Actionpunjab

Action Punjab Logo
Breaking News

Author name: Action Punjab

Action Punjab
Punjab

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 465 ਕਰੋੜ ਰੁਪਏ ਤੋਂ ਵੱਧ ਦਾ ਇਲਾਜ; 42 ਲੱਖ ਤੋਂ ਵੱਧ ਕਾਰਡ ਜਾਰੀ

ਚੰਡੀਗੜ੍ਹ, 2 ਮਈ: ਪੰਜਾਬ ਸਰਕਾਰ ਨੇ ਸੂਬੇ ਵਿੱਚ ਲੋਕਾਂ ਨੂੰ ਕਿਫਾਇਤੀ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਅਹਿਮ ਅਪਡੇਟ ਸਾਂਝਾ ਕੀਤਾ ਹੈ । ਹੁਣ ਤੱਕ ਇਸ ਯੋਜਨਾ ਤਹਿਤ 465.36 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਕੀਤਾ ਜਾ ਚੁੱਕਾ ਹੈ, 42 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਗਏ ਹਨ ਅਤੇ 2.77 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਹ ਦਰਸਾਉਂਦਾ ਹੈ ਕਿ ਵੱਡੀ ਗਿਣਤੀ ਵਿੱਚ ਪਰਿਵਾਰ ਸਿਹਤ ਕਾਰਡ ‘ਤੇ ਭਰੋਸਾ ਕਰ ਰਹੇ ਹਨ ਅਤੇ ਇਸਦਾ ਲਾਭ ਲੈ ਰਹੇ ਹਨ। ਇਸ ਸਫ਼ਲਤਾ ਦੇ ਬਾਵਜੂਦ, ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹਨਾਂ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ  ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾਉਣ । ਸਰਕਾਰ ਨੇ ਜ਼ੋਰ ਦਿੱਤਾ ਹੈ ਕਿ ਮੈਡੀਕਲ ਐਮਰਜੈਂਸੀ ਕਿਸੇ ਵੀ ਸਮੇਂ ਆ ਸਕਦੀ ਹੈ ਅਤੇ ਸਮੇਂ ਸਿਰ ਰਜਿਸਟ੍ਰੇਸ਼ਨ ਪਰਿਵਾਰਾਂ ਨੂੰ ਅਜਿਹੇ ਵੇਲੇ ਆਰਥਿਕ ਬੋਝ ਤੋਂ ਬਚਾ ਸਕਦੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ ਨੂੰ ਸੌਖਾ ਅਤੇ ਸਸਤਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਗਭਗ 2.77 ਲੱਖ ਪ੍ਰੀ-ਆਥਰਾਈਜ਼ੇਸ਼ਨ ਬੇਨਤੀਆਂ ‘ਤੇ 465.36 ਕਰੋੜ ਰੁਪਏ ਤੋਂ ਵੱਧ ਖ਼ਰਚ ਅਤੇ 42 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਇਸ ਗੱਲ ਦਾ ਸਪਸ਼ੱਟ ਸਬੂਤ ਹਨ ਕਿ ਲੋਕ ਇਸ ਯੋਜਨਾ ‘ਤੇ ਭਰੋਸਾ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ  ਕਰਦਿਆਂ ਕਿਹਾ ਕਿ ਜਿੰਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਦੇਰੀ ਨਾ ਕਰਨ ਕਿਉਂਕਿ ਇਹ ਯੋਜਨਾ ਲੋੜ ਪੈਣ ਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸਭ ਲਈ ਲਾਭਕਾਰੀ ਹੈ। ਇਸ ਵਿੱਚ ਉਮਰ, ਲਿੰਗ ਜਾਂ ਆਮਦਨ ਦੇ ਆਧਾਰ ‘ਤੇ ਕੋਈ ਸੀਮਾ ਨਹੀਂ ਹੈ। ਇਸ ਕਰਕੇ ਇਹ ਦੇਸ਼ ਦੇ ਸਭ ਤੋਂ ਸਮਾਵੇਸ਼ੀ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਯੋਜਨਾ ਅਧੀਨ ਵੱਧ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਲਈ ਸਰਕਾਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਰੋਜ਼ਾਨਾ ਰਜਿਸਟ੍ਰੇਸ਼ਨ ਕੈਂਪ ਲਗਾ ਰਹੀ ਹੈ। ਇਹ ਕੈਂਪ ਗੁਰਦੁਆਰਿਆਂ, ਪੰਚਾਇਤ ਘਰਾਂ, ਮੰਦਰਾਂ ਅਤੇ ਕਮਿਊਨਿਟੀ ਸੈਂਟਰਾਂ ਵਿਖੇ ਲਗਾਏ ਜਾ ਰਹੇ ਹਨ। ਇੱਥੇ ਸਿੱਖਿਅਤ ਕਰਮਚਾਰੀ ਮੌਜੂਦ ਹੁੰਦੇ ਹਨ,ਜੋ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਦੇ ਹਨ ਅਤੇ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਪੂਰੀ ਕਰਵਾਉਣ ਵਿੱਚ ਮਦਦ ਕਰਦੇ ਹਨI ਸਰਕਾਰ ਨੇ ਲੋਕਾਂ ਵਿੱਚ ਪ੍ਰਚਲਿਤ ਕੁੱਝ ਆਮ ਗਲਤਫਹਿਮੀਆਂ ਵੀ ਦੂਰ ਕੀਤੀਆਂ ਹਨ। ਇਹ ਯੋਜਨਾ ਕੇਵਲ ਗਰੀਬ ਪਰਿਵਾਰਾਂ ਲਈ ਨਹੀਂ, ਸਗੋਂ ਪੰਜਾਬ ਦੇ ਹਰ ਨਿਵਾਸੀ ਲਈ ਹੈ। ਰਜਿਸਟ੍ਰੇਸ਼ਨ ਸੁਖਾਲੀ ਹੈ ਅਤੇ ਕੈਂਪਾਂ ਵਿੱਚ ਪੂਰੀ ਸਹਾਇਤਾ ਉਪਲੱਬਧ ਹੈ। ਇਸ ਯੋਜਨਾ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਲਾਜ ਨਕਦੀ -ਰਹਿਤ ਹੈ। ਹਰ ਪਰਿਵਾਰ ਨੂੰ ਪ੍ਰਤੀ ਵਰ੍ਹੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲਦਾ ਹੈ, ਜਿਸ ਵਿੱਚ ਵੱਡੀਆਂ ਸਰਜਰੀਆਂ ਅਤੇ ਗੰਭੀਰ ਬੀਮਾਰੀਆਂ ਵੀ ਸ਼ਾਮਲ ਹਨ। ਇਸ ਸਬੰਧੀ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਬਹੁਤ ਸੌਖੀ ਹੈ। ਲੋਕ ਬਿਨਾਂ ਕਿਸੇ ਐਪੋਇੰਟਮੈਂਟ ਦੇ, ਆਧਾਰ ਕਾਰਡ ਅਤੇ ਵੋਟਰ ਆਈਡੀ ਵਰਗੇ ਜ਼ਰੂਰੀ ਦਸਤਾਵੇਜ਼ ਨਾਲ ਕਿਸੇ ਵੀ ਕੈਂਪ ਜਾਂ ਕੇਂਦਰ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪ੍ਰਕਿਰਿਆ ਪੂਰੀ ਹੋਣ ‘ਤੇ ਉਨ੍ਹਾਂ ਨੂੰ ਪੁਸ਼ਟੀ ਸਬੰਧੀ ਐਸ.ਐਮ.ਐਸ. ਪ੍ਰਾਪਤ ਹੋ ਜਾਂਦਾ ਹੈ । ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਪਰਿਵਾਰਾਂ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਉਹ ਇਸ ਯੋਜਨਾ ਵਿੱਚ ਰਜਿਸਟ੍ਰੇਸ਼ਨ ਕਰਵਾਉਣ, ਤਾਂ ਜੋ ਕਿਸੇ ਨੂੰ ਵੀ ਪੈਸਿਆਂ ਦੀ ਕਮੀ ਕਾਰਨ ਸਿਹਤ ਸੇਵਾਵਾਂ ਨਾਲ ਸਮਝੌਤਾ ਨਾ ਕਰਨਾ ਪਵੇ।  

Punjab

ਪੰਜਾਬ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਸਟਮ ਨੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਦਿੱਤੀ ਨਵੀਂ ਤਾਕਤ

ਚੰਡੀਗੜ੍ਹ; 2 ਮਈ 2026: ਪੰਜਾਬ ਵਿੱਚ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮਨਸੂਬਿਆਂ ’ਤੇ ਕਰਾਰਾ ਵਾਰ ਕਰਦਿਆਂ, ਪੰਜਾਬ ਪੁਲਿਸ ਹੁਣ ਪੰਜਾਬ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਸਟਮ (ਪੀਏਆਈਐਸ) ਅਧੀਨ ਇਕ ਆਧੁਨਿਕ ਵੌਇਸ ਰਿਕਗਨਿਸ਼ਨ ਸਿਸਟਮ ਨਾਲ ਲੈਸ ਹੋ ਗਈ ਹੈ। ਇਹ ਪ੍ਰਣਾਲੀ ਵਿਦੇਸ਼ਾਂ ਤੋਂ ਚੱਲ ਰਹੇ ਗੈਂਗ ਨੈੱਟਵਰਕਾਂ ਵਿੱਚ ਘੁਸਪੈਠ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਵੱਲ ਭਟਕਾਉਣ ਵਾਲੇ ਤੱਤਾਂ ਤੱਕ ਪਹੁੰਚ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਏਆਈ ਸਿਸਟਮ ਹੇਠ ਏਆਈ ਅਧਾਰਿਤ ਵੌਇਸ ਰਿਕਗਨਿਸ਼ਨ ਸਿਸਟਮ ਵਿੱਚ 84,000 ਤੋਂ ਵੱਧ ਅਪਰਾਧੀਆਂ ਅਤੇ ਸ਼ੱਕੀਆਂ ਦੇ ਵੌਇਸ ਸੈਂਪਲਾਂ ਦਾ ‘ਵੌਇਸ ਬੈਂਕ” ਮੌਜੂਦ ਹੈ। ਵੌਇਸ ਪਛਾਣ ਤੋਂ ਅੱਗੇ ਵਧਦਿਆਂ, ਇਸ ਏਆਈ ਸਿਸਟਮ ਵਿੱਚ 3,90,000 ਤੋਂ ਵੱਧ ਅਪਰਾਧੀਆਂ ਦਾ ਮਜ਼ਬੂਤ ਡਾਟਾਬੇਸ ਏਕੀਕ੍ਰਿਤ ਹੈ, ਜਿਸ ਵਿੱਚ ਉਨ੍ਹਾਂ ਦੀਆਂ ਗੈਂਗ ਸਬੰਧੀ ਜਾਣਕਾਰੀਆਂ ਅਤੇ ਫੋਨੇਟਿਕ ਸਰਚ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸਦਾ ਉੱਨਤ ‘ਗੈਂਗ ਟ੍ਰੀ ਸਰਚ’ ਟੂਲ ਸੰਗਠਿਤ ਅਪਰਾਧੀ ਨੈੱਟਵਰਕ ਦੀ ਪੂਰੀ ਬਣਤਰ ਨੂੰ ਵਿਜ਼ੂਅਲ ਰੂਪ ਵਿੱਚ ਦਰਸਾਉਂਦਾ ਹੈ, ਜਿਸ ਨਾਲ ਸਥਾਨਕ ਅਪਰਾਧਾਂ ਤੋਂ ਉਨ੍ਹਾਂ ਦੇ ਅੰਤਰਰਾਸ਼ਟਰੀ ਮਾਸਟਰਮਾਈਂਡ ਦਾ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬ ਨਾਲ ਸਬੰਧਤ ਲਗਭਗ 60 ਖ਼ਤਰਨਾਕ ਗੈਂਗਸਟਰ ਕੈਨੇਡਾ, ਅਮਰੀਕਾ, ਇਟਲੀ ਸਮੇਤ ਹੋਰ ਦੇਸ਼ਾਂ ਤੋਂ ਸਰਗਰਮ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ‘ਰਿਮੋਟ ਕੰਟਰੋਲ’ ਫਿਰੌਤੀ ਦੇ ਨਵੇਂ ਰੁਝਾਨ ਨਾਲ ਜੂਝ ਰਹੀਆਂ ਹਨ, ਜਿੱਥੇ ਧਮਕੀਆਂ, ਇਨਕ੍ਰਿਪਟਡ ਐਪਾਂ ਅਤੇ ਅੰਤਰਰਾਸ਼ਟਰੀ ਵਰਚੁਅਲ ਨੰਬਰਾਂ ਰਾਹੀਂ ਦਿੱਤੀਆਂ ਜਾਂਦੀਆਂ ਹਨ। ਇਸ ਪ੍ਰਣਾਲੀ ਨਾਲ ਪੰਜਾਬ ਪੁਲਿਸ ਨੂੰ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਤਕਨੀਕੀ ਤੌਰ ’ਤੇ ਉੱਨਤ ਸਹਾਇਤਾ ਮਿਲੀ ਹੈ, ਜਿਸ ਨਾਲ ਸਮਾਰਟ ਅਤੇ ਡਾਟਾ-ਅਧਾਰਿਤ ਪੁਲਿਸਿੰਗ ਸੰਭਵ ਹੋ ਰਹੀ ਹੈ। ਇਹ ਮੁਹਿੰਮ, ਜੋ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਨੂੰ ਸੁਰੱਖਿਅਤ ਬਣਾਉਣ ਦੇ ਆਪਣੇ ਸ਼ੁਰੂਆਤੀ ਉਦੇਸ਼ ਵਿੱਚ ਕਾਮਯਾਬ ਰਹੀ ਹੈ, ਹੁਣ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਮਜ਼ਬੂਤ ਕਰੇਗੀ। ਏਡੀਜੀਪੀ, ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਪ੍ਰਮੋਦ ਬਾਨ ਨੇ ਕਿਹਾ, “ਕਈ ਸਾਲਾਂ ਤੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਤਕਨਾਲੋਜੀ ਦਾ ਗਲਤ ਇਸਤੇਮਾਲ ਕਰਦੇ ਹੋਏ ਸੁਰੱਖਿਅਤ ਠਿਕਾਣਿਆਂ ਤੋਂ ਫਿਰੌਤੀ ਰੈਕਟ ਚਲਾ ਰਹੇ ਹਨ। ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਹੇਠ ਪੀਏਆਈਐਸ ਸਾਡੇ ਲਈ ਫੋਰਸ ਦੀ ਨਵੀਂ ਤਾਕਤ ਸਾਬਤ ਹੋਇਆ ਹੈ, ਜਿਸ ਸਦਕਾ ਅਪਰਾਧ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਕਾਫੀ ਵਧ ਗਈ ਹੈ। ਏਆਈ ਅਧਾਰਿਤ ਵੌਇਸ ਮੈਚਿੰਗ ਸਾਨੂੰ ਕੁੱਝ ਮਿੰਟਾਂ ਵਿੱਚ ਕਾਲਰ ਦੀ ਪਛਾਣ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਅਸੀਂ ਤੇਜ਼ ਅਤੇ ਸਟੀਕ ਕਾਰਵਾਈ ਕਰ ਸਕਦੇ ਹਾਂ।” ਇਹ ਏਆਈ ਸਿਸਟਮ ਅਧਿਕਾਰੀਆਂ ਨੂੰ ਅਪਰਾਧ ਹੋਣ ਤੋਂ ਪਹਿਲਾਂ ਹੀ ਉਸਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਹਾਲੀਆ ਕਾਰਵਾਈਆਂ ਵਿੱਚ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਿਯੋਗੀਆਂ ਦਰਮਿਆਨ ਡਿਜ਼ਿਟਲ ਸੰਚਾਰ ਨੂੰ ਟ੍ਰੈਕ ਕਰਕੇ ਨਿਸ਼ਾਨਾਬੱਧ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਨੂੰ ਸਮੇਂ ਸਿਰ ਨਾਕਾਮ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, “ਪਹਿਲਾਂ ਅਸੀਂ ਵੱਖ-ਵੱਖ ਘਟਨਾਵਾਂ ਨਾਲ ਨਜਿੱਠਦੇ ਸੀ, ਪਰ ਹੁਣ ਪੀਏਆਈਐਸ ਜ਼ਰੀਏ ਅਸੀਂ ਪੂਰੇ ਨੈੱਟਵਰਕ ‘ਤੇ ਨਜ਼ਰ ਰੱਖ ਸਕਦੇ ਹਾਂ—ਭਾਵ ਕੌਣ ਫੰਡਿੰਗ ਕਰ ਰਿਹਾ ਹੈ, ਕੌਣ ਸਹਾਇਤਾ ਕਰ ਰਿਹਾ ਹੈ ਅਤੇ ਕੌਣ ਕਾਰਵਾਈ ਨੂੰ ਅੰਜ਼ਾਮ ਦੇ ਰਿਹਾ ਹੈ। ਇਹ ਇੰਟੈਲੀਜੈਂਸ-ਅਧਾਰਿਤ ਰਵੱਈਆ ਸਾਨੂੰ ਸਿਰਫ਼ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਪੂਰੇ ਨੈੱਟਵਰਕ ਨੂੰ ਤੋੜਨ ਵਿੱਚ ਮਦਦ ਕਰ ਰਿਹਾ ਹੈ।” ਇਸ ਤਕਨਾਲੋਜੀ ਨੇ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੂੰ ਪੂਰੇ ਨੈੱਟਵਰਕ ਦੇ ਖ਼ਾਤਮੇ ਲਈ ਸਮਰੱਥ ਬਣਾਇਆ ਹੈ। ਇਸਦੇ ਨਾਲ ਹੀ ਵਿਸ਼ੇਸ਼ ਫਿਊਜਿਟਿਵ ਟ੍ਰੈਕਿੰਗ ਸੈੱਲ, ਪੀਏਆਈਐਸ ਦੀ ਮਦਦ ਨਾਲ ਇੰਟਰਪੋਲ ਵਰਗੀਆਂ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ ਕਰਕੇ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਹਵਾਲਗੀ ਸਬੰਧੀ ਪ੍ਰਕਿਰਿਆ ਨੂੰ ਤੇਜ਼ ਕਰ ਰਹੇ ਹਨ। ਸ੍ਰੀ ਪ੍ਰਮੋਦ ਬਾਨ ਨੇ ਕਿਹਾ,“ ‘ਗੈਂਗਸਟਰਾਂ ‘ਤੇ ਵਾਰ’ ਹੇਠ ਮਜ਼ਬੂਤ ਕੀਤੇ ਗਏ ਫਿਊਜਿਟਿਵ ਟ੍ਰੈਕਿੰਗ ਸੈੱਲ ਹੁਣ ਪੀਏਆਈਐਸ ਤੋਂ ਮਿਲਣ ਵਾਲੀ ਰੀਅਲ-ਟਾਈਮ ਇੰਟੈਲੀਜੈਂਸ ਨਾਲ ਲੈਸ ਹਨ, ਜਿਸ ਨਾਲ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ ਵਧਿਆ ਹੈ ਅਤੇ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਨੂੰ ਵਾਪਸ ਲਿਆਉਣ ਦੀ ਸਮਰੱਥਾ ਮਜ਼ਬੂਤ ਹੋਈ ਹੈ।” ਉਨ੍ਹਾਂ ਕਿਹਾ, “ਇਹ ਰਵਾਇਤੀ ਪੁਲਿਸਿੰਗ ਤੋਂ ਅੱਗੇ ਵਧਦਿਆਂ ਪ੍ਰਿਡਿਕਟਿਵ ਪੁਲਿਸਿੰਗ ਵੱਲ ਇੱਕ ਵੱਡਾ ਕਦਮ ਹੈ। ਹੁਣ ਅਸੀਂ ਖ਼ਤਰੇ ਦੀ ਪਛਾਣ ਕਰ ਸਕਦੇ ਹਾਂ, ਗੱਲਬਾਤ ਨੂੰ ਟ੍ਰੈਕ ਕਰ ਸਕਦੇ ਹਾਂ ਅਤੇ ਅਪਰਾਧ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰ ਸਕਦੇ ਹਾਂ। ਏਆਈ ਦੀ ਅਸਲੀ ਤਾਕਤ ਇਹੀ ਹੈ। ਸਾਡਾ ਸੁਨੇਹਾ ਸਾਫ਼ ਹੈ—ਅਪਰਾਧੀ ਕਿਤੇ ਵੀ ਹੋਣ,  ਉਨ੍ਹਾਂ ਨੂੰ ਟ੍ਰੈਕ ਕਰਕੇ ਕਾਨੂੰਨ ਦੇ ਕਟਘਰੇ ਵਿੱਚ ਲਿਆਉਣਾ।”  

Punjab

ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਕੋਟਕਪੂਰਾ ਵਿਖੇ ਹੋਈ ਰਸਮੀ ਸ਼ੁਰੂਆਤ : ਡਾ. ਢਿੱਲੋਂ

ਕੋਟਕਪੂਰਾ, 2 ਮਈ (            ) : ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਸਹਿਯੋਗ ਨਾਲ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ-2026 (ਲੜਕੀਆਂ) ਦੀ ਸ਼ੁਰੂਆਤ ਅੱਜ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ਼ ਵਿੱਚ ਸ਼ੁਰੂ ਹੋਈ। ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਐਡਵੋਕੇਟ ਸ੍ਰ. ਹਰਜੀਤ ਸਿੰਘ ਗਰੇਵਾਲ ਸਮੇਤ ਗਿਆਨੀ ਸ਼ਮਸ਼ੇਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ (ਚੱਕਰਵਰਤੀ), ਜਥੇਦਾਰ ਸ਼ੇਰ ਸਿੰਘ ਮੰਡ ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ. ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ ਨੇ ਸਾਂਝੇ ਤੌਰ ’ਤੇ ਲੜਕੀਆਂ ਦੇ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਚੈਂਪੀਅਨਸ਼ਿਪ ਵਿੱਚ ਸ਼ਾਮਲ ਲੜਕੀਆਂ ਸਮੇਤ ਰੈਫਰੀ ਕੌਂਸਲ ਨੂੰ ਅਨੁਸ਼ਾਸਨ ਅਤੇ ਨਿਰਪੱਖ ਜੱਜਮੈਂਟ ਸਬੰਧੀ ਸਹੁੰ ਚੁਕਾਈ ਗਈ। ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਕੁਲਤਾਰ ਸਿੰਘ ਬਰਾੜ, ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ, ਜਨਰਲ ਸਕੱਤਰ ਤਲਵਿੰਦਰ ਸਿੰਘ, ਨੈਸ਼ਨਲ ਕੋਚ ਨਰਿੰਦਰਪਾਲ ਸਿੰਘ ਪਾਰਸ ਅਤੇ ਪੈ੍ਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਦੇਖ-ਰੇਖ ਹੇਠ ਹੋ ਰਹੀ ਇਸ ਚੈਂਪੀਅਨਸ਼ਿਪ ਦੀ ਸਮਾਪਤੀ 3 ਮਈ ਐਤਵਾਰ ਨੂੰ ਸਵੇਰੇ 10:00 ਵਜੇ ਗੁਰੂਕੁਲ ਕਾਲਜ ਵਿੱਚ ਹੋਵੇਗੀ, ਜਿੱਥੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਜੇਤੂ ਟੀਮਾਂ ਨੂੰ ਸਨਮਾਨਿਤ ਕਰਨਗੇ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।   ਸ੍ਰ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਨੇ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਲੜਕੀਆਂ ਨੂੰ ਸਵੈ-ਰੱਖਿਆ ਅਤੇ ਜੰਗਜੂ ਕਲਾ ਵਿੱਚ ਨਿਪੁੰਨ ਕਰਨ ਦਾ ਕਾਰਜ ਸ਼ਲਾਘਾਯੋਗ ਹੈ। ਉਹਨਾ ਡਾ. ਮਨਜੀਤ ਸਿੰਘ ਢਿੱਲੋਂ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਵਿਦਿਅਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਬਹੁਮੁੱਲੀਆਂ ਸੇਵਾਵਾਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਜਥੇਦਾਰ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਅਤੇ ਚੈਂਪੀਅਨਸ਼ਿਪ ਵਿੱਚ ਸ਼ਾਮਲ ਲੜਕੀਆਂ ਦਾ ਉਤਸ਼ਾਹ ਵਧਾਉਂਦਿਆਂ ਇਸ ਚੈਂਪੀਅਨਸ਼ਿਪ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾ ਆਖਿਆ ਕਿ ਦੋਵੇਂ ਦਿਨ ਲੰਗਰ ਦੀ ਅਤੁੱਟ ਸੇਵਾ ਵੀ ਸ਼੍ਰੋਮਣੀ ਕਮੇਟੀ ਵਲੋਂ ਨਿਭਾਈ ਜਾਵੇਗੀ।   ਆਪਣੇ ਸੰਬੋਧਨ ਦੌਰਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੜਕੇ-ਲੜਕੀਆਂ ਨੂੰ ਗੱਤਕਾ ਕਲਾ ਦੇ ਨਾਲ-ਨਾਲ ਹੋਰ ਸਿੱਖ ਖੇਡਾਂ ਲਈ ਵੀ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹਨਾ ਦੱਸਿਆ ਕਿ ਇਹ ਚੈਂਪੀਅਨਸ਼ਿਪ ਸੂਬੇ ਭਰ ਦੀਆਂ ਉਨ੍ਹਾਂ ਹੋਣਹਾਰ ਖਿਡਾਰਨਾਂ ਨੂੰ ਇੱਕ ਢੁਕਵਾਂ ਮੰਚ ਪ੍ਰਦਾਨ ਕਰੇਗੀ ਜੋ ਇਸ ਪ੍ਰਾਚੀਨ ਸਿੱਖ ਜੰਗਜੂ ਕਲਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ। ਇਹ ਪ੍ਰਤੀਯੋਗਤਾ ਯੁੱਧ ਕਲਾ, ਸਵੈ-ਜ਼ਾਬਤਾ, ਮਰਿਆਦਾ ਅਤੇ ਪ੍ਰੰਪਰਾ ਦਾ ਇੱਕ ਅਨੋਖਾ ਸੁਮੇਲ ਪੇਸ਼ ਕਰੇਗੀ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 11 ਜ਼ਿਲ੍ਹਿਆਂ ਦੀਆਂ 250 ਤੋਂ ਵੱਧ ਲੜਕੀਆਂ ਵੱਖ-ਵੱਖ ਉਮਰ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਹਰ ਉਮਰ ਦੀਆਂ ਖਿਡਾਰਨਾਂ ਨੂੰ ਆਪਣੀ ਸਮਰੱਥਾ ਪਰਖਣ ਦਾ ਸੁਨਹਿਰੀ ਮੌਕਾ ਮਿਲੇਗਾ।

Punjab

ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 5 ਉੱਤਮ ਨਗਰ ਵਿਖੇ ਗਲੀਆਂ ਬਣਾਉਣ ਦਾ ਉਦਘਾਟਨ ਕੀਤਾ

ਬਟਾਲਾ, 2 ਮਈ ( ) ਬਟਾਲਾ ਸ਼ਹਿਰ ਅੰਦਰ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਾਰਡ ਨੰਬਰ 5 ਉੱਤਮ ਨਗਰ ਵਿਖੇ ਗਲੀਆਂ ਦਾ ਉਦਘਾਟਨ ਕਰਨ ਉਪਰੰਤ ਕੀਤਾ।ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਹਾਕਿਆਂ ਤੋਂ ਗਲੀਆਂ ਨਾ ਬਣਨ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਉਹ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਰਹੇ ਹਨ।ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਲੋਕਾਂ ਦੀ ਬਾਂਹ ਫੜ੍ਹਦਿਆਂ ਉਨਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਗਲੀ ਨਾ ਬਣਨ ਕਰਕੇ ਲੋਕ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ ਪਰ ਹੁਣ ਉਨਾਂ ਦੀ ਸਾਰ ਲਈ ਗਈ ਹੈ, ਜਿਸ ਨਾਲ ਇਥੋਂ ਦੇ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। 

Punjab

ਸਪੀਕਰ ਕੁਲਤਾਰ ਸੰਧਵਾਂ ਅਤੇ ਵਿਧਾਇਕ ਪੰਡੋਰੀ ਦਾ 'ਮਹਾਰਾਜਾ ਰਣਜੀਤ ਸਿੰਘ ਅਵਾਰਡ' ਨਾਲ ਸਨਮਾਨ

ਮਹਿਲ ਕਲਾਂ, 2 ਮਈ-    ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਦਿਨੀਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ (ਸੋਧ) ਬਿੱਲ-2026′ ਦੇ ਪਾਸ ਹੋਣ ਦੀ ਖੁਸ਼ੀ ਵਿੱਚ ਅੱਜ ਇੱਥੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਸਮੂਹ ਸੰਗਤ ਵਲੋਂ ਵਿਸ਼ੇਸ਼ ਸਮਾਗਮ ਕਰਾਇਆ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਵਿਧਾਇਕ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ (ਪੰਜਾਬ ਵਿਧਾਨ ਸਭਾ) ਸ. ਕੁਲਵੰਤ ਸਿੰਘ ਪੰਡੋਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ‘ਮਹਾਰਾਜਾ ਰਣਜੀਤ ਸਿੰਘ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।  ਇਹ ਸਨਮਾਨ ਪੰਜਾਬ ਸਰਕਾਰ ਵੱਲੋਂ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ (ਸੋਧ) 2026’ ਪਾਸ ਕਰਨ ਦੀ ਖੁਸ਼ੀ ਵਿੱਚ ਦਿੱਤਾ ਗਿਆ ਹੈ। ਇਸ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸਨ ਅਤੇ ਅੱਜ ਮੁੱਖ ਸਮਾਗਮ ਇਸ ਗੁਰਦੁਆਰਾ ਸਾਹਿਬ ਵਿਖੇ ਹੋਇਆ।    ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਲੰਬੇ ਸਮੇਂ ਤੋਂ ਇਹ ਪੀੜ ਸੀ ਕਿ ਬੇਅਦਬੀਆਂ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਜਾਂ ਇਨਸਾਫ਼ ਨਹੀਂ ਸੀ ਮਿਲਦਾ। ਉਨ੍ਹਾਂ ਕਿਹਾ ਕਿ ਆਖ਼ਰ ਮੌਜੂਦਾ ਸਰਕਾਰ ਨੇ ਅਜਿਹਾ ਇਤਿਹਾਸਕ ਕਾਨੂੰਨ ਬਣਾਇਆ ਹੈ, ਜਿਸ ਤਹਿਤ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਖ਼ਤ ਸਜ਼ਾ, ਭਾਰੀ ਜੁਰਮਾਨਾ, ਗੈਰ ਜ਼ਮਾਨਤੀ ਵਿਵਸਥਾ ਰਾਹੀਂ ਯਕੀਨੀ ਬਣਾਇਆ ਗਿਆ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਇਹ ਸੇਵਾ ਗੁਰੂ ਸਾਹਿਬ ਨੇ ਆਪ ਦਇਆ ਕਰਕੇ ਸਾਡੀ ਸਰਕਾਰ ਨੂੰ ਬਖਸ਼ੀ ਹੈ। ਓਹਨਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਵਿਕਾਸਮੁਖੀ ਕੰਮ ਕੀਤੇ ਗਏ ਹਨ ਅਤੇ ਹੁਣ ਵੀ ਕੀਤੇ ਜਾ ਰਹੇ ਹਨ, ਇਸ ਲਈ ਵਿਰੋਧੀਆਂ ਕੋਈ ਹੁਣ ਕੋਈ ਠੋਸ ਮੁੱਦਾ ਨਹੀਂ ਹੈ। ਓਹਨਾਂ ਕਿਹਾ ਕਿ ਚਾਹੇ ਸੜਕਾਂ ਦੀ ਗੱਲ ਹੋਵੇ, ਮੁਫ਼ਤ ਬਿਜਲੀ ਜਾਂ ਨਹਿਰੀ ਪਾਣੀ, ਮਾਨ ਸਰਕਾਰ ਨੇ ਓਹ ਕੰਮ ਕੀਤੇ ਹਨ ਜੋ ਕਿ ਹੁਣ ਤਕ ਕਿਸੇ ਸਰਕਾਰ ਨੇ ਨਹੀਂ ਕੀਤੇ। ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਉਸ ਵਿਧਾਨ ਸਭਾ ਦਾ ਹਿੱਸਾ ਹਨ ਜਿਸ ਵਿੱਚ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਇਹ ਅਹਿਮ ਕਾਨੂੰਨ ਪਾਸ ਹੋਇਆ ਹੈ।  ਓਹਨਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਲਕੇ ਵਿਚ ਕਰੋੜਾਂ ਦੇ ਵਿਕਾਸ ਕੰਮ ਕਰਾਏ ਜਾ ਰਹੇ ਹਨ ਅਤੇ ਤਹਿਸੀਲ ਕੰਪਲੈਕਸ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ, ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਕ੍ਰਿਤਿਕਾ ਗੋਇਲ, ਅਤੇ ਐਸ.ਪੀ. ਅਸ਼ੋਕ ਸ਼ਰਮਾ ਮੌਜੂਦ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ। 

Punjab

ਪੰਜਾਬ ਪੁਲਿਸ ਨੇ ਸੀ.ਆਈ.ਏ. ਮੋਗਾ, ਸਰਹਿੰਦ ਅਤੇ ਸ਼ੰਬੂ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾਏ; ਮ੍ਰਿਤਕ ਬੌਂਬਰ ਦਾ ਮੁੱਖ ਸਾਥੀ ਕਾਬੂ

ਚੰਡੀਗੜ੍ਹ/ਪਟਿਆਲਾ, 2 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪਾਕਿਸਤਾਨ-ਸਮਰਥਿਤ ਆਈ.ਐਸ.ਆਈ. ਅੱਤਵਾਦੀ ਨੈੱਟਵਰਕਾਂ ਨੂੰ ਬੇਅਸਰ ਕਰਦਿਆਂ ਪੰਜਾਬ ਪੁਲਿਸ ਨੇ ਤਿੰਨ ਵੱਡੀਆਂ ਅੱਤਵਾਦੀ ਵਾਰਦਾਤਾਂ – ਸੀ.ਆਈ.ਏ. ਮੋਗਾ ਗ੍ਰਨੇਡ ਹਮਲਾ, ਸਰਹਿੰਦ ਰੇਲਵੇ ਟਰੈਕ ਧਮਾਕਾ ਅਤੇ ਹਾਲ ਹੀ ਵਿੱਚ ਹੋਏ ਸ਼ੰਭੂ ਰੇਲਵੇ ਟਰੈਕ ਧਮਾਕੇ – ਦੇ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦੇ ਮੁੱਖ ਸਾਥੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੇਸਾਂ ਦੀ ਗੁੱਥੀ ਸਫ਼ਲਤਾਪੂਰਵਕ ਸੁਲਝਾ ਲਈ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ। ਇਹ ਆਪ੍ਰੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਅਤੇ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੇ ਬਿਧੀਪੁਰ ਦਾ ਰਹਿਣ ਵਾਲਾ ਹੈ। ਇਹ ਕਾਮਯਾਬੀ, ਸੋਮਵਾਰ ਰਾਤ ਨੂੰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਰੇਲਵੇ ਟਰੈਕ ’ਤੇ ਹੋਏ ਧਮਾਕੇ ਦੀ ਚੱਲ ਰਹੀ ਜਾਂਚ ਦੌਰਾਨ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਉਰਫ਼ ਜੂਪਾ ਉਕਤ ਥਾਂ ’ਤੇ ਆਈ.ਈ.ਡੀ. ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਮੇਂ ਤੋਂ ਪਹਿਲਾਂ ਹੀ ਆਈ.ਈ.ਡੀ ਵਿਸਫੋਟ ਹੋਣ ਕਾਰਨ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਪਹਿਲਾਂ ਹੀ ਚਾਰ  ਕੱਟੜਪੰਥੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਸਤਨਾਮ ਸਿੰਘ ਉਰਫ਼ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰੇਨੇਡ, ਦੋ .30 ਬੋਰ ਪਿਸਤੌਲ, ਆਧੁਨਿਕ ਸੰਚਾਰ ਉਪਕਰਣ ਅਤੇ ਲੈਪਟਾਪ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਮ੍ਰਿਤਕ ਜਗਰੂਪ ਦੇ ਭਰਾ ਸਤਨਾਮ ਉਰਫ਼ ਸੱਤਾ ਦੇ ਖੁਲਾਸੇ ’ਤੇ ਅੱਤਵਾਦੀ ਹਾਰਡਵੇਅਰ ਦਾ ਇੱਕ ਹੋਰ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਇੱਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ), ਹੈਂਡ ਗ੍ਰੇਨੇਡ, ਵਿਸਫੋਟਕ ਅਤੇ ਆਧੁਨਿਕ ਪਿਸਤੌਲਾਂ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਜਿੰਦਰ ਅਤੇ ਜਗਰੂਪ ਲੰਬੇ ਸਮੇਂ ਤੋਂ ਸਾਥੀ ਸਨ ਅਤੇ ਸ਼ੰਭੂ ਧਮਾਕੇ ਵਾਲੇ ਦਿਨ, ਇਹ ਦੋਵੇਂ ਪੁਲਿਸ  ਤੋਂ ਬਚਣ ਲਈ ਵੱਖੋ-ਵੱਖ ਹੋ ਕੇ ਰਾਜਪੁਰਾ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਜਿੰਦਰ ਧਮਾਕੇ ਦੇ ਸਮੇਂ ਮੌਕੇ ’ਤੇ ਮੌਜੂਦ ਸੀ, ਪਰ ਕੁਝ ਦੂਰੀ ’ਤੇ ਖੜ੍ਹਾ ਹੋਣ ਕਰਕੇ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਗੁਰਜਿੰਦਰ ਨੂੰ ਇਹ ਪਤਾ ਲੱਗਾ ਕਿ ਜਗਰੂਪ ਦੀ ਆਈ.ਈ.ਡੀ. ਫਟਣ ਕਾਰਨ ਮੌਤ ਹੋ ਗਈ ਹੈ ਤਾਂ ਉਹ ਮੌਕੇ ਤੋਂ ਭੱਜ ਨਿੱਕਲਿਆ। ਡੀਜੀਪੀ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਦੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ  ਤਿੰਨੋਂ ਅੱਤਵਾਦੀ ਵਾਰਦਾਤਾਂ – 7 ਨਵੰਬਰ, 2025 ਨੂੰ ਸੀਆਈਏ ਮੋਗਾ ਵਿਖੇ ਗ੍ਰਨੇਡ ਹਮਲਾ, 23 ਜਨਵਰੀ, 2026 ਨੂੰ ਸਰਹਿੰਦ ਰੇਲਵੇ ਟਰੈਕ ਧਮਾਕਾ ਅਤੇ 27 ਅਪ੍ਰੈਲ, 2026 ਨੂੰ ਸ਼ੰਭੂ ਧਮਾਕਾ – ਨੂੰ ਮਲੇਸ਼ੀਆ-ਅਧਾਰਤ ਹੈਂਡਲਰਾਂ ਦੇ  ਨਿਰਦੇਸ਼ਾਂ ਹੇਠ ਇਸੇ ਅੱਤਵਾਦੀ ਮਾਡਿਊਲ ਵੱਲੋਂ ਅੰਜਾਮ ਦਿੱਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲੇਸ਼ੀਆ ਅਧਾਰਤ ਹੈਂਡਲਰ  ਅਮਰੀਕਾ ਅਤੇ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਅੱਗੇ ਜੁੜੇ ਹੋਏ ਸਨ। ਉਨ੍ਹਾਂ ਕਿਹਾ,‘‘ਇਸ ਗ੍ਰਿਫਤਾਰੀ ਅਤੇ ਪਹਿਲਾਂ ਦੀਆਂ ਬਰਾਮਦਗੀਆਂ ਨਾਲ ਮੋਗਾ, ਸਰਹਿੰਦ ਅਤੇ ਸ਼ੰਭੂ ਵਿਖੇ ਹੋਈਆਂ ਤਿੰਨੋਂ ਅੱਤਵਾਦੀ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।’’ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਇੱਕ ਖੁਫੀਆ ਕਾਰਵਾਈ ਤਹਿਤ ਮੁੱਖ ਦੋਸ਼ੀ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਅੰਮ੍ਰਿਤਸਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਪਟਿਆਲਾ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪੁਲਿਸ ਦੀ ਗ੍ਰਿਫਤ ਤੋਂ  ਬਚਣ ਲਈ ਇਸ ਮਾਡਿਊਲ ਵੱਲੋਂ ਸਖ਼ਤ ਰੇਡੀਓ ਸਾਈਲੈਂਸ ਬਣਾਈ ਹੋਈ ਸੀ ਅਤੇ ਦੋਸ਼ੀ ਆਪਣੀਆਂ ਗਤੀਵਿਧੀਆਂ ਦੌਰਾਨ ਬਹੁਤ ਸਾਵਧਾਨੀਆਂ ਵਰਤ ਰਹੇ ਸਨ। ਇਸ ਮਾਮਲੇ ਸੰਬਧੀ  ਹੋਰ ਜਾਂਚ ਜਾਰੀ ਹੈ।  

Punjab

‘ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਵਿਰੁਧ ਘੰਟਾ ਘਰ ਵਿਖੇ ਰੋਸ਼ ਪ੍ਰਦਰਸ਼ਨ

*ਲੁਧਿਆਣਾ, 02 ਮਈ 2026*-       ਆਮ ਆਦਮੀ ਪਾਰਟੀ ਦੀ ਟਰੇਡ ਵਿੰਗ ਵਲੋਂ ਅੱਜ ਲੁਧਿਆਣਾ ਦੇ ਘੰਟਾ ਘਰ ਵਿਖੇ ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਦਿਆਂ ਭਾਜਪਾ ’ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਇਸ ਮੌਕੇ ਵਿਧਾਇਕ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਚੇਅਰਮੈਨ ਅਨਿਲ ਠਾਕੁਰ, ਸਾਹਿਲ ਅਗਰਵਾਲ, ਜ਼ਿਲ੍ਹਾ ਇੰਚਾਰਜ ਜਤਿੰਦਰ ਖੰਗੂੜਾ, ਮੀਡੀਅਮ ਸੀਨੀਅਰ ਵਾਈਸ ਇੰਡਸਟਰੀ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਮੈਂਬਰ ਮਹਿਲਾ ਕਮਿਸ਼ਨ ਅਜਿੰਦਰਪਾਲ ਕੌਰ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ‘ਆਪ’ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਇੱਕ ਸੁਰ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ। ਕਾਬਿਲੇਗੌਰ ਹੈ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿੱਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ। 19 ਕਿਲੋ ਵਜ਼ਨੀ ਵਪਾਰਕ ਐੱਲ ਪੀ ਜੀ ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕੀਮਤਾਂ ਵਿੱਚ ਪਹਿਲੀ ਅਪਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐੱਲ ਪੀ ਜੀ ਦੀਆਂ ਦਰਾਂ ’ਚ 1303 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਉਂਜ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਸੱਤ ਮਾਰਚ ਨੂੰ 14.2 ਕਿਲੋ ਵਜ਼ਨੀ ਸਿਲੰਡਰ ਦੀਆਂ ਦਰਾਂ ’ਚ 60 ਰੁਪਏ ਦਾ ਵਾਧਾ ਹੋਇਆ ਸੀ। ਦਿੱਲੀ ਵਿੱਚ ਘਰੇਲੂ ਐੱਲ ਪੀ ਜੀ ਸਿਲੰਡਰ 913 ਰੁਪਏ ਨੂੰ ਪੈਂਦਾ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ), ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਕੌਮਾਂਤਰੀ ਬੈਂਚਮਾਰਕ ਤੇ ਐਕਸਚੇਂਜ ਦਰਾਂ ਦੇ ਆਧਾਰ ਉੱਤੇ ਏ ਟੀ ਐੱਫ ਤੇ ਐੱਲ ਪੀ ਜੀ ਕੀਮਤਾਂ ’ਤੇ ਨਜ਼ਰਸਾਨੀ ਕਰਦੀਆਂ ਹਨ। ਪੱਛਮੀ ਏਸ਼ੀਆ ਜੰਗ ਕਰ ਕੇ ਊਰਜਾ ਸਪਲਾਈ ਚੇਨਾਂ ਵਿੱਚ ਅੜਿੱਕੇ ਆਉਣ ਕਾਰਨ ਆਲਮੀ ਪੱਧਰ ’ਤੇ ਤੇਲ ਕੀਮਤਾਂ ਕਰੀਬ 50 ਫ਼ੀਸਦ ਸ਼ੂਟ ਵਟ ਗਈਆਂ ਹਨ। ‘ਆਪ’ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਨੇ ਘੇਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੋਣਾਂ ਮੌਕੇ ਹੀ ਆਮ ਭਾਰਤੀਆਂ ਨੂੰ ਦਰਪੇਸ਼ ਦੁੱਖ ਤਕਲੀਫ਼ਾਂ ਦੀ ਫ਼ਿਕਰ ਹੁੰਦੀ ਹੈ ਤੇ ਮਗਰੋਂ ਉਨ੍ਹਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ ਜਦਕਿ ਕਿ ਸਿਲੰਡਰਾਂ ਦੀ ਕੀਮਤ ਵਿੱਚ ਭਾਰੀ ਇਜਾਫਾ ਕਰਕੇ ਲੋਕਾਂ ਦੀ ਹੋਰ ਕਮਰ ਤੋੜ ਦਿੱਤੀ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਮਨਪ੍ਰੀਤ ਬੰਟੀ, ਕਾਕਾ ਮਾਛੀਵਾੜਾ, ਵਿਪੁਲ ਸੇਠੀ, ਰਕੇਸ਼ ਕੁਮਾਰ, ਰਾਜ ਕੁਮਾਰ ਅਗਰਵਾਲ ਮੈਂਬਰ ਜੀਐਸਟੀ, ਰਵਿੰਦਰ ਪਾਲ ਸਿੰਘ ਪਾਲੀ, ਦਵਿੰਦਰ ਵਰਮਾ, ਅਜਿੰਦਰ ਪਾਲ ਕੌਰ ਅਤੇ ਹੋਰਨਾ ਸੈਂਕੜੇ ਸਾਥੀ ਮੌਜੂਦ ਸਨ। 

Punjab

ਮੋਹਾਲੀ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ: ਆਪਣਾ ਕਾਰੋਬਾਰ ਸ਼ੁਰੂ ਕਰੋ, ਸਰਕਾਰ ਹਰ ਸੰਭਵ ਮਦਦ ਕਰੇਗੀ

ਸਏਐਸ ਨਗਰ (ਮੋਹਾਲੀ); 2 ਮਈ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲੇ ਬਣਨ ਦੀ ਥਾਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਵੱਲ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਰਗਰਮੀ ਨਾਲ ਇੱਕ ਅਜਿਹਾ ਮਾਹੌਲ ਸਿਰਜ ਰਹੀ ਹੈ ਜਿੱਥੇ ਨੌਜਵਾਨ ਸੂਬਾ ਸਰਕਾਰ ਦੇ ਸਮਰਥਨ ਨਾਲ ਆਪਣੇ ਉੱਦਮ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਜ਼ਰੂਰਤ ਖੁਦ-ਬ-ਖੁਦ ਖਤਮ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਨੌਜਵਾਨਾਂ ਲਈ ਪੰਜਾਬ ਵਿੱਚ ਹੀ ਮੌਕੇ ਪੈਦਾ ਕੀਤੇ ਜਾ ਰਹੇ ਹਨ। ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨਾਲ ਤਿੱਖੀ ਤੁਲਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਖਾਲੀ ਖਜ਼ਾਨੇ ਦੇ ਬਹਾਨੇ ਮਾਰਦੀਆਂ ਰਹਿੰਦੀਆਂ ਸਨ, ਉਨ੍ਹਾਂ ਦੀ ਸਰਕਾਰ ਸਾਫ਼-ਸੁਥਰੇ ਇਰਾਦੇ ਅਤੇ ਫੈਸਲਾਕੁੰਨ ਸ਼ਾਸਨ ਰਾਹੀਂ ਆਪਣੇ ਵਾਅਦਿਆਂ ਤੋਂ ਵੀ ਅੱਗੇ ਲੰਘ ਕੇ ਕੰਮ ਕਰ ਰਹੀ ਹੈ, ਜੋ ਸਾਬਤ ਕਰਦਾ ਹੈ ਕਿ ਸਿਸਟਮ ‘ਚ ਕੋਈ ਕਮੀ ਨਹੀਂ ਸੀ, ਬਲਕਿ ਪੁਰਾਣੇ ਆਗੂਆਂ ਕੋਲ ਰਾਜਨੀਤਿਕ ਇੱਛਾ ਸ਼ਕਤੀ ਦੀ ਹੀ ਘਾਟ ਸੀ। ਅੱਜ ਇੱਥੇ ਮੋਹਾਲੀ ਦੇ ਸਨੇਟਾ ਪਿੰਡ ਵਿਖੇ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਮੁੱਦਾ ਨਾ ਹੋਣ ਕਰਕੇ ਵਿਰੋਧੀ ਧਿਰ ਮੇਰੇ ‘ਤੇ ਝੂਠੇ ਅਤੇ ਬੇਬੁਨਿਆਦ ਨਿੱਜੀ ਦੋਸ਼ ਲਾ ਕੇ ਆਪਣੀ ਨੀਵੇਂ ਪੱਧਰ ਦੀ ਮਾਨਸਿਕਤਾ ਦਿਖਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਸਮੁੱਚੇ ਵਿਕਾਸ ਲਈ ਸਖ਼ਤ ਯਤਨ ਕਰ ਰਹੇ ਹਨ ਜਿਸ ਕਾਰਨ ਵਿਰੋਧੀ ਧਿਰਾਂ ਬੁਖਲਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਆਮ ਆਦਮੀ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਰਕੇ ਵਿਰੋਧੀ ਮੇਰੇ ‘ਤੇ ਬੇਬੁਨਿਆਦ ਅਤੇ ਤਰਕਹੀਣ ਦੋਸ਼ ਲਾ ਰਹੇ ਹਨ, ਜੋ ਸਪੱਸ਼ਟ ਤੌਰ ‘ਤੇ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਲੋਕਾਂ ਦੀ ਦੌਲਤ ਲੁੱਟਣ ਦਾ ਤਾਂ ਕੋਈ ਤਜਰਬਾ ਨਹੀਂ, ਪਰ ਮੈਂ ਆਮ ਲੋਕਾਂ ਦੇ ਦੁੱਖ ਵੰਡਾਉਣ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਜੁਅਰਤ ਜ਼ਰੂਰ ਰੱਖਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸੂਬੇ ਦੀ ਭਲਾਈ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਜਿਸ ਕਾਰਨ ਵਿਰੋਧੀ ਧਿਰ ਬੇਚੈਨੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂ ਇਨ੍ਹਾਂ ਗੱਲਾਂ ਨੂੰ ਹਜ਼ਮ ਨਹੀਂ ਕਰ ਪਾ ਰਹੇ ਜਿਸ ਕਾਰਨ ਉਹ ਵਾਰ-ਵਾਰ ਉਨ੍ਹਾਂ ਵਿਰੁੱਧ ਜ਼ਹਿਰ ਉਗਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟੀਆ ਚਾਲਾਂ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀਆਂ ਅਤੇ ਉਹ ਸੂਬੇ ਦੇ ਸਮੁੱਚੇ ਵਿਕਾਸ ਲਈ ਨੇਕ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਦੇ ਵੀ ਸੂਬੇ ਜਾਂ ਇਸ ਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ, ਜਦਕਿ ਇਸਦੇ ਉਲਟ ਇਨ੍ਹਾਂ ਹੰਕਾਰੀ ਆਗੂਆਂ ਨੇ ਹਮੇਸ਼ਾ ਸੂਬੇ ਲਈ ਕੰਮ ਕਰਨ ਦੀ ਬਜਾਏ ਆਪਣੇ ਪਰਿਵਾਰਕ ਅਤੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਇਹ ਰਵੱਈਆ ਪੰਜਾਬ ਅਤੇ ਇਸ ਦੇ ਲੋਕਾਂ ਦੋਵਾਂ ਲਈ ਨੁਕਸਾਨਦੇਹ ਸਾਬਤ ਹੋਇਆ ਜਿਸ ਕਾਰਨ ਲੋਕ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਈਰਖਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਇੱਕ ਦੂਜੇ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ ਅਤੇ ਸੱਤਾ ਵਿੱਚ ਰਹਿੰਦਿਆਂ ਇੱਕ ਦੂਜੇ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੱਤਾ ਦੀ ਕੁਰਸੀ ਦੀ ਖੇਡ ਖੇਡਦੇ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਪਾਰਟੀ ਨੇ ਲੋਕਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਗਠਜੋੜ ਨੂੰ ਬੇਨਕਾਬ ਕਰਕੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੁਣ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ 5 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਆਗੂਆਂ ਦੀ ਦਲ ਬਦਲੀ ਵਿਰੁੱਧ ਸਖ਼ਤ ਉਪਬੰਧਾਂ ਦੀ ਮੰਗ ਕਰਨਗੇ ਕਿਉਂਕਿ ਇਹ ਲੋਕਾਂ ਦੇ ਫਤਵੇ ਦਾ ਘੋਰ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਮੌਕਾਪ੍ਰਸਤ ਆਗੂ ਆਪਣੇ ਸਵਾਰਥਾਂ ਦੀ ਪੂਰਤੀ ਲਈ ਆਪਣੀਆਂ ਇੱਛਾਵਾਂ ਅਨੁਸਾਰ ਆਪਣੀਆਂ ਪਾਰਟੀਆਂ ਬਦਲਦੇ ਰਹਿੰਦੇ ਹਨ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਲੋਕਾਂ ਦੇ ਫਤਵੇ ਦੀ ਪਿੱਠ ਵਿੱਚ ਛੁਰਾ ਮਾਰਦੇ ਹਨ ਜੋ ਕਿ ਪੂਰੀ ਤਰ੍ਹਾਂ ਅਣਉਚਿਤ ਹੈ ਅਤੇ ਇਸ ਨੂੰ ਰੋਕਣ ਲਈ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 70 ਤੋਂ ਵੱਧ ਸਾਲਾਂ ਦੇ ਸਮੇਂ ਤੋਂ ਰਵਾਇਤੀ ਪਾਰਟੀਆਂ ਨੇ ਸੂਬੇ ਨੂੰ ਰੱਜ ਕੇ ਲੁੱਟਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਪਿਛਾਂਹਖਿੱਚੂ ਅਤੇ ਫੁੱਟਪਾਊ ਨੀਤੀਆਂ ਕਾਰਨ ਸੂਬਾ ਵਿਕਾਸ ਦੀ ਗਤੀ ਤੋਂ ਪਛੜ ਗਿਆ ਜਿਸ ਕਾਰਨ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਰਾਜ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਹੈ ਅਤੇ ਪਹਿਲੀ ਵਾਰ ਕਿਸੇ ਸਰਕਾਰ ਨੇ ਇੰਨੇ ਘੱਟ ਸਮੇਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਸਰਕਾਰ ਦੀ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬੇ ਦਾ ਵਿਕਾਸ ਲੀਹ ‘ਤੇ ਪੈ ਚੁੱਕਾ ਹੈ ਅਤੇ ਹੁਣ ਪੰਜਾਬ ਸਰਕਾਰ ਹਰ ਆਏ ਦਿਨ ਆਪਣੀ ਕੰਮ ਅਤੇ ਸੂਬੇ ਦੇ ਵਿਕਾਸ ਦੀ ਰਫ਼ਤਾਰ ਨੂੰ ਲਗਾਤਾਰ ਵਧਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ 70 ਸਾਲਾਂ ਦਾ ਪਾੜਾ ਭਰ ਗਿਆ ਹੈ ਅਤੇ ਰੰਗਲਾ ਪੰਜਾਬ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, “ਆਪ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜਿਸਨੇ ਆਪਣੇ ਮੈਨੀਫੈਸਟੋ ਨੂੰ ਇੰਨ-ਬਿੰਨ ਲਾਗੂ ਕੀਤਾ ਹੈ ਅਤੇ ਲੋਕਾਂ ਦੁਆਰਾ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਗਿਆ ਹੈ। ਅਕਾਲੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਐਸ਼ੋ-ਆਰਾਮ ਅਤੇ ਖੁਸ਼ਹਾਲੀ ਦੇ ਨਾਲ ਇੱਕ ਸੁਰੱਖਿਅਤ ਤੇ ਆਰਾਮਦਾਇਕ ਮਾਹੌਲ ਵਿੱਚ ਬਿਤਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇੱਕ ਕਾਨਵੈਂਟ ਤੋਂ ਪੜ੍ਹੇ-ਲਿਖੇ ਰਾਜਨੀਤਿਕ ਨੇਤਾ ਹਨ ਜੋ ਸੂਬੇ ਦੀ ਮੁੱਢਲੀ ਭੂਗੋਲਿਕ ਸਥਿਤੀ ਤੋਂ ਜਾਣੂ ਨਹੀਂ ਹਨ ਪਰ ਪੰਜਾਬ ਵਿੱਚ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ, ਜੇ ਸਭ ਛੱਡ ਕੇ ਵੀ ਦੇਖੀਏ, ਸਾਬਕਾ ਉਪ ਮੁੱਖ ਮੰਤਰੀ ਸੂਬੇ ਦੀਆਂ ਆਮ ਫਸਲਾਂ ‘ਚ ਫਰਕ ਵੀ ਨਹੀਂ ਦੱਸ ਸਕਦੇ ਕਿਉਂਕਿ ਉਨ੍ਹਾਂ ਨੂੰ ਬੁਨਿਆਦੀ ਮੁੱਦਿਆਂ ਬਾਰੇ ਵੀ ਜਾਣਕਾਰੀ ਦੀ ਕਾਫ਼ੀ ਘਾਟ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਪਾਪ ਮੁਆਫ਼ ਕਰਨ ਦੇ ਯੋਗ ਨਹੀਂ ਹਨ ਅਤੇ ਇਨ੍ਹਾਂ ਨੂੰ

Punjab

ਮਾਨ ਸਰਕਾਰ ਦੇ ਇਮਾਨਦਾਰ ਸ਼ਾਸਨ ਸਦਕਾ ਪੰਜਾਬ ਦੇ ਮਾਲੀਏ ਵਿੱਚ ਰਿਕਾਰਡ ਵਾਧਾ- ਕੇਜਰੀਵਾਲ

ਨਵੀਂ ਦਿੱਲੀ, 02 ਮਈ-  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਇਸ ਵਾਰ ਰਿਕਾਰਡ ਜੀਐਸਟੀ ਇਕੱਠਾ ਕੀਤਾ ਹੈ। ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਇਸ ਸਭ ਤੋਂ ਵੱਧ ਮਾਲੀਆ ਵਾਧੇ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੇ ਇਮਾਨਦਾਰ ਸ਼ਾਸਨ ਨੂੰ ਸਿਹਰਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਪੈਸਾ ਨਾ ਹੋਣ ਦਾ ਬਹਾਨਾ ਬਣਾਉਂਦੀਆਂ ਸਨ, ਪਰ ਸੀ.ਐਮ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ ਨੇ ਇਸ ਸੱਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ ਗੱਲ ਸਿਰਫ਼ ਪੈਸੇ ਦੀ ਨਹੀਂ, ਸਗੋਂ ਨੇਕ ਨੀਅਤ ਦੀ ਸੀ।   ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ‘ਐਕਸ’ ‘ਤੇ ਸਾਂਝੀ ਕੀਤੀ ਗਈ ਜੀ.ਐਸ.ਟੀ. ਸੰਗ੍ਰਹਿ ਦੀ ਜਾਣਕਾਰੀ ਨੂੰ ਰੀ-ਟਵੀਟ ਕਰਦਿਆਂ ਕਿਹਾ ਕਿ ਦਹਾਕਿਆਂ ਤੱਕ ਸਰਕਾਰਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ‘ਪੈਸੇ ਨਹੀਂ ਹਨ’ ਦਾ ਬਹਾਨਾ ਬਣਾਉਂਦੀਆਂ ਰਹੀਆਂ। ਪਰ ਅੱਜ ਪੰਜਾਬ ਨੇ ਇਸ ਸੱਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ ਗੱਲ ਸਿਰਫ਼ ਪੈਸੇ ਦੀ ਨਹੀਂ, ਸਗੋਂ ਨੇਕ ਇਰਾਦੇ ਦੀ ਸੀ। ਇਮਾਨਦਾਰ ਸ਼ਾਸਨ ਸਦਕਾ ਪੰਜਾਬ ਦੇ ਮਾਲੀਏ ਵਿੱਚ ਰਿਕਾਰਡ ਵਾਧਾ ਹੋਇਆ ਹੈ ਅਤੇ ਹੁਣ ਉਸ ਪੈਸੇ ਦੀ ਵਰਤੋਂ ਪੰਜਾਬ ਦੀ ਜਨਤਾ ਦੀ ਸੇਵਾ ਵਿੱਚ ਕੀਤੀ ਜਾ ਰਹੀ ਹੈ। ਇਹੀ ਹੈ ਆਮ ਆਦਮੀ ਪਾਰਟੀ ਦਾ ਮਾਡਲ।   ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਇਸ ਨੂੰ ਇੱਕ ਸ਼ਾਨਦਾਰ ਪ੍ਰਾਪਤੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਜੀ.ਐਸ.ਟੀ. ਸੰਗ੍ਰਹਿ ਵਿੱਚ ਇਤਿਹਾਸਕ 66 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਹ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ। ਇਹ ਸਾਰੇ ਪ੍ਰਮੁੱਖ ਰਾਜਾਂ ਅਤੇ ਰਾਸ਼ਟਰੀ ਔਸਤ ਨਾਲੋਂ ਵੀ ਵੱਧ ਹੈ, ਜੋ ਕਿਸੇ ਵੀ ਰਾਜ ਦੁਆਰਾ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ।      

Punjab

ਪੰਜਾਬ ਵੱਲੋਂ ਨਵਾਂ ਮੀਲ ਪੱਥਰ ਕਾਇਮ: ਸ਼ੁਰੂਆਤ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਜੀ.ਐਸ.ਟੀ. ਪ੍ਰਾਪਤੀ, ਵਿਕਾਸ ਦਰ ਵਿੱਚ ਭਾਰਤ 'ਚ ਸੱਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ, 2 ਮਈ , 2026*- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪ੍ਰੈਲ 2026 ਲਈ ਟੈਕਸ ਮਾਲੀਏ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਸੂਬੇ ਨੇ ਜੀ.ਐਸ.ਟੀ. ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਆਪਣਾ ਸਭ ਤੋਂ ਵੱਧ ਮਹੀਨਾਵਾਰ ਵਸਤੂਆਂ ਅਤੇ ਸੇਵਾ ਕਰ (ਜੀ.ਐਸ.ਟੀ.) ਹਾਸਲ ਕੀਤਾ ਹੈ, ਅਤੇ ਇਸ ਦੇ ਨਾਲ ਹੀ ਕੁੱਲ ਜੀ.ਐਸ.ਟੀ. ਮਾਲੀਆ ਵਿਕਾਸ ਦਰ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਬੇਮਿਸਾਲ ਪ੍ਰਾਪਤੀ ਦਾ ਵੇਰਵਾ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਨੇ ਕਿਹਾ, “ਸੂਬੇ ਨੇ 2725.08 ਕਰੋੜ ਦੇ ਸ਼ੁੱਧ ਜੀ.ਐਸ.ਟੀ. ਦੇ ਨਾਲ 2987.38 ਕਰੋੜ ਦਾ ਕੁੱਲ ਜੀ.ਐਸ.ਟੀ. ਦਰਜ ਕੀਤਾ ਹੈ। ਇਹ ਸ਼ਾਨਦਾਰ ਪ੍ਰਦਰਸ਼ਨ ਸਾਲ-ਦਰ-ਸਾਲ ਦੇ ਆਧਾਰ ‘ਤੇ ਸ਼ੁੱਧ ਜੀ.ਐਸ.ਟੀ. ਵਿੱਚ 70.70% ਦੇ ਜ਼ਬਰਦਸਤ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਅਪ੍ਰੈਲ 2025 ਦੀ ਸਾਡੀ ਪ੍ਰਾਪਤੀ ਦੇ ਮੁਕਾਬਲੇ ਲਗਭਗ 1,129 ਕਰੋੜ ਰੁਪਏ ਦੇ ਪ੍ਰਭਾਵਸ਼ਾਲੀ ਵਾਧੇ ਵਿੱਚ ਤਬਦੀਲ ਹੋਇਆ।” ਕੌਮੀ ਪੱਧਰ ‘ਤੇ ਪੰਜਾਬ ਦੀ ਸਥਿਤੀ ਬਾਰੇ ਵਿਸਥਾਰ ਦਿੰਦੇ ਹੋਏ, ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ, “ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਨੇ ਪੋਸਟ-ਸੈਟਲਮੈਂਟ ਜੀ.ਐਸ.ਟੀ. ਵਿੱਚ 66% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੇ 1,795 ਕਰੋੜ ਰੁਪਏ ਤੋਂ ਵੱਧ ਕੇ 2,987 ਕਰੋੜ ਰੁਪਏ ਹੋ ਗਿਆ ਹੈ। ਇਹ ਸਾਨੂੰ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸੂਬੇ ਵਜੋਂ ਸਥਾਪਿਤ ਕਰਦਾ ਹੈ, ਜੋ ਸਰਬ-ਭਾਰਤੀ ਵਿਕਾਸ ਔਸਤ ਨੂੰ ਕਾਫ਼ੀ ਪਿੱਛੇ ਛੱਡਦਾ ਹੈ ਅਤੇ ਸਾਰੇ ਉੱਤਰੀ ਭਾਰਤੀ ਸੂਬਿਆਂ ਵਿੱਚ ਮੋਹਰੀ ਹੈ।” ਵਿੱਤੀ ਅੰਕੜਿਆਂ ਦੇ ਸੰਦਰਭ ਵਿੱਚ ਜਾਣਕਾਰੀ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਨੇ ਕਿਹਾ, “ਹਾਲਾਂਕਿ ਸਾਲ-ਦਰ-ਸਾਲ ਦੀ ਤੁਲਨਾ ਅਪ੍ਰੈਲ 2025 ਤੋਂ 859 ਕਰੋੜ ਰੁਪਏ ਦੇ ਅਸਧਾਰਨ ਆਈ.ਜੀ.ਐਸ.ਟੀ. ਐਡਜਸਟਮੈਂਟ ਦੁਆਰਾ ਪ੍ਰਭਾਵਿਤ ਹੈ, ਇਸ ਕਾਰਕ ਨੂੰ ਨਿਰਪੱਖ ਕਰਨ ‘ਤੇ 12.57% ਦਾ ਐਡਜਸਟ ਕੀਤਾ ਕੁੱਲ ਵਾਧਾ ਅਤੇ 10.97% ਦਾ ਐਡਜਸਟ ਕੀਤਾ ਸ਼ੁੱਧ ਵਾਧਾ ਸਾਹਮਣੇ ਆਉਂਦਾ ਹੈ। ਇਹ ਸਪੱਸ਼ਟ ਤੌਰ ‘ਤੇ ਟੈਕਸ ਪ੍ਰਸ਼ਾਸਨ ਅਤੇ ਪਾਲਣਾ ਵਿੱਚ ਸਾਡੇ ਨਿਰੰਤਰ ਸੁਧਾਰਾਂ ਨੂੰ ਦਰਸਾਉਂਦਾ ਹੈ।” ਇਸ ਵਿੱਤੀ ਮੀਲ ਪੱਥਰ ਦਾ ਸਿਹਰਾ ਸਖ਼ਤ ਪ੍ਰਸ਼ਾਸਨਿਕ ਉਪਾਵਾਂ ਨੂੰ ਦਿੰਦਿਆਂ, ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ, “ਸਾਡੇ ਮਜ਼ਬੂਤ ਜੀ.ਐਸ.ਟੀ. ਵਾਧੇ ਦਾ ਸਿਹਰਾ ਪੂਰੇ ਪੰਜਾਬ ਵਿੱਚ ਤੇਜ਼ ਕੀਤੀਆਂ ਗਈਆਂ ਇਨਫੋਰਸਮੈਂਟ ਗਤੀਵਿਧੀਆਂ ਨੂੰ ਜਾਂਦਾ ਹੈ। ਡੇਟਾ ਐਨਾਲਿਟਿਕਸ ਦੀ ਵਿਆਪਕ ਵਰਤੋਂ, ਤਾਲਮੇਲ ਵਾਲੀ ਫੀਲਡ ਕਾਰਵਾਈ ਅਤੇ ਖੁਫੀਆ ਜਾਣਕਾਰੀ ‘ਤੇ ਅਧਾਰਤ ਨਿਰੀਖਣਾਂ ਰਾਹੀਂ, ਅਸੀਂ 175 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਉਣ ਵਿੱਚ ਸਫਲ ਰਹੇ ਹਾਂ। ਇਸ ਤੋਂ ਇਲਾਵਾ, ਇਸ ਅਪ੍ਰੈਲ ਵਿੱਚ ਆਇਰਨ ਅਤੇ ਸਟੀਲ ਸੈਕਟਰ ਵਿੱਚ ਇੱਕ ਵਿਸ਼ੇਸ਼ ਟੈਕਸ ਚੋਰੀ ਵਿਰੋਧੀ ਮੁਹਿੰਮ ਦੌਰਾਨ, ਅਸੀਂ ਇੱਕ ਹੀ ਦਿਨ ਵਿੱਚ ਲਗਭਗ 200 ਵਾਹਨਾਂ ਨੂੰ ਜ਼ਬਤ ਕਰਕੇ ਇੱਕ ਰਿਕਾਰਡ ਇਨਫੋਰਸਮੈਂਟ ਡਰਾਈਵ ਚਲਾਈ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਮਾਲੀਆ ਅਧਾਰ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ, “ਜੀ.ਐਸ.ਟੀ. ਮਾਲੀਆ ਇਕੱਤਰ ਕਰਨ ਵਿੱਚ ਪੰਜਾਬ ਦਾ ਚੋਟੀ ਦਾ ਸਥਾਨ ਕਰ ਵਿਭਾਗ ਦੀ ਕੇਂਦਰਿਤ ਰਣਨੀਤੀ ਦਾ ਪ੍ਰਮਾਣ ਹੈ, ਜੋ ਕਿ ਤਕਨਾਲੋਜੀ-ਸੰਚਾਲਿਤ ਇਨਫੋਰਸਮੈਂਟ ਨੂੰ ਅਸਲ ਟੈਕਸਦਾਤਾਵਾਂ ਦੀ ਸਹੂਲਤ ਨਾਲ ਪੂਰੀ ਤਰ੍ਹਾਂ ਜੋੜਦਾ ਹੈ। ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸਦਾਤਾਵਾਂ ਲਈ ਨਿਰਪੱਖ, ਪਾਰਦਰਸ਼ੀ ਅਤੇ ਸਹਾਇਕ ਟੈਕਸ ਪ੍ਰਣਾਲੀ ਨੂੰ ਯਕੀਨੀ ਬਣਾਉਂਦੇ ਹੋਏ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।” 

Scroll to Top