Friday, October 18, 2024
More

    Latest Posts

    ਹੋਟਲ ਸਟਾਫ਼, ਪੁਲਿਸ ਅਤੇ ਟੈਕਸੀ ਡਰਾਈਵਰ ਨੇ ਇਸ ਤਰ੍ਹਾਂ ਕਾਤਲ ਮਾਂ ਦੇ ਵਿਛਾਏ ਜਾਲ ਦਾ ਕੀਤਾ ਪਰਦਾਫਾਸ਼ | ActionPunjab


    ਪੀਟੀਸੀ ਨਿਊਜ਼ ਡੈਸਕ: ਕਾਤਲ ਮਹਿਲਾ ਸੀ.ਈ.ਓ. ਬੇਟੇ ਨੂੰ ਮਾਰਨ ਤੋਂ ਬਾਅਦ ਟਰਾਲੀ ਬੈਗ ਲੈ ਕੇ ਹੋਟਲ ਦੇ ਬਾਹਰ ਖੜ੍ਹੀ ਸੀ। ਸਟਾਫ ਨੇ ਉਸ ਨੂੰ ਜਹਾਜ਼ ਰਾਹੀਂ ਜਾਣ ਦੀ ਸਲਾਹ ਦਿੱਤੀ ਸੀ, ਪਰ ਉਹ ਟੈਕਸੀ ਰਾਹੀਂ ਜਾਣ ‘ਤੇ ਅੜੀ ਰਹੀ। ਇਸ ’ਤੇ ਸਟਾਫ਼ ਨੇ ਟੈਕਸੀ ਦਾ ਪ੍ਰਬੰਧ ਕਰ ਦਿੱਤਾ। ਜਦੋਂ ਪੁਲਿਸ ਨੇ ਸੀ.ਈ.ਓ. ਦੇ ਲਾਪਤਾ ਪੁੱਤਰ ਬਾਰੇ ਜਾਣਕਾਰੀ ਲਈ ਟੈਕਸੀ ਡਰਾਈਵਰ ਨੂੰ ਬੁਲਾਇਆ ਤਾਂ ਸੀ.ਈ.ਓ. ਦੇ ਕਾਤਲ ਦਾ ਪਰਦਾਫਾਸ਼ ਹੋ ਗਿਆ।

    ਇਨ੍ਹਾਂ ਤਿੰਨਾਂ ਨੇ ਉਜਾਗਰ ਕੀਤਾ ਕਾਤਲ ਮਾਂ ਦਾ ਕਾਲਾ ਸੱਚ

    ਹੋਟਲ ਸਟਾਫ਼, ਪੁਲਿਸ ਅਤੇ ਟੈਕਸੀ ਡਰਾਈਵਰ, ਇਹਨਾਂ ਤਿੰਨਾਂ ਕਿਰਦਾਰਾਂ ਨੇ ਇੱਕ ਕਾਤਲ ਮਾਂ ਨੂੰ ਆਪਣੇ ਦੁਆਰਾ ਵਿਛਾਏ ਜਾਲ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਇਹ ਕਲਯੁੱਗੀ ਮਾਂ ਇੱਕ ਸਟਾਰਟਅੱਪ ਦੀ ਸੰਸਥਾਪਕ ਅਤੇ ਸੀ.ਈ.ਓ. ਹੈ, ਜਿਸਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਿਆ ਸੀ। ਪਰ ਇਸ ਨੇ ਆਪਣੇ ਪਤੀ ਨੂੰ ਉਨ੍ਹਾਂ ਦੇ 4 ਸਾਲ ਦੇ ਬੇਟੇ ਨੂੰ ਮਿਲਣ ਤੋਂ ਰੋਕਣ ਲਈ, ਗੋਆ ਦੇ ਇੱਕ ਹੋਟਲ ਵਿੱਚ ਜਾ ਕੇ ਆਪਣੇ ਹੀ ਬੇਟੇ ਨੂੰ ਮਾਰਨ ਤੋਂ ਬਾਅਦ ਭੱਜਣ ਦੀ ਯੋਜਨਾ ਬਣਾਈ। ਪਰ ਪੁਲਿਸ ਅਤੇ ਟੈਕਸੀ ਡਰਾਈਵਰ ਵਿਚਕਾਰ ਸਥਾਨਕ ਭਾਸ਼ਾ ਵਿੱਚ ਹੋਈ ਗੱਲਬਾਤ ਨੇ ਔਰਤ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਫਿਲਹਾਲ ਪੁਲਿਸ ਮੁਲਜ਼ਮ ਮਾਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। 

    ਆਓ ਜਾਣਦੇ ਹਾਂ ਗੋਆ ਦੇ ਹੋਟਲ ਕਰਮਚਾਰੀਆਂ ਨੇ ਕਾਤਲ ਮਾਂ ਨੂੰ ਕਿਵੇਂ ਫੜਿਆ?

    ਉੱਤਰੀ ਗੋਆ ਦੀ ਪੁਲਿਸ ਸੁਪਰਡੈਂਟ ਨੇ ਮੀਡੀਆ ਨੂੰ ਦੱਸਿਆ ਕਿ 39 ਸਾਲਾ ਸੁਚਨਾ ਸੇਠ ਇੱਕ ਸਟਾਰਟਅੱਪ ਦੀ ਸੰਸਥਾਪਕ ਅਤੇ ਸੀ.ਈ.ਓ. ਹੈ, ਜੋ ਕਿ ਬੈਂਗਲੁਰੂ ਵਿੱਚ ਰਹਿੰਦੀ ਸੀ ਅਤੇ ਤਲਾਕਸ਼ੁਦਾ ਹੈ। ਉਸ ਦਾ ਚਾਰ ਸਾਲ ਦਾ ਬੇਟਾ ਸੁਚਨਾ ਕੋਲ ਹੀ ਰਹਿੰਦਾ ਸੀ। ਇੱਕ ਦਿਨ ਸੁਚਨਾ ਆਪਣੇ ਬੇਟੇ ਨਾਲ ਗੋਆ ਆਈ। ਇੱਥੇ ਉਹ ਦੋਵੇਂ ਇੱਕ ਹੋਟਲ ਵਿੱਚ ਰੁਕੇ ਪਰ ਜਦੋਂ ਸੁਚਨਾ ਵਾਪਸ ਜਾਣ ਲਈ ਟੈਕਸੀ ਤੋਂ ਬਾਹਰ ਨਿਕਲੀ ਤਾਂ ਉਸ ਦਾ ਬੇਟਾ ਉਸ ਦੇ ਨਾਲ ਨਹੀਂ ਸੀ। ਸੁਚਨਾ ਕੋਲ ਸਿਰਫ਼ ਇੱਕ ਟਰਾਲੀ ਬੈਗ ਸੀ।

    ਜਹਾਜ਼ ਦੀ ਬਜਾਏ ਔਰਤ ਨੇ ਟੈਕਸੀ ਦੀ ਚੋਣ ਕੀਤੀ 

    ਸੂਚਨਾ ਸੇਠ ਨੇ ਗੋਆ ਦੇ ਕੈਂਡੋਲੀਮ ਹੋਟਲ ਦਾ ਕਮਰਾ ਨੰਬਰ 404 ਬੁੱਕ ਕਰਵਾਇਆ ਸੀ। ਚੈਕਿੰਗ ਕਰਦੇ ਸਮੇਂ ਉਸ ਨੇ ਬੈਂਗਲੁਰੂ ਦਾ ਪਤਾ ਦਿੱਤਾ ਸੀ। ਉੱਤਰੀ ਗੋਆ ਦੇ ਐੱਸ.ਪੀ. ਨੇ ਦੱਸਿਆ ਕਿ ਸੁਚਨਾ ਬੈਂਗਲੁਰੂ ਵਾਪਸ ਜਾਣ ਲਈ ਟੈਕਸੀ ਦੀ ਉਡੀਕ ਕਰ ਰਹੀ ਸੀ। ਜਦੋਂ ਹੋਟਲ ਦੇ ਸਟਾਫ ਨੇ ਉਸ ਨੂੰ ਸਲਾਹ ਦਿੱਤੀ ਕਿ ਹਵਾਈ ਜਹਾਜ਼ ਰਾਹੀਂ ਵਾਪਸ ਜਾਣਾ ਸਸਤਾ ਅਤੇ ਵਧੇਰੇ ਸੁਵਿਧਾਜਨਕ ਹੋਵੇਗਾ। ਹਾਲਾਂਕਿ ਉਸ ਨੇ ਸੜਕ ਦੁਆਰਾ ਜਾਣ ‘ਤੇ ਜ਼ੋਰ ਦਿੱਤਾ ਤਾਂ ਹੋਟਲ ਨੇ ਸਥਾਨਕ ਟੈਕਸੀ ਦਾ ਪ੍ਰਬੰਧ ਕੀਤਾ।

    ਕਮਰੇ ਵਿੱਚ ਮਿਲੇ ਖੂਨ ਦੇ ਧੱਬੇ

    ਸੁਚਨਾ ਸੇਠ ਦੇ ਜਾਣ ਤੋਂ ਬਾਅਦ ਹੋਟਲ ਦਾ ਸਫ਼ਾਈ ਕਰਮਚਾਰੀ ਸਫ਼ਾਈ ਲਈ ਕਮਰੇ ਵਿੱਚ ਚਲਾ ਗਿਆ। ਉੱਥੇ ਦਾ ਨਜ਼ਾਰਾ ਦੇਖ ਕੇ ਹੋਟਲ ਦੇ ਸਫ਼ਾਈ ਕਰਮਚਾਰੀ ਹੈਰਾਨ ਰਹਿ ਗਏ। ਦਰਅਸਲ ਕਮਰੇ ਵਿੱਚ ਖੂਨ ਦੇ ਧੱਬੇ ਸਨ। ਉਨ੍ਹਾਂ ਨੇ ਤੁਰੰਤ ਇਸ ਬਾਰੇ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਮੈਨੇਜਰ ਨੇ ਪੁਲਿਸ ਨੂੰ ਸੂਚਨਾ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਇੰਸਪੈਕਟਰ ਨਾਇਕ ਆਪਣੀ ਟੀਮ ਨਾਲ ਪਹੁੰਚੇ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ। ਜਿਸ ਨੇ ਇਹ ਦਰਸ਼ਾਇਆ ਕਿ ਸੁਚਨਾ ਆਪਣੇ ਬੇਟੇ ਦੇ ਬਿਨਾਂ ਹੋਟਲ ਛੱਡ ਚਲੀ ਗਈ।

    ਪੁਲਿਸ ਨੂੰ ਮਿਲੀ ਝੂਠੀ ਸੂਚਨਾ

    ਇੰਸਪੈਕਟਰ ਨਾਇਕ ਨੇ ਵੀ ਮੀਡੀਆ ਨੂੰ ਦੱਸਿਆ ਕਿ ਹੋਟਲ ਸਟਾਫ ਤੋਂ ਪਤਾ ਲੱਗਿਆ ਕਿ ਸੁਚਨਾ ਟੈਕਸੀ ‘ਚ ਗਈ ਸੀ। ਉਸ ਦਾ ਪੁੱਤਰ ਉਸ ਦੇ ਨਾਲ ਨਹੀਂ ਸੀ, ਪਰ ਟਰਾਲੀ ਬੈਗ ਜ਼ਰੂਰ ਸੀ। ਟੈਕਸੀ ਦਾ ਪ੍ਰਬੰਧ ਹੋਟਲ ਸਟਾਫ਼ ਵੱਲੋਂ ਕੀਤਾ ਗਿਆ ਸੀ, ਇਸ ਲਈ ਉਸ ਦਾ ਨੰਬਰ ਵੀ ਮਿਲ ਗਿਆ। ਇੰਸਪੈਕਟਰ ਨਾਇਕ ਨੇ ਕਾਹਲੀ ਨਾਲ ਟੈਕਸੀ ਡਰਾਈਵਰ ਨੂੰ ਫੋਨ ਕਰਕੇ ਸੂਚਨਾ ਦੇਣ ਲਈ ਕਿਹਾ ਅਤੇ ਫਿਰ ਜਦੋਂ ਪੁਲਿਸ ਨੇ ਮਹਿਲਾ ਦੇ ਪੁੱਤਰ ਬਾਰੇ ਫੋਨ ‘ਤੇ ਜਾਣਕਾਰੀ ਮੰਗੀ ਤਾਂ ਕਾਤਲ ਮਾਂ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਗੋਆ ਦੇ ਫਤੋੜਦਾ ਵਿਖੇ ਇਕ ਦੋਸਤ ਦੇ ਘਰ ਛੱਡਿਆ ਸੀ। ਜਦੋਂ ਪੁਲਿਸ ਨੇ ਦੋਸਤ ਦਾ ਪਤਾ ਪੁੱਛਿਆ ਅਤੇ ਜਾਂਚ ਕਰਵਾਈ ਤਾਂ ਉਹ ਫਰਜ਼ੀ ਨਿਕਲਿਆ।

    ਟੈਕਸੀ ਡਰਾਈਵਰ ਆਪਣੀ ਕਾਰ ਲੈ ਕੇ ਥਾਣੇ ਅੰਦਰ ਦਾਖਲ ਹੋਇਆ

    ਇੰਸਪੈਕਟਰ ਨਾਇਕ ਨੇ ਫਿਰ ਟੈਕਸੀ ਡਰਾਈਵਰ ਨੂੰ ਕਾਲ ਕੀਤਾ ਅਤੇ ਸਥਾਨਕ ਕਾਕਨੀ ਭਾਸ਼ਾ ਵਿੱਚ ਗੱਲ ਕੀਤੀ ਤਾਂ ਜੋ ਮੁਲਜ਼ਮ ਮਾਂ ਜਾਣਕਾਰੀ ਸਮਝ ਨਾ ਸਕੇ। ਇੰਸਪੈਕਟਰ ਨਾਇਕ ਨੇ ਉਸ ਨੂੰ ਸੰਖੇਪ ਵਿਚ ਕਿਹਾ ਕਿ ਉਹ ਨੇੜਲੇ ਥਾਣੇ ਵਿਚ ਚਲਾ ਜਾਵੇ। ਇੰਸਪੈਕਟਰ ਨਾਇਕ ਦੀ ਗੱਲ ਸੁਣ ਕੇ ਡਰਾਈਵਰ ਨੇ ਵੀ ਅਜਿਹਾ ਹੀ ਕੀਤਾ ਅਤੇ ਕਾਰ ਨੂੰ ਥਾਣੇ ਵਿਚ ਭਜਾ ਦਿੱਤਾ। ਇਸ ਤਰ੍ਹਾਂ ਸੁਚਨਾ ਸੇਠ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੂਚਨਾ ਦੇ ਟਰਾਲੀ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਪੁੱਤਰ ਦੀ ਲਾਸ਼ ਮਿਲੀ।

    ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਵਿੱਚ ਜੁਟੀ 

    ਐਸ.ਪੀ. ਉੱਤਰੀ ਗੋਆ ਨੇ ਦੱਸਿਆ ਕਿ ਮੁਲਜ਼ਮ ਮਾਂ ਸੁਚਨਾ ਸੇਠ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਟਲ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਹਾਸਲ ਕਰ ਲਈ ਗਈ ਹੈ। ਫੋਰੈਂਸਿਕ ਟੀਮ ਵੀ ਸੁਰਾਗ ਜੁਟਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਹਿਲਾ ਦੇ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਮੁਲਜ਼ਮ ਸੁਚਨਾ ਸੇਠ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਕੇਰਲ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਸੁਚਨਾ ਬੈਂਗਲੁਰੂ ਵਿੱਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦੀ ਸੀ.ਈ.ਓ. ਹੈ।

    ਇੰਡੋਨੇਸ਼ੀਆ ਵਿੱਚ ਰਹਿੰਦਾ ਮੁਲਜ਼ਮ ਸੁਚਨਾ ਸੇਠ ਦਾ ਪਤੀ 

    ਸੁਚਨਾ ਨੇ ਆਪਣੇ ਬੇਟੇ ਦੀ ਹੱਤਿਆ ਕਿਉਂ ਕੀਤੀ, ਇਸ ਦੇ ਪਿੱਛੇ ਦੇ ਮਕਸਦ ਨੂੰ ਲੈ ਕੇ ਅਜੇ ਤੱਕ ਜਾਂਚ ਪੂਰੀ ਨਹੀਂ ਹੋਈ ਹੈ ਪਰ ਸੁਚਨਾ ਨੇ ਇਹ ਜ਼ਰੂਰ ਦੱਸਿਆ ਹੈ ਕਿ ਉਸ ਦੇ ਅਤੇ ਉਸ ਦੇ ਪਤੀ ਦੇ ਰਿਸ਼ਤੇ ਚੰਗੇ ਨਹੀਂ ਸਨ। ਦੋਵਾਂ ਵਿਚਾਲੇ ਤਲਾਕ ਹੋ ਗਿਆ ਹੈ। ਹਾਲ ਹੀ ‘ਚ ਕੋਰਟ ਦਾ ਆਰਡਰ ਆਇਆ ਸੀ, ਜਿਸ ਨਾਲ ਉਹ ਖੁਸ਼ ਨਹੀਂ ਸੀ। ਸੁਚਨਾ ਦਾ ਪਤੀ ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁੱਛਗਿੱਛ ਲਈ ਭਾਰਤ ਬੁਲਾਇਆ ਗਿਆ ਹੈ।

    ਸੁਚਨਾ ਸੇਠ ਅਤੇ ਉਸਦੇ ਪਤੀ ਨੇ 2020 ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ।

    ਵਿਆਹ ਦੇ 9 ਸਾਲ ਬਾਅਦ ਪੁੱਤਰ ਨੇ ਲਿਆ ਸੀ ਜਨਮ

    ਜਾਣਕਾਰੀ ਮੁਤਾਬਕ ਸੁਚਨਾ ਸੇਠ ਦਾ ਵਿਆਹ 2010 ਵਿੱਚ ਹੋਇਆ ਸੀ। ਵਿਆਹ ਦੇ 9 ਸਾਲ ਬਾਅਦ ਜਾਕੇ 2019 ਵਿੱਚ ਉਸ ਨੇ ਇੱਕ ਪੁੱਤਰ ਦਾ ਜਨਮ ਦਿੱਤਾ। ਸਾਲ 2020 ‘ਚ ਪਤੀ-ਪਤਨੀ ‘ਚ ਝਗੜਾ ਹੋਇਆ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਦੋਵਾਂ ਨੇ ਇਕ ਦੂਜੇ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ। ਪਤੀ-ਪਤਨੀ ਵਿਚਕਾਰ ਤਲਾਕ ਵੀ ਹੋ ਗਿਆ। ਬਾਅਦ ਵਿੱਚ ਅਦਾਲਤ ਨੇ ਹੁਕਮ ਦਿੱਤਾ ਕਿ ਪਤੀ ਐਤਵਾਰ ਨੂੰ ਸਿਰਫ਼ ਇੱਕ ਦਿਨ ਲਈ ਆਪਣੇ ਬੱਚੇ ਨੂੰ ਮਿਲ ਸਕਦਾ ਹੈ, ਪਰ ਮਾਂ ਨਹੀਂ ਚਾਹੁੰਦੀ ਸੀ ਕਿ ਉਸ ਦਾ ਪਤੀ ਪੁੱਤਰ ਨੂੰ ਮਿਲ ਸਕੇ। ਸੰਭਵ ਹੈ ਕਿ ਇਸੇ ਕਾਰਨ ਉਸ ਨੇ ਆਪਣੇ ਪੁੱਤਰ ਨੂੰ ਰਸਤੇ ਤੋਂ ਹਟਾਉਣ ਦਾ ਇਹ ਅਪਰਾਧਿਕ ਅਤੇ ਘਿਨਾਉਣਾ ਫੈਸਲਾ ਲਿਆ।   


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.