Wednesday, October 16, 2024
More

    Latest Posts

    ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਮਿਲੇਗੀ 50 ਫੀਸਦ ਸਬਸਿਡੀ- ਗੁਰਮੀਤ ਸਿੰਘ ਖੁੱਡੀਆਂ

    ਖੁੱਡੀਆਂ ਨੇ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਬੀਜਾਂ ਦੀ ਵੰਡ ਦੌਰਾਨ ਹੇਰਾਫੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

    Punjab News: ਕਣਕ ਦੀ ਬਿਜਾਈ ਦਾ ਸੀਜ਼ਨ ਨੇੜੇ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁੱਲ ਕੀਮਤ ‘ਤੇ 50 ਫੀਸਦੀ ਸਬਸਿਡੀ ਜਾਂ ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁਪਏ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ।

    ਕਿਸਾਨਾਂ ਨੂੰ ਕਣਕ ਦੇ ਬੀਜ ਦੀ ਖਰੀਦ ਸਮੇਂ ਕੀਮਤ ‘ਚੋਂ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਹੋਈ ਰਕਮ ਹੀ ਅਦਾ ਕਰਨੀ ਹੋਵੇਗੀ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇੱਕ ਕਿਸਾਨ ਨੂੰ ਸਬਸਿਡੀ ਵਾਲਾ ਬੀਜ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਬਸਿਡੀ ਵਾਲੇ ਬੀਜਾਂ ਦੀ ਵੰਡ ਸਮੇਂ ਅਨੁਸੂਚਿਤ ਜਾਤੀਆਂ, ਛੋਟੇ (2.5 ਏਕੜ ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਤਰਜੀਹ ਦਿੱਤੀ ਜਾਵੇਗੀ।

    ਉਨ੍ਹਾਂ ਕਿਹਾ ਕਿ ਇਸ ਸਬਸਿਡੀ ਦਾ ਲਾਭ ਲੈਣ ਲਈ ਚਾਹਵਾਨ ਕਿਸਾਨ 31 ਅਕਤੂਬਰ, 2023 ਤੱਕ ਆਨਲਾਈਨ ਪੋਰਟਲ http://agrimachinerypb.com ‘ਤੇ ਆਪਣੀਆਂ ਅਰਜ਼ੀਆਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ।

    ਵਿਸ਼ੇਸ਼ ਮੁੱਖ ਸਕੱਤਰ (ਵਿਕਾਸ) ਕੇ.ਏ.ਪੀ. ਸਿਨਹਾ ਨੂੰ ਸੂਬੇ ਵਿੱਚ ਵੇਚੇ ਜਾ ਰਹੇ ਬੀਜਾਂ ‘ਤੇ ਪੂਰੀ ਨਿਗਰਾਨੀ ਰੱਖਣ ਲਈ ਆਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਬੀਜ ਹੀ ਮੁਹੱਈਆ ਕਰਵਾਏ ਜਾਣ।

    ਖੁੱਡੀਆਂ ਨੇ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਬੀਜਾਂ ਦੀ ਵੰਡ ਦੌਰਾਨ ਹੇਰਾਫੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

    ਕੇ.ਏ.ਪੀ.ਸਿਨਹਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਸਾਰੀਆਂ ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਅਤੇ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਨੂੰ ਸਬਸਿਡੀ ਵਾਲੇ ਪ੍ਰਮਾਣਿਤ ਬੀਜ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਪੋਰਟਲ ‘ਤੇ ਵੀ ਰਜਿਸਟਰ ਹੋਣਗੇ। ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਜਾਂ ਉਨ੍ਹਾਂ ਦੇ ਡੀਲਰ ਪੋਰਟਲ ‘ਤੇ ਵੇਚੇ ਗਏ ਬੀਜ ਦੇ ਥੈਲੇ ਦੇ ਟੈਗ ਨੰਬਰ ਸਮੇਤ ਬਿੱਲ ਅਪਲੋਡ ਕਰਨਗੇ।

    ਡੱਬੀ

    ਕਣਕ ਦੇ ਬੀਜਾਂ ਦੀਆਂ ਪ੍ਰਮਾਣਿਤ ਕਿਸਮਾਂ

    ਇਹ ਸਬਸਿਡੀ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਉਪਲਬਧ ਹੋਵੇਗੀ, ਜਿਨ੍ਹਾਂ ਵਿੱਚ ਉੱਨਤ ਪੀ.ਬੀ.ਡਬਲਿਊ 343, ਉੱਨਤ ਪੀ.ਬੀ.ਡਬਲਿਊ 550, ਪੀ.ਬੀ.ਡਬਲਿਊ 1 ਜ਼ਿੰਕ, ਪੀ.ਬੀ.ਡਬਲਿਊ 725, ਪੀ.ਬੀ.ਡਬਲਿਊ 677, ਐਚ.ਡੀ. 3086, ਡਬਲਿਊ.ਐਚ. 1105, ਪੀ.ਬੀ.ਡਬਲਿਊ 1 ਚਪਾਤੀ, ਪੀ.ਬੀ.ਡਬਲਿਊ 766, ਡੀ.ਬੀ.ਡਬਲਿਊ 303, ਡੀ.ਬੀ.ਡਬਲਿਊ 187, ਡੀ.ਬੀ.ਡਬਲਿਊ 222 , ਪੀ.ਬੀ.ਡਬਲਿਊ 803, ਪੀ.ਬੀ.ਡਬਲਿਊ 824, ਪੀ.ਬੀ.ਡਬਲਿਊ 826, ਪੀ.ਬੀ.ਡਬਲਿਊ 869 ਅਤੇ ਪੀ.ਬੀ.ਡਬਲਿਊ 752 ਸ਼ਾਮਲ ਹਨ।

    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.