Actionpunjab

Action Punjab Logo
Breaking News

Punjab

Punjab

ਵਿਜੀਲੈਂਸ ਬਿਊਰੋ ਨੇ ਨਾਇਬ ਕੋਰਟ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 18 ਫਰਵਰੀ, 2026:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਉਪ ਮੰਡਲ ਮੈਜਿਸਟਰੇਟ ਕਪੂਰਥਲਾ ਦੀ ਅਦਾਲਤ ਵਿੱਚ ਤਾਇਨਾਤ ਨਾਇਬ ਕੋਰਟ ਰਜਿੰਦਰ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਨਕੋਦਰ, ਜ਼ਿਲ੍ਹਾ ਜਲੰਧਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ, ਜੋ ਕਿ ਪੇਸ਼ੇ ਤੋਂ ਇੱਕ ਮਜ਼ਦੂਰ ਹੈ, ਨੇ ਦੱਸਿਆ ਕਿ ਉਸ ਨੂੰ ਅਤੇ ਉਸਦੇ ਦੋਸਤ ਜੋਬਨ ਨੂੰ ਪੁਲਿਸ ਨੇ ਬੀਐਨਐਸਐਸ ਦੀ ਧਾਰਾ 128 (ਪਹਿਲਾਂ ਸੀਆਰਪੀਸੀ ਦੀ ਧਾਰਾ 109 ਸੀ) ਤਹਿਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਐਸਡੀਐਮ ਕਪੂਰਥਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਉਪਰੰਤ, ਸ਼ਿਕਾਇਤਕਰਤਾ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਅਤੇ ਅਗਲੀ ਸੁਣਵਾਈ ਦੀ ਮਿਤੀ 18.02.2026 ਨਿਰਧਾਰਤ ਕੀਤੀ ਗਈ।ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਨਾਇਬ ਕੋਰਟ ਰਜਿੰਦਰ ਸਿੰਘ ਉਸ ਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀ ਅਤੇ ਉਸ ਨੇ ਕੇਸ ਖਾਰਜ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੀ ਬੇਨਤੀ ਅਤੇ ਮੰਗੀ ਗਈ ਰਕਮ ਦਾ ਭੁਗਤਾਨ ਕਰਨ ਵਿੱਚ ਅਸਮਰੱਥਾ ਜ਼ਾਹਰ ਕਰਨ ‘ਤੇ, ਦੋਸ਼ੀ 8,000 ਰੁਪਏ ਰਿਸ਼ਵਤ ਲੈਣਾ ਮੰਨ ਗਿਆ। ਰਿਸ਼ਵਤ ਮੰਗਣ ਸਬੰਧੀ ਸਾਰੀ ਗੱਲਬਾਤ ਸ਼ਿਕਾਇਤਕਰਤਾ ਦੁਆਰਾ ਰਿਕਾਰਡ ਕਰ ਲਈ ਗਈ ਸੀ।ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਯੂਨਿਟ, ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਨਾਇਬ ਕੋਰਟ ਰਾਜਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ, ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 

Punjab

ਗੁਰਚਰਨ ਸਿੰਘ ਨੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਪੈਸਕੋ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 18 ਫਰਵਰੀ:ਪੰਜਾਬ ਦੇ ਕੈਬਨਿਟ ਮੰਤਰੀਆਂ ਮੋਹਿੰਦਰ ਭਗਤ, ਲਾਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ ਅਤੇ ਡਾ. ਬਲਬੀਰ ਸਿੰਘ ਦੀ ਹਾਜ਼ਰੀ ਵਿੱਚ, ਮੇਜਰ (ਡਾ.) ਗੁਰਚਰਨ ਸਿੰਘ, ਸੇਵਾਮੁਕਤ ਨੇ ਅੱਜ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।ਇਸ ਮੌਕੇ ਕੈਬਨਿਟ ਮੰਤਰੀਆਂ ਨੇ ਮੇਜਰ (ਡਾ.) ਗੁਰਚਰਨ ਸਿੰਘ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦਾ ਪ੍ਰਸ਼ਾਸਕੀ ਤਜਰਬਾ, ਅਨੁਸ਼ਾਸਿਤ ਪਿਛੋਕੜ ਅਤੇ ਸਾਬਕਾ ਫੌਜੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨਾਲ ਕਾਰਪੋਰੇਸ਼ਨ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੇ ਰਾਸ਼ਟਰ ਪ੍ਰਤੀ ਵਡਮੁੱਲੇ ਯੋਗਦਾਨ ਨੂੰ ਸਤਿਕਾਰ ਦਿੰਦਿਆਂ ਪੰਜਾਬ ਸਰਕਾਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਵਚਨਬੱਧ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਮੇਜਰ (ਡਾ.) ਗੁਰਚਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੇ ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਲਾਈ ਉਪਾਵਾਂ, ਰੁਜ਼ਗਾਰ ਮੌਕੇ ਅਤੇ ਸਹਾਇਤਾ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਭਾਰਤੀ ਫੌਜ ਵਿੱਚ 21 ਸਾਲ ਦੀ ਸੇਵਾ ਨਿਭਾਉਣ ਵਾਲੇ ਮੇਜਰ (ਡਾ.) ਗੁਰਚਰਨ ਸਿੰਘ, ਸੇਵਾਮੁਕਤ, ਇੱਕ ਤਜਰਬੇਕਾਰ ਸੈਨਿਕ  ਹਨ,ਜੋ ਅੱਤਵਾਦ ਵਿਰੋਧੀ ਕਾਰਵਾਈਆਂ ਅਤੇ ਜੰਗਲ ਯੁੱਧ ਵਿੱਚ ਮਾਹਰ ਹਨ। ਉਨ੍ਹਾਂ ਨੇ ਕੰਪਨੀ ਕਮਾਂਡਰ ਅਤੇ ਸੈਕਿੰਡ-ਇਨ-ਕਮਾਂਡ ਸਮੇਤ ਮੁੱਖ ਲੀਡਰਸ਼ਿਪ ਭੂਮਿਕਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਨੂੰ ਵਿਆਪਕ ਪ੍ਰਸ਼ਾਸਕੀ ਅਤੇ ਕੰਮਕਾਜੀ ਅਨੁਭਵ ਹਾਸਲ ਹੈ। ਸੇਵਾਮੁਕਤੀ ਤੋਂ ਬਾਅਦ, ਉਹ ਸਮਾਜ ਭਲਾਈ ਅਤੇ ਸਾਬਕਾ ਸੈਨਿਕਾਂ ਦੀ ਸਹਾਇਤਾ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਜੁੜੇ ਰਹੇ ਹਨ।ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਮਾਨਸਾ ਤੋਂ ਵਿਧਾਇਕ ਵਿਜੇ ਐਨ. ਸਿੰਗਲਾ,  ਵਾਟਰ ਵਰਕਸ ਦੇ ਚੇਅਰਮੈਨ ਅਤੇ ‘ਆਪ’ ਦੇ ਸਕੱਤਰ ਐਸ.ਐਸ. ਆਹਲੂਵਾਲੀਆ, ਚੇਅਰਮੈਨ (ਪੰਜਾਬ ਐਗਰੋ) ਸ਼ਵਿੰਦਰ ਸਿੰਘ ਖਿੰਡਾ, ਸਨੌਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਚੇਅਰਮੈਨ(ਯੋਜਨਾ ਬੋਰਡ) ਪ੍ਰਭਜੋਤ ਕੌਰ, ਚੇਅਰਮੈਨ( ਮਾਰਕੀਟ ਕਮੇਟੀ) ਮੋਹਾਲੀ, ਗੁਰਿੰਦਰ ਸਿੰਘ ਮਿੱਤਲ, ਕੌਂਸਲਰ( ਚੰਡੀਗੜ੍ਹ) ਦਮਨਪ੍ਰੀਤ ਸਿੰਘ ਬਾਦਲ, ਕੌਂਸਲਰ( ਚੰਡੀਗੜ੍ਹ) ਪ੍ਰੇਮ ਲਤਾ, ਕੌਂਸਲਰ, (ਚੰਡੀਗੜ੍ਹ) ਅੰਜੂ ਕਤਿਆਲ , ਕੌਂਸਲਰ(ਚੰਡੀਗੜ੍ਹ) ਹਰਦੀਪ ਸਿੰਘ, ਮੈਨੇਜਿੰਗ ਡਾਇਰੈਕਟਰ ਮੇਜਰ ਜਨਰਲ ਹਰਮਨਦੀਪ ਸਿੰਘ (ਸੇਵਾਮੁਕਤ) ਅਤੇ ਹੋਰ ਸੀਨੀਅਰ ਅਧਿਕਾਰੀ  ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸਾਬਕਾ ਆਰਮੀ ਕਮਾਂਡਰ, ਵੈਸਟਰਨ ਕਮਾਂਡ, ਲੈਫਟੀਨੈਂਟ ਜਨਰਲ ਗੁਰਪ੍ਰਤਾਪ ਸਿੰਘ (ਸੇਵਾਮੁਕਤ) ਅਤੇ ਟਰਾਈਸਿਟੀ ਦੇ ਵੱਡੀ ਗਿਣਤੀ ਵਿੱਚ ਫੌਜੀ ਅਧਿਕਾਰੀ ਵੀ ਮੌਜੂਦ ਸਨ। 

Punjab

ਕੇਂਦਰ ਸਰਕਾਰ ਅਪੋਲੋ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੀ ਸਲਾਹ ਵੱਲ ਧਿਆਨ ਦੇਵੇ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ 18 ਫਰਵਰੀ, 2026:ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੋਲੋ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਭਾਰਤ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਨਾਲ ਭਾਰਤੀ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਪ੍ਰਮੁੱਖ ਮੁੱਦਿਆਂ ਪ੍ਰਤੀ ਉਦਾਸੀਨਤਾ ਨਾਲ ਪੇਸ਼ ਆ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭਾਰਤੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਅਸੀਂ ਇਸ ਵਪਾਰਕ ਸਮਝੌਤੇ ਵਿਰੁੱਧ ਆਵਾਜ਼ ਬੁਲੰਦ ਕਰਾਂਗੇ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਾਂਗੇ।ਸ. ਸੰਧਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਪੋਲੋ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਅਨੁਸਾਰ ਆਯਾਤ ਕੀਤੇ ਸੇਬ ਭਾਰਤੀ ਸੇਬਾਂ ਨਾਲੋਂ ਘੱਟ ਪੌਸ਼ਟਿਕ ਹੁੰਦੇ ਹਨ ਕਿਉਂਕਿ ਇਹ ਲੰਬੇ ਸਮੇਂ ਤੱਕ ਸਟੋਰ ਕਰਨ ਅਤੇ ਆਵਾਜਾਈ ਦੌਰਾਨ 40-85 ਫ਼ੀਸਦ ਪੌਸ਼ਟਿਕ ਤੱਤ, ਖਾਸ ਕਰਕੇ ਵਿਟਾਮਿਨ ਸੀ ਗੁਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸੇਬ ਦੇਖਣ ਨੂੰ ਚਮਕਦਾਰ ਹੁੰਦੇ ਹਨ ਪਰ ਇਹਨਾਂ ਦੀ ਗੁਣਵੱਤਾ ਘਟੀਆ ਦਰਜੇ ਦੀ ਹੁੰਦੀ ਹੈ। ਇਸ ਦੇ ਉਲਟ ਕਸ਼ਮੀਰੀ ਜਾਂ ਹਿਮਾਚਲੀ ਸੇਬ ਘੱਟ ਲਾਗਤ ‘ਤੇ ਬਿਹਤਰ ਸਿਹਤ ਲਾਭ ਪ੍ਰਦਾਨ ਕਰ ਰਹੇ ਹਨ। ਆਯਾਤ ਕੀਤੇ ਸੇਬ ਘਰੇਲੂ ਸੇਬਾਂ ਨਾਲੋਂ ਘੱਟ ਪੌਸ਼ਟਿਕ ਹੁੰਦੇ ਹਨ। ਸਾਨੂੰ ਘਟੀਆ ਗੁਣਵੱਤਾ ਵਾਲੇ ਆਯਾਤ ਕੀਤੇ ਸੇਬਾਂ ਲਈ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਜਲਦ ਹੀ ਇਨ੍ਹਾਂ ਦਾ ਹੱਲ ਕਰੇਗੀ। 

Punjab

ਗੈਂਗਸਟਰਾਂ ’ਤੇ ਵਾਰ ਦਾ 29ਵਾਂ ਦਿਨ: ਪੰਜਾਬ ਪੁਲਿਸ ਨੇ 689 ਥਾਈਂ ਕੀਤੀ ਛਾਪੇਮਾਰੀ ; 196 ਗ੍ਰਿਫ਼ਤਾਰ

ਚੰਡੀਗੜ੍ਹ, 18 ਫਰਵਰੀ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਫੈਸਲਾਕੁੰਨ ਮੁਹਿੰਮ ‘ਗੈਂਗਸਟਰਾਂ ਤੇ ਵਾਰ’ ਦੇ 29ਵੇਂ ਦਿਨ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 689 ਟਿਕਾਣਿਆਂ ’ਤੇ  ਛਾਪੇਮਾਰੀ ਕੀਤੀ।ਜ਼ਿਕਰਯੋਗ  ਹੈ ਕਿ ‘ਗੈਂਗਸਟਰਾਂ ’ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਇੱਕ ਫੈਸਲਾਕੁੰਨ ਜੰਗ ਹੈ, ਜਿਸ ਦੀ ਸ਼ੁਰੂਆਤ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ 20 ਜਨਵਰੀ, 2026 ਨੂੰ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਦੇ ਪੂਰੇ ਤਾਲਮੇਲ ਨਾਲ ਸਾਰੇ ਜ਼ਿਲਿ੍ਹਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।29ਵੇਂ ਦਿਨ, ਪੁਲਿਸ ਟੀਮਾਂ ਨੇ 196 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹਥਿਆਰ ਬਰਾਮਦ ਕੀਤਾ, ਜਿਸ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਗ੍ਰਿਫਤਾਰੀਆਂ ਦੀ ਗਿਣਤੀ 9,978 ਹੋ ਗਈ ਹੈ।ਇਸ ਤੋਂ ਇਲਾਵਾ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ ਜਦੋਂ ਕਿ 232 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਨੌਂ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀਜ਼ਿਕਰਯੋਗ ਹੈ ਕਿ  ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ 354ਵੇਂ ਦਿਨ ਵੀ ਜਾਰੀ ਰੱਖੀ ਹੈ, ਜਿਸ ਤਹਿਤ ਅੱਜ 110 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ, 2.7 ਕਿਲੋ ਅਫੀਮ, 419 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 2120 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਦੇ ਨਾਲ ਸਿਰਫ 354 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 50,184 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 36 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ  ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ। 

Punjab

ਆਮ ਆਦਮੀ ਕਲੀਨਿਕ ਮਰੀਜ਼ ਫੀਡਬੈਕ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਵੋਤਮ ਪ੍ਰਦਰਸ਼ਨ

ਹੁਸ਼ਿਆਰਪੁਰ, 18 ਫਰਵਰੀ : ਸਿਹਤ ਖੇਤਰ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਨੇ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਚੰਡੀਗੜ੍ਹ ਵਿਚ ਆਯੋਜਿਤ ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਦੀ ਦੋ ਦਿਨਾਂ ਕਾਨਫਰੰਸ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਆਮ ਆਦਮੀ ਕਲੀਨਿਕ ਮਰੀਜ ਫੀਡਬੈਕ ਵਿਚ ਪੂਰੇ ਪੰਜਾਬ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹੁਸ਼ਿਆਰਪੁਰ ਦੇ ਐਕਟਿੰਗ ਸਿਵਲ ਸਰਜਨ ਅਤੇ ਆਮ ਆਦਮੀ ਕਲੀਨਿਕ ਦੇ ਨੋਡਲ ਅਫਸਰ ਡਾ. ਸੀਮਾ ਗਰਗ ਨੇ ਪ੍ਰਾਪਤ ਕੀਤਾ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਟੀਮ ਵਰਕ ਅਤੇ ਜਨਤਕ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਦੇ ਦਰਵਾਜ਼ੇ ‘ਤੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੀ ਸਮੂਹਿਕ ਮਿਹਨਤ ਦਾ ਨਤੀਜਾ ਹੈ ਅਤੇ ਭਵਿੱਖ ਵਿੱਚ ਵੀ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਯਤਨ ਜਾਰੀ ਰਹਿਣਗੇ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਸ਼ੇਸ਼ ਤੌਰ ‘ਤੇ ਐਕਟਿੰਗ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਡਾ. ਸੀਮਾ ਗਰਗ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਕੁਸ਼ਲ ਅਗਵਾਈ, ਤਾਲਮੇਲ ਯੋਗਤਾ ਅਤੇ ਸੇਵਾ ਭਾਵਨਾ ਕਾਰਨ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਗਰਗ ਬਤੌਰ ਨੋਡਲ ਅਫ਼ਸਰ ਅਤੇ ਕਾਰਜਕਾਰੀ ਸਿਵਲ ਸਰਜਨ ਦੇ ਤੌਰ ‘ਤੇ ਪੂਰੀ ਲਗਨ, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ, ਜੋ ਕਿ ਹੋਰ ਅਧਿਕਾਰੀਆਂ ਲਈ ਵੀ ਪ੍ਰੇਰਨਾ ਸਰੋਤ ਹੈ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ 74 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹਰੇਕ ਕਲੀਨਿਕ ਵਿੱਚ ਇੱਕ ਮੈਡੀਕਲ ਅਫਸਰ, ਫਾਰਮੇਸੀ ਅਫਸਰ, ਕਲੀਨਿਕਲ ਸਹਾਇਕ ਅਤੇ ਸਹਾਇਕ ਸਟਾਫ ਹੁੰਦਾ ਹੈ। ਇਥੇ ਜ਼ਰੂਰੀ ਟੈਸਟ ਅਤੇ 102 ਕਿਸਮਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।          ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ਾਂ ਦਾ ਡਾਟਾ ਕਾਲ ਸੈਂਟਰ ਟੀਮ ਨਾਲ ਸਾਂਝਾ ਕੀਤਾ ਜਾਂਦਾ ਹੈ, ਜੋ ਮਰੀਜ਼ਾਂ ਨਾਲ ਸੰਪਰਕ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਨੂੰ ਦਵਾਈਆਂ ਮਿਲੀਆਂ ਹਨ ਜਾਂ ਨਹੀਂ, ਉਹ ਡਾਕਟਰ ਦੇ ਵਿਵਹਾਰ ਤੋਂ ਸੰਤੁਸ਼ਟ ਹਨ ਜਾਂ ਨਹੀਂ, ਜ਼ਰੂਰੀ ਟੈਸਟ ਕੀਤੇ ਗਏ ਸਨ ਜਾਂ ਨਹੀਂ ਅਤੇ ਸਫਾਈ ਪ੍ਰਣਾਲੀ ਤਸੱਲੀਬਖਸ਼ ਹੈ ਜਾਂ ਨਹੀਂ।             ਐਕਟਿੰਗ ਸਿਵਲ ਸਰਜਨ ਅਤੇ ਆਮ ਆਦਮੀ ਕਲੀਨਿੰਗ ਦੇ ਨੋਡਲ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਗਰਭਵਤੀ ਔਰਤਾਂ ਲਈ ਅਲਟਰਾਸਾਊਂਡ ਅਤੇ ਲੈਵਲ-2 ਸਕੈਨ ਪੈਨਲ ਵਿੱਚ ਸ਼ਾਮਲ ਅਲਟਰਾਸਾਊਂਡ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। 

Punjab

ਗਿਆਨੀ ਰਘਬੀਰ ਸਿੰਘ ਦੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ:ਇੰਦਰਬੀਰ ਸਿੰਘ ਨਿੱਝਰ

ਚੰਡੀਗੜ੍ਹ, 18 ਫਰਵਰੀ 2026 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਅਕਾਲੀ ਦਲ ਦੇ ਅੰਦਰੂਨੀ ਪ੍ਰਬੰਧਾਂ ਬਾਰੇ ਕੀਤੇ ਗਏ ਸਨਸਨੀਖੇਜ਼ ਖ਼ੁਲਾਸਿਆਂ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ ਵਰਗੀ ਸਤਿਕਾਰਤ ਸ਼ਖ਼ਸੀਅਤ, ਜੋ ਸੰਸਥਾ ਦੇ ਅੰਦਰੂਨੀ ਕੰਮਕਾਜ ਤੋਂ ਭਲੀ-ਭਾਂਤ ਜਾਣੂ ਹਨ, ਵੱਲੋਂ ਲਗਾਏ ਗਏ ਇਹ ਇਲਜ਼ਾਮ ਸਿੱਖ ਕੌਮ ਲਈ ਬੇਹੱਦ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੇ ਹਨ। ਨਿੱਝਰ ਨੇ ਕਿਹਾ ਕਿ ਹਾਲਾਂਕਿ ਸੰਗਤ ਵਿੱਚ ਇਨ੍ਹਾਂ ਸੰਸਥਾਵਾਂ ਦੀ ਗਿਰਾਵਟ ਬਾਰੇ ਪਹਿਲਾਂ ਹੀ ਚਰਚਾਵਾਂ ਸਨ, ਪਰ ਹੁਣ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਇਨ੍ਹਾਂ ਸੱਚਾਈਆਂ ਨੂੰ ਜਨਤਕ ਕਰਨਾ ਮਾਮਲੇ ਦੀ ਗੰਭੀਰਤਾ ਨੂੰ ਕਈ ਗੁਣਾ ਵਧਾ ਦਿੰਦਾ ਹੈ। ਵਿਧਾਇਕ ਨਿੱਝਰ ਨੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੁਰੂ ਘਰ ਦੀਆਂ ਕੀਮਤੀ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਚਹੇਤਿਆਂ ਨੂੰ ਨਾਜਾਇਜ਼ ਫ਼ਾਇਦੇ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਅੱਗੇ ਖ਼ੁਲਾਸਾ ਕੀਤਾ ਕਿ ਐਸਜੀਪੀਸੀ ਦੇ ਪ੍ਰਬੰਧ ਅਧੀਨ ਚੱਲ ਰਹੇ ਠੇਕਿਆਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋ ਰਹੀ ਹੈ, ਜਿੱਥੇ ਪਹਿਲਾਂ ਆਪਣੇ ਖ਼ਾਸ ਬੰਦਿਆਂ ਨੂੰ ਠੇਕੇ ਦਿੱਤੇ ਜਾਂਦੇ ਹਨ ਅਤੇ ਫਿਰ ਉਹ ਅੱਗੇ ਮਹਿੰਗੇ ਭਾਅ ‘ਤੇ ਸਬ-ਠੇਕੇ ਦੇ ਕੇ ਗੁਰੂ ਦੀ ਗੋਲਕ ਦੀ ਲੁੱਟ ਕਰ ਰਹੇ ਹਨ। ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਗੁਰੂ ਘਰ ਦੇ ਪਵਿੱਤਰ ਲੰਗਰ ਲਈ ਤਿਆਰ ਕੀਤੀਆਂ ਰੋਟੀਆਂ ਤੱਕ ਨੂੰ ਵੇਚਿਆ ਜਾ ਰਿਹਾ ਹੈ, ਜੋ ਕਿ ਸਿੱਖ ਸੰਗਤ ਦੀ ਨਿਰਮਲ ਸ਼ਰਧਾ ਅਤੇ ਲੰਗਰ ਦੀ ਮਰਿਆਦਾ ਨਾਲ ਸਿੱਧਾ ਖਿਲਵਾੜ ਹੈ। ਧਾਰਮਿਕ ਕਾਰਜਾਂ ਵਿੱਚ ਫੈਲੀ ਬੁਰਾਈ ਬਾਰੇ ਬੋਲਦਿਆਂ ਡਾ. ਨਿੱਝਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪਾਠ ਕਰਵਾਉਣ ਦੇ ਨਾਮ ‘ਤੇ ਸ਼ਰਧਾਲੂਆਂ ਤੋਂ 5-5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਸਾਹਮਣੇ ਆਉਣੇ ਬੇਹੱਦ ਮੰਦਭਾਗੇ ਹਨ। ਇੰਨਾ ਹੀ ਨਹੀਂ, ਮੁਲਾਜ਼ਮਾਂ ਦੀਆਂ ਬਦਲੀਆਂ (ਟ੍ਰਾਂਸਫ਼ਰਾਂ) ਵਿੱਚ ਵੀ ਵੱਡੀ ਪੱਧਰ ‘ਤੇ ਪੈਸਿਆਂ ਦਾ ਲੈਣ-ਦੇਣ ਹੋ ਰਿਹਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਵੀ ਇੱਕ ਮੁਲਾਜ਼ਮ ਨੇ ਅੰਮ੍ਰਿਤਸਰ ਵਾਪਸ ਆਉਣ ਲਈ ਪੰਜ ਲੱਖ ਰੁਪਏ ਦੀ ਮੰਗ ਦੀ ਗੱਲ ਕਹੀ ਸੀ, ਜੋ ਸਾਬਤ ਕਰਦਾ ਹੈ ਕਿ ਸੰਸਥਾ ਵਿੱਚ ਇਮਾਨਦਾਰੀ ਦੀ ਥਾਂ ਸਿਰਫ਼ ਪੈਸੇ ਅਤੇ ਸਿਆਸੀ ਦਬਾਅ ਨੇ ਲੈ ਲਈ ਹੈ। ਸਭ ਤੋਂ ਗੰਭੀਰ ਮੁੱਦੇ ‘ਤੇ ਚਰਚਾ ਕਰਦਿਆਂ ਵਿਧਾਇਕ ਨਿੱਝਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮਹਾਰਾਜ ਦੇ 328 ਪਾਵਨ ਸਰੂਪ, ਹੱਥ-ਲਿਖਤ ਸਰੂਪ ਅਤੇ ਨਨਕਾਣਾ ਸਾਹਿਬ ਦੇ ਮੋਰਚੇ ਨਾਲ ਸਬੰਧਤ ਇਤਿਹਾਸਕ ਸਰੂਪ ਅੱਜ ਸੰਗਤ ਦੀ ਨਜ਼ਰ ਤੋਂ ਓਹਲੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਅਨਮੋਲ ਵਿਰਾਸਤ ਕਿੱਥੇ ਗਈ ਅਤੇ ਇਸ ਨੂੰ ਕਿਸ ਦੀ ਸ਼ਹਿ ‘ਤੇ ਗਾਇਬ ਕੀਤਾ ਗਿਆ?  ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਵੱਡੇ ਸੁਧਾਰ ਲਿਆਉਣ ਤਾਂ ਜੋ ਸਿੱਖ ਕੌਮ ਦੀ ਸ਼ਾਨ ਅਤੇ ਮਰਿਆਦਾ ਨੂੰ ਬਹਾਲ ਕੀਤਾ ਜਾ ਸਕੇ। 

Punjab

ਕਿਸਾਨਾਂ ਦੀ ਆਮਦਨ ਵਧਾਉਣ ਲਈ 1300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਨੂੰ ਬਾਗਬਾਨੀ ਦੇ ਖੇਤਰ ਵਿੱਚ ਮਿਲੇਗਾ ਵੱਡਾ ਹੁਲਾਰਾ : ਮੋਹਿੰਦਰ ਭਗਤ

ਚੰਡੀਗੜ੍ਹ, 18 ਫਰਵਰੀ:ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਲਗਭਗ 1300 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਬਾਗਬਾਨੀ ਖੇਤਰ ਵਿੱਚ ਵੱਡੀ ਸਕਾਰਾਤਮਕ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਨਵੇਂ ਨਿਰਯਾਤ ਮੌਕਿਆਂ ਲਈ ਵੀ ਰਾਹ ਪੱਧਰਾ ਹੋਵੇਗਾ।ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਸਹਿਯਾਦਰੀ ਕਿਸਾਨ ਉਤਪਾਦਕ ਕੰਪਨੀ ਲਿਮਟਿਡ ਦੇ ਆਪਣੇ ਹਾਲੀਆ ਦੌਰੇ ਦੇ ਨਤੀਜੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਮਹਾਰਾਸ਼ਟਰ ਬਾਗਬਾਨੀ ਮਾਡਲ ਦੇ  ਸਫ਼ਲ ਅਭਿਆਸਾਂ ਨੂੰ ਅਪਣਾਏਗਾ ਤਾਂ ਜੋ ਸੂਬੇ ਦੇ ਕਿਸਾਨ ਸੰਗਠਿਤ ਖੇਤੀ, ਪ੍ਰੋਸੈਸਿੰਗ ਅਤੇ ਬਿਹਤਰ ਮਾਰਕੀਟ ਲਿੰਕੇਜ ਰਾਹੀਂ ਵੱਧ ਮੁਨਾਫ਼ਾ ਕਮਾ ਸਕਣ। ਉਨ੍ਹਾਂ ਦੱਸਿਆ ਕਿ ਸਿਖਲਾਈ ਅਤੇ ਸੰਸਥਾਗਤ ਸਹਾਇਤਾ ਰਾਹੀਂ ਪੰਜਾਬ ਵਿੱਚ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.) ਨੂੰ ਮਜ਼ਬੂਤ ਕਰਨ ਲਈ ਸਹਿਯਾਦਰੀ ਨਾਲ ਸਮਝੌਤਾ ’ਤੇ ਵੀ ਹਸਤਾਖਰ ਕੀਤੇ ਗਏ ਹਨ।ਸ੍ਰੀ ਭਗਤ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬਹੁਤ ਸਫ਼ਲ ਰਿਹਾ ਕਿਉਂਕਿ ਵਫ਼ਦ ਨੇ ਇਸ ਦੌਰਾਨ ਅਧਿਐਨ ਕੀਤਾ ਕਿ ਕਿਸਾਨ ਉਤਪਾਦਨ, ਗਰੇਡਿੰਗ, ਪੈਕੇਜਿੰਗ, ਪ੍ਰੋਸੈਸਿੰਗ ਅਤੇ ਨਿਰਯਾਤ ਨੂੰ ਬਿਹਤਰ ਬਣਾਉਣ ਲਈ ਐਫ਼ਪੀਓਜ਼ ਰਾਹੀਂ ਕਿਵੇਂ ਇਕੱਠੇ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਹਿਯਾਦਰੀ 30,000 ਏਕੜ ਤੋਂ ਵੱਧ ਰਕਬੇ ਵਿੱਚ ਹਜ਼ਾਰਾਂ ਕਿਸਾਨਾਂ ਨਾਲ ਕੰਮ ਕਰ ਰਿਹਾ ਹੈ ਅਤੇ 42 ਦੇਸ਼ਾਂ ਨੂੰ ਫਲ ਅਤੇ ਸਬਜ਼ੀਆਂ ਦਾ ਨਿਰਯਾਤ ਕਰ ਰਿਹਾ ਹੈ।ਮੰਤਰੀ ਨੇ ਕਿਹਾ ਕਿ ਵਫ਼ਦ ਨੇ ਆਧੁਨਿਕ ਪੈਕਹਾਊਸਾਂ, ਪ੍ਰੋਸੈਸਿੰਗ ਯੂਨਿਟਾਂ, ਖੋਜ ਫਾਰਮਾਂ ਅਤੇ ਸਿਖਲਾਈ ਕੇਂਦਰਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਮਾਹਰਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਮਹਾਂਰਾਸ਼ਟਰ ਵਾਂਗ ਵਿਗਿਆਨਕ ਫਸਲ ਯੋਜਨਾਬੰਦੀ, ਬਿਹਤਰ ਗੁਣਵੱਤਾ ਨਿਯੰਤਰਣ ਅਤੇ ਮਜ਼ਬੂਤ ਬਾਜ਼ਾਰ ਸੰਪਰਕਾਂ ਤੋਂ ਲਾਭ ਲੈ ਸਕਦੇ ਹਨ।ਸਮਝੌਤੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਵਿੱਚ ਮਜ਼ਬੂਤ ਕਿਸਾਨ ਸਮੂਹ ਬਣਾਉਣ, ਸਿਖਲਾਈ, ਤਕਨਾਲੋਜੀ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਕਿਸਾਨ ਸਮੂਹਿਕ ਤੌਰ ’ਤੇ ਕੰਮ ਕਰਕੇ ਲਾਭ ਲੈ ਸਕਣ ਅਤੇ ਆਪਣੇ ਉਤਪਾਦਨ ਦੀਆਂ  ਬਿਹਤਰ ਕੀਮਤਾਂ ਪ੍ਰਾਪਤ ਕਰ ਸਕਣ।ਸ੍ਰੀ ਭਗਤ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਖੇਤਰ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਅਤੇ ਕਿਸਾਨਾਂ ਲਈ ਟਿਕਾਊ ਆਮਦਨ  ਦੇ ਮੌਕੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿੱਚ ਇੱਕ ਮੋਹਰੀ ਬਾਗਬਾਨੀ ਹੱਬ ਵਜੋਂ ਉਭਰਨ ਲਈ ਸਮਰੱਥ ਹੈ।ਇਸ ਮੌਕੇ ਕਮਿਸ਼ਨਰ (ਖੇਤੀਬਾੜੀ) ਬਬੀਤਾ ਕਲੇਰ, ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ, ਡਿਪਟੀ ਡਾਇਰੈਕਟਰ (ਬਾਗਬਾਨੀ) ਹਰਪ੍ਰੀਤ ਸਿੰਘ ਸੇਠੀ, ਸਹਾਇਕ ਡਾਇਰੈਕਟਰ (ਬਾਗਬਾਨੀ) ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ (ਬਾਗਬਾਨੀ) ਬਲਵਿੰਦਰਜੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। 

Punjab

ਲੋਕ ਨਿਰਮਾਣ ਮੰਤਰੀ ਨੇ ਚੱਲ ਰਹੇ ਸੜਕੀ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ, ਬਰਸਾਤ ਦੇ ਮੌਸਮ ਤੋਂ ਪਹਿਲਾਂ ਇਹਨਾਂ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 18 ਫਰਵਰੀ:ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਈ ਉੱਚ-ਪੱਧਰੀ ਮੀਟਿੰਗ ਦੌਰਾਨ ਸੂਬੇ ਭਰ ਵਿੱਚ ਚੱਲ ਰਹੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮਾਂ ਦੀ ਵਿਆਪਕ ਸਮੀਖਿਆ ਕੀਤੀ।ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਬਿਟੂਮਿਨ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਹਫਤਾਵਾਰੀ ਟੀਚੇ ਮਿੱਥਣ ਅਤੇ ਉਨ੍ਹਾਂ ਨੂੰ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।ਹਰਭਜਨ ਸਿੰਘ ਈ. ਟੀ. ਓ. ਨੇ ਇਨ੍ਹਾਂ ਹਫਤਾਵਾਰੀ ਟੀਚਿਆਂ ਦੀ ਰੋਜ਼ਾਨਾ ਸਬੰਧਤ ਮੁੱਖ ਇੰਜੀਨੀਅਰਾਂ ਵੱਲੋਂ ਨਿਗਰਾਨੀ ਕਰਨ ਅਤੇ ਜਵਾਬਦੇਹੀ ਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ‘ਤੇ ਸਮੀਖਿਆ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਟਿਕਾਊ ਅਤੇ ਉੱਚ-ਗੁਣਵੱਤਾ ਵਾਲਾ ਸੜਕੀ ਢਾਂਚਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਾਤਰੀਆਂ ਨੂੰ ਬਿਹਤਰ ਅਤੇ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਦੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਹਤਰ ਸੜਕੀ ਸੰਪਰਕ ਨਾਲ ਆਰਥਿਕ ਅਤੇ ਖੇਤਰੀ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਵਿੱਤੀ ਅਤੇ ਹੋਰਨਾਂ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੜਕ ਨਿਰਮਾਣ ਕਾਰਜਾਂ ਨੂੰ ਪੂਰਾ ਕਰਨ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀ ਜਾਂ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਕੈਬਨਿਟ ਮੰਤਰੀ ਨੇ ਪੇਵਿੰਗ ਸਬੰਧੀ ਕੰਮਾਂ ਨੂੰ ਤਰੁੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਇਸ ਸਮੇਂ ਪ੍ਰੀ-ਮਿਕਸ ਅਤੇ ਕਾਰਪੇਟਿੰਗ ਦੇ ਕੰਮਾਂ ਲਈ ਵਾਤਾਵਰਨ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਇੰਜੀਨੀਅਰਿੰਗ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਕਾਰਜਸ਼ੀਲਤਾ ਵਿੱਚ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਅਚਨਚੇਤ ਨਿਰੀਖਣ ਕੀਤੇ ਜਾਣਗੇ।ਮਿਆਰੀ ਬੁਨਿਆਦੀ ਢਾਂਚੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੜਕੀ ਨਿਰਮਾਣ ਕਾਰਜਾਂ ਦਾ ਨਿੱਜੀ ਤੌਰ ‘ਤੇ ਨਿਰੀਖਣ ਕਰਨਗੇ ਤਾਂ ਜੋ ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਇਆ ਜਾ ਸਕੇ।ਵਿੱਤੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਬਿਲ੍ਹਾਂ ਦੇ ਜਲਦ ਨਿਪਟਾਰੇ ਲਈ ਉਨ੍ਹਾਂ ਨੇ ਸਾਰੇ ਠੇਕੇਦਾਰਾਂ ਦੇ ਬਿੱਲ ਨੂੰ ਸਮੇਂ ਸਿਰ ਜਮ੍ਹਾਂ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ।ਇਸ ਮੀਟਿੰਗ ਵਿੱਚ ਪ੍ਰਬੰਧਕੀ ਸਕੱਤਰ ਰਵੀ ਭਗਤ, ਇੰਜੀਨੀਅਰ-ਇਨ-ਚੀਫ਼ ਗਗਨਦੀਪ ਸਿੰਘ, ਚੀਫ ਇੰਜੀਨੀਅਰ ਅਨਿਲ ਗੁਪਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। 

Punjab

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉੱਘੇ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 18 ਫਰਵਰੀ, 2026:ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਦੇ ਉੱਘੇ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਹਮੇਸ਼ਾ ਸਾਨੂੰ ਪ੍ਰੇਰਿਤ ਕਰੇਗਾ ਅਤੇ ਸਾਡੇ ਦਿਲ ਵਿੱਚ ਜੀਵੰਤ ਰਹੇਗਾ।ਸਪੀਕਰ ਸੰਧਵਾਂ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਤੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। 

Punjab

ਸਟੇਟ ਬੈਂਕ ਆਫ਼ ਇੰਡੀਆ (SBI) CBO ਭਰਤੀ 2026, ਇੰਝ ਕਰੋ ਅਪਲਾਈ

ਸਟੇਟ ਬੈਂਕ ਆਫ਼ ਇੰਡੀਆ ਨੇ 2273 ਸਰਕਲ ਬੇਸਡ ਅਫ਼ਸਰਾਂ (CBO) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਮੁੱਖ ਵੇਰਵੇ (Key Details) ਸੰਸਥਾ ਦਾ ਨਾਮ: ਸਟੇਟ ਬੈਂਕ ਆਫ਼ ਇੰਡੀਆ (SBI) ਪੋਸਟ ਦਾ ਨਾਮ: ਸਰਕਲ ਬੇਸਡ ਅਫ਼ਸਰ (CBO) ਕੁੱਲ ਅਸਾਮੀਆਂ: 2273 (2050 ਰੈਗੂਲਰ + 223 ਬੈਕਲਾਗ) ਅਪਲਾਈ ਕਰਨ ਦਾ ਤਰੀਕਾ: ਆਨਲਾਈਨ ਅਧਿਕਾਰਤ ਵੈੱਬਸਾਈਟ: https://sbi.bank.in/ ਮਹੱਤਵਪੂਰਨ ਮਿਤੀਆਂ (Important Dates) ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ: 29 ਜਨਵਰੀ 2026 ਅਪਲਾਈ ਕਰਨ ਦੀ ਆਖਰੀ ਮਿਤੀ: 25 ਫਰਵਰੀ 2026 (ਵਧਾਈ ਗਈ ਮਿਤੀ) ਪ੍ਰੀਖਿਆ ਦੀ ਸੰਭਾਵਿਤ ਮਿਤੀ: ਮਾਰਚ 2026 ਯੋਗਤਾ ਮਾਪਦੰਡ (Eligibility Criteria) ਵਿੱਦਿਅਕ ਯੋਗਤਾ: ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ (ਕਿਸੇ ਵੀ ਵਿਸ਼ੇ ਵਿੱਚ)। ਉਮਰ ਸੀਮਾ (31.12.2025 ਤੱਕ): ਘੱਟੋ-ਘੱਟ: 21 ਸਾਲ ਵੱਧ ਤੋਂ ਵੱਧ: 30 ਸਾਲ ਨੋਟ: ਰਾਖਵੀਆਂ ਸ਼੍ਰੇਣੀਆਂ (SC/ST/OBC/PwBD) ਲਈ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਉਪਲਬਧ ਹੈ। ਤਜ਼ਰਬਾ (Experience): ਕਿਸੇ ਵੀ ਸ਼ਡਿਊਲਡ ਕਮਰਸ਼ੀਅਲ ਬੈਂਕ ਜਾਂ ਖੇਤਰੀ ਗ੍ਰਾਮੀਣ ਬੈਂਕ ਵਿੱਚ ਅਫਸਰ ਵਜੋਂ ਘੱਟੋ-ਘੱਟ 2 ਸਾਲਾਂ ਦਾ ਤਜ਼ਰਬਾ (31.12.2025 ਤੱਕ)। ਸਥਾਨਕ ਭਾਸ਼ਾ: ਜਿਸ ਸਰਕਲ ਲਈ ਤੁਸੀਂ ਅਪਲਾਈ ਕਰ ਰਹੇ ਹੋ, ਉਸ ਦੀ ਸਥਾਨਕ ਭਾਸ਼ਾ (ਪੜ੍ਹਨਾ, ਲਿਖਣਾ ਅਤੇ ਸਮਝਣਾ) ਆਉਣੀ ਲਾਜ਼ਮੀ ਹੈ। 10ਵੀਂ ਜਾਂ 12ਵੀਂ ਜਮਾਤ ਵਿੱਚ ਸਥਾਨਕ ਭਾਸ਼ਾ ਪੜ੍ਹੀ ਹੋਣ ਦਾ ਸਬੂਤ ਹੋਣਾ ਚਾਹੀਦਾ ਹੈ। ਤਨਖਾਹ (Salary) ਮੁੱਢਲੀ ਤਨਖਾਹ (Basic Pay): 48,480 ਰੁਪਏ ਪ੍ਰਤੀ ਮਹੀਨਾ। ਪੇ ਸਕੇਲ: 48,480 – 85,920 ਰੁਪਏ। ਇਸ ਤੋਂ ਇਲਾਵਾ DA, HRA, ਅਤੇ ਹੋਰ ਭੱਤੇ ਵੀ ਮਿਲਣਗੇ। ਚੋਣ ਪ੍ਰਕਿਰਿਆ (Selection Process) ਭਰਤੀ ਹੇਠ ਲਿਖੇ ਪੜਾਵਾਂ ਵਿੱਚ ਹੋਵੇਗੀ: ਆਨਲਾਈਨ ਲਿਖਤੀ ਪ੍ਰੀਖਿਆ: (ਉਦੇਸ਼ਪੂਰਨ ਅਤੇ ਵਰਣਨਾਤਮਕ ਟੈਸਟ) ਸਕ੍ਰੀਨਿੰਗ: ਦਸਤਾਵੇਜ਼ਾਂ ਅਤੇ ਯੋਗਤਾ ਦੀ ਜਾਂਚ। ਇੰਟਰਵਿਊ: 50 ਅੰਕ। ਸਥਾਨਕ ਭਾਸ਼ਾ ਦਾ ਟੈਸਟ: (ਜੇਕਰ 10ਵੀਂ/12ਵੀਂ ਵਿੱਚ ਭਾਸ਼ਾ ਨਹੀਂ ਪੜ੍ਹੀ)। ਅਰਜ਼ੀ ਫੀਸ (Application Fee) ਜਨਰਲ/OBC/EWS: 750/- ਰੁਪਏ SC/ST/PwBD: ਕੋਈ ਫੀਸ ਨਹੀਂ (Nil) ਅਪਲਾਈ ਕਿਵੇਂ ਕਰੀਏ? (How to Apply) ਸਭ ਤੋਂ ਪਹਿਲਾਂ SBI ਦੀ ਵੈੱਬਸਾਈਟ sbi.bank.in/web/careers ‘ਤੇ ਜਾਓ। “Current Openings” ਵਿੱਚ ਜਾ ਕੇ “Recruitment of Circle Based Officers” ਲਿੰਕ ‘ਤੇ ਕਲਿੱਕ ਕਰੋ। ਆਪਣੀ ਰਜਿਸਟ੍ਰੇਸ਼ਨ ਕਰੋ ਅਤੇ ਫਾਰਮ ਭਰੋ। ਲੋੜੀਂਦੇ ਦਸਤਾਵੇਜ਼ (ਫੋਟੋ, ਦਸਤਖਤ, ਅਨੁਭਵ ਸਰਟੀਫਿਕੇਟ ਆਦਿ) ਅਪਲੋਡ ਕਰੋ। ਫੀਸ ਦਾ ਭੁਗਤਾਨ ਕਰੋ ਅਤੇ ਫਾਰਮ ਸਬਮਿਟ ਕਰੋ। ਭਵਿੱਖ ਲਈ ਫਾਰਮ ਦਾ ਪ੍ਰਿੰਟ ਆਊਟ ਲਓ।

Scroll to Top