Actionpunjab

Action Punjab Logo
Breaking News

Punjab

Punjab

ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 18 ਜੂਨ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਐਂਟੀ ਨਾਰਕੋਟਿਕ ਟਾਸਕ ਫੋਰਸ, ਜਲੰਧਰ ਵਿਖੇ ਤਾਇਨਾਤ ਸਬ ਇੰਸਪੈਕਟਰ ਅਮਨਦੀਪ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਗੋਹਾਵਰ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੀ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸਦੇ ਭਰਾ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਕਤ ਐਸ.ਆਈ. ਅਮਨਦੀਪ ਸਿੰਘ ਇਸ ਕੇਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘਸੀਟਣ ਅਤੇ ਉਨ੍ਹਾਂ ਦੀਆਂ ਸੰਪਤੀਆਂ ਵਿਰੁੱਧ ਕਾਰਵਾਈ ਵਿੱਢਣ ਦੀਆਂ ਧਮਕੀਆਂ ਦੇ ਰਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਐਸ.ਆਈ. ਪਹਿਲਾਂ ਹੀ ਉਸ ਤੋਂ ਵੱਖ-ਵੱਖ ਮੌਕਿਆਂ ‘ਤੇ 6.50 ਲੱਖ ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਉਸਦੀ ਭਰਜਾਈ ਨੂੰ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਚਾਉਣ ਲਈ 2 ਲੱਖ ਰੁਪਏ ਹੋਰ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਉਕਤ ਪੁਲਿਸ ਮੁਲਾਜ਼ਮ ਵੱਲੋਂ ਰਿਸ਼ਵਤ ਮੰਗਣ ਦੀ ਗੱਲਬਾਤ ਰਿਕਾਰਡ ਕਰ ਲਈ। ਹੋਰ ਰਿਸ਼ਵਤ ਦੇਣ ਲਈ ਰਾਜ਼ੀ ਨਾ ਹੋਣ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਰਿਸ਼ਵਤ ਦੇ ਪੈਸੇ ਬਰਾਮਦ ਕਰ ਲਏ ਗਏ। ਕਾਰਵਾਈ ਦੌਰਾਨ, ਕਾਂਸਟੇਬਲ ਮਨਿੰਦਰ ਸਿੰਘ, ਜੋ ਕਿ ਮੁਲਜ਼ਮ ਐਸ.ਆਈ. ਦੇ ਨਾਲ ਸੀ, ਗੱਡੀ ਸਮੇਤ ਮੌਕੇ ਤੋਂ ਭੱਜ ਗਿਆ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।  

Punjab

ਗੈਂਗਸਟਰਾਂ ’ਤੇ ਵਾਰ ਦਾ 149ਵਾਂ ਦਿਨ: ਪੰਜਾਬ ਪੁਲਿਸ ਵੱਲੋਂ 560 ਥਾਈਂ ਛਾਪੇਮਾਰੀ; 333 ਕਾਬੂ

ਚੰਡੀਗੜ੍ਹ, 18 ਜੂਨ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 149ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 560 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ, ਜਿਸਦੀ ਸ਼ੁਰੂਆਤ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ  ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿ੍ਹਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। ਅੱਜ 149ਵੇਂ ਦਿਨ ਪੁਲਿਸ ਟੀਮਾਂ ਨੇ 333 ਵਿਅਕਤੀਆਂ ਨੂੰ ਸੱਤ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਹੋਈਆਂ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 38,090 ਹੋ ਗਈ ਹੈ। ਇਸ ਤੋਂ ਇਲਾਵਾ, 75 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ ਦੋ ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਪੰਜ ਭਗੌੜੇ ਅਪਰਾਧੀਆਂ  ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ  ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਜਾਂ ਅਪਰਾਧਿਕ ਗਤੀਵਿਧੀਆਂ ਸਬੰਧੀ ਸੂਹ ਵੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੱੁਧ’ ਨੂੰ 474ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 70 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 961 ਗ੍ਰਾਮ ਹੈਰੋਇਨ ਅਤੇ 3500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਮਹਿਜ਼ 474 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 68,828 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ 10 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।  

Punjab

ਅੰਤਰਰਾਜੀ ਸਹਿਯੋਗ ਨਾਲ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਦੀ ਲੜਾਈ ਹੋ ਰਹੀ ਮਜ਼ਬੂਤ

ਚੰਡੀਗੜ੍ਹ , 18 ਜੂਨ: ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਆਪਣੇ ਅਧਿਕਾਰ ਖੇਤਰ ਤੋਂ ਅੱਗੇ ਵਧਦਿਆਂ ਨਾ ਸਿਰਫ਼ ਗੁਆਂਢੀ ਸੂਬਿਆਂ ਦੀਆਂ ਪੁਲਿਸ ਫੋਰਸਾਂ, ਸਗੋਂ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ। ਗੈਂਗਸਟਰਾਂ ਦੇ ਨੈੱਟਵਰਕਾਂ ਦਾ ਪਤਾ ਲਗਾਉਣ ਤੋੰ ਲੈ ਕੇ ਹੋਰਨਾਂ ਰਾਜਾਂ ਨਾਲ ਸਾਂਝੇ ਆਪ੍ਰੇਸ਼ਨਾਂ ਨੂੰ ਅੰਜਾਮ ਦੇਣ ਤੱਕ, ਪੰਜਾਬ ਪੁਲਿਸ ਨੇ ਅਜਿਹੇ ਗਿਰੋਹਾਂ ਅਤੇ ਉਨ੍ਹਾਂ ਦੇ ਨੈੱਟਵਰਕਾਂ ਦਾ ਲੱਕ ਤੋੜਨ ਵਿੱਚ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ । ਖੁਫ਼ੀਆ ਜਾਣਕਾਰੀ ਜੁਟਾਉਣ ਸਬੰਧੀ ਨੈੱਟਵਰਕ ਵਿਕਸਿਤ ਕਰਨ ਅਤੇ ਸਾਂਝੀਆਂ ਕਾਰਵਾਈਆਂ ਵਿੱਢਣ  ਦੇ ਨਾਲ-ਨਾਲ ਪੁਲਿਸ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਅਪਰਾਧੀ ਭੂਗੋਲਿਕ ਸਰਹੱਦਾਂ ਦਾ ਫ਼ਾਇਦਾ ਨਾ ਉਠਾ ਸਕਣ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅਸੀਂ ਆਪਣੇ ਮਕਸਦ ਪ੍ਰਤੀ ਪੂਰੀ ਤਰ੍ਹਾਂ ਸਪੱਸ਼ਟ ਹਾਂ—ਅਪਰਾਧੀ ਇੱਥੇ ਅਪਰਾਧ ਕਰਕੇ ਬਚ ਨਹੀਂ ਸਕਦੇ। ਪੰਜਾਬ ਪੁਲਿਸ ਉਨ੍ਹਾਂ ਨੂੰ ਹਰ ਹੀਲੇ ਕਾਬੂ ਕਰੇਗੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਏਗੀ। ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਕਾਰਵਾਈ ਦੇ ਫੈਸਲਾਕੁੰਨ 148ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕੀ ਹੈ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਅਪਰਾਧੀਆਂ ਨੂੰ ਨਹੀਂ ਛੱਡਾਂਗੇ। ਮੁਹਿੰਮ ਸ਼ੁਰੂ ਹੋਣ ਤੋਂ ਹੁਣ ਤੱਕ 37,757 ਸਮਾਜ ਵਿਰੋਧੀ ਤੱਤਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਸੂਬਾ ਪੁਲਿਸ ਦੀ ਅਪਰਾਧ ਨਾਲ ਨਜਿੱਠਣ ਦੀ ਵਚਨਬੱਧਤਾ ਪ੍ਰਤੱਖ ਪ੍ਰਮਾਣ ਹੈ। ਮੈਂ ਹੋਰ ਸੂਬਿਆਂ ਦੇ ਪੁਲਿਸ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕਰਨ ਵਿੱਚ ਸਾਡਾ ਸਹਿਯੋਗ ਕੀਤਾ।” ਗੈਂਗਸਟਰ ਅਕਸਰ ਇੱਕ ਸੂਬੇ ਵਿੱਚ ਬੈਠ ਕੇ ਦੂਜੇ ਸੂਬੇ ਵਿੱਚ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ, ਇਸੇ ਨਸ਼ਾ ਤਸਕਰ ਵੀ ਵੱਖ-ਵੱਖ ਸੂਬਿਆਂ ਦੇ ਰਸਤਿਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ। ਹੁਣ ਤੱਕ ਕੁੱਲ 68,682 ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਨੇ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਹਥਿਆਰਾਂ ਵਿੱਚੋਂ ਇੱਕ—ਅੰਤਰਰਾਜੀ ਸਹਿਯੋਗ—ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਰਣਨੀਤੀ ਸੂਬੇ ਦੀ ਚੱਲ ਰਹੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦਾ  ਅਧਾਰ ਬਣ ਚੁੱਕੀ ਹੈ, ਜਿਸ ਤਹਿਤ ਪੰਜਾਬ ਪੁਲਿਸ ਸਿਰਫ਼ ਵਿਅਕਤੀਗਤ ਅਪਰਾਧੀਆਂ ਨੂੰ ਹੀ ਨਹੀਂ, ਸਗੋਂ ਸੰਗਠਿਤ ਅਪਰਾਧ ਨੂੰ ਸ਼ਹਿ ਦੇਣ ਵਾਲੇ ਪੂਰੇ ਤੰਤਰ ਨੂੰ ਨਿਸ਼ਾਨਾ ਬਣਾ ਰਹੀ ਹੈ। *ਅੰਤਰਰਾਜੀ ਸਹਿਯੋਗ ਤਹਿਤ ਪ੍ਰਮੁੱਖ ਸਫ਼ਲਤਾਵਾਂ* • ਆਈਐੱਸਆਈ ਸਮਰਥਿਤ ਜਾਸੂਸੀ ਅਤੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼:ਸਭ ਤੋਂ ਮਹੱਤਵਪੂਰਨ ਸਫ਼ਲਤਾਵਾਂ ਵਿੱਚੋਂ ਇੱਕ ਆਈਐੱਸਆਈ ਸਮਰਥਿਤ ਜਾਸੂਸੀ ਅਤੇ ਅੱਤਵਾਦੀ ਨੈੱਟਵਰਕ ਨੂੰ ਤਬਾਹ ਕਰਨਾ ਰਿਹਾ, ਜਿਸਦਾ ਸਬੰਧ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਦੱਸਿਆ ਜਾਂਦਾ ਹੈ । ਪੰਜਾਬ ਅਤੇ ਦਿੱਲੀ ਵਿੱਚ ਸਾਂਝੇ ਤੌਰ ‘ਤੇ ਚਲਾਏ ਗਏ ਇਸ ਆਪ੍ਰੇਸ਼ਨ ਵਿੱਚ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਇੱਕ ਅਜਿਹੇ ਸੰਗਠਿਤ ਨੈੱਟਵਰਕ ਦਾ ਖੁਲਾਸਾ ਹੋਇਆ, ਜੋ ਸੁਰੱਖਿਅਤ ਸੰਚਾਰ ਮਾਧਿਅਮਾਂ ਅਤੇ ਰਿਮੋਟ ਕੰਟਰੋਲ ਕੈਮਰਿਆਂ ਰਾਹੀਂ ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕਰਕੇ ਸਰਹੱਦ ਪਾਰ ਆਪਣੇ ਹੈਂਡਲਰਾਂ ਤੱਕ ਪਹੁੰਚਾਉਂਦਾ ਸੀ। • ਗੈਂਗਸਟਰ ਸਿੰਡੀਕੇਟਾਂ ਖ਼ਿਲਾਫ਼ ਕਾਰਵਾਈਇਸੇ ਰਣਨੀਤੀ ਤਹਿਤ ਪੰਜਾਬ ਪੁਲਿਸ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਵਿੱਚ ਗੈਂਗਸਟਰ ਨੈੱਟਵਰਕਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਖ਼ਾਸ ਤੌਰ ‘ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਜੁੜੇ ਗਿਰੋਹ ਵੱਖ-ਵੱਖ ਸੂਬਿਆਂ ਵਿੱਚ ਸਰਗਰਮ ਨੈੱਟਵਰਕ ਬਣਾਈ ਰੱਖਦੇ ਹਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਤਰਰਾਜੀ ਆਵਾਜਾਈ ਦਾ ਸਹਾਰਾ ਲੈਂਦੇ ਹਨ। • ਦਿੱਲੀ ਵਿੱਚ ਕਾਰਵਾਈਇਸ ਸਾਲ ਦੀ ਸ਼ੁਰੂਆਤ ਵਿੱਚ ਵੱਖ-ਵੱਖ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਸਾਂਝੇ ਯਤਨਾਂ ਨਾਲ ਦਿੱਲੀ ਵਿੱਚ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। • ਗੋਲਡੀ ਬਰਾੜ ਦੇ ਵਸੂਲੀ ਮਾਡਿਊਲ ਦਾ ਪਰਦਾਫਾਸ਼ਇਸੇ ਦੌਰਾਨ ਪੰਜਾਬ ਪੁਲਿਸ ਨੇ ਗੋਲਡੀ ਬਰਾੜ ਨਾਲ ਜੁੜੇ ਇੱਕ ਫਿਰੌਤੀ ਵਸੂਲੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੰਜਾਬ ਤੋਂ ਬਾਹਰ ਤੱਕ ਫੈਲੇ ਨੈੱਟਵਰਕ ਨੂੰ ਤਬਾਹ ਕੀਤਾ। • ਅੰਤਰਰਾਜੀ ਲੁੱਟਖੋਹ ਗਿਰੋਹ ਦਾ ਪਰਦਾਫਾਸ਼ਹਾਲ ਹੀ ਵਿੱਚ ਖੰਨਾ ਪੁਲਿਸ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਚੋਰੀ, ਲੁੱਟ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਦਰਮਿਆਨ ਬਿਹਤਰ ਤਾਲਮੇਲ ਅਤੇ ਸਹਿਯੋਗ ਤੋਂ ਬਾਅਦ ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। • ਡਰੋਨ ਤਸਕਰੀ ਨੈੱਟਵਰਕ ਦਾ ਪਰਦਾਫਾਸ਼ਉੱਤਰਾਖੰਡ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਪੰਜਾਬ ਦੇ ਇੱਕ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤ ਵਿੱਚ ਪਹੁੰਚਾਉਣ ਵਾਲੇ ਸਰਹੱਦ ਪਾਰ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। • ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝਾ ਆਪ੍ਰੇਸ਼ਨਹਾਲ ਹੀ ਵਿੱਚ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਦੇ ਇੱਕ ਫਲੈਟ ਤੋਂ ਇੱਕ ਏਕੇ-47 ਰਾਈਫ਼ਲ, ਇੱਕ ਪਿਸਤੌਲ ਅਤੇ ਲਗਭਗ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫ਼ਰਾਰ ਮੁਲਜ਼ਮ ਸਬੰਧੀ ਜੰਮੂ ਪੁਲਿਸ ਨੂੰ ਮਿਲੀ ਖ਼ਾਸ ਖੁਫ਼ੀਆ ਇਤਲਾਹ  ‘ਤੇ ਇਹ ਆਪ੍ਰੇਸ਼ਨ ਚਲਾਇਆ ਗਿਆ। ਇਸ ‘ਤੇ ਕਾਰਵਾਈ ਕਰਦਿਆਂ ਜੰਮੂ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਫਲੈਟ ‘ਤੇ ਛਾਪੇਮਾਰੀ ਕੀਤੀ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ । ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅਪਰਾਧੀ ਅਤੇ ਦੇਸ਼ ਵਿਰੋਧੀ ਤੱਤ ਅਕਸਰ ਸੂਬਿਆਂ ਦੀਆਂ ਸਰਹੱਦਾਂ ਤੋਂ ਪਰੇ ਕੰਮ ਕਰਦੇ ਹਨ, ਇਸ ਲਈ ਪੁਲਿਸ ਨੂੰ ਵੀ ਸਰਹੱਦਾਂ ਤੋਂ   ਅਗਾਂਹ ਜਾ ਕੇ ਕੰਮ ਕਰਨਾ ਹੋਵੇਗਾ। ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਦੇਸ਼ ਭਰ ਦੀਆਂ ਸਹਿਯੋਗੀ ਏਜੰਸੀਆਂ ਨਾਲ ਬਿਹਤਰ ਤਾਲਮੇਲ ਵਾਲੀ ਰਣਨੀਤੀ ਅਪਣਾਈ ਹੈ। ਸਾਡਾ ਸੰਦੇਸ਼ ਬਿਲਕੁਲ ਸਪੱਸ਼ਟ ਹੈ—ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਢਾਹ ਲਾਉਣ ਵਾਲਿਆਂ ਨੂੰ ਕਿਤੇ ਵੀ ਸੁਰੱਖਿਅਤ ਪਨਾਹ ਨਹੀਂ ਮਿਲੇਗੀ, ਭਾਵੇਂ ਉਹ ਕਿਤੇ ਵੀ ਲੁਕੇ ਹੋਣ ।” ਪੰਜਾਬ ਪੁਲਿਸ ਲਈ ਇਹ ਸਾਕਾਰਾਤਮਕ ਦ੍ਰਿਸ਼ਟੀਕੋਣ ਸੰਗਠਿਤ ਅਪਰਾਧ ਵਿਰੁੱਧ  ਲੜਾਈ ਦੀ ਮਹੱਤਵਪੂਰਨ ਪਛਾਣ ਬਣ ਕੇ ਉੱਭਰ ਰਿਹਾ ਹੈ ਅਤੇ ਸੂਬੇ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।  

Punjab

ਫ਼ਿਰੋਜ਼ਪੁਰ ਵਿੱਚ 5.7 ਕਿੱਲੋ ਹੈਰੋਇਨ ,1.33 ਲੱਖ ਨਸ਼ੀਲੀਆਂ ਗੋਲੀਆਂ, 39 ਜ਼ਿੰਦਾ ਕਾਰਤੂਸਾਂ ਨਾਲ ਤਿੰਨ ਵਿਅਕਤੀ ਕਾਬੂ

ਚੰਡੀਗੜ੍ਹ/ਫਿਰੋਜ਼ਪੁਰ, 17 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਨਸ਼ਾ ਤਸਕਰੀ ਅਤੇ ਗ਼ੈਰ-ਕਾਨੂੰਨੀ  ਨਾਰਕੌਟਿਕ ਨੈੱਟਵਰਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 5.775 ਕਿਲੋਗ੍ਰਾਮ ਹੈਰੋਇਨ, 1.33 ਲੱਖ ਪਾਬੰਦੀਸ਼ੁਦਾ ਕੈਪਸੂਲ/ਗੋਲੀਆਂ,  ਕੇਐਫ 7.65 ਕੈਲੀਬਰ ਦੇ 39 ਜਿੰਦਾ ਕਾਰਤੂਸਾਂ ਅਤੇ 36,600 ਰੁਪਏ ਦੀ ਨਕਦੀ ਨਾਲ ਗ੍ਰਿਫ਼ਤਾਰ ਕਰਕੇ ਦੋ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।  ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲੱਖਾ ਭੇਡੀਆਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ (24), ਮੱਲਾਂਵਾਲਾ ਦੇ ਰਹਿਣ ਵਾਲੇ ਜਗਜੀਤ ਸਿੰਘ (22) ਅਤੇ ਫਿਰੋਜ਼ਪੁਰ ਦੇ ਮਮਦੋਟ ਉੱਤਰ ਦੇ ਵਸਨੀਕ ਗੁਰਦੇਵ ਸਿੰਘ (55) ਵਜੋਂ ਹੋਈ ਹੈ। ਨਸ਼ੀਲੇ ਪਦਾਰਥ ਅਤੇ ਗੋਲੀ ਸਿੱਕਾ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਮੁਲਜ਼ਮਾਂ ਦੀ ਮਾਰੂਤੀ ਸਵਿਫਟ ਕਾਰ (ਪੀਬੀ 46 ਏਪੀ 3255), ਨੂੰ ਵੀ ਜ਼ਬਤ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਅਗਲੇ -ਪਿਛਲੇ ਸਬੰਧ ਸਥਾਪਤ ਕੀਤੇ ਜਾ ਰਹੇ ਹਨ ਅਤੇ  ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ,ਵਿੱਤੀ ਲੈਣ-ਦੇਣ ਬਾਰੇ ਪਤਾ ਲਗਾਉਣ ਅਤੇ ਸਾਰੇ ਕਾਰਕੁੰਨਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਪਹਿਲੇ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਮਨਜਿੰਦਰ ਸਿੰਘ ਅਤੇ ਜਗਜੀਤ ਸਿੰਘ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਇਸ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੀ ਸਵਿਫਟ ਕਾਰ ਨੂੰ ਦਾਣਾ ਮੰਡੀ ਬਸਤੀ ਵਕੀਲਾਂ ਵਾਲੀ ਨੇੜੇ ਰੋਕਿਆ ਅਤੇ ਤਲਾਸ਼ੀ ਦੌਰਾਨ 5.775 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੂਸਰੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਗੁਰਦੇਵ ਸਿੰਘ ਪਿੰਡ ਮਮਦੋਟ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ, ਜਿੱਥੇ ਉਹ ਪਾਬੰਦੀਸ਼ੁਦਾ ਕੈਪਸੂਲ/ਗੋਲੀਆਂ ਵੇਚਦਾ ਹੈ। ਇਸ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ ਅਤੇ ਦੋਸ਼ੀ ਗੁਰਦੇਵ  ਨੂੰ ਗ੍ਰਿਫਤਾਰ ਕਰਕੇ ਦੁਕਾਨ ਤੋਂ 133640 ਪਾਬੰਦੀਸ਼ੁਦਾ ਗੋਲੀਆਂ/ਕੈਪਸੂਲ, 36,600 ਰੁਪਏ ਦੀ ਨਕਦੀ ਅਤੇ ਕੇਐਫ 7.65 ਕੈਲੀਬਰ ਦੇ 39 ਜ਼ਿੰਦਾ ਕਾਰਤੂਸ ਬਰਾਮਦ ਕੀਤੇ।   ਐਸ.ਐਸ.ਪੀ. ਭੁਪਿੰਦਰ ਸਿੱਧੂ ਨੇ ਕਿਹਾ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਇੱਕ ਕੇਸ -ਐਫਆਈਆਰ ਨੰਬਰ 72 ਮਿਤੀ 16/6/2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਅਧੀਨ ਥਾਣਾ ਆਰਿਫ ਕੇ ਵਿਖੇ ਅਤੇ ਦੂਜਾ ਕੇਸ ਐਫਆਈਆਰ ਨੰ. 96 ਮਿਤੀ 16/6/2026 ਨੂੰ ਬੀਐਨਐਸ ਦੀ ਧਾਰਾ 223 ਅਤੇ ਅਸਲਾ ਐਕਟ ਦੀ ਧਾਰਾ 25 (1-ਬੀ) ਏ ਤਹਿਤ ਪੁਲਿਸ ਸਟੇਸ਼ਨ ਮਮਦੋਟ ਵਿਖੇ ਦਰਜ ਕੀਤਾ ਗਿਆ ਹੈ।  

Punjab

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਹੋਣਹਾਰ ਕੈਡਿਟਾਂ ਦਾ ‘ਅਚੀਵਰਜ਼ ਐਵਾਰਡ’ ਨਾਲ ਸਨਮਾਨ

ਚੰਡੀਗੜ੍ਹ/ਐਸ.ਏ.ਐਸ. ਨਗਰ, 17 ਜੂਨ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ)ਵੱਲੋਂ ਅੱਜ ਆਪਣੇ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਿਆਂ ਹਾਲ ਹੀ ਵਿੱਚ ਰੱਖਿਆ ਬਲਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਡਿਟਾਂ ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ ਗ੍ਰੈਜੂਏਟ ਹੋਏ ਕੈਡਿਟਾਂ ਨੂੰ ਵੱਕਾਰੀ “ਅਚੀਵਰਜ਼ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਈ ਅਤੇ ਜੂਨ 2026 ਵਿੱਚ ਨੌਂ ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਜਦੋਂ ਕਿ ਪੰਜ ਕੈਡਿਟਾਂ ਨੇ ਹਾਲ ਹੀ ਵਿੱਚ ਐਨ.ਡੀ.ਏ.ਤੋਂ ਗ੍ਰੈਜੂਏਸ਼ਨ ਕੀਤੀ ਹੈ। ਸੈਕਟਰ 77 ਸਥਿਤ ਸੰਸਥਾ ਦੇ ਕੈਂਪਸ ਵਿਖੇ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੀ ਪ੍ਰਧਾਨਗੀ ਐਨ.ਡੀ.ਏ. ਦੇ ਸਾਬਕਾ ਕਮਾਂਡੈਂਟ ਅਤੇ ਐਮ.ਆਰ.ਐਸ.ਏ.ਐਫ.ਪੀ.ਆਈ. ਦੀ ਗਵਰਨਿੰਗ ਬਾਡੀ ਦੇ ਪਹਿਲੇ ਮੈਂਬਰਾਂ ਵਿੱਚ ਸ਼ਾਮਲ ਏਅਰ ਮਾਰਸ਼ਲ ਟੀ.ਐਸ. ਰੰਧਾਵਾ, ਪੀ.ਵੀ.ਐਸ.ਐਮ., ਵੀ.ਐਮ. (ਸੇਵਾਮੁਕਤ) ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਸ ਸੰਸਥਾ ਨਾਲ ਜੁੜੇ ਵਿਅਕਤੀ ਵੀ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ, ਏਅਰ ਮਾਰਸ਼ਲ ਰੰਧਾਵਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮ.ਆਰ.ਐਸ.ਏ.ਐਫ.ਪੀ.ਆਈ. ਵਿੱਚ ਉਨ੍ਹਾਂ ਦੀ ਸਿਖਲਾਈ ਨੇ ਉਨ੍ਹਾਂ ਦੇ ਸੇਵਾ ਕਰੀਅਰ ਲਈ ਇੱਕ ਮਜ਼ਬੂਤ ਲਾਂਚ ਪੈਡ ਵਜੋਂ ਕੰਮ ਕੀਤਾ। ਉਨ੍ਹਾਂ ਨੇ ਐਨ.ਡੀ.ਏ. ਗ੍ਰੈਜੂਏਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀਆਂ ਸਰਵਿਸ ਅਕੈਡਮੀਆਂ ਵਿੱਚ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸੰਸਥਾ ਦੇ ਇਸ ਨਤੀਜਿਆਂ ਦਾ ਸਿਹਰਾ ਏ.ਐਫ.ਪੀ.ਆਈ. ਫੈਕਲਟੀ ਨੂੰ ਦਿੱਤਾ। ਸੰਸਥਾ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਐਮ.ਆਰ.ਐਸ.ਏ.ਐਫ.ਪੀ.ਆਈ.  ਦੇ ਡਾਇਰੈਕਟਰ, ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ 324 ਕੈਡਿਟ ਹੁਣ ਤੱਕ ਐਨਡੀਏ ਅਤੇ ਹੋਰ ਅਕੈਡਮੀਆਂ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ 196 ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕਰ ਚੁੱਕੇ ਹਨ। ਇਸੇ ਤਰ੍ਹਾਂ 24 ਹੋਰ ਕੈਡਿਟ ਐਨਡੀਏ ਅਤੇ ਹੋਰ ਸਿਖਲਾਈ ਅਕੈਡਮੀਆਂ  ਲਈ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਹਥਿਆਰਬੰਦ ਸੈਨਾਵਾਂ ਲਈ ਇੱਕ ਪ੍ਰਾਇਮਰੀ ਫੀਡਰ ਸੰਸਥਾ ਵਜੋਂ ਉਭਰੀ ਹੈ। ਸੰਸਥਾ ਵੱਲੋਂ ਦੋ ਸਾਲਾਂ ਦਾ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਤਹਿਤ ਚੁਣੇ ਗਏ ਕੈਡਿਟ ਇੱਕ ਮਾਨਤਾ ਪ੍ਰਾਪਤ ਸਕੂਲ ਰਾਹੀਂ ਆਪਣੀ 12ਵੀਂ ਜਮਾਤ ਪੂਰੀ ਕਰਦੇ ਹਨ ਅਤੇ ਨਾਲੋ-ਨਾਲ ਹੀ ਸਰੀਰਕ ਤੰਦਰੁਸਤੀ, ਲੀਡਰਸ਼ਿਪ, ਸ਼ਖਸੀਅਤ ਵਿਕਾਸ ਅਤੇ ਐਨਡੀਏ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਵੀ ਸਿਖਲਾਈ ਲੈਂਦੇ ਹਨ। ਹਰ ਸਾਲ ਲਗਭਗ 4,000 ਵਿਦਿਆਰਥੀ ਸੰਸਥਾ ਵਿੱਚ ਦਾਖਲੇ ਲਈ ਅਰਜ਼ੀ ਦਿੰਦੇ ਹਨ, ਜਿਨ੍ਹਾਂ ਵਿੱਚੋਂ ਮਹਿਜ਼ 48 ਨੂੰ ਹੀ ਦਾਖਲਾ ਲੈਣ ਵਿੱਚ ਸਫਲਤਾ ਮਿਲਦੀ ਹੈ। ਅਚੀਵਰ ਅਵਾਰਡ ਸਮਾਰੋਹ ਤਹਿਤ ਨਾ ਸਿਰਫ਼ ਹੋਣਹਾਰ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ ਬਲਕਿ ਭਵਿੱਖ ਦੇ ਅਧਿਕਾਰੀਆਂ ਨੂੰ ਉੱਤਮਤਾ ਲਈ ਯਤਨ ਕਰਨ ਅਤੇ ਸੰਸਥਾ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਆ ਗਿਆ।  

Punjab

ਗੈਂਗਸਟਰਾਂ ‘ਤੇ ਵਾਰ ਦਾ 148ਵਾਂ ਦਿਨ: ਪੰਜਾਬ ਪੁਲਿਸ ਵੱਲੋਂ 498 ਥਾਈਂ ਛਾਪੇਮਾਰੀ; 250 ਗ੍ਰਿਫ਼ਤਾਰ

ਚੰਡੀਗੜ੍ਹ, 17 ਜੂਨ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 148ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 498 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 148ਵੇਂ ਦਿਨ ਪੁਲਿਸ ਟੀਮਾਂ ਨੇ 250 ਵਿਅਕਤੀਆਂ ਨੂੰ ਗ੍ਰਿਫ਼ਤਾਰ ਤੋਂ ਇਲਾਵਾ ਇੱਕ ਹਥਿਆਰ ਵੀ ਬਰਾਮਦ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 37,757 ਹੋ ਗਈਆਂ। ਇਸ ਤੋਂ ਇਲਾਵਾ 92 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ ਇੱਕ ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਭਗੌੜੇ ਅਪਰਾਧੀ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ। ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ 473ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 79 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.7 ਕਿਲੋ ਹੈਰੋਇਨ, 1.5 ਕਿਲੋ ਗਾਂਜਾ, 30 ਕਿਲੋ ਭੁੱਕੀ, 1.33 ਲੱਖ ਨਸ਼ੀਲੀਆਂ ਗੋਲੀਆਂ ਅਤੇ 2.02 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਨਾਲ ਸਿਰਫ 473 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਡਰੱਗ ਤਸਕਰਾਂ ਦੀ ਗਿਣਤੀ 68,682 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 10 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।  

Punjab

ਪੰਜਾਬ ਉਦਯੋਗ ਲਈ ਆਲਮੀ ਹੱਬ ਬਣਨ ਦੀ ਰਾਹ 'ਤੇ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 17 ਜੂਨ 2026:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰਕੇ, ਪੰਜਾਬ ਨੇ ਇਤਿਹਾਸਕ ਮੀਲ ਮੀਲ ਪੱਥਰ ਸਥਾਪਤ ਕੀਤਾ ਹੈ, ਜਿਸ ਨਾਲ ਸੂਬੇ ਵਿੱਚ ਵੱਡੇ ਪੱਧਰ ‘ਤੇ ਉਦਯੋਗਿਕ ਵਿਕਾਸ ਹੋਇਆ ਹੈ। ਇਸ ਵੱਡੇ ਪੂੰਜੀ ਨਿਵੇਸ਼ ਨੇ ਰੋਜ਼ਗਾਰ ਦੇ 5.89 ਲੱਖ ਨਵੇਂ ਮੌਕੇ ਪੈਦਾ ਕਰਕੇ ਸਥਾਨਕ ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ, ਜਿਸ ਨਾਲ ਖਿੱਤੇ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ। ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਉਪਜਾਊ ਜ਼ਮੀਨ ਹੁਣ ਉਦਯੋਗਿਕ ਵਿਕਾਸ ਲਈ ਵੀ ਖੇਤੀਬਾੜੀ ਜਿੰਨੀ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਵੱਡੇ ਆਲਮੀ ਅਤੇ ਘਰੇਲੂ ਉਦਯੋਗਿਕ ਘਰਾਣਿਆਂ ਨੂੰ ਰਾਜ ਵਿੱਚ ਨਿਵੇਸ਼ ਕਰਨ ਦਾ ਨਿੱਘਾ ਸੱਦਾ ਦਿੱਤਾ।ਉੱਦਮਤਾ ਦੀ ਸਮਰੱਥਾ ਬਾਰੇ ਗੱਲ ਕਰਦਿਆਂ ਸਪੀਕਰ ਸੰਧਵਾਂ ਨੇ ਬੱਚਿਆਂ ਨੂੰ ਸਟਾਰਟਅੱਪ ਵੱਲ ਪ੍ਰੇਰਿਤ ਕਰਨ ਲਈ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸਲ ਰਾਸ਼ਟਰੀ ਵਿਕਾਸ ਉਦਯੋਗੀਕਰਨ ‘ਤੇ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਮਾਨਸਿਕਤਾ ਨੂੰ ਨੌਕਰੀਆਂ ਦੀ ਭਾਲ ਤੋਂ ਬਦਲ ਕੇ ਨੌਕਰੀ ਦੇਣ ਵਾਲੇ ਬਣਨ ਵੱਲ ਸੇਧਿਤ ਕਰਨ। ਉਨ੍ਹਾਂ ਕਿਹਾ ਕਿ ਆਪਣੇ ਕਾਰੋਬਾਰ ਸ਼ੁਰੂ ਕਰਕੇ ਅਤੇ ਆਪਣੇ ਕੰਮ ਦੇ ਮਾਲਕ ਬਣ ਕੇ ਨੌਜਵਾਨ ਬੇਮਿਸਾਲ ਤਰੱਕੀ ਅਤੇ ਆਰਥਿਕ ਖੁਸ਼ਹਾਲੀ ਹਾਸਲ ਕਰ ਸਕਦੇ ਹਨ ਅਤੇ ਨਾਲ ਹੀ ਦੂਜਿਆਂ ਲਈ ਰੋਜ਼ਗਾਰ ਪੈਦਾ ਕਰ ਸਕਦੇ ਹਨ।ਵਿਸ਼ਵ ਆਰਥਿਕ ਮਾਡਲਾਂ ਨਾਲ ਤੁਲਨਾ ਕਰਦਿਆਂ ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਦੀ ਇੰਨੀ ਜ਼ਿਆਦਾ ਤਰੱਕੀ ਵੱਡੇ ਪੱਧਰ ‘ਤੇ ਉਦਯੋਗ ਨੂੰ ਅਪਣਾਉਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਰਿਕਾਰਡ ਤੋੜ ਨਿਵੇਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਇਸਦੇ ਉਲਟ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਉਦਯੋਗਿਕ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਜਿਸ ਨਾਲ ਸੂਬੇ ਦੀ ਆਰਥਿਕਤਾ ‘ਚ ਖੜੋਤ ਆਈ। ਇਸੇ ਰੁਝਾਨ ਨੂੰ ਉਲਟਾਉਣ ਲਈ ਪੰਜਾਬ ਸਰਕਾਰ ਨੇ ਉਦਯੋਗ ਲਈ ਸੂਬੇ ਦੀ ਅਥਾਹ ਸਮਰੱਥਾ ਨੂੰ ਉਜਾਗਰ ਕਰਨ ਵਾਸਤੇ ਸਰਗਰਮੀ ਨਾਲ ਅੰਤਰਰਾਸ਼ਟਰੀ ਦੌਰੇ ਕੀਤੇ, ਜਿਸ ਨਾਲ ਪ੍ਰਵਾਸੀ ਭਾਰਤੀ ਅਤੇ ਆਲਮੀ ਨਿਵੇਸ਼ਕਾਂ ਵਿੱਚ ਪੰਜਾਬ ਨਿਵੇਸ਼ ਲਈ ਪਸੰਦੀਦਾ ਸਥਾਨ ਬਣ ਕੇ ਉੱਭਰਿਆ ਹੈ।ਸਪੀਕਰ ਸੰਧਵਾਂ ਨੇ ਦੁਹਰਾਇਆ ਕਿ ਸਾਡੀ ਸਰਕਾਰ ਨੇ ਇੱਕ ਮਜ਼ਬੂਤ ਉਦਯੋਗਿਕ ਨੀਤੀ ਅਪਣਾਈ ਹੈ ਜੋ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਸਾਂਝਾ ਕੀਤਾ ਕਿ ਸੂਬੇ ਦੀ ਨਵੀਂ ਉਦਯੋਗਿਕ ਨੀਤੀ ਨੂੰ ਵਪਾਰਕ ਭਾਈਚਾਰੇ ਵੱਲੋਂ ਵਿਆਪਕ ਪ੍ਰਸ਼ੰਸਾ ਮਿਲੀ ਹੈ, ਕਿਉਂਕਿ ਇਹ ਅਸਲ ਉਦਯੋਗਪਤੀਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਹਾਲੀ ਨੂੰ ਵਿਸ਼ਵ ਪੱਧਰੀ ਆਈਟੀ ਬਿਜ਼ਨਸ ਹੱਬ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਦੁਨੀਆ ਭਰ ਦੇ ਉਦਯੋਗਿਕ ਦਿੱਗਜਾਂ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਤ ਦਾ ਸੱਦਾ ਦਿੱਤਾ ਜਾ ਰਿਹਾ ਹੈ। 

Punjab

ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ

ਚੰਡੀਗੜ੍ਹ , 17 ਜੂਨ: ਅਨੁਸੂਚਿਤ ਜਾਤੀਆਂ (ਐਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰੀਅਰ ਦੇ ਮੌਕਿਆਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪ੍ਰੋਬੇਸ਼ਨਰੀ ਅਫ਼ਸਰ (ਬੈਂਕ) ਅਤੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫ਼ਸਰ (ਐਲ.ਆਈ.ਸੀ./ਜੀ.ਆਈ.ਸੀ.) ਪ੍ਰੀਖਿਆ-2026 ਲਈ ਮੁਫ਼ਤ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਪਹਿਲ ਨਾਲ ਯੋਗ ਉਮੀਦਵਾਰ ਮਹਿੰਗੀਆਂ ਕੋਚਿੰਗ ਫ਼ੀਸਾਂ ਦੇ ਬੋਝ ਤੋਂ ਬਿਨਾਂ ਪ੍ਰਮੁੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਹੋਣਹਾਰ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਕੋਚਿੰਗ, ਮਾਹਿਰ ਮਾਰਗਦਰਸ਼ਨ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਆਪਣਾ ਸਫ਼ਲ ਕਰੀਅਰ ਬਣਾ ਸਕਣ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਪ੍ਰਤਿਭਾਸ਼ਾਲੀ ਨੌਜਵਾਨ ਆਰਥਿਕ ਤੰਗੀ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ ਅਤੇ ਉਸ ਨੂੰ ਆਪਣੀ ਸਮਰੱਥਾ ਸਾਬਤ ਕਰਨ ਲਈ ਲੋੜੀਂਦਾ ਸਹਿਯੋਗ ਮਿਲੇ। ਡਾ. ਬਲਜੀਤ ਕੌਰ ਨੇ ਕਿਹਾ, “ਪ੍ਰਤਿਭਾ ਨੂੰ ਕਦੇ ਵੀ ਆਰਥਿਕ ਕਮਜ਼ੋਰੀ ਕਾਰਨ ਪਿੱਛੇ ਨਹੀਂ ਰਹਿਣਾ ਚਾਹੀਦਾ। ਸਾਡੀ ਸਰਕਾਰ ਯੋਗ ਨੌਜਵਾਨਾਂ ਨੂੰ ਉਹ ਮਾਰਗਦਰਸ਼ਨ, ਸਾਧਨ ਅਤੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।” ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ਼-3ਬੀ2, ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਕਰਵਾਈ ਜਾਵੇਗੀ। ਪੰਜਾਬ ਦੇ ਪੱਕੇ ਵਸਨੀਕ ਅਤੇ ਐਸ.ਸੀ., ਓ.ਬੀ.ਸੀ. ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਗ੍ਰੈਜੂਏਟ ਉਮੀਦਵਾਰ ਇਸ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਦੇ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ ਸਾਰੇ ਸਰੋਤਾਂ ਤੋਂ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਜਨਰਲ ਇੰਗਲਿਸ਼, ਕੁਆਂਟੀਟੇਟਿਵ ਐਪਟੀਚਿਊਡ, ਰੀਜ਼ਨਿੰਗ ਅਤੇ ਕਰੰਟ ਇਵੈਂਟਸ ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਹ ਟੈਸਟ 3 ਜੁਲਾਈ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ-3 ਬੀ 2, ਮੋਹਾਲੀ ਵਿਖੇ ਕਰਵਾਇਆ ਜਾਵੇਗਾ। ਇੱਛੁਕ ਉਮੀਦਵਾਰ ਆਪਣੀਆਂ ਅਰਜ਼ੀਆਂ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਸਮੇਤ 30 ਜੂਨ 2026 ਤੱਕ ਪ੍ਰਿੰਸੀਪਲ, ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਜਾਂ ambedkarinstitute013@gmail.com ‘ਤੇ ਈ-ਮੇਲ ਰਾਹੀਂ ਭੇਜ ਸਕਦੇ ਹਨ। ਯੋਗ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਯੋਗਤਾ, ਦਾਖ਼ਲਾ ਪ੍ਰਕਿਰਿਆ ਅਤੇ ਹੋਰ ਜਾਣਕਾਰੀ ਲਈ ਉਮੀਦਵਾਰ www.welfare.punjab.gov.in ਵੈੱਬਸਾਈਟ ‘ਤੇ ਵਿਜ਼ਿਟ ਕਰ ਸਕਦੇ ਹਨ।  

Punjab

ਲੋਕ ਸੰਪਰਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਛਬੀਲ

ਚੰਡੀਗੜ੍ਹ, 17 ਜੂਨ: ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ ਨਿਰਜਲਾ ਇਕਾਦਸ਼ੀ ਨੂੰ ਸਮਰਪਿਤ  ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ – 1, ਚੰਡੀਗੜ੍ਹ ਵਿਖੇ ‘ਛਬੀਲ’ ਅਤੇ ਛੋਲਿਆਂ ਅਤੇ ਕੜਾਹ ਪ੍ਰਸ਼ਾਦ’ ਦਾ ਲੰਗਰ ਲਗਾਇਆ ਗਿਆ। ਇਸ ਨੇਕ ਕਾਰਜ ਰਾਹੀਂ ਸੰਗਤ ਦੀ ਸੇਵਾ ਕਰਦਿਆਂ, ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲਗਪਗ ਪੰਜ ਘੰਟਿਆਂ ਤੱਕ ਪੂਰੀ ਸ਼ਰਧਾ ਨਾਲ ਲੋਕਾਂ ਨੂੰ ਠੰਡਾ ਮਿੱਠਾ ਜਲ ਅਤੇ ‘ਕੜਾਹ – ਛੋਲਿਆਂ ਦਾ ਪ੍ਰਸ਼ਾਦ’ ਵਰਤਾਇਆ। ਲੋਕ ਭਲਾਈ ਦੇ ਇਸ ਕਾਰਜ ਵਿੱਚ ਵਿਭਾਗ ਦੀ ਅਗਵਾਈ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਸ੍ਰੀ ਪੁਨੀਤ ਗੋਇਲ ਅਤੇ ਡਿਪਟੀ ਸਕੱਤਰ ਸ੍ਰੀ ਦੀਪਾਂਕਰ ਗਰਗ ਨੇ ਕੀਤੀ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਪ੍ਰੀਤ ਕੰਵਲ ਸਿੰਘ ਅਤੇ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਅਤੇ ਸ਼ੇਰਜੰਗ ਸਿੰਘ ਹੁੰਦਲ ਸਮੇਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਰਧਾ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ। ਇਸ ਨੇਕ ਕਾਰਜ ਵਿੱਚ ਵੱਡੀ ਗਿਣਤੀ ‘ਚ ਮੀਡੀਆ ਕਰਮੀਆਂ ਨੇ ਵੀ ਹਾਜ਼ਰੀ ਭਰੀ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੀ ਲੰਗਰ ਸੇਵਾ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਬਦ ਕੀਰਤਨ ਰਾਹੀਂ ਵੀ ਸੰਗਤਾਂ ਨਿਹਾਲ ਹੋਈਆਂ ।  

Punjab

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਦੁਖਾਂਤਾਂ ਨੂੰ ਰੋਕਣ ਲਈ ਤੁਰੰਤ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ

ਚੰਡੀਗੜ੍ਹ, 17 ਜੂਨ 2026: ਪੰਜਾਬ ਦੇ ਵਿੱਤ ਅਤੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਮਿਥਾਈਲ ਅਲਕੋਹਲ (ਮੈਥਾਨੌਲ) ਨੂੰ ਨਿਯਮਤ ਅਤੇ ਨਿਗਰਾਨੀ ਕਰਨ ਲਈ ਤੁਰੰਤ ਅਤੇ ਫੈਸਲਾਕੁੰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਅਤੇ ਭਵਿੱਖ ਵਿੱਚ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਨੇ ਅੱਜ ਇੱਥੇ ਇਹ ਵਿਚਾਰ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮੈਥਾਨੌਲ ਦੀ ਢੋਆ ਢੋਆਈ ਅਤੇ ਪ੍ਰਬੰਧਕੀ ਮੁਸ਼ਕਲਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ, ਆਬਕਾਰੀ ਮੰਤਰੀ ਚੀਮਾ ਨੇ ਕਿਹਾ ਕਿ ਭਾਰਤ ਵਿੱਚ ਵਰਤੀ ਜਾਣ ਵਾਲੀ ਲਗਭਗ 90 ਪ੍ਰਤੀਸ਼ਤ ਮੈਥਾਨੌਲ ਵਿਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਬੰਦਰਗਾਹਾਂ ਅਤੇ ਕਸਟਮ ਪੁਆਇੰਟਾਂ ਰਾਹੀਂ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ, ਇਹ ਖ਼ਤਰਨਾਕ ਰਸਾਇਣ ਆਪਣੇ ਨਿਰਧਾਰਤ ਉਦਯੋਗਿਕ ਖਪਤਕਾਰਾਂ ਤੱਕ ਪਹੁੰਚਣ ਤੋਂ ਪਹਿਲਾਂ ਕਈ ਰਾਜਾਂ ਦੀਆਂ ਸਰਹੱਦਾਂ ਨੂੰ ਪਾਰ ਕਰਦਾ ਹੈ। ਆਬਕਾਰੀ ਮੰਤਰੀ ਨੇ ਅੱਗੇ ਕਿਹਾ, “ਕਿਉਂਕਿ ਮੈਥਾਨੌਲ ਆਪਣੀ ਯਾਤਰਾ ਦੌਰਾਨ ਕਈ ਅੰਤਰ-ਰਾਜ ਸਰਹੱਦਾਂ ਨੂੰ ਪਾਰ ਕਰਦਾ ਹੈ, ਇਸ ਲਈ ਇਸਦੀ ਆਵਾਜਾਈ ਸਿੱਧੇ ਤੌਰ ‘ਤੇ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੀ ਸੂਚੀ-1 ਦੀ ਐਂਟਰੀ 41 ਦੇ ਅਧੀਨ ਆਉਂਦੀ ਹੈ, ਜੋ ਵਿਦੇਸ਼ਾਂ ਨਾਲ ਵਪਾਰ ਅਤੇ ਅੰਤਰ-ਰਾਜ ਵਪਾਰ ਨੂੰ ਨਿਯੰਤ੍ਰਿਤ ਕਰਦੀ ਹੈ। ਨਤੀਜੇ ਵਜੋਂ, ਕੋਈ ਵੀ ਇੱਕ ਰਾਜ ਸਰਕਾਰ, ਇਕੱਲੇ ਤੌਰ ‘ਤੇ ਕੰਮ ਕਰਦਿਆਂ, ਇਸ ਦੇਸ਼ ਵਿਆਪੀ ਸਪਲਾਈ ਚੇਨ ਨੂੰ ਸੁਤੰਤਰ ਤੌਰ ‘ਤੇ ਟਰੈਕ ਜਾਂ ਨਿਯੰਤ੍ਰਿਤ ਕਰਨ ਦਾ ਕਾਨੂੰਨੀ ਅਧਿਕਾਰ ਖੇਤਰ ਜਾਂ ਤਕਨੀਕੀ ਬੁਨਿਆਦੀ ਢਾਂਚਾ ਨਹੀਂ ਰੱਖਦੀ। ਇਹ ਪ੍ਰਭਾਵਸ਼ਾਲੀ ਨਿਗਰਾਨੀ ਲਈ ਇੱਕ ਕੇਂਦਰੀ ਕਾਨੂੰਨੀ ਢਾਂਚੇ ਨੂੰ ਸੰਵਿਧਾਨਕ ਤੌਰ ‘ਤੇ ਜ਼ਰੂਰੀ ਬਣਾਉਂਦਾ ਹੈ।” ਇਸ ਰੈਗੂਲੇਟਰੀ ਚੁਣੌਤੀ ਦੇ ਇੱਕ ਚਿੰਤਾਜਨਕ ਪਹਿਲੂ ‘ਤੇ ਜ਼ੋਰ ਦਿੰਦਿਆਂ, ਆਬਕਾਰੀ ਮੰਤਰੀ ਚੀਮਾ ਨੇ ਇਸ ਰਸਾਇਣ ਦੀ ਆਨਲਾਈਨ ਬੇਰੋਕ ਉਪਲਬਧਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, “ਮੈਥਾਨੌਲ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ‘ਤੇ ਆਸਾਨੀ ਨਾਲ ਉਪਲਬਧ ਹੈ। ਵਰਤਮਾਨ ਵਿੱਚ, ਇਸ ਨੂੰ ਇੱਕ ਆਮ ਰਸਾਇਣਕ ਵਸਤੂ ਵਜੋਂ ਦੇਖਿਆ ਜਾਂਦਾ ਹੈ, ਜਿਸ ਕਾਰਨ ਇਸਦੀ ਆਨਲਾਈਨ ਲਿਸਟਿੰਗ ਅਤੇ ਵਿਕਰੀ ਪੂਰੀ ਤਰ੍ਹਾਂ ਅਨਿਯਮਤ ਰਹਿੰਦੀ ਹੈ। ਇਹ ਕਿਸੇ ਵੀ ਵਿਅਕਤੀ ਨੂੰ ਬਿਨਾਂ ਪਛਾਣ ਦੀ ਪੁਸ਼ਟੀ, ਦਸਤਾਵੇਜ਼ਾਂ ਜਾਂ ਕਿਸੇ ਐਲਾਨੇ ਉਦੇਸ਼ ਦੇ ਇਸ ਜ਼ਹਿਰੀਲੇ ਪਦਾਰਥ ਨੂੰ ਖਰੀਦਣ ਦੀ ਇਜਾਜ਼ਤ ਦਿੰਦਾ ਹੈ।” ਵਿੱਤ ਮੰਤਰੀ ਨੇ ਕਿਹਾ ਕਿ ਪ੍ਰਚੂਨ ਪਹੁੰਚ ਦੀ ਇਹ ਸੌਖ ਰਾਜ ਦੀਆਂ ਇਨਫੋਰਸਮੈਂਟ ਏਜੰਸੀਆਂ ਦੀ ਇਸ ਰਸਾਇਣ ਦੀ ਨਾਜਾਇਜ਼ ਵਰਤੋਂ ਨੂੰ ਰੋਕਣ, ਨਿਗਰਾਨੀ ਕਰਨ ਜਾਂ ਫੜਨ ਦੀ ਸਮਰੱਥਾ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦੀ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ, “ਕਿਉਂਕਿ ਕੌਮੀ ਈ-ਕਾਮਰਸ ਚੈਨਲ ਵਿਸ਼ੇਸ਼ ਤੌਰ ‘ਤੇ ਕੇਂਦਰੀ ਕਾਨੂੰਨਾਂ ਦੁਆਰਾ ਚਲਾਏ ਜਾਂਦੇ ਹਨ, ਇਸ ਲਈ ਆਨਲਾਈਨ ਸਪਲਾਈ ਚੇਨਾਂ ਵਿੱਚ ਸ਼ੁਰੂ ਤੋਂ ਅੰਤ ਤੱਕ ਜਵਾਬਦੇਹੀ ਲਾਜ਼ਮੀ ਕਰਨ ਲਈ ਇੱਕ ਕੇਂਦਰੀ ਕਾਨੂੰਨ ਹੀ ਇੱਕਮਾਤਰ ਪ੍ਰਭਾਵਸ਼ਾਲੀ ਤੰਤਰ ਹੈ।” ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਰੈਗੂਲੇਟਰੀ ਪ੍ਰਣਾਲੀ ਕਾਫੀ ਖਿੰਡੀ ਹੋਈ ਹੈ ਅਤੇ ਕਈ ਪੁਰਾਣੇ ਕਾਨੂੰਨਾਂ ਵਿੱਚ ਵੰਡੀ ਹੋਈ ਹੈ, ਜਿਸ ਵਿੱਚ ਪੋਇਜ਼ਨਜ਼ ਐਕਟ 1919, ਪੈਟਰੋਲੀਅਮ ਐਕਟ 1934, ਅਤੇ ਜਲਣਸ਼ੀਲ ਪਦਾਰਥ ਐਕਟ 1952 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਕਾਨੂੰਨ ਵਿਸ਼ੇਸ਼ ਤੌਰ ‘ਤੇ ਮੈਥਾਨੌਲ ਦੇ ਗਲਤ ਇਸਤੇਮਾਲ ਦੇ ਵਿਲੱਖਣ ਖ਼ਤਰਿਆਂ ਨਾਲ ਨਜਿੱਠਣ ਲਈ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ, “ਇਹ ਮੌਜੂਦਾ ਕਾਨੂੰਨ ਮੈਥਾਨੌਲ ਨੂੰ ਸਿਰਫ਼ ਇੱਕ ਜ਼ਹਿਰੀਲੇ, ਜਲਣਸ਼ੀਲ ਜਾਂ ਖ਼ਤਰਨਾਕ ਰਸਾਇਣ ਵਜੋਂ ਸੰਬੋਧਿਤ ਕਰਦੇ ਹਨ, ਅਤੇ ਇੱਕ ਸਮਰਪਿਤ ਟ੍ਰੈਕਿੰਗ ਪ੍ਰਣਾਲੀ, ਖਰੀਦਦਾਰ ਦੀ ਰਜਿਸਟ੍ਰੇਸ਼ਨ, ਜਾਂ ਤਾਲਮੇਲ ਵਾਲੀ ਅੰਤਰ-ਰਾਜ ਟ੍ਰੈਕਿੰਗ ਸਥਾਪਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿੰਦੇ ਹਨ।” ਇਹ ਉਜਾਗਰ ਕਰਦਿਆਂ ਕਿ ਰਾਜ ਦੇ ਆਬਕਾਰੀ ਕਾਨੂੰਨ ਗੈਰ-ਕਾਨੂੰਨੀ ਉਦੇਸ਼ਾਂ ਲਈ ਮੈਥਾਨੌਲ ਦੀ ਵਿਕਰੀ ਨੂੰ ਰੋਕਣ ਲਈ ਨਾਕਾਫ਼ੀ ਹਨ, ਆਬਕਾਰੀ ਮੰਤਰੀ ਚੀਮਾ ਨੇ ਕਿਹਾ, “ਸੂਬਿਆਂ ਦੇ ਰਵਾਇਤੀ ਆਬਕਾਰੀ ਕਾਨੂੰਨ ਸੰਰਚਨਾਤਮਕ ਤੌਰ ‘ਤੇ ਸਖਤ ਰਾਜ ਲਾਇਸੈਂਸ ਦੇ ਤਹਿਤ ਸਥਾਨਕ ਤੌਰ ‘ਤੇ ਫਰਮੈਂਟੇਸ਼ਨ ਦੁਆਰਾ ਤਿਆਰ ਕੀਤੇ ਗਏ ਐਥਾਈਲ ਅਲਕੋਹਲ ਨੂੰ ਨਿਯਮਤ ਕਰਨ ਲਈ ਤਿਆਰ ਕੀਤੇ ਗਏ ਹਨ। ਹਾਲਾਂਕਿ, ਮੈਥਾਨੌਲ ਇੱਕ ਪੈਟਰੋਲੀਅਮ-ਅਧਾਰਤ ਉਪ-ਉਤਪਾਦ ਹੈ ਜੋ ਪੈਟਰੋ ਕੈਮੀਕਲ ਪ੍ਰਕਿਰਿਆਵਾਂ ਦੁਆਰਾ ਤਿਆਰ ਹੁੰਦਾ ਹੈ ਅਤੇ ਅੰਤਰ-ਰਾਜ ਹਾਈਵੇਅ ਰਾਹੀਂ ਰਾਜਾਂ ਵਿੱਚ ਦਾਖਲ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਰੈਗੂਲੇਟਰੀ ਪਾੜਾ ਤੇਜ਼ੀ ਨਾਲ ਨਾਜ਼ੁਕ ਹੁੰਦਾ ਜਾ ਰਿਹਾ ਹੈ ਕਿਉਂਕਿ ਨੀਤੀ ਆਯੋਗ ਦਾ ਰਣਨੀਤਕ ਰੋਡਮੈਪ ਭਾਰਤ ਦੀ ਮੈਥਾਨੌਲ ਉਤਪਾਦਨ ਸਮਰੱਥਾ ਨੂੰ ਵਧਾ ਰਿਹਾ ਹੈ। ਇਹ ਵਾਧਾ ਚੋਰੀ ਨੂੰ ਖਤਮ ਕਰਨ ਲਈ ਐਥਾਈਲ ਅਤੇ ਮਿਥਾਈਲ ਅਲਕੋਹਲ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਵੱਖ ਕਰਨ ਨੂੰ ਬਹੁਤ ਜ਼ਰੂਰੀ ਬਣਾਉਂਦਾ ਹੈ। ਇਨ੍ਹਾਂ ਪ੍ਰਣਾਲੀਗਤ ਕਮਜ਼ੋਰੀਆਂ ਨੂੰ ਦੂਰ ਕਰਨ ਲਈ, ਆਬਕਾਰੀ ਮੰਤਰੀ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੂੰ ਪੰਜ ਮੁੱਖ ਸਿਫਾਰਸ਼ਾਂ ਕੀਤੀਆਂ ਹਨ। ਪਹਿਲਾ, ਰਾਜ ਉਦਯੋਗ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1951 ਦੇ ਤਹਿਤ ਇੱਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਤਜਵੀਜ਼ ਹੈ ਤਾਂ ਜੋ ਇਸ ਰਸਾਇਣ ਦੇ ਦਰਾਮਦ, ਸਟੋਰੇਜ, ਵੰਡ, ਵਿਕਰੀ, ਆਵਾਜਾਈ ਅਤੇ ਅੰਤਮ ਵਰਤੋਂ ਨੂੰ ਵਿਆਪਕ ਤੌਰ ‘ਤੇ ਕਵਰ ਕੀਤਾ ਜਾ ਸਕੇ। ਦੂਜਾ, ਇਸ ਢਾਂਚੇ ਦੇ ਤਹਿਤ ਬੰਦਰਗਾਹ ਤੋਂ ਹੀ ਸਿੱਧੇ ਤੌਰ ‘ਤੇ ਸ਼ੁਰੂ ਹੋਣ ਵਾਲਾ ਇੱਕ ਕੌਮੀ ਐਂਡ-ਟੂ-ਐਂਡ ਟ੍ਰੈਕਿੰਗ ਸਿਸਟਮ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਤੀਜੀ ਤਜਵੀਜ਼ ਗੈਰ-ਰਜਿਸਟਰਡ ਜਾਂ ਗੈਰ-ਉਦਯੋਗਿਕ ਖਰੀਦਦਾਰਾਂ ਨੂੰ ਈ-ਕਾਮਰਸ ਪਲੇਟਫਾਰਮਾਂ ਰਾਹੀਂ ਕੀਤੀ ਜਾਣ ਵਾਲੀ ਵਿਕਰੀ ‘ਤੇ ਸਖਤ ਪਾਬੰਦੀ ਦੀ ਮੰਗ ਕਰਦੀ ਹੈ। ਚੌਥੀ ਤਜਵੀਜ਼ ਵਿੱਚ ਵਿਸ਼ੇਸ਼ ਤੌਰ ‘ਤੇ ਮੈਥਾਨੌਲ ਨੂੰ ਨਾਜਾਇਜ਼ ਸ਼ਰਾਬ ਵਿੱਚ ਮਿਲਾਉਣ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਖ਼ਤ ਦੰਡਕਾਰੀ ਪ੍ਰਬੰਧ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਅਖੀਰ ਵਿੱਚ ਚੌਥੀ ਤਜਵੀਜ਼ ਰਾਹੀਂ ਆਬਕਾਰੀ ਮੰਤਰੀ ਨੇ ਨਿਰਵਿਘਨ ਸੰਘੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਵਣਜ ਮੰਤਰੀ ਦੀ ਪ੍ਰਧਾਨਗੀ ਹੇਠ ਸਾਰੇ ਰਾਜਾਂ ਦੇ ਆਬਕਾਰੀ ਮੰਤਰੀਆਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਉਣ ਲਈ ਕੇਂਦਰ ਨੂੰ ਅਪੀਲ ਕੀਤੀ ਹੈ। ਮਨੁੱਖੀ ਜਾਨਾਂ ਦੀ ਰਾਖੀ ਲਈ ਜ਼ਰੂਰੀ ਕੇਂਦਰੀ ਦਖਲਅੰਦਾਜ਼ੀ ਦੀ ਮੰਗ ਕਰਦਿਆਂ, ਵਿੱਤ ਅਤੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹੱਤਵਪੂਰਨ ਜਨਤਕ ਸੁਰੱਖਿਆ ਮੁੱਦੇ ‘ਤੇ ਪਹਿਲਾਂ ਭੇਜੇ ਗਏ ਉੱਚ-ਪੱਧਰੀ ਪੱਤਰ-ਵਿਹਾਰ ਦੇ ਸਬੰਧ ਵਿੱਚ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੋਇਜ਼ਨਜ਼ ਐਕਟ ਅਤੇ ਇਸ ਨਾਲ ਸਬੰਧਤ ਨਿਯਮਾਂ ਤਹਿਤ ਸਖ਼ਤ ਨਿਗਰਾਨੀ, ਵਧੇਰੇ ਅੰਤਰ-ਵਿਭਾਗੀ ਤਾਲਮੇਲ ਅਤੇ ਮਜ਼ਬੂਤ ਲਾਗੂਕਰਨ ਰਾਹੀਂ ਰਾਜ ਪੱਧਰ ‘ਤੇ ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ।  

Scroll to Top