Wednesday, October 16, 2024
More

    Latest Posts

    ਪ੍ਰਵਾਸੀ ਪੰਜਾਬੀਆਂ ਨੇ ਮਾਨ ਸਰਕਾਰ ਦੇ ਅੰਮ੍ਰਿਤਸਰ ਪ੍ਰਤੀ ਦੋਹਰੇ ਮਾਪਦੰਡਾਂ ‘ਤੇ ਪ੍ਰਗਟਾਈ ਚਿੰਤਾ /Immigrant Punjabis expressed concern over double standards of Mann government for Amritsar | ਪੰਜਾਬ


    ਅਕਤੂਬਰ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸਾਂਝੇ ਤੌਰ ‘ਤੇ ਮਾਨ ਸਰਕਾਰ ਵਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਪ੍ਰਤੀ ਲਗਾਤਾਰ ਕੀਤੇ ਜਾ ਰਹੇ ਵਿਤਕਰੇ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਨੰਤਦੀਪ ਸਿੰਘ ਢਿੱਲੋਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਵਿਦੇਸ਼ ਵੱਸਦਾ ਪੰਜਾਬੀ ਭਾਈਚਾਰਾ, ਪੰਜਾਬ ਸਰਕਾਰ ਵਲੋਂ ਸੂਬੇ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ‘ਤੇ ਬਹੁਤ ਨਿਰਾਸ਼ ਹੈ।

    ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਖਲਾਈ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਵੱਖ-ਵੱਖ ਵਫਦਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਸਿੰਗਾਪੁਰ ਭੇਜਿਆ ਜਾ ਰਿਹਾ ਹੈ ਜੱਦ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੰਗਾਪੁਰ ਏਅਰਲਾਈਨ ਦੀ ਸਕੂਟ ਏਅਰ ਵਲੋਂ ਹਫਤੇ ਵਿੱਚ 5 ਦਿਨ ਸਿੰਗਾਪੁਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਲਈ ਪਹਿਲਾਂ ਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਭੇਜਿਆ ਜਾਂਦਾ ਹੈ, ਜੇਕਰ ਉਹਨਾਂ ਨੂੰ ਸੂਬੇ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਭੇਜਿਆ ਜਾਵੇ ਤਾਂ ਉਹਨਾਂ ਦੀ ਖੱਜਲ-ਖੁਆਰੀ ਵੀ ਘੱਟ ਹੋਵੇਗੀ ਅਤੇ ਖਰਚਾ ਵੀ ਘੱਟ ਆਵੇਗਾ।

    ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸਿੱਧੀ ਉਡਾਣ ਮਈ 2016 ਵਿੱਚ ਸ਼ੁਰ੍ਹ ਹੋਈ ਸੀ ਅਤੇ ਸਕੂਟ ਵਲੋਂ ਇਹਨਾਂ ਉਡਾਣਾਂ ਲਈ ਆਪਣੇ 300 ਤੋਂ ਵੱਧ ਸੀਟਾਂ ਵਾਲੇ ਬੋਇੰਗ ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਗਾਪੁਰ ਰਾਹੀਂ ਇਹ ਉਡਾਣ ਯਾਤਰੀਆਂ ਨੂੰ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨਾਲ ਵੀ ਜੋੜਦੀ ਹੈ। ਇਸ ਸਾਲ ਜਨਵਰੀ ਤੋਂ ਜੂਨ ਤੱਕ, ਸਿਰਫ 6 ਮਹੀਨਿਆਂ ਵਿੱਚ ਹੀ ਇਹਨਾਂ ਉਡਾਣਾਂ ਰਾਹੀਂ 75,000 ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਹੈ।

    ਇਹੀ ਨਹੀਂ ਇਨੀਸ਼ੀਏਟਿਵ ਅਤੇ ਵਿਕਾਸ ਮੰਚ ਵਲੋਂ ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਸੂਬੇ ਦੇ ਹੋਰਨਾਂ ਸ਼ਹਿਰਾਂ ਲਈ ਸਮਰਪਿਤ ਬੱਸ ਸੇਵਾ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਵੱਲ ਵੀ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਹਵਾਈ ਅੱਡੇ ਤੋਂ ਇਸ ਸਮੇਂ ਹਰ ਹਫਤੇ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਹਰ ਮਹੀਨੇ ਢਾਈ ਲੱਖ ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀ ਇਹਨਾਂ ਉਡਾਣਾਂ ‘ਤੇ ਆ ਜਾ ਰਹੇ ਹਨ।

    ਅੰਮ੍ਰਿਤਸਰ ਦੇ ਜੰਮਪਲ ਅਤੇ ਹੁਣ ਅਮਰੀਕਾ ਅਤੇ ਕੈਨੇਡਾ ਵੱਸਦੇ ਪ੍ਰਵਾਸੀ ਪੰਜਾਬੀ ਗੁਮਟਾਲਾ ਅਤੇ ਢਿੱਲੋਂ ਨੇ ਕਿਹਾ ਕਿ ਕਿ ਅਸੀਂ ਅੰਮ੍ਰਿਤਸਰ ਏਅਰਪੋਰਟ, ਸ਼ਹਿਰ ਅਤੇ ਸੂਬੇ ਦੇ ਵਿਕਾਸ ਲਈ ਅਣਥੱਕ ਯਤਨ ਕਰਦੇ ਆ ਰਹੇ ਹਾਂ, ਅਤੇ ਸਰਕਾਰ ਵਲੋਂ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਲਈ ਵਾਰ-ਵਾਰ ਦਿੱਲੀ ਹਵਾਈ ਅੱਡੇ ਦੀ ਵਰਤੋਂ ਕਰਨ ਦਾ ਫੈਸਲਾ ਸਾਡੇ ਯਤਨਾਂ ਨੂੰ ਵੀ ਕਮਜ਼ੋਰ ਕਰਦਾ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਮਾਨ ਸਰਕਾਰ ਨਾ ਤਾਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਤਰਜੀਹ ਦਿੰਦੀ ਹੈ ਅਤੇ ਨਾ ਹੀ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ।

    ਉਹਨਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਵੀ ਹੁਣ ਇਹ ਜਵਾਬ ਮੰਗਦੇ ਹਨ ਕਿ ਕਿਉਂ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਜ਼ਰਅੰਦਾਜ਼ ਕਰਦਿਆਂ ਦਿੱਲੀ ਹਵਾਈ ਅੱਡੇ ਦਾ ਪੱਖ ਪੂਰਦੀ ਹੈ। ਉਨ੍ਹਾਂ ਨੋਟ ਕੀਤਾ ਕਿ ਜਿੱਥੇ ਪੰਜਾਬ ਸਰਕਾਰ ਹਲਵਾਰਾ ਵਿਖੇ ਹਵਾਈ ਅੱਡਾ ਬਣਾਉਣ, ਰਾਜ ਦੇ ਹੋਰ ਹਵਾਈ ਅੱਡਿਆਂ ਨੂੰ ਵਿਕਸਤ ਕਰਨ, ਚੰਡੀਗੜ੍ਹ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨਜ਼ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਚਲਾਉਣ ਲਈ ਕਈ ਵੱਡੇ ਕਦਮ ਚੁੱਕ ਰਹੀ ਹੈ, ਪਰ ਨਾਲ ਹੀ ਸਰਕਾਰ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਦੀ ਅਣਗਹਿਲੀ ਸਾਫ ਸਪੱਸ਼ਟ ਹੋ ਰਹੀ ਹੈ।

    ਗੁਮਟਾਲਾ ਨੇ ਕਿਹਾ, “ਅੰਮ੍ਰਿਤਸਰ ਬਹੁਤ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲਾ ਸ਼ਹਿਰ ਹੈ। ਅੰਮ੍ਰਿਤਸਰ ਹਵਾਈ ਅੱਡੇ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲ ਜੋੜਨ ਵਾਲੀ ਬੱਸ ਸੇਵਾ ਦੀ ਅਣਹੋਂਦ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਉਣ ਵਾਲੇ ਲੱਖਾਂ ਸੈਲਾਨੀਆਂ ਅਤੇ ਯਾਤਰੀਆਂ ਨੂੰ ਅਕਸਰ ਸ਼ਹਿਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ ਵਿੱਚ ਕਈ ਮਹੀਨਿਆਂ ਤੋਂ ਸਥਾਨਕ ਬੀ.ਆਰ.ਟੀ.ਐਸ. ਸੇਵਾਵਾਂ ਨੂੰ ਮੁਅੱਤਲ ਕਰਨ ਨਾਲ ਸਿਰਫ ਸਥਾਨਕ ਵਸਨੀਕਾਂ ਨੂੰ ਹੀ ਨਹੀਂ ਬਲਕਿ ਬਾਹਰੋਂ ਆਏ ਰਹੇ ਸੈਲਾਨੀਆਂ ਨੂੰ ਵੀ ਭਾਰੀ ਅਸੁਵਿਧਾ ਹੋ ਰਹੀ ਹੈ।”

    – ACTION PUNJAB NEWS



    Source link

    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.