Saturday, September 21, 2024
More

    Latest Posts

    ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ | Action Punjab


    ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023
    ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਅੱਜ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਸ਼੍ਰੀ ਹਾਜੀਰਤਨ ਸਾਹਿਬ ਵਿਖੇ ਸਦਭਾਵਨਾ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਕੀਰਤਨ ਕਰਵਾਇਆ ਗਿਆ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ। ਖੂਨਦਾਨ ਕੈਂਪ ਵਿੱਚ 51 ਯੂਨਿਟ ਖੂਨ ਦਾਨ ਕੀਤਾ ਗਿਆ।

    ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਸਰਦਾਰ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਮੁੱਚੀ ਲੀਡਰਸ਼ਿਪ ਨੇ ਸਦਭਾਵਨਾ ਦਿਵਸ ਵਿੱਚ ਪਹੁੰਚ ਕੇ ਸਰਦਾਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਸਰਦਾਰ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਸਿਆਸਤ ਦੇ ਸਿਖਰ ‘ਤੇ ਪਹੁੰਚੇ ਸਰਦਾਰ ਬਾਦਲ ਨੂੰ ਪੰਥ ਰਤਨ, ਫਕਰ-ਏ-ਕੌਮ ਅਤੇ ਯੁੱਗ ਪੁਰਸ਼ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਰਹੇਗਾ। ਸਵਰਗੀ ਸਰਦਾਰ ਬਾਦਲ ਨੇ ਆਪਣੀ 70 ਸਾਲਾਂ ਦੀ ਰਾਜਨੀਤੀ ਵਿੱਚ ਹਰ ਵਰਗ ਨੂੰ ਨਾਲ ਲੈ ਕੇ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਵਿਲੱਖਣ ਉਪਰਾਲੇ ਕੀਤੇ। ਉਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਅਤੇ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ ਅਤੇ ਪੰਜਾਬ ਵਿੱਚ ਸ਼ੁਰੂ ਕੀਤੀ ਆਟਾ ਦਾਲ ਸਕੀਮ ਉਨ੍ਹਾਂ ਦੀਆਂ ਮੁੱਖ ਸਕੀਮਾਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਉਕਤ ਸਕੀਮ ਨੂੰ ਦੇਸ਼ ਭਰ ਵਿੱਚ ਲਾਗੂ ਵੀ ਕੀਤਾ ਗਿਆ। ਕਿਸਾਨਾਂ ਅਤੇ ਗਰੀਬਾਂ ਦੀ 200 ਯੂਨਿਟ ਬਿਜਲੀ ਮੁਆਫ਼ ਕਰਨ ਦੀ ਸਕੀਮ ਬਾਦਲ ਸਾਹਬ ਦੀ ਹੀ ਦੇਣ ਹੈ।

    ਬਬਲੀ ਢਿੱਲੋਂ ਨੇ ਕਿਹਾ ਕਿ ਸਰਦਾਰ ਬਾਦਲ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਕੇਂਦਰ ਸਰਕਾਰ ਵੀ ਲਾਗੂ ਕਰਦੀ ਰਹੀ ਹੈ ਅਤੇ ਕੇਂਦਰੀ ਆਗੂ ਵੀ ਸਰਦਾਰ ਬਾਦਲ ਨੂੰ ਆਪਣਾ ਆਦਰਸ਼ ਮੰਨਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਅਤੇ ਭਾਈਚਾਰੇ ਦੇ ਪ੍ਰਤੀਕ ਸਰਦਾਰ ਬਾਦਲ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਲਈ ਮੋਰਚੇ ਦੌਰਾਨ ਜੇਲ੍ਹ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਦੀ ਭਲਾਈ ਲਈ ਕਈ ਵਾਰ ਜੇਲ੍ਹਾਂ ਕੱਟੀਆਂ। ਉਨ੍ਹਾਂ ਦੀ ਅਗਾਂਹਵਧੂ ਸੋਚ ਕਾਰਨ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਅਤੇ ਇਸੇ ਲਈ ਅੱਜ ਪੰਜਾਬ ਭਰ ਵਿੱਚ ਸਦਭਾਵਨਾ ਦਿਵਸ ਵਜੋਂ ਪੰਜਾਬ ਵਾਸੀਆਂ ਵੱਲੋਂ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ, ਜਿਨ੍ਹਾਂ ਨੇ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਯਾਦ ਕੀਤਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.