Saturday, September 21, 2024
More

    Latest Posts

    ਸਿੱਖਾਂ ਦੇ ਭਾਰੀ ਵਿਰੋਧ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਯੂ-ਟਰਨ, ”ਮਾਤਮੀ ਬਿਗੁਲ” ਵਜਾਉਣ ਦਾ ਫੈਸਲਾ ਲਿਆ ਵਾਪਸ | Action Punjab


    ਚੰਡੀਗੜ੍ਹ: ਮਾਤਮੀ ਬਿਗੁਲ ਨੂੰ ਲੈ ਕੇ ਸਿੱਖਾਂ ਦੇ ਭਾਰੀ ਵਿਰੋਧ ਤੋਂ ਬਾਅਦ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਯੂ-ਟਰਨ ਲੈ ਲਿਆ। ਮੁੱਖ ਮੰਤਰੀ ਮਾਨ ਨੇ ਆਪਣੇ ਫੈਸਲੇ ਤੋਂ ਪੈਰ ਪਿਛੇ ਖਿੱਚ ਲਏ ਹਨ ਅਤੇ ਹੁਣ 27 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਾਤਮੀ ਬਿਗੁਲ ਨਹੀਂ ਵਜਾਇਆ ਜਾਵੇਗਾ। ਸੀਐਮ ਮਾਨ ਵੱਲੋਂ ਫੈਸਲਾ ਵਾਪਸ ਲੈਣ ਸਬੰਧੀ ਟਵਿੱਟਰ ‘ਤੇ ਪੋਸਟ ਸਾਂਝੀ ਕੀਤੀ ਗਈ ਹੈ।

    ਮੁੱਖ ਮੰਤਰੀ ਮਾਨ ਨੇ ਆਪਣੀ ਟਵਿੱਟਰ ਪੋਸਟ ‘ਚ ਕਿਹਾ ਹੈ ਕਿ ”ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਇਨ੍ਹਾਂ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ, ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਾਤਮੀ ਬਿਗੁਲ ਵਜਾਉਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ।”

    ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਸੀ ਫੈਸਲਾ ਵਾਪਸ ਲੈਣ ਦੀ ਅਪੀਲ

    ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 22 ਦਸੰਬਰ ਨੂੰ ਫਤਿਹਗੜ੍ਹ ਸਾਹਿਬ ‘ਚ ਪੰਜਾਬ ਸਰਕਾਰ ਵੱਲੋਂ ਮਾਤਮੀ ਬਿਗੁਲ ਵਜਾਏ ਜਾਣ ਦਾ ਐਲਾਨ ਕੀਤਾ ਸੀ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਗਿਆ। ਮੁੱਖ ਮੰਤਰੀ ਦਾ ਇਸ ਐਲਾਨ ਨੂੰ ਲੈ ਕੇ ਐਸਜੀਪੀਸੀ ਸਮੇਤ ਸਿੱਖ ਸੰਸਥਾਵਾਂ ਵੱਲੋਂ ਭਾਰੀ ਵਿਰੋਧ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿਚ 27 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਮਾਤਮੀ ਬਿਗਲ ਵਜਾਉਣ ਦੇ ਫੈਸਲੇ ਨੂੰ ਸਿੱਖ ਸਿਧਾਂਤਾਂ ਦੇ ਨਾ-ਅਨੁਕੂਲ ਕਰਾਰ ਦਿੰਦਿਆਂ ਆਖਿਆ ਸੀ ਕਿ ਪੰਜਾਬ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈ ਕੇ ਸਿੱਖ ਪਰੰਪਰਾਵਾਂ ਦੇ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ-ਸਤਿਕਾਰ ਅਰਪਿਤ ਕਰਨਾ ਚਾਹੀਦਾ ਹੈ।

    ਗਿਆਨੀ ਰਘਬੀਰ ਸਿੰਘ ਨੇ ਆਖਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਮਾਨਵ ਜਾਤੀ ਲਈ ਲਾਸਾਨੀ ਪਰਉਪਕਾਰ ਨੂੰ ਸ਼ਰਧਾ ਭੇਟ ਕਰਨ ਲਈ ਪੰਜਾਬ ਸਰਕਾਰ ਦੀ ਭਾਵਨਾ ਬੇਸ਼ੱਕ ਸ਼ੁੱਧ ਹੋਵੇ ਪਰ ਸਿੱਖ ਪਰੰਪਰਾ ਵਿਚ ‘ਨਿੱਕੀਆਂ ਜਿੰਦਾ, ਵੱਡੇ ਸਾਕੇ’ ਕਰਕੇ ਜਾਣੇ ਜਾਂਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ‘ਮਾਤਮੀ ਬਿਗਲ’ ਵਜਾਉਣ ਦਾ ਫੈਸਲਾ ਸ਼ਹਾਦਤ ਦੇ ਲਾਸਾਨੀ ਸਿੱਖ ਸੰਕਲਪ ਨੂੰ ਠੇਸ ਪਹੁੰਚਾਉਣ ਵਾਲਾ ਹੈ।

    ਗਿਆਨੀ ਰਘਬੀਰ ਸਿੰਘ ਨੇ ਆਖਿਆ ਸੀ ਕਿ ਸਿੱਖ ਪਰੰਪਰਾ ਅਨੁਸਾਰ ਸ਼ਹਾਦਤ ਮਹਾਨ ਪਰਉਪਕਾਰ ਹਿਤ ਦਿੱਤੀ ਜਾਂਦੀ ਹੈ ਅਤੇ ਸ਼ਹੀਦੀਆਂ ਤੋਂ ਬਾਅਦ ਸਿੱਖ ਅਵਚੇਤਨ ਦੇ ਅੰਦਰ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਜੋਸ਼ ਅਤੇ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਦੇ ਕੇ ਸ਼ਸਤਰਧਾਰੀ ਬਣਾਇਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਕਰਨ ਲਈ ਖਾਲਸਾ ਪੰਥ ਦੀ ਸਾਜਨਾ ਅਤੇ ਹੋਲਾ-ਮਹੱਲਾ ਦੀ ਪਰੰਪਰਾ ਆਰੰਭ ਕੀਤੀ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦਿਆਂ ਦੀਆਂ ਜੰਗ ਦੇ ਮੈਦਾਨ ਵਿਚ ਜੂਝਦਿਆਂ ਸ਼ਹੀਦੀਆਂ ਹੋਣ ‘ਤੇ ਜੈਕਾਰੇ ਲਗਾਏ ਸਨ। ਛੋਟੇ ਸਾਹਿਬਜ਼ਾਦਿਆਂ ਨੇ ਵੀ ਸ਼ਹੀਦੀ ਦੇਣ ਵੇਲੇ ਜੈਕਾਰੇ ਜਗਾ ਕੇ ਚੜ੍ਹਦੀਕਲਾ ਦਾ ਸਬੂਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਪਰੰਪਰਾ ਨੂੰ ਸਮਝਦਿਆਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ‘ਮਾਤਮੀ ਬਿਗਲ’ ਵਜਾਉਣ ਦਾ ਫੈਸਲਾ ਤੁਰੰਤ ਵਾਪਸ ਲੈਣ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.