਨ ਦੀ ਜ਼ਿੰਮੇਵਾਰੀ ਵੀ ਸੰਜੀਵ ਅਰੋੜਾ ਹੀ ਪੂਰੀ ਮਿਹਨਤ ਅਤੇ ਵਚਨਬੱਧਤਾ ਨਾਲ ਨਿਭਾ ਰਹੇ ਸਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਭਾਜਪਾ ਅਜਿਹੇ ਮਿਹਨਤੀ, ਨਤੀਜੇ ਦੇਣ ਵਾਲੇ ਅਤੇ ਵਿਜ਼ਨਰੀ ਆਗੂ ਨੂੰ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਦੀ ਹੈ, ਤਾਂ ਇਹ ਮਾਮਲਾ ਸਿਰਫ਼ ਇੱਕ ਆਗੂ ਨੂੰ ਪਰੇਸ਼ਾਨ ਕਰਨ ਦਾ ਨਹੀਂ ਰਹਿ ਜਾਂਦਾ, ਸਗੋਂ ਇਹ ਪੰਜਾਬ ਦੀ ਜਨਤਾ ਦੇ ਭਰੋਸੇ, ਪੰਜਾਬ ਦੇ ਵਿਕਾਸ ਅਤੇ ਪੰਜਾਬ ਦੇ ਭਵਿੱਖ ਨਾਲ ਧੋਖਾ ਬਣ ਜਾਂਦਾ ਹੈ। ਅਤੇ ਪੰਜਾਬੀ ਆਪਣੇ ਨਾਲ ਤਾਂ ਕੀ, ਕਿਸੇ ਦੂਜੇ ਨਾਲ ਧੋਖਾ ਕਰਨ ਵਾਲੇ ਨੂੰ ਵੀ ਸਬਕ ਸਿਖਾਉਣਾ ਜਾਣਦੇ ਹਨ। 

Scroll to Top