Friday, October 18, 2024
More

    Latest Posts

    Sikh History: ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦਿਵਸ ‘ਤੇ ਵਿਸ਼ੇਸ਼ | ਧਰਮ ਅਤੇ ਵਿਰਾਸਤ | ActionPunjab



     Sirhind Fateh Diwas: ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਇੱਥੋਂ ਦੇ ਲੋਕਾਂ ਨੂੰ ਰੋਜ਼ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਗੁਰੂ ਸਾਹਿਬਾਨ ਇੱਥੋਂ ਦੀ ਦੱਬੀ ਕੁਚਲੀ ਤੇ ਨਿਰਾਸਤਾ ਵਿੱਚ ਘਿਰੀ ਜਨਤਾ ਲਈ ਅਧਿਆਤਮਕ ਗਿਆਨ, ਉਦਮ ਸੂਰਬੀਰਤਾ, ਆਤਮ ਸਨਮਾਨ, ਆਤਮ ਵਿਸ਼ਵਾਸ ਤੇ ਫ਼ਤਿਹ ਦੀ ਚੜ੍ਹਦੀ ਕਲਾ ਵਾਲੇ ਜੀਵਨ ਦਾ ਸੁਨੇਹਾ ਲੈ ਕੇ ਆਏ ਸਨ। ਉਹਨਾਂ ਨੇ ਆਪਣੇ ਮਹਾਨ ਅਗੰਮੀ ਜੀਵਨ ਸੱਚੀ ਸੁੱਚੀ ਕਹਿਣੀ ਤੇ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਪੰਜਾਬ ਦੇ ਲੋਕਾਂ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕਰ ਦਿੱਤਾ ਸੀ। ਗੁਰਮਤਿ ਦੇ ਆਦਰਸ਼ਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ ਇੱਕ ਸੁਤੰਤਰ ਤੇ ਸੰਪੂਰਨ ਮਨੁੱਖ ਖਾਲਸਾ ਦੀ ਸਾਜਨਾ ਕੀਤੀ।

    ਖਾਲਸਾ ਪੰਥ ਦੀ ਸਾਜਨਾ ਨਾਲ ਪੰਜਾਬ ਦੇ ਸਤਾਏ ਹੋਏ ਲੋਕਾਂ ਦੇ ਚਿਹਰੇ ਤੇ ਇੱਕ ਜਲਾਲ ਚਮਕਣ ਲੱਗਾ। ਇੱਕ-ਇੱਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਮੁਗਲ ਹਕੂਮਤ ਅਤੇ ਸਥਾਨਿਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੋਸ਼ਨੀ ਨੂੰ ਖਤਮ ਕਰਨ ਦਾ ਯਤਨ ਕੀਤਾ। ਇਸ ਸੰਘਰਸ਼ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘ ਸ਼ਹੀਦ ਹੋ ਗਏ। ਥੋੜੀ ਗਿਣਤੀ ਵਿੱਚ ਹੋਣ ਤੇ ਵੀ ਮੁਕਤਸਰ ਦੇ ਸਥਾਨ ਤੇ ਸਿੰਘਾਂ ਨੇ ਮੁਗਲ ਫੌਜ ਦਾ ਮੂੰਹ ਤੋੜ ਦਿੱਤਾ ਸੀ। 

    ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਾਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾਇਆ ਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਲਈ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖਾਲਸੇ ਨੇ ਪੰਜਾਬ ਵਿੱਚ ਇੱਕ ਅਜਿਹਾ ਸਿੰਘ ਨਾਦ ਪੈਦਾ ਕੀਤਾ ਕਿ ਮੁਗਲ ਰਾਜ ਦੇ ਮਹਿਲ ਢਹਿ ਢੇਰੀ ਹੋਣ ਲੱਗੇ। ਸੂਬੇ ਅਤੇ ਵੱਡੇ ਵੱਡੇ ਫੌਜਦਾਰ ਡਰ ਨਾਲ ਕੰਬਣ ਲੱਗ ਪਏ। ਖਾਲਸੇ ਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਦੇ ਰਾਜ, ਸਮਾਜ ਤੇ ਅਰਥ ਵਿਵਸਥਾ ਨੂੰ ਪਲਟ ਕੇ ਰੱਖ ਦਿੱਤਾ ਸੀ 

    ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿੱਚ ਜੋ ਇਨਕਲਾਬ ਲਿਆਂਦਾ ਉਹ ਇੱਕ ਹੈਰਾਨੀ ਕੁੰਨ ਇਤਿਹਾਸਿਕ ਹਕੀਕਤ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦ ਸੰਨ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਥਾਪੜਾ ਲੈਣ ਉਪਰੰਤ ਪੰਜਾਬ ਨੂੰ ਤੁਰਿਆ ਤਾਂ ਉਹਨਾਂ ਦੇ ਸਾਹਮਣੇ ਮੁੱਖ ਉਦੇਸ਼ ਜ਼ਾਲਮ ਮੁਗਲਾਂ ਦੀ ਰਾਜ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ ਜੋ 700 ਸਾਲ ਪਹਿਲਾਂ ਗਜਨੀ ਦੇ ਤੁਰਕਾਂ ਨੇ ਮਹਿਮੂਦ ਗਜਨਵੀ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਤੋਂ ਖੋਹੀ ਸੀ। 

    ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਉਹਨਾਂ ਕੋਲ ਗੁਰੂ ਜੀ ਵੱਲੋਂ ਮਿਲੇ ਪੰਜ ਤੀਰ, ਖੰਡਾ ਤੇ ਕੇਵਲ ਨਗਾਰਾ ਸੀ। ਸਲਾਹ ਮਸ਼ਵਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਹਨਾਂ ਤੋਂ ਇਲਾਵਾ 20 ਕੁ ਸਿੰਘ ਹੋਰ ਨਾਲ ਭੇਜੇ। ਇਹਨਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੁਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਵਾਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹੀਦੀਆਂ ਤੇ ਜਖਮ ਸਿੱਖ ਸੰਗਤਾਂ ਵਿੱਚ ਅਜੇ ਤਾਜ਼ਾ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਝੰਡੇ ਥੱਲੇ ਇਕੱਠੇ ਹੋ ਗਏ। ਉਹਨਾਂ ਨੇ ਰਨਭੂਮੀ ਵਿੱਚ ਆਪਣਾ ਨਾਰਾ ”ਰਾਜ ਕਰੇਗਾ ਖਾਲਸਾ” ਨਿਸ਼ਚਿਤ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੋਰੇ ਤਾਂ ਉਹਨਾਂ ਕੋਲ 25 ਸਿੰਘ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਕਾਫੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4 ਹਜਾਰ ਘੋੜ ਸਵਾਰ ਅਤੇ 7800 ਸਿਪਾਹੀ ਪੈਦਲ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਨਾਲ ਤੁਰ ਪਏ ਸਨ। 

    11 ਨਵੰਬਰ ਸੰਨ 1709 ਈਸਵੀ ਨੂੰ ਸਮਾਣਾ ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਥਲ, ਕੜਾਮ ਠਸਕਾ, ਸ਼ਾਹਬਾਦ ਕਪੂਰੀ ਤੇ ਸਡੋਰਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਸਨ, ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹੰਦ ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਆਖਰ ਉਹ ਘੜੀ ਆ ਗਈ, ਜਿਸ ਦਾ ਬਹੁ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਨ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜ ਚਿੜੀ ਦਾ ਮੈਦਾਨ ਆ ਮਲਿਆ। ਸੂਬੇਦਾਰ ਵਜ਼ੀਰ ਖਾਨ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹੰਦ ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ ਸਨ 1710 ਈਸਵੀ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਜ਼ੋਰਦਾਰ ਖੂਨ ਡੋਲਵਾ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿੱਚ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫ਼ਤਿਹ ਹੋ ਗਈ। ਦੋ ਦਿਨਾਂ ਬਾਅਦ ਸਿੱਖ ਫੌਜਾਂ 14 ਮਈ ਸਨ 1710 ਈਸਵੀ ਨੂੰ ਸਰਹੰਦ ਵਿੱਚ ਦਾਖਲ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹੰਦ ਨੂੰ ਇੱਟਾਂ ਦੇ ਢੇਰ ਵਿੱਚ ਬਦਲ ਦਿੱਤਾ। ਵਸਦਾ ਰਸਦਾ ਸ਼ਹਿਰ ਸਰਹੰਦ ਖੰਡਰ ਵਿੱਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧੰਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ ਚੁਣ ਕੇ ਸਜਾਵਾਂ ਦਿੱਤੀਆਂ ਗਈਆਂ।

    ਵਜ਼ੀਰ ਖਾਨ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਬਾਬਾ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਥਾਪਿਆ ਗਿਆ। ਸਰਹੰਦ ਫਾਰਸੀ ਦਾ ਸ਼ਬਦ ਹੈ ਅਤੇ ਇਸ ਤੋਂ ਭਾਵ ਹੈ ਹਿੰਦ ਦਾ ਸਿਰਮੋਰ ਨਗਰ ਇਤਿਹਾਸਿਕ ਅਤੇ ਵਪਾਰਕ ਦ੍ਰਿਸ਼ਟੀ ਤੋਂ ਮੁਗਲ ਕਾਲ ਵੇਲੇ ਇਹ ਇੱਕ ਮਹੱਤਵਪੂਰਨ ਨਗਰ ਸੀ ਸੰਨ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਪੁੱਤਰਾਂ ਦੇ ਕਤਲ ਦਾ ਬਦਲਾ ਲੈਣ ਲਈ ਇਸ ਨਗਰ ਉੱਤੇ ਹਮਲਾ ਕੀਤਾ ਅਤੇ ਇੱਥੋਂ ਦੇ ਹੁਕਮਨਾਾਨ ਨਵਾਬ ਵਜ਼ੀਰ ਖਾਨ ਨੂੰ ਮਾਰਿਆ ਕਿਲੇ ਅੰਦਰ ਜਿਸ ਥਾਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਕੇ ਸ਼ਹੀਦ ਕੀਤਾ ਗਿਆ ਸੀ ਉਸ ਦੀ ਨਿਸ਼ਾਨਦੇਹੀ ਕੀਤੀ ਅਤੇ ਕਿਲਹੇ ਦਾ ਨਾਂ ਫਤਿਹਗੜ੍ਹ ਰੱਖਿਆ ਪਟਿਆਲਾ ਤੇ ਮਹਾਰਾਜਾ ਕਰਮ ਸਿੰਘ ਨੇ ਇਸ ਨਗਰ ਦਾ ਨਾਂ ਸਰਾਨ ਤੋਂ ਬਦਲ ਕੇ ਫਤਿਹਗੜ੍ਹ ਸਾਹਿਬ ਰੱਖ ਦਿੱਤਾ।

    ਸੰਨ 1992 ਈਸਵੀ ਦੀ ਵਿਸਾਖੀ ਵਾਲੇ ਦਿਨ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸਥਾਪਿਤ ਕਰਕੇ ਇਸ ਨੂੰ ਉਸਦਾ ਸਦਰ ਮੁਕਾਮ ਬਣਾ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇੱਕ ਬੇਤਾਜ ਬਾਦਸ਼ਾਹ ਬਣ ਗਿਆ ਸੀ ਉਸਦੇ ਕੋਲ ਸ਼ਰਧਾਲੂ ਸਿੰਘਾ ਦੀ ਫੌਜ ਵੀ ਹੋ ਗਈ ਸੀ । ਰਾਜ ਦੀ ਰਾਜਧਾਨੀ ਵੀ ਅਤੇ ਰਹਿਣ ਲਈ ਮਹਿਲ ਵੀ ਸਨ। ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ ਦਾ ਸਿੱਕਾ ਵੀ ਜਾਰੀ ਕਰ ਦਿੱਤਾ। 

    ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸੇ ਨੇ ਲੰਬਾ ਸੰਘਰਸ਼ ਕਰਕੇ ਅਤੇ ਸ਼ਹੀਦੀਆਂ ਦੇ ਕੇ ਮੁਗਲ ਰਾਜ ਦਾ ਖਾਤਮਾ ਕਰ ਦਿੱਤਾ। ਅੱਜ ਵੀ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਨਾਲ ਸਰਹੰਦ ਫ਼ਤਿਹ ਦਿਵਸ ਬੜੇ ਹੀ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਇਹੋ ਜਿਹੇ ਹੁਕਮਰਾਨ ਜਿਨਾਂ ਨੇ ਪਹਿਲਾਂ ਨਿਸ਼ਾਨ ਸਾਹਿਬ ਜਿੱਤ ਦਾ ਸਰਹੰਦ ਦੀ ਧਰਤੀ ਤੇ ਲਹਿਰਾਇਆ ਤੇ ਅੱਜ ਵੀ ਉਹ ਨਿਸ਼ਾਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਸਥਾਪਿਤ ਹੈ। 

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.