Wednesday, October 30, 2024
More

    Latest Posts

    ਆਯੁਸ਼ਮਾਨ ਭਾਰਤ ਸਕੀਮ ਤਹਿਤ ਸਥਾਪਿਤ ਵੈਲਨੈਸ ਸੈਂਟਰਾਂ ਦਾ ਨਾਂ ਆਮ ਆਦਮੀ ਕਲੀਨਿਕਾਂ ਵਿਚ ਬਦਲਣ ਦੀ ਜ਼ਿੱਦ ਕਰ ਕੇ ਪੰਜਾਬੀਆਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਨਾ ਕਹੋ: ਹਰਸਿਮਰਤ ਕੌਰ ਬਾਦਲ | Action Punjab


    ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਆਯੁਸ਼ਮਾਨ ਭਾਰਤ ਸਕੀਮ ਜਿਸਦਾ ਨਾਂ ਹੁਣ ਬਦਲ ਕੇ ਆਯੁਸ਼ਮਾਨ ਅਰੋਗਿਆ ਮੰਦਿਰ ਕਰ ਦਿੱਤਾ ਗਿਆ ਹੈ ਤਹਿਤ ਸਥਾਪਿਤ ਵੈਲਨੈਸ ਸੈਂਟਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਦੀ ਜ਼ਿੱਦ ਵਿਚ ਪੰਜਾਬੀਆਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਇਨਕਾਰੀ ਹੈ।
    ਇਹ ਪ੍ਰਗਟਾਵਾ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਪੁੱਛੇ ਸਵਾਲ ਦੇ ਜਵਾਬ ਵਿਚ ਸਾਹਮਣੇ ਆਇਆ ਹੈ। ਬਾਦਲ ਨੇ ਪੁੱਛਿਆ ਸੀ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿਚ ਆਯੁਸ਼ਮਾਨ ਸਕੀਮ ਦਾ 621 ਕਰੋੜ ਰੁਪਏ ਬਕਾਇਆ ਹੈ ਜੋ ਕੇਂਦਰ ਨੇ ਰੋਕ ਰੱਖਿਆ ਹੈ? ਉਹਨਾਂ ਇਹ ਵੀ ਪੁੱਛਿਆ ਕਿ ਕੀ ਆਮ ਆਦਮੀ ਕਲੀਨਿਕਾਂ ਵਿਚ ਨਕਲੀ ਮਰੀਜ਼/ਡਾਕਟਰ ਅਤੇ ਸਟਾਫ ਵਿਖਾਉਣ ਦੇ ਮਾਮਲੇ ਦੀ ਜਾਂ ਸਕੀਮ ਲਈ ਆਏ ਫੰਡ ਕੇਂਦਰ ਵੱਲੋਂ ਨਿਰਧਾਰਿਤ ਮਾਪਦੰਡਾਂ ਤੋਂ ਪਾਸੇ ਹੋ ਕੇ ਖਰਚਣ ਦੇ ਮਾਮਲੇ ਦੀ ਕੋਈ ਜਾਂਚ ਵੀ ਕੀਤੀ ਜਾ ਰਹੀ ਹੈ।
    ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਆਪ ਸਰਕਾਰ ਦੇ ਦਾਅਵੇ ਦੇ ਉਲਟ ਆਯੁਸ਼ਮਾਨ ਸਕੀਮ ਤਹਿਤ ਸਿਰਫ 395.61 ਕਰੋੜ ਰੁਪਏ ਰੋਕੇ ਗਏ ਹਨ। ਅਜਿਹਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰਾਂ ਦੀ ਬ੍ਰਾਂਡਿੰਗ ਦੇ ਮਾਮਲੇ ਵਿਚ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੈਲਨੈਸ ਕੇਂਦਰਾਂ ਨੂੰ ਰੰਗ ਵੀ ਨਹੀਂ ਕੀਤਾ ਤੇ ਨਾ ਹੀ ਲੋਗੋ ਹੀ ਲਗਾਏ।
    ਮੰਤਰਾਲੇ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਆਪ ਸਰਕਾਰ ਇਹਨਾਂ ਵੈਲਨੈਸ ਕੇਂਦਰਾਂ ਦੀ ਰੀਬ੍ਰਾਂਡਿੰਗ ਲਈ ਬੱਜ਼ਿਦ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਵਾਰ-ਵਾਰ ਚਿੱਠੀਆਂ ਲਿਖ ਕੇ ਤੇ ਸਮੀਖਿਆ ਮੀਟਿੰਗ ਕਰ ਕੇ ਸਭ ਕੁਝ ਸਪਸ਼ਟ ਕਰ ਦਿੱਤਾ ਸੀ। ਉਹਨਾਂ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਵੱਲੋਂ ਸਪਾਂਸਰ ਸਕੀਮਾਂ ਦੇ ਨਾਵਾਂ ਦੇ ਨਾਲ-ਨਾਲ ਵੈਲਨੈਸ ਕੇਂਦਰਾਂ ਦੀ ਬ੍ਰਾਂਡਿੰਗ ਦੇ ਮਾਮਲੇ ਵਿਚ ਜਾਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ।
    ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਦਰੁੱਸਤੀ ਵਾਲੇ ਕਦਮ ਚੁੱਕਣ ਲਈ ਕਹਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਕੇਂਦਰ ਸਰਕਾਰ ਦੇ ਵੈਲਨੈਸ ਸੈਂਟਰਾਂ ਨੂੰ ਆਮ ਆਦਮੀ ਕਲੀਨਿਕ ਵਜੋਂ ਪ੍ਰਚਾਰਨ ਦੀ ਜ਼ਿੱਦ ਫੜੀ ਰੱਖੀ ਤਾਂ ਫਿਰ ਪੰਜਾਬੀਆਂ ਨੂੰ ਨਾ ਦਵਾਈਆਂ ਮਿਲਣਗੀਆਂ ਤੇ ਨਾ ਹੀ ਸਿਹਤ ਸੰਭਾਲ ਮਿਲੇਗੀ। ਉਹਨਾਂ ਕਿਹਾ ਕਿ ਜਦੋਂ ਵੈਲਨੈਸ ਸੈਂਟਰਾਂ ਲਈ ਪੈਸਾ ਕੇਂਦਰ ਸਰਕਾਰ ਦੇ ਰਹੀ ਹੈ ਤਾਂ ਫਿਰ ਭਗਵੰਤ ਮਾਨ ਉਹਨਾਂ ਨੂੰ ਆਪਣੀ ਸਕੀਮ ਵਜੋਂ ਪ੍ਰਚਾਰ ਵਾਸਤੇ ਕਿਉਂ ਬਜ਼ਿੱਦ ਹਨ ?


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.