Actionpunjab

Action Punjab Logo
Breaking News

Author name: Action Punjab

Action Punjab
Punjab

ਯੁੱਧ ਨਸ਼ਿਆਂ ਵਿਰੁੱਧ’ 417ਵੇਂ ਦਿਨ ਵਿੱਚ ਦਾਖਲ, ਨਸ਼ਿਆਂ ਵਿਰੁੱਧ ਪੰਜਾਬ ਦੀ ਲਗਾਤਾਰ ਜਾਰੀ ਜੰਗ ਵਿੱਚ 60,000 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ: ਬਲਤੇਜ ਪੰਨੂ*

ਚੰਡੀਗੜ੍ਹ, 23 ਅਪ੍ਰੈਲ 2026*   ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਦੋ ਪ੍ਰਮੁੱਖ ਮੁਹਿੰਮਾਂ, ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ਤੇ ਵਾਰ’, ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮਾਂ ਪੰਜਾਬ ਵਿੱਚੋਂ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਨੂੰ ਜੜ੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਦੇ ਪੱਕੇ ਇਰਾਦੇ ਨੂੰ ਦਰਸਾਉਂਦੀਆਂ ਹਨ।   ਗੈਂਗਸਟਰ ਵਿਰੋਧੀ ਮੁਹਿੰਮ ਦੀ ਪ੍ਰਗਤੀ ਬਾਰੇ ਚਾਨਣਾ ਪਾਉਂਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਗੈਂਗਸਟਰਾਂ ਤੇ ਵਾਰ’ ਮੁਹਿੰਮ ਨੇ 92 ਦਿਨ ਪੂਰੇ ਕਰ ਲਏ ਹਨ ਅਤੇ ਇਕੱਲੇ 92ਵੇਂ ਦਿਨ ਹੀ ਪੰਜਾਬ ਪੁਲਿਸ ਨੇ 254 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 4 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ 23,140 ਤੱਕ ਪਹੁੰਚ ਗਈ ਹੈ, ਜਦਕਿ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ 79 ਵਿਅਕਤੀਆਂ ਵਿੱਚੋਂ 61 ਨੂੰ ਪੂਰੀ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਮੁਹਿੰਮ ਵਿੱਚ ਜਨਤਕ ਭਾਗੀਦਾਰੀ ‘ਤੇ ਜ਼ੋਰ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋੜੀਂਦੇ ਗੈਂਗਸਟਰਾਂ ਬਾਰੇ ਜਾਣਕਾਰੀ ਮੰਗਣ ਲਈ ਜਨਤਕ ਅਪੀਲ ਕੀਤੀ ਸੀ ਅਤੇ ਨਾਗਰਿਕਾਂ ਨੇ ਇਸ ਦਾ ਭਰਵਾਂ ਹੁੰਗਾਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਸਮਰਪਿਤ ਹੈਲਪਲਾਈਨ ਨੰਬਰ 93946-93946 ਸਥਾਪਤ ਕੀਤਾ ਗਿਆ ਹੈ, ਜਿੱਥੇ ਲੋਕ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਂਦੀ ਹੈ।   ਨਸ਼ਾ ਵਿਰੋਧੀ ਮੁਹਿੰਮ ਬਾਰੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਆਪਣੇ 417ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਅਤੇ 417ਵੇਂ ਦਿਨ ਪੰਜਾਬ ਪੁਲਿਸ ਨੇ 98 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 1.1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 60,000 ਨੂੰ ਪਾਰ ਕਰ ਗਈ ਹੈ, ਜੋ ਕਿ ਨਸ਼ਿਆਂ ਵਿਰੁੱਧ ਪੰਜਾਬ ਦੀ ਜੰਗ ਵਿੱਚ ਇੱਕ ਵੱਡੀ ਪ੍ਰਾਪਤੀ ਹੈ।   ਦੋਵਾਂ ਮੁਹਿੰਮਾਂ ਦੀ ਸਫਲਤਾ ਦਾ ਸਿਹਰਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮਾਨ ਸਰਕਾਰ ਦੀ ਅਟੱਲ ਵਚਨਬੱਧਤਾ ਅਤੇ ਪੰਜਾਬ ਦੇ ਲੋਕਾਂ ਦੇ ਸਰਗਰਮ ਸਹਿਯੋਗ ਨੇ ਇਨ੍ਹਾਂ ਮੁਹਿੰਮਾਂ ਦੀ ਸਫਲਤਾ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਦੁਹਰਾਇਆ ਕਿ ਇਹ ਮੁਹਿੰਮਾਂ ਉਦੋਂ ਤੱਕ ਪੂਰੀ ਤਾਕਤ ਨਾਲ ਜਾਰੀ ਰਹਿਣਗੀਆਂ ਜਦੋਂ ਤੱਕ ਪੰਜਾਬ ਨਸ਼ਿਆਂ ਅਤੇ ਸੰਗਠਿਤ ਅਪਰਾਧ ਦੀ ਲਾਹਣਤ ਤੋਂ ਮੁਕਤ ਨਹੀਂ ਹੋ ਜਾਂਦਾ।  

Punjab

ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ: ਮਾਨ ਸਰਕਾਰ ਹੇਠ ਕਾਰਵਾਈ ਹੋਈ ਤੇਜ , ਐਨ. ਡੀ.ਪੀ.ਐਸ. ਕੇਸਾਂ ਵਿੱਚ 40 ਫੀਸਦੀ ਵਾਧਾ, ਜ਼ਬਤੀਆਂ ਵਿੱਚ ਭਾਰੀ ਉਛਾਲ

ਚੰਡੀਗੜ੍ਹ; 23 ਅਪ੍ਰੈਲ : ਪੰਜਾਬ ਵਿੱਚ  ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ ਯੁੱਧ ਨਸ਼ਿਆਂ ਵਿਰੁੱਧ ‘ ਮੁਹਿੰਮ ਦੇ ਕਾਰਗਰ, ਤੇਜ਼ ਅਤੇ ਪ੍ਰਭਾਵੀ ਨਤੀਜੇ ਸਾਹਮਣੇ ਆ ਰਹੇ ਹਨ । ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਨਸ਼ਿਆਂ ਵਿਰੁੱਧ ਕਾਰਵਾਈ ਵਿੱਚ ਵੱਡਾ ਵਾਧਾ ਹੋਇਆ ਹੈ, ਨਸ਼ਾ ਤਸਕਰੀ ਨੈੱਟਵਰਕਾਂ ਨੂੰ ਵੱਡੇ ਪੱਧਰ ਤੇ ਬੇਅਸਰ  ਕੀਤਾ ਗਿਆ ਹੈ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਦੋਸ਼ੀਆਂ ਲਈ ਸਜ਼ਾ ਦਰ ਵਿੱਚ ਵੀ ਮਹੱਤਵਪੂਰਨ ਸੁਧਾਰ ਆਇਆ ਹੈ। ਅੰਕੜਿਆਂ ਅਨੁਸਾਰ 2022 ਤੋਂ 2026 (ਹੁਣ ਤੱਕ)  ਦਰਮਿਆਨ 73,541 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, ਜੋ ਕਿ 2017–21 ਦੇ 52,255 ਕੇਸਾਂ ਨਾਲੋਂ 40 ਫੀਸਦੀ ਤੋਂ ਵੱਧ ਵਾਧਾ ਦਰਸਾਉਂਦੇ ਹਨ। ਗ੍ਰਿਫ਼ਤਾਰੀਆਂ ਦੀ ਗਿਣਤੀ ਵੀ ਕਾਫੀ ਵਧੀ ਹੈ, ਜੋ 68,064 ਤੋਂ ਵੱਧ ਕੇ 98,596 ਹੋ ਗਈ ਹੈ, ਜਿਸ ਨਾਲ ਸੂਬੇ ਭਰ ਵਿੱਚ ਨਸ਼ਾ ਤਸਕਰੀ ਨੈੱਟਵਰਕਾ ਖ਼ਿਲਾਫ਼ ਲਗਾਤਾਰ ਅਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਪਤਾ ਲੱਗਦਾ ਹੈ। ਜ਼ਬਤੀਆਂ ਦੇ ਅੰਕੜੇ ਇਸ ਕਾਰਵਾਈ ਦੀ ਕਾਮਯਾਬੀ ਨੂੰ ਹੋਰ ਸਪਸ਼ਟ ਕਰਦੇ ਹਨ, ਜੋ ਸਪਲਾਈ ਚੇਨਾਂ ਵਿੱਚ ਗਹਿਰੀ ਪਹੁੰਚ ਦਰਸਾਉਂਦੇ ਹਨ। ਹੈਰੋਇਨ ਦੀ ਬਰਾਮਦਗੀ ਵਿੱਚ 148% ਦਾ ਵਾਧਾ ਹੋਇਆ ਹੈ—2022 ਤੋਂ ਹੁਣ ਤੱਕ 5,979 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜਦਕਿ 2017–21 ਵਿੱਚ ਇਹ ਮਾਤਰਾ 2,412 ਕਿਲੋਗ੍ਰਾਮ ਸੀ। ਅਫੀਮ ਦੀ ਜ਼ਬਤੀ ਵਿੱਚ ਵੀ 43% ਤੋਂ ਵੱਧ ਵਾਧਾ ਹੋ ਕੇ 3,583 ਕਿਲੋਗ੍ਰਾਮ ਹੋਇਆ ਹੈ, ਜੋ ਜ਼ਮੀਨੀ ਪੱਧਰ ‘ਤੇ ਕਾਰਵਾਈ ਦੇ ਤੇਜ਼ ਹੋਣ ਨੂੰ ਦਰਸਾਉਂਦਾ ਹੈ। ਸਿੰਥੈਟਿਕ ਨਸ਼ਿਆਂ ਖ਼ਿਲਾਫ਼ ਕਾਰਵਾਈ ਵਿੱਚ ਖਾਸ ਤੌਰ ‘ਤੇ ਵੱਡਾ ਉਛਾਲ ਦੇਖਿਆ ਗਿਆ ਹੈ। ਆਈਸ (ਕ੍ਰਿਸਟਲ ਮੈਥਐਮਫੈਟਾਮਾਈਨ) ਦੀ ਜ਼ਬਤੀ 17 ਕਿਲੋਗ੍ਰਾਮ ਤੋਂ ਵੱਧ ਕੇ 93 ਕਿਲੋਗ੍ਰਾਮ ਹੋ ਗਈ ਹੈ, ਜੋ ਕਿ 447% ਦਾ ਵਾਧਾ ਹੈ। ਕੋਕੇਨ ਦੀ ਜ਼ਬਤੀ 6,064 ਕਿਲੋਗ੍ਰਾਮ ਰਹੀ, ਜੋ ਕਿ ਪਹਿਲਾਂ ਦਰਜ 6,852 ਕਿਲੋਗ੍ਰਾਮ ਦੇ ਲਗਭਗ ਬਰਾਬਰ ਹੈI ਇਸ ਮੁਹਿੰਮ ਦੀ ਪਕੜ ਹੁਣ ਦਵਾਈਆਂ ਦੇ ਗਲਤ ਇਸਤੇਮਾਲ ਤੱਕ ਵੀ ਪਹੁੰਚ ਗਈ ਹੈ। 2022–26 ਦੇ ਦੌਰਾਨ 8.7 ਕਰੋੜ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ ਗਏ ਹਨ, ਜੋ ਨੌਜਵਾਨਾਂ ਵਿੱਚ ਫੈਲ ਰਹੀ ਲਤ ਨੂੰ ਰੋਕਣ ਲਈ ਸਪਲਾਈ ਚੇਨਾਂ ‘ਤੇ ਵੱਡਾ ਵਾਰ ਦਰਸਾਉਂਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਕਾਰਵਾਈ ਨਿਆਂ ਪ੍ਰਣਾਲੀ ਵਿੱਚ ਵੀ ਨਤੀਜੇ ਦੇ ਰਹੀ ਹੈ। ਦੋਸ਼ੀਆਂ ਲਈ ਸਜ਼ਾ ਦਰ 89% ਤੱਕ ਪਹੁੰਚ ਗਈ ਹੈ, ਜੋ ਮਜ਼ਬੂਤ ਜਾਂਚ, ਸੁਚੱਜਤਾ ਨਾਲ ਸਬੂਤ ਜੁਟਾਉਣ ਅਤੇ ਪ੍ਰਭਾਵਸ਼ਾਲੀ ਮੁਕੱਦਮੇਬਾਜ਼ੀ ਨੂੰ ਦਰਸਾਉਂਦੀ ਹੈ। ਡੀ.ਜੀ.ਪੀ. ਪੰਜਾਬ  ਗੌਰਵ ਯਾਦਵ  ਨੇ ਕਿਹਾ, “ਇਹ ਸਿਰਫ਼ ਕਾਰਵਾਈ ਵਿੱਚ ਵਾਧਾ ਨਹੀਂ, ਸਗੋਂ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਦੇ ਢੰਗ ਵਿੱਚ ਇਕ ਬੁਨਿਆਦੀ ਬਦਲਾਅ ਹੈ। ਕੇਸਾਂ ਅਤੇ ਜ਼ਬਤੀਆਂ ਵਿੱਚ ਵਾਧਾ ਇੰਟੈਲੀਜੈਂਸ ਅਧਾਰਿਤ ਕਾਰਵਾਈ ਨੂੰ ਦਰਸਾਉਂਦਾ ਹੈ, ਜਦਕਿ  ਵਧਦੀ ਸਜ਼ਾ ਦਰ ਦਿਖਾਉਂਦੀ ਹੈ ਕਿ ਕੇਸ ਸਿੱਟਾ ਪੂਰਨ ਪੜਾਅ ਤੱਕ ਲਿਜਾਏ ਜਾ ਰਹੇ ਹਨ। ਸਪਲਾਇਰ ਤੋਂ ਲੈ ਕੇ ਡਿਸਟ੍ਰੀਬਿਊਟਰ ਤੱਕ ਪੂਰੀ ਲੜੀ ‘ਤੇ ਲਗਾਤਾਰ ਦਬਾਅ ਬਣਾਇਆ ਗਿਆ ਹੈ।” ਡੀ ਜੀ ਪੀ ਨੇ ਦੱਸਿਆ ਕਿ ਇਸ ਕਾਰਵਾਈ ਦੀ ਵਿਆਪਕਤਾ ਅਤੇ ਲਗਾਤਾਰਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਪਸ਼ਟ ਰਣਨੀਤਿਕ ਸਮਝ  ਦਾ ਨਤੀਜਾ ਹੈ, ਜਿਸ ਦੇ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਭਰ ਵਿੱਚ ਸਰਗਰਮ  ਕਾਰਵਾਈ ਅਹਿਮ ਹਿੱਸਾ ਬਣ ਚੁੱਕੀ ਹੈ। ਹਾਲਾਂਕਿ ਜ਼ਬਤੀਆਂ ਵਿੱਚ ਵਾਧਾ ਜ਼ਮੀਨੀ ਕਾਰਵਾਈ ਵਿਚ ਤੇਜੀ ਨੂੰ ਦਰਸਾਉਂਦਾ ਹੈ, ਪਰ ਮਾਨ ਸਰਕਾਰ ਨੇ ਦੁਹਰਾਇਆ ਹੈ ਕਿ ਮੁੱਖ ਟੀਚਾ ਨਸ਼ਾ ਨੈੱਟਵਰਕ ਨੂੰ ਤੋੜਨਾ ਅਤੇ ਨਸ਼ਿਆਂ ਦੀ ਉਪਲਬਧਤਾ ਨੂੰ  ਘਟਾਉਣਾ ਹੈ, ਤਾਂ ਜੋ ਇਹ ਕਾਰਵਾਈ ਸਥਾਈ ਪ੍ਰਭਾਵ ਵਿੱਚ ਬਦਲੇ।  

Punjab

ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ

ਚੰਡੀਗੜ੍ਹ 23 ਅਪ੍ਰੈਲ 2026: ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਕਪੂਰਾ ਦੇ ਨਿਹੰਗ ਸਿੰਘਾਂ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਅੱਜ ਕੋਟਕਪੂਰਾ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਸੁਹਿਰਦ ਯਤਨਾਂ ਸਦਕਾ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026 ਲਾਗੂ ਹੋ ਗਿਆ ਹੈ, ਜਿਸ ਨਾਲ ਵਿਸ਼ਵ ਭਰ ਵਿੱਚ ਸੰਗਤ ਨੇ ਖੁਸ਼ੀ ਮਨਾਈ ਹੈ।ਸੁਖਮਨੀ ਸਾਹਿਬ ਦਾ ਪਾਠ, ਨਿਤਨੇਮ ਬਾਣੀਆਂ, ਅਰਦਾਸ ਅਤੇ ਪਾਵਨ ਹੁਕਮਨਾਮੇ ਉਪਰੰਤ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਕਿਹਾ ਕਿ ਸਪੀਕਰ ਸੰਧਵਾਂ ਦੀ ਸ਼ਖਸੀਅਤ ਅਤੇ ਨਿਮਰ ਸੁਭਾਅ ਨੇ ਸਭਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਸਪੀਕਰ ਸੰਧਵਾਂ ਨੇ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕਿਆ ਸਮੇਤ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਭ ਸੰਗਤ ਦੇ ਸਹਿਯੋਗ ਅਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਜ ਨੂੰ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਆਗੂ ਅਤੇ ਪ੍ਰਭਾਵੀ ਸੰਗਠਨਾਂ ਦੇ ਨੁਮਾਇੰਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਅਮਲ ਵਿੱਚ ਨਹੀਂ ਲਿਆ ਸਕੇ। ਹੁਣ ਉਹ ਬੇਬੁਨਿਆਦ ਅਤੇ ਬੇਲੋੜੇ ਬਿਆਨ ਦੇ ਕੇ ਸਮਾਜ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਸਖ਼ਤ ਸਜ਼ਾ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਤੋਂ ਕੋਈ ਵੀ ਵਿਅਕਤੀ ਘਿਨਾਉਣੇ ਅਪਰਾਧ ਨੂੰ ਕਰਨ ਤੋਂ ਪਰਹੇਜ਼ ਕਰੇਗਾ।ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਇਕੱਠੀ ਹੋਈ ਸੰਗਤ ਨੇ ਇਸ ਮਿਸਾਲੀ ਕਾਰਜ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ। 

Punjab

ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼; 900 ਗ੍ਰਾਮ ਆਈਸੀਈ ਅਤੇ 5 ਪਿਸਤੌਲਾਂ ਸਮੇਤ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 23 ਅਪ੍ਰੈਲ:– ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 915 ਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ ਪੰਜ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ (21), ਸੋਲਾ ਸਿੰਘ ਉਰਫ਼ ਸੋਨੂੰ (29) ਅਤੇ ਕਰਨ ਸਿੰਘ (22) ਵਜੋਂ ਹੋਈ ਹੈ, ਜੋ ਸਾਰੇ ਫਿਰੋਜ਼ਪੁਰ ਦੇ ਪਿੰਡ ਸਾਹਾਂਕੇ ਦੇ ਰਹਿਣ ਵਾਲੇ ਹਨ। ਬਰਾਮਦ ਪਿਸਤੌਲਾਂ ਵਿੱਚ ਦੋ 9 ਐਮਐਮ ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀਆਂ ਜਾਂਦੀਆਂ ਨਸ਼ਿਆਂ/ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਸਥਾਨਕ ਹੈਂਡਲਰ ਵਜੋਂ ਕੰਮ ਕਰ ਰਹੇ ਸਨ। ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਾਸਤੇ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਟੀਚਾਗਤ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਸ਼ੱਕੀ ਸੁਖਵਿੰਦਰ ਸਿੰਘ ਉਰਫ ਸੁੱਖਾ, ਸੋਲਾ ਸਿੰਘ ਉਰਫ ਸੋਨੂੰ ਅਤੇ ਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ ਮੁਲਜ਼ਮਾਂ ਤੋਂ ਪਹਿਲਾਂ ਸਿਰਫ਼ .30 ਬੋਰ ਪਿਸਤੌਲ ਬਰਾਮਦ ਹੋਇਆ ਸੀ ਅਤੇ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਦੇ ਆਧਾਰ ‘ਤੇ ਉਨ੍ਹਾਂ ਕੋਲੋਂ 915 ਗ੍ਰਾਮ ਆਈ.ਸੀ.ਈ. ਅਤੇ ਚਾਰ ਹੋਰ ਪਿਸਤੌਲ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਸੈਕਟਰ ਦੇ ਸੰਘਣੇ ਜੰਗਲੀ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਸੁੱਟੀ ਜਾ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਅਜਿਹੇ ਸਥਾਨਾਂ ਤੋਂ ਹੀ ਇਹ ਖੇਪਾਂ ਪ੍ਰਾਪਤ ਕਰਕੇ ਫਿਰ ਵੱਖ-ਵੱਖ ਖੇਤਰਾਂ ਵਿੱਚ ਇਸਦੀ ਸਪਲਾਈ ਕਰਦੇ ਸਨ। ਇਸ ਸਬੰਧੀ ਦੇ ਪੁਲਿਸ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22-ਸੀ ਅਤੇ ਅਸਲਾ ਐਕਟ ਦੀ ਧਾਰਾ 25 (6, 7(iii) ਅਤੇ 8) ਤਹਿਤ ਐਫਆਈਆਰ ਨੰ. 105 ਮਿਤੀ 15-04-2026 ਨੂੰ ਦਰਜ ਕੀਤੀ ਗਈ ਹੈ।  

Punjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼

ਚੰਡੀਗੜ੍ਹ, 23 ਅਪ੍ਰੈਲ- ਪੰਜਾਬ ਦੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਜ਼ਰੂਰੀ ਸਿਹਤ ਸੰਭਾਲ ਕਾਮਿਆਂ ਦੀ ਭਲਾਈ ਲਈ ਇੱਕ ਅਹਿਮ ਕਦਮ ਚੁੱਕਦਿਆਂ, ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਦਿੱਤੇ ਜਾਂਦੇ ਮਾਣ ਭੱਤਿਆਂ (ਇਨਸੈਂਟਿਵ) ਵਿੱਚ ਜ਼ਰੂਰੀ ਵਾਧੇ ਦੀ ਵਕਾਲਤ ਕਰਦੇ ਹੋਏ ਕੇਂਦਰ ਸਰਕਾਰ ਨੂੰ ਅਧਿਕਾਰਤ ਤੌਰ ‘ਤੇ ਪੱਤਰ ਲਿਖਣ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੌਜੂਦਾ ਸਕੀਮ ਤਹਿਤ ਇਨ੍ਹਾਂ ਭੁਗਤਾਨਾਂ ਨੂੰ ਵਧਾਉਣ ਲਈ ਅਪੀਲ ਕੀਤੀ ਜਾਣੀ ਚਾਹੀਦੀ ਹੈ, ਜੋ ਕਿ ਕੇਂਦਰ ਅਤੇ ਸੂਬੇ ਦਰਮਿਆਨ 60:40 ਦੇ ਵਿੱਤੀ ਅਨੁਪਾਤ ‘ਤੇ ਕੰਮ ਕਰਦੀ ਹੈ। ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਸਾਂਝਾ ਮੋਰਚਾ, ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਪੰਜਾਬ ਪੁਲਿਸ ਕੋਰੋਨਾ ਵਾਰੀਅਰਜ਼ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਵਫ਼ਦਾਂ ਨਾਲ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਨੂੰ ਵੀ ਨਿਰਦੇਸ਼ ਦਿੱਤੇ ਕਿ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਦੇ ਹੱਲ ਲਈ ਇੱਕ ਠੋਸ ਨੀਤੀ ਬਣਾਈ ਜਾਵੇ। ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਸਾਂਝਾ ਮੋਰਚਾ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਵਰਕਰਾਂ ਦੀ ਤੁਰੰਤ ਸਮਾਜਿਕ ਸੁਰੱਖਿਆ ਨੂੰ ਪਹਿਲ ਦਿੱਤੀ। ਉਨ੍ਹਾਂ ਨਿਰਦੇਸ਼ ਜਾਰੀ ਕਰਦਿਆਂ ਕਿਹਾ, “ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਲਈ ਜੀਵਨ ਬੀਮਾ ਕਵਰੇਜ ਨੂੰ ਯਕੀਨੀ ਬਣਾਉਣ ਲਈ ਕਿਸੇ ਬੈਂਕਿੰਗ ਸੰਸਥਾ ਨਾਲ ਸਮਝੌਤਾ ਕਰੇ।” ਉਨ੍ਹਾਂ ਅੱਗੇ ਕਿਹਾ, “ਯੂਨੀਅਨ ਵੱਲੋਂ ਉਠਾਈਆਂ ਗਈਆਂ ਜਾਇਜ਼ ਮੰਗਾਂ, ਜੋ ਸਿੱਧੇ ਤੌਰ ‘ਤੇ ਵਿਭਾਗੀ ਪੱਧਰ ‘ਤੇ ਹੱਲ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਤੁਰੰਤ ਪ੍ਰਸ਼ਾਸਨਿਕ ਮੀਟਿੰਗਾਂ ਅਤੇ ਫੈਸਲਾਕੁੰਨ ਕਾਰਵਾਈ ਰਾਹੀਂ ਬਿਨਾਂ ਕਿਸੇ ਦੇਰੀ ਦੇ ਹੱਲ ਕੀਤਾ ਜਾਣਾ ਚਾਹੀਦਾ ਹੈ।” ਸੂਬੇ ਦੇ ਬਿਜਲੀ ਖੇਤਰ ਦੇ ਕਾਮਿਆਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਉਨ੍ਹਾਂ ਨੂੰ ਦਰਪੇਸ਼ ਕਾਰਜਸ਼ੀਲ ਮੁਸ਼ਕਲਾਂ ਅਤੇ ਆਊਟਸੋਰਸਡ ਰੁਜ਼ਗਾਰ ਤੋਂ ਸੇਵਾਵਾਂ ਕੰਟਰੈਕਟ ਵਿੱਚ ਤਬਦੀਲ ਕਰਨ ਦੀ ਉਨ੍ਹਾਂ ਦੀ ਮੰਗ ਦਾ ਹਮਦਰਦੀ ਨਾਲ ਜਾਇਜ਼ਾ ਲਿਆ। ਮੰਗਾਂ ਦੇ ਢਾਂਚਾਗਤ ਹੱਲ ਤੇ ਜੋਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੂੰ ਸਿੱਧੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਨ੍ਹਾਂ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਮੁਕੰਮਲ ਤੌਰ ‘ਤੇ ਹੱਲ ਕਰਨ ਲਈ ਕਾਰਪੋਰੇਸ਼ਨ ਪੱਧਰ ‘ਤੇ ਤੁਰੰਤ ਠੋਸ ਨੀਤੀ ਤਿਆਰ ਕਰਨ।” ਮੁਲਾਜ਼ਮਾਂ ਨਾਲ ਮੀਟਿੰਗਾਂ ਦੀ ਇਸ ਲੜੀ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਕੋਰੋਨਾ ਵਾਰੀਅਰਜ਼ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਸਲਿਆਂ ਬਾਰੇ ਭਰੋਸਾ ਦਿਵਾਇਆ। ਉਨ੍ਹਾਂ ਯੂਨੀਅਨ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਠੋਸ ਭਰੋਸਾ ਦਿਵਾਉਂਦਿਆਂ ਦੱਸਿਆ ਕਿ ਸੂਬਾ ਸਰਕਾਰ ਇਨ੍ਹਾਂ ‘ਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ। ਸਰਕਾਰ ਦੇ ਸਟੈਂਡ ਦੀ ਮੁੜ ਪੁਸ਼ਟੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਮਰਪਿਤ ਅਗਵਾਈ ਹੇਠ, ਤੁਹਾਡੀਆਂ ਮੰਗਾਂ ‘ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਨਿਰਪੱਖ ਹੱਲ ਲਈ ਸਰਗਰਮ ਸਮੀਖਿਆ ਕੀਤੀ ਜਾ ਰਹੀ ਹੈ।” ਇਨ੍ਹਾਂ ਮੀਟਿੰਗਾਂ ਦੌਰਾਨ, ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਸਾਂਝਾ ਮੋਰਚਾ ਵੱਲੋਂ ਅਮਰਜੀਤ ਕੌਰ, ਰਾਣੋ, ਹਰਿੰਦਰ ਕੌਰ ਸ਼ਤਰਾਣਾ ਅਤੇ ਸੰਤੋਸ਼ ਕੁਮਾਰ, ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਲਿਹਾਰ ਸਿੰਘ, ਟੇਕ ਚੰਦ ਅਤੇ ਸ਼ੇਰ ਸਿੰਘ, ਅਤੇ ਪੰਜਾਬ ਪੁਲਿਸ ਕੋਰੋਨਾ ਵਾਰੀਅਰਜ਼ ਵੱਲੋਂ ਗੁਰਬਾਜ਼ ਸਿੰਘ, ਪਵਨਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਮਸਲੇ ਅਤੇ ਮੰਗਾਂ ਪੇਸ਼ ਕੀਤੀਆਂ।  

Punjab

ਬਰਿੰਦਰ ਕੁਮਾਰ ਗੋਇਲ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਦਮ, ਫ਼ਲਾਇੰਗ ਸਕੁਐਡ ਅਤੇ ਤਕਨੀਕ ਆਧਾਰਤ ਨਿਗਰਾਨੀ ਦੇ ਹੁਕਮ

*ਚੰਡੀਗੜ੍ਹ, 23 ਅਪ੍ਰੈਲ:* ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਤਿੰਨ ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸਿੰਚਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਸੂਬੇ ਭਰ ਵਿੱਚ ਹੜ੍ਹ ਰੋਕੂ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਖਣਨ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕੈਬਨਿਟ ਮੰਤਰੀ ਨੇ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਫ਼ਲਾਇੰਗ ਸਕੁਐਡ ਬਣਾਉਣ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਉਨ੍ਹਾਂ ਵੱਧ ਤੋਂ ਵੱਧ ਵਪਾਰਕ ਮਾਈਨਿੰਗ ਸਾਈਟਾਂ ਚਾਲੂ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਨੂੰ ਰੇਤ-ਬਜਰੀ ਜਿਹੇ ਖਣਿਜ ਪਦਾਰਥਾਂ ਦੀ ਸਪਲਾਈ ਵਿੱਚ ਸੁਧਾਰ ਹੋ ਸਕੇ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਆਧੁਨਿਕ ਪ੍ਰਬੰਧਨ ਪ੍ਰਣਾਲੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਤੁਰੰਤ ਨਿਗਰਾਨੀ ਅਤੇ ਕੰਟਰੋਲ ਲਈ ਆਧੁਨਿਕ ਸਾਫ਼ਟਵੇਅਰ ਦੇ ਉਪਯੋਗ ਦੀ ਹਦਾਇਤ ਵੀ ਦਿੱਤੀ। ਜਲ ਸਰੋਤ ਵਿਭਾਗ ਦੇ ਕਾਰਜਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਹਦਾਇਤ ਕੀਤੀ ਕਿ ਸਾਰੇ ਹੜ੍ਹ ਰੋਕਥਾਮ ਕਾਰਜ 30 ਜੂਨ ਤੋਂ ਪਹਿਲਾਂ ਪੂਰੇ ਕੀਤੇ ਜਾਣ ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸੰਕਟਕਾਲੀ ਸਥਿਤੀ ਨੂੰ ਟਾਲ਼ਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਹਿਰੀ ਪਾਣੀ ਅਧੀਨ ਸਿੰਜਾਈ ਖੇਤਰ ਦੇ ਮੌਜੂਦਾ 78 ਫ਼ੀਸਦੀ ਘੇਰੇ ਨੂੰ ਹੋਰ ਵਧਾਇਆ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਈ ਜਾ ਸਕੇ। ਕੈਬਨਿਟ ਮੰਤਰੀ ਨੇ ਵਿਭਾਗ ਨੂੰ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਚੱਲ ਰਹੇ ਨਹਿਰੀ ਪਾਣੀ ਦੀ ਵਰਤੋਂ ਸਬੰਧੀ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਅਤੇ ਪਾਣੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸੇਮ-ਪ੍ਰਭਾਵਿਤ ਜ਼ਮੀਨਾਂ ਦੇ ਸੁਧਾਰ ਸਬੰਧੀ ਪਹਿਲਕਦਮੀਆਂ ਨੂੰ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵਧਾਉਣ ’ਤੇ ਵੀ ਜ਼ੋਰ ਦਿੱਤਾ। ਭੂਮੀ ਅਤੇ ਜਲ ਸੰਭਾਲ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੂੰ ਦੱਸਿਆ ਗਿਆ ਕਿ ਨਹਿਰੀ ਪਾਣੀ ਉਪਲਬਧ ਕਰਵਾਉਣ ਲਈ 5253 ਕਿਲੋਮੀਟਰ ਸਿੰਚਾਈ ਪਾਈਪਲਾਈਨ ਵਿਛਾਈ ਗਈ ਹੈ, ਜਿਸ ਨਾਲ 161,000 ਏਕੜ ਤੋਂ ਵੱਧ ਖੇਤੀਬਾੜੀ ਜ਼ਮੀਨ ਨੂੰ ਲਾਭ ਮਿਲਿਆ ਹੈ। ਸੂਬਾ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਗਿਣਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਤਿੰਨ ਵੱਡੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਛੱਪੜਾਂ ਦੀ ਵਰਤੋਂ ਕਰਕੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਬੁਨਿਆਦੀ ਢਾਂਚੇ ਦੀ ਸਿਰਜਣਾ, ਮਿੱਟੀ ਦੇ ਖਿਸਕਾਅ ਨੂੰ ਰੋਕਣ, ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਭੂਮੀਗਤ ਪਾਣੀ ਨੂੰ ਰੀਚਾਰਜ ਕਰਨ ਲਈ ਕੰਢੀ ਖੇਤਰ ਵਿੱਚ ਚੈੱਕ ਡੈਮਾਂ ਦਾ ਨਿਰਮਾਣ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ 29 ਪਿੰਡਾਂ ਵਿੱਚ ਸੇਮਗ੍ਰਸਤ ਜ਼ਮੀਨਾਂ ਦੀ ਮੁੜ-ਪ੍ਰਾਪਤੀ ਲਈ ਇੱਕ ਪ੍ਰਮੁੱਖ ਪ੍ਰਾਜੈਕਟ ਚਲਾਉਣਾ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਕਿ 250 ਤੋਂ ਵੱਧ ਪਿੰਡਾਂ ਦੇ ਛੱਪੜਾਂ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਪ੍ਰਾਜੈਕਟ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ, ਜਿਸ ਨਾਲ ਲਗਭਗ 10500 ਏਕੜ ਵਾਹੀਯੋਗ ਜ਼ਮੀਨ ਨੂੰ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਮ ਪ੍ਰਭਾਵਿਤ ਖੇਤਰ ਸੁਧਾਰ ਪ੍ਰਾਜੈਕਟ ਵੀ ਨਿਰੰਤਰ ਪ੍ਰਗਤੀ ਅਧੀਨ ਹੈ ਅਤੇ ਮਈ ਮਹੀਨੇ ਦੇ ਅੰਤ ਤੱਕ ਚਾਰ ਪਿੰਡਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਖਣਨ ਸ੍ਰੀਮਤੀ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਜਲ ਸਰੋਤ ਸ੍ਰੀ ਕ੍ਰਿਸ਼ਨ ਕੁਮਾਰ, ਡਾਇਰੈਕਟਰ ਮਾਈਨਿੰਗ ਸ੍ਰੀ ਅਭਿਜੀਤ ਕਪਲਿਸ਼, ਮੁੱਖ ਭੂਮੀ ਪਾਲ ਸ੍ਰੀ ਮਹਿੰਦਰ ਸਿੰਘ ਸੈਣੀ, ਮੁੱਖ ਇੰਜੀਨੀਅਰ (ਮਾਈਨਿੰਗ ਅਤੇ ਡਰੇਨੇਜ) ਸ. ਹਰਦੀਪ ਸਿੰਘ ਮੈਂਦੀਰੱਤਾ, ਮੁੱਖ ਇੰਜੀਨੀਅਰ (ਕੈਨਾਲ) ਸ੍ਰੀ ਸ਼ੇਰ ਸਿੰਘ, ਪੀ.ਡਬਲਯੂ.ਆਰ.ਐਮ.ਡੀ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨੋਜ ਬਾਂਸਲ ਅਤੇ ਐਕਸੀਅਨ (ਭੂਮੀ ਤੇ ਜਲ ਸੰਭਾਲ) ਸ੍ਰੀ ਜੀ.ਐਸ. ਢਿੱਲੋਂ ਹਾਜ਼ਰ ਸਨ।  

Punjab

ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ/ਐਸਏਐਸ ਨਗਰ, 23 ਅਪ੍ਰੈਲ: ਸੂਬੇ ਵਿੱਚ ਉਦਯੋਗਿਕ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਕਿਰਤ ਭਲਾਈ ਬੋਰਡ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਵੱਖ-ਵੱਖ ਭਲਾਈ ਸਕੀਮਾਂ ਅਧੀਨ 7831 ਲਾਭਪਾਤਰੀਆਂ ਨੂੰ 17.11 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਬੋਰਡ ਦੀਆਂ ਚੱਲ ਰਹੀਆਂ ਗਤੀਵਿਧੀਆਂ ਅਤੇ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਜਾਗਰੂਕਤਾ ਮੁਹਿੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵੱਡੀ ਗਿਣਤੀ ਵਿੱਚ ਯੋਗ ਕਾਮੇ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਾਗਰੂਕਤਾ ਦੀ ਘਾਟ ਅਕਸਰ ਕਾਮਿਆਂ ਨੂੰ ਉਨ੍ਹਾਂ ਲਈ ਉਪਲਬਧ ਭਲਾਈ ਸਕੀਮਾਂ ਤੋਂ ਲਾਭ ਲੈਣ ਵਿੱਚ ਅੜਿੱਕਾ ਬਣਦੀ ਹੈ। ਸਕੀਮਾਂ ਦੇ ਦਾਇਰੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਕਿਰਤ ਭਲਾਈ ਫੰਡ ਐਕਟ, 1965 ਅਧੀਨ ਆਉਂਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਉਦਯੋਗਿਕ ਕਾਮੇ ਬੋਰਡ ਵੱਲੋਂ ਦਿੱਤੇ ਜਾਂਦੇ ਲਾਭ ਪ੍ਰਾਪਤ ਕਰਨ ਦੇ ਯੋਗ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀਆਂ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਸਮੇਤ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਚਲਾਈ ਗਈਆਂ ਹਨ। ਬੋਰਡ ਵੱਲੋਂ ਚਲਾਈ ਗਈਆਂ ਸਕੀਮਾਂ ਵਿੱਚ ਡਾਕਟਰੀ ਇਲਾਜ ਅਤੇ ਜਨਰਲ ਸਰਜਰੀਆਂ ਲਈ ਵਿੱਤੀ ਸਹਾਇਤਾ, ਐਕਸ-ਗ੍ਰੇਸ਼ੀਆ ਗ੍ਰਾਂਟ, ਅੰਤਿਮ ਸੰਸਕਾਰ ਦੇ ਖਰਚੇ, ਐਲ.ਟੀ.ਸੀ., ਜਣੇਪਾ ਲਾਭ ਅਤੇ ਮਾਨਸਿਕ ਜਾਂ ਸਰੀਰਕ ਅਪੰਗਤਾ ਵਾਲੇ ਕਾਮਿਆਂ ਲਈ ਸਹਾਇਤਾ ਸ਼ਾਮਲ ਹੈ। ਇਸ ਤੋਂ ਇਲਾਵਾ ਕਾਮੇ ਹੋਰਨਾਂ ਸਕੀਮਾਂ ਦਾ ਲਾਭ ਵੀ ਲੈ ਸਕਦੇ ਹਨ, ਜਿਨ੍ਹਾਂ ਵਿੱਚ ਸ਼ਗਨ ਸਕੀਮ, ਐਨਕਾਂ ਲਗਵਾਉਣ ਸਬੰਧੀ ਸਹਾਇਤਾ, ਦੰਦਾਂ ਦੀ ਦੇਖਭਾਲ ਅਤੇ ਸੁਣਨ- ਯੰਤਰਾਂ ਲਈ ਸਹਾਇਤਾ ਦੇ ਨਾਲ-ਨਾਲ ਸਿੱਖਿਆ ਅਤੇ ਅਪੰਗਤਾ ਮੁਆਵਜ਼ੇ ਲਈ ਵਜ਼ੀਫ਼ਾ ਸਕੀਮਾਂ ਸ਼ਾਮਲ ਹਨ। ਮੰਤਰੀ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਹਰੇਕ ਯੋਗ ਕਾਮੇ ਤੱਕ ਭਲਾਈ ਸਕੀਮਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇ ਅਤੇ ਲੋੜ ਸਮੇਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਗਰੂਕਤਾ ਕੈਂਪ ਅਤੇ ਆਸਾਨ ਅਰਜ਼ੀ ਪ੍ਰਕਿਰਿਆਵਾਂ ਸਮੇਤ ਸਰਗਰਮ ਉਪਾਅ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਇਨ੍ਹਾਂ ਸਕੀਮਾਂ ਦੇ ਦਾਇਰੇ ਅਤੇ ਪ੍ਰਭਾਵ ਨੂੰ ਹੋਰ ਵਡੇਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਆਪਣੇ ਵਿਕਾਸ ਏਜੰਡੇ ਦੇ ਇੱਕ ਅਹਿਮ ਹਿੱਸੇ ਵਜੋਂ ਕਿਰਤ ਭਲਾਈ ਨੂੰ ਤਰਜੀਹ ਦੇ ਰਹੀ ਹੈ, ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਦਯੋਗਿਕ ਕਾਮਿਆਂ ਨੂੰ ਲੋੜੀਂਦੀ ਸਹਾਇਤਾ ਅਤੇ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਜਾ ਸਕੇ। ਇਸ ਮੌਕੇ ਕਿਰਤ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ, ਇੰਡਸਟਰੀ ਤੇ ਕਾਮਰਸ ਵਿਭਾਗ ਦੇ ਸਕੱਤਰ ਮਹਿੰਦਰਪਾਲ, ਕਿਰਤ ਕਮਿਸ਼ਨਰ- ਕਮ -ਭਲਾਈ ਕਮਿਸ਼ਨਰ, ਪੰਜਾਬ ਰਾਜੀਵ ਕੁਮਾਰ ਗੁਪਤਾ, ਮੈਂਬਰ ਬਲਦੇਵ ਬਲਖੰਡੀ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।  

Punjab

ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ

ਚੰਡੀਗੜ੍ਹ, 23 ਅਪ੍ਰੈਲ: ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਅੱਜ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਸਾਰੇ ਲੰਬਿਤ ਮਾਮਲਿਆਂ ਦੀ ਇੱਕ ਵਿਸਤ੍ਰਿਤ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨਾਲ ਸਬੰਧਤ ਕਾਰਜਾਂ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਭਗਤ ਨੇ ਜ਼ੋਰ ਦੇ ਕੇ ਕਿਹਾ ਕਿ ਲੰਬਿਤ ਮਾਮਲਿਆਂ ਦੇ ਤਰੁੰਤ, ਵਧੇਰੇ ਕੁਸ਼ਲ ਅਤੇ ਪੂਰੀ ਪਾਰਦਰਸ਼ਤਾ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਹਰੇਕ ਕੇਸ ਦੀ ਸਥਿਤੀ ਬਾਰੇ ਸੂਚੀ ਵਿੱਚ ਸਪੱਸ਼ਟ ਅਤੇ ਸਹੀ ਢੰਗ ਨਾਲ ਜਾਣਕਾਰੀ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ‘ਚ ਖਾਲੀ ਅਸਾਮੀਆਂ ‘ਤੇ ਭਰਤੀ ਅਤੇ ਬਜਟ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਪ੍ਰਤੀ ਪੂਰਾ ਸਤਿਕਾਰ ਰੱਖਦੀ ਹੈ।  

Punjab

ਬਰਿੰਦਰ ਕੁਮਾਰ ਗੋਇਲ ਵੱਲੋਂ ਪਿੰਡ ਓਇੰਦ ਵਿਖੇ ਨਹਿਰੀ ਪਾਣੀ ਲਿਫ਼ਟ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ

*ਚੰਡੀਗੜ੍ਹ/ਸ੍ਰੀ ਚਮਕੌਰ ਸਾਹਿਬ, 23 ਅਪ੍ਰੈਲ:*- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਓਇੰਦ ਵਿਖੇ ਲਿਫਟ ਸਿੰਚਾਈ ਸਕੀਮ ਦਾ ਉਦਘਾਟਨ ਕੀਤਾ। ਇਹ ਪ੍ਰਾਜੈਕਟ ਸ੍ਰੀ ਚਮਕੌਰ ਸਾਹਿਬ ਤਹਿਸੀਲ ਦੇ ਉਨ੍ਹਾਂ ਪਿੰਡਾਂ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਜੋ ਅਜੇ ਤੱਕ ਨਹਿਰੀ ਪਾਣੀ ਤੋਂ ਵਾਂਝੇ ਰਹੇ ਹਨ ਅਤੇ ਜਿੱਥੇ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਇੱਕ ਇਤਿਹਾਸਕ ਨਗਰੀ ਹੈ ਅਤੇ ਇਸ ਖੇਤਰ ਵਿੱਚੋਂ ਲੰਘ ਰਹੀਆਂ ਮੁੱਖ ਨਹਿਰਾਂ – ਸਰਹਿੰਦ ਨਹਿਰ ਅਤੇ ਭਾਖੜਾ ਮੇਨ ਲਾਈਨ ਨਹਿਰ ਦੇ ਬਾਵਜੂਦ ਕਈ ਪਿੰਡਾਂ ਨੂੰ ਹੁਣ ਤੱਕ ਨਹਿਰੀ ਪਾਣੀ ਦੀ ਸੁਵਿਧਾ ਪ੍ਰਾਪਤ ਨਹੀਂ ਹੋ ਰਹੀ ਸੀ ਜਿਸ ਨਾਲ ਛੋਟੇ ਕਿਸਾਨ ਮੋਟਰ ਦਾ ਕੁਨੈਕਸ਼ਨ ਨਾ ਹੋਣ ਕਾਰਨ ਪਾਣੀ ਲਈ ਹੋਰ ਜ਼ਿਮੀਦਾਰਾਂ ਉੱਤੇ ਨਿਰਭਰ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਸਿੰਚਾਈ ਹੇਠ ਲਿਆਉਣ ਦੇ ਸਰਕਾਰੀ ਟੀਚੇ ਨੂੰ ਪੂਰਾ ਕਰਨ ਲਈ ਇਹ ਲਿਫਟ ਸਿੰਚਾਈ ਸਕੀਮ ਤਿਆਰ ਕੀਤੀ ਗਈ ਹੈ ਜੋ ਸਫਲਤਾਪੂਰਵਕ ਪੂਰੇ ਸੂਬੇ ਵਿੱਚ ਲਾਗੂ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਆਤਮ ਨਿਰਭਰ ਬਣਨ ਵਿੱਚ ਸਹਿਯੋਗ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਪਿੰਡ ਓਇੰਦ ਕੋਲੋਂ ਭਾਖੜਾ ਮੇਨ ਲਾਈਨ ਨਹਿਰ ਦੇ ਸਮਰਾਲਾ ਮੇਜਰ ਸਿਸਟਮ ਤੋਂ ਪਾਣੀ ਲਿਫਟ ਕਰਕੇ ਲਗਭਗ 900 ਮਿਲੀਮੀਟਰ (ਤਕਰੀਬਨ 3 ਫੁੱਟ) ਵਿਆਸ ਵਾਲੀ ਮੇਨ ਰਾਈਜ਼ਰ ਪਾਈਪ ਰਾਹੀਂ ਪਿੰਡ ਗੱਗੋਂ ਵਿਖੇ ਬਣਾਏ ਜਾਣ ਵਾਲੇ ਡੀ-ਟੈਂਕ ਤੱਕ ਪਹੁੰਚਾਇਆ ਜਾਵੇਗਾ। ਇਸ ਤੋਂ ਬਾਅਦ ਚਾਰ ਵੱਖ-ਵੱਖ ਡਿਸਟ੍ਰੀਬਿਊਸ਼ਨ ਸਕੀਮਾਂ ਰਾਹੀਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਲਗਭਗ 44.83 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨਾਲ ਕਰੀਬ 4500 ਏਕੜ ਖੇਤੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੀ ਸੁਵਿਧਾ ਪ੍ਰਾਪਤ ਹੋਵੇਗੀ। ਇਸ ਸਕੀਮ ਦਾ ਲਾਭ ਸ੍ਰੀ ਚਮਕੌਰ ਸਾਹਿਬ, ਸਲੋਮਾਜਰਾ, ਗੱਗੋਂ, ਗਧਰਾਮ ਖੁਰਦ, ਗਧਰਾਮ ਕਲਾਂ, ਪਿੱਪਲਮਾਜਰਾ, ਰੁੜਕੀ, ਤਾਲਾਪੁਰ, ਦੁੱਗਰੀ, ਕੋਟਲੀ, ਕਮਾਲਪੁਰ, ਰਾਮਪੁਰ ਬੇਟ ਸਮੇਤ ਕਈ ਹੋਰ ਪਿੰਡਾਂ ਨੂੰ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਹੋਵੇਗਾ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਧੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕ-ਹਿਤੈਸ਼ੀ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਦਾ ਇਸ ਖ਼ਾਸ ਪ੍ਰੋਜੈਕਟ ਲਈ ਧੰਨਵਾਦ ਕੀਤਾ। ਉਨ੍ਹਾਂ ਉਦਘਾਟਨੀ ਸਮਾਗਮ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਤੇ ਸੂਬਾ ਵਾਸੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕਮ ਐਸਡੀਐਮ ਸ੍ਰੀ ਚਮਕੌਰ ਸਾਹਿਬ ਪਰਦੀਪ ਸਿੰਘ ਬੈਂਸ, ਡੀਐਸਪੀ ਸ੍ਰੀ ਚਮਕੌਰ ਸਾਹਿਬ ਮਨਜੀਤ ਸਿੰਘ ਔਲਖ, ਐਸ.ਈ. ਗਗਨਦੀਪ ਸਿੰਘ ਗਿੱਲ, ਐਕਸੀਅਨ ਗੁਰਸ਼ਰਨ ਸਿੰਘ ਵਿਰਕ, ਐੱਸਡੀਓ ਕੁਲਵਿੰਦਰ ਸਿੰਘ, ਪ੍ਰੋ. ਬੀਰਦਵਿੰਦਰ ਸਿੰਘ ਬੱਲਾਂ, ਐਨਪੀ ਰਾਣਾ, ਸਿਕੰਦਰ ਸਿੰਘ ਸਹੇੜੀ, ਅਮਨਦੀਪ ਸਿੰਘ ਮਾਂਗਟ, ਹਰਨੇਕ ਸਿੰਘ ਭੂਰਾ, ਜਗਦੇਵ ਭਟੋਆ, ਅੰਮ੍ਰਿਤਪਾਲ ਕੌਰ ਨਾਗਰਾ, ਜਗਤਾਰ ਸਿੰਘ ਘੜੂਆਂ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।  

Punjab

ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਨਾਲ ਪੰਜਾਬ ਦੀ ਭਾਈਵਾਲੀ ਵਿਸ਼ਵਵਿਆਪੀ ਅਧਿਆਪਨ ਜੁਗਤਾਂ ਨੂੰ ਪੰਜਾਬ ਦੇ ਕਲਾਸਰੂਮਾਂ ਤੱਕ ਪਹੁੰਚਾਉਣ ਵਿੱਚ ਮਦਦਗਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 23 ਅਪ੍ਰੈਲ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਦਰਮਿਆਨ ਸਹਿਯੋਗ ਦੇ ਨਾਲ ਪੰਜਾਬ ਦੇ ਕਲਾਸਰੂਮਾਂ ਵਿੱਚ ਪ੍ਰਤੱਖ ਤਬਦੀਲੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਹਨ, ਜਿਸਨੇ ਅਧਿਆਪਨ ਅਭਿਆਸਾਂ ਨੂੰ ਵਧੇਰੇ ਆਨੰਦਮਈ ਅਤੇ ਵਿਹਾਰਕ ਬਣਾ ਦਿੱਤਾ ਹੈ ਅਤੇ ਵਿਦਿਆਰਥੀਆਂ ਲਈ ਸਿੱਖਣ ਦਾ ਮਾਹੌਲ ਵਧੇਰੇ ਪ੍ਰਭਾਵਸ਼ਾਲੀ ਬਣ ਰਿਹਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਪੜ੍ਹਾਈ-ਲਿਖਾਈ ਰੱਟੇ ਮਾਰਨ ਦੇ ਢੰਗ-ਤਰੀਕਿਆਂ ਤੋਂ ਹਟ ਕੇ ਹੁਣ ਵਧੇਰੇ ਅਨੰਦਮਈ ਅਤੇ ਸ਼ਮੂਲੀਅਤ ਭਰੇ ਸਿੱਖਣ ਦੇ ਮਾਹੌਲ ਵੱਲ ਵਧ ਰਹੀ ਹੈ। ਪੰਜਾਬ ਦੀ ਵਿਆਪਕ ਸਿੱਖਿਆ ਕ੍ਰਾਂਤੀ ਵਿੱਚ ਸ਼ਾਮਲ ਇਹ ਪ੍ਰੋਗਰਾਮ ਸਥਾਨਕ ਕਲਾਸਰੂਮ ਵਿੱਚ ਵਿਸ਼ਵਵਿਆਪੀ ਮੁਹਾਰਤ ਨੂੰ ਸ਼ਾਮਲ ਕਰਨ ‘ਤੇ ਕੇਂਦਰਿਤ ਹੈ, ਜੋ ਇੱਕ ਢਾਂਚਾਗਤ ਟ੍ਰੇਨ-ਦ-ਟ੍ਰੇਨਰਜ਼ ਮਾਡਲ ਰਾਹੀਂ ਪੈਮਾਨੇ ਨੂੰ ਤੈਅ ਕਰਦਾ ਹੈ, ਜਿਸ ਵਿੱਚ ਬੁਨਿਆਦੀ ਸਿੱਖਿਆ ਦੀ ਮਜ਼ਬੂਤੀ ਲਈ ਮਈ ਤੱਕ ਲਗਪਗ 300 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਫਿਨਲੈਂਡ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਕੁਲੋ-ਮੋਈਕੋਇਨੇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਹਿਲਾਂ ਹੀ ਸਥਾਨਕ ਕਲਾਸਰੂਮਾਂ ਨਾਲ ਵਿਸ਼ਵਵਿਆਪੀ ਸਿੱਖਿਆ ਮੁਹਾਰਤ ਨੂੰ ਇਕਸਾਰ ਕਰਕੇ ਸ਼ਾਨਦਾਰ ਨਤੀਜੇ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅਧੀਨ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਰਾਹੀਂ ਸ਼ੁਰੂ ਹੋਈ ਇਹ ਭਾਈਵਾਲੀ ਸ਼ੁਰੂਆਤੀ ਅਤੇ ਬੁਨਿਆਦੀ ਸਿੱਖਿਆ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਯਤਨਾਂ ਵੱਲ ਸੇਧਿਤ ਹੈ। ਇਹ ਥੋੜ੍ਹੇ ਸਮੇਂ ਦੀ ਦਖਲਅੰਦਾਜ਼ੀ ਵਜੋਂ ਨਹੀਂ ਸਗੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿੱਖਿਆ ਨੂੰ ਸ਼ਾਮਲ ਕਰਨ ਲਈ ਲੰਬੇ ਸਮੇਂ ਦੇ ਸੰਸਥਾਗਤ ਯਤਨ ਵਜੋਂ ਤਿਆਰ ਕੀਤੀ ਗਈ ਹੈ, ਜਿਸ ਵਿੱਚ ਬਿਹਤਰੀਨ ਸਿੱਖਿਆ ਅਭਿਆਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰੋਗਰਾਮ ਅਧਿਆਪਕਾਂ ਨੂੰ ਖੋਜ-ਅਧਾਰਤ ਤਰੀਕਿਆਂ ਨਾਲ ਲੈਸ ਕਰਨ ‘ਤੇ ਕੇਂਦਰਿਤ ਹੈ, ਇਹ ਯਕੀਨੀ ਬਣਾਉਂਦਿਆਂ ਕਿ ਇਹ ਪਹੁੰਚ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਸੰਦਰਭ ਦੇ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਸੈਸ਼ਨ ਚੰਡੀਗੜ੍ਹ ਅਤੇ ਫਿਨਲੈਂਡ ਦੇ ਸ਼ਹਿਰਾਂ ਟੁਰਕੂ ਅਤੇ ਰਾਉਮਾ ਦੋਵੇਂ ਜਗ੍ਹਾ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਨੂੰ ਵਰਕਸ਼ਾਪਾਂ, ਮਾਰਗਦਰਸ਼ਨ ਅਭਿਆਸਾਂ ਅਤੇ ਸਕੂਲਾਂ ਦੇ ਦੌਰਿਆਂ ਰਾਹੀਂ ਕਲਾਸਰੂਮ ਵਿਚਲੀਆਂ ਨਵੀਆਂ ਜੁਗਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। ਦੱਸਣਯੋਗ ਹੈ ਕਿ ਮਈ 2026 ਤੱਕ ਚਾਰ ਗਰੁੱਪਾਂ ਵਿੱਚ ਲਗਪਗ 300 ਅਧਿਆਪਕ ਸਿਖਲਾਈ ਪ੍ਰਾਪਤ ਕਰ ਲੈਣਗੇ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ, “ਸਿੱਖਿਆ ਨੂੰ ਆਨੰਦਮਈ ਅਤੇ ਦਿਲਚਸਪ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਅਸੀਂ ਰੱਟੇ ਲਾਉਣ ਦੇ ਪੁਰਾਣੇ ਤਰੀਕਿਆਂ ਦੀ ਥਾਂ ਸਰਗਰਮ ਸ਼ਮੂਲੀਅਤ ਵੱਲ ਵਧ ਰਹੇ ਹਾਂ। ਅਧਿਆਪਕਾਂ ਨੂੰ ਮਾਹਿਰਾਂ ਦੀ ਸਹਾਇਤਾ ਵਾਲੇ ਸੰਦਰਭ-ਵਿਸ਼ੇਸ਼ ਪ੍ਰਾਜੈਕਟ ਡਿਜ਼ਾਈਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਵਿਚਾਰਾਂ ਨੂੰ ਉਨ੍ਹਾਂ ਦੇ ਆਪਣੇ ਕਲਾਸਰੂਮਾਂ ਵਿੱਚ ਲਾਗੂ ਕੀਤਾ ਜਾ ਸਕੇ। ਖੇਤਰ ਤੋਂ ਮਿਲੇ ਫੀਡਬੈਕ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਪ੍ਰੇਰਨਾ ਵਿੱਚ ਸੁਧਾਰ ਹੁੰਦਾ ਹੈ ਅਤੇ ਕਲਾਸਰੂਮ ਵਾਤਾਵਰਣ ਸਾਕਾਰਾਤਮਕ ਬਣਦਾ ਹੈ।” ਉਨ੍ਹਾਂ ਕਿਹਾ, “ਅਧਿਆਪਕਾਂ ਨੇ ਨਵੇਂ ਤਰੀਕਿਆਂ ਨਾਲ ਪ੍ਰਯੋਗ ਕਰਨ ਅਤੇ ਸਿੱਖਣ ਦੀਆਂ ਵੱਖ-ਵੱਖ ਲੋੜਾਂ ਅਨੁਸਾਰ ਪਾਠਾਂ ਨੂੰ ਢਾਲਣ ਵਿੱਚ ਵਧੇਰੇ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ਪਹਿਲਕਦਮੀ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਵਿਦੇਸ਼ੀ ਮਾਡਲਾਂ ਨੂੰ ਸਿੱਧੇ ਲਾਗੂ ਕਰਨ ਦੀ ਬਜਾਏ ਪ੍ਰਸੰਗਿਕ ਅਨੁਕੂਲਨ ’ਤੇ ਜ਼ੋਰ ਦੇਣਾ ਹੈ। ਫਿਨਲੈਂਡ ਦੇ ਮਾਹਿਰਾਂ ਤੋਂ ਨਿਰੰਤਰ ਸਲਾਹ ਸਹਾਇਤਾ ਨੇ ਇਸ ਤਬਦੀਲੀ ਨੂੰ ਸਮਰੱਥ ਬਣਾਇਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਆਲਮੀ ਪੱਧਰ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਥਾਨਕ ਪ੍ਰਣਾਲੀਆਂ ਵਿੱਚ ਅਰਥਪੂਰਨ ਢੰਗ ਨਾਲ ਏਕੀਕ੍ਰਿਤ ਕੀਤਾ ਜਾਵੇ।” ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸਥਾਰਿਤ ਗੱਲਬਾਤ ਲਈ ਟੁਰਕੂ ਯੂਨੀਵਰਸਿਟੀ ਅਤੇ ਟੁਰਕੂ ਅਧਿਆਪਕ ਸਿਖਲਾਈ ਸਕੂਲ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ, “ਸਰਕਾਰ ਹੁਣ ਪ੍ਰੋਗਰਾਮ ਨੂੰ ‘ਟ੍ਰੇਨ-ਦ-ਟ੍ਰੇਨਰਜ਼’ ਪਹੁੰਚ ਰਾਹੀਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਸੂਬੇ ਭਰ ਵਿੱਚ ਇਸਦੀ ਪਹੁੰਚ ਨੂੰ ਵਧਾਉਣ ਲਈ ਮਾਸਟਰ ਟ੍ਰੇਨਰਾਂ ਦਾ ਇੱਕ ਕਾਡਰ ਬਣਾਇਆ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਨਿਰੰਤਰ ਪੇਸ਼ੇਵਰ ਵਿਕਾਸ ਅਤੇ ਵਿਆਪਕ ਪਹੁੰਚ ਨੂੰ ਸਮਰਥਨ ਦੇਣ ਲਈ ਡਿਜੀਟਲ ਪਲੇਟਫਾਰਮ ਅਤੇ ਮਿਸ਼ਰਤ ਸਿਖਲਾਈ ਫਾਰਮੈਟ ਵੀ ਵਿਕਸਤ ਕੀਤੇ ਜਾ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ, “ਵਿਸਥਾਰ ਲਈ ਇੱਕ ਢਾਂਚਾਗਤ ਪ੍ਰਣਾਲੀ ਅਤੇ ਸਿਖਲਾਈ ਪ੍ਰਾਪਤ ਸਿੱਖਿਅਕਾਂ ਦੇ ਵਧ ਰਹੇ ਪੂਲ ਦੇ ਨਾਲ ਸਹਿਯੋਗ ਨੂੰ ਪੰਜਾਬ ਦੇ ਵਿਆਪਕ ਸਿੱਖਿਆ ਸੁਧਾਰਾਂ ਦੇ ਅਧਾਰ ਵਜੋਂ ਦੇਖਿਆ ਜਾ ਰਿਹਾ ਹੈ। ਸੂਬਾ ਜਨਤਕ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਸਫ਼ਲ ਹੋਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ ਅਤੇ ਇਸ ਖੇਤਰ ਵਿੱਚ ਰਫ਼ਤਾਰ ਬਣਾਈ ਰੱਖਣ ਲਈ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ।”  

Scroll to Top