ਚੰਡੀਗੜ੍ਹ: ‘ਹਿੱਟ ਐਂਡ ਰਨ’ ਕਾਨੂੰਨ ਵਿਰੁੱਧ ਚੱਲ ਰਹੀ ਹੜਤਾਲ ਦੇ ਮੱਦੇਨਜ਼ਰ ਬੁੱਧਵਾਰ ਟਰੱਕ ਅਪ੍ਰੇਟਰਾਂ ਵੱਲੋਂ ਜਲੰਧਰ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਰਾਮਾਂ ਮੰਡੀ ਚੌਕ ‘ਚ ਟਰੱਕ ਅਪ੍ਰੇਟਰਾਂ ਵੱਲੋਂ ਜੰਮ ਕੇ ਕੀਤੇ ਪ੍ਰਦਰਸ਼ਨ ਦੌਰਾਨ ਮਾਹੌਲ ਇੰਨਾ ਭਖ ਗਿਆ ਕਿ ਪੁਲਿਸ ਨੇ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਹਿਰਾਸਤ ‘ਚ ਲੈ ਲਿਆ ਹੈ। ਟਰੱਕ ਅਪ੍ਰੇਟਰਾਂ ਵੱਲੋਂ ਧਰਨਾ ਲਾਏ ਜਾਣ ‘ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਥੇ ਕਿਸੇ ਵੀ ਕਿਸਮ ਦਾ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ, ਜਿਸ ਕਾਰਨ ਮਾਹੌਲ ਭਖ ਗਿਆ।
ਇਸ ਮੌਕੇ ਪੁਲਿਸ ਹਿਰਾਸਤ ਵਿੱਚ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਟਰੱਕ ਅਪ੍ਰੇਟਰਾਂ ਨੂੰ ਧਰਨਾ ਲਾਉਣ ਦੀ ਕਾਲ ਦਿੱਤੀ ਗਈ ਸੀ ਅਤੇ ਧਰਨਾ ਲਾਉਣ ਤੇ ਪ੍ਰਦਰਸ਼ਨ ਲਈ ਕਰਨ ਲਈ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਜਾਰੀ ਰਹੇਗਾ, ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ।
ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਪੁਲਿਸ ਭੇਜ ਕੇ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹੈਪੀ ਸੰਧੂ ਦੇ ਘਰ ਦੇ ਦੋਵਾਂ ਦਰਵਾਜਿਆਂ ‘ਤੇ ਪੁਲਿਸ ਵੱਲੋਂ ਆਪਣੇ ਮੁਲਾਜ਼ਮ ਖੜੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਟਰੱਕ ਅਪ੍ਰੇਟਰਾਂ ਦੇ ਸੰਘਰਸ਼ ਨੂੰ ਖਰਾਬ ਕਰਨ ਲਈ ਪੁਲਿਸ ਦਾ ਸਹਾਰਾ ਲੈ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਟ੍ਰਾਂਸਪੋਰਟਰਾਂ ਵਿਚਾਲੇ ਮੀਟਿੰਗ ‘ਚ ਸਹਿਮਤੀ ਦੇ ਬਾਵਜੂਦ ਪੰਜਾਬ ਦੇ ਟਰੱਕ ਡਰਾਈਵਰਾਂ ਨੇ ਹੜਤਾਲ ਵਾਪਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਨਾਲ ਹੀ ਪੰਜਾਬ ‘ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਅਤੇ ਕਿਹਾ ਸੀ ਕਿ ਪੰਜਾਬ ‘ਚ ਹਾਈਵੇਅ ਵੀ ਜਾਮ ਕੀਤੇ ਜਾਣਗੇ।