Saturday, October 19, 2024
More

    Latest Posts

    ਬਸੰਤ ਰੁਤ 'ਤੇ ਵਿਸ਼ੇਸ਼: ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥ | Action Punjab


    ਬਸੰਤ ਰੁਤ ਨੂੰ ਸਾਰੀਆਂ ਰੁਤਾਂ ਦਾ ਰਾਜਾ ਕਿਹਾ ਜਾਂਦਾ ਹੈ। ਬਸੰਤ ਰੁਤ ਮਾਘ ਸੁਦੀ ਇਕ ਤੋਂ ਸ਼ੁਰੂ ਹੋ ਜਾਂਦੀ ਹੈ। ਬਸੰਤ ਤੋਂ ਭਾਵ ਵਸਣਾ, ਰਹਿਣਾ ਵੀ ਹੁੰਦਾ ਹੈ। ਬਸੰਤ ਦੀ ਆਮਦ ਨਵੀਆਂ ਜ਼ਿੰਦਗੀਆਂ ਲੈ ਕੇ ਆਉਂਦੀ ਹੈ। ਇਸ ਸਮੇਂ ਕੁਦਰਤ ਦਾ ਇਕ ਨਿਵੇਕਲਾ ਰੂਪ ਦਿਖਾਈ ਦਿੰਦਾ ਹੈ।

    ਹਿੰਦੂ ਧਰਮ ਦੀ ਮਾਨਤਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਬ੍ਰਹਮਾ ਜੀ ਨੇ ਸਰਸਵਤੀ ਨੂੰ ਪ੍ਰਗਟ ਕੀਤਾ ਸੀ, ਇਸੇ ਕਰਕੇ ਬਸੰਤ ਪੰਚਮੀ ਵਾਲੇ ਦਿਨ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ।

    ਸਿੱਖ ਧਰਮ ਵਿਚ ਬਸੰਤ ਨੂੰ ਅੰਦਰ ਦੇ ਖੇੜੇ ਨਾਲ ਜੋੜ ਕੇ ਗੁਰੂ ਸਾਹਿਬਾਨ ਨੇ ਪੇਸ਼ ਕੀਤਾ ਹੈ। ਜਿਸ ਤਰ੍ਹਾਂ ਬਸੰਤ ਰੁਤ ਵਿਚ ਕੁਦਰਤ ਮੌਲਦੀ ਹੈ, ਉਸੀ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਆਤਮਾ ਦੇ ਮੌਲਣ ਦੀ ਗੱਲ ਕੀਤੀ ਹੈ। ਗੁਰਬਾਣੀ ਵਿਚ ਉਸ ਵਿਅਕਤੀ ਲਈ ਸਦਾ ਬਸੰਤ ਵਰਗਾ ਵਾਤਾਵਰਨ ਕਲਪਿਆ ਗਿਆ ਹੈ, ਜਿਸ ਉੱਤੇ ਪਰਮਾਤਮਾ ਦੀ ਕਿਰਪਾ ਅਤੇ ਗੁਰੂ ਦੀ ਦਇਆ ਹੋਵੇ :

    ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥
    ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥

    ਬਸੰਤ ਪੰਚਮੀ ਵਾਲੇ ਦਿਨ ਇਸ਼ਨਾਨ ਕਰਕੇ ਪੁੰਨ ਦਾਨ ਕਰਨਾ ਮਹੱਤਵਪੂਰਨ ਸਮਝਿਆ ਜਾਂਦਾ ਹੈ।

    ਪੰਜਾਬ ਵਿਚ ਉੰਝ ਤਾਂ ਅਨੇਕਾਂ ਥਾਵਾਂ ਉੱਤੇ ਇਸ ਦਿਨ ਮੇਲੇ ਲੱਗਦੇ ਹਨ ਪਰ ਛਿਹਰਟਾ ਅਤੇ ਪਟਿਆਲਾ ( ਗੁਰਦੁਆਰਾ ਦੁਖ ਨਿਵਾਰਨ ਸਾਹਿਬ) ਵਿਚ ਬਹੁਤ ਵੱਡੇ ਮੇਲੇ ਲੱਗਦੇ ਹਨ, ਜਿਨ੍ਹਾਂ ਵਿਚ ਭਗਤੀ ਭਾਵ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰ ਦੇ ਵੀ  ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ।

    ਇਤਿਹਾਸਿਕ ਦ੍ਰਿਸ਼ਟੀ ਤੋਂ ਬਸੰਤ ਪੰਚਮੀ ਵਾਲੇ ਦਿਨ ਕਈ ਅਹਿਮ ਪਲ ਹੋ ਗੁਜ਼ਰੇ, ਜਿਸ ਕਾਰਨ ਸਿੱਖ ਇਤਿਹਾਸ ਦੇ ਪੱਖ ਤੋਂ ਸਿੱਖ ਉਹਨਾਂ ਸਿੱਖ ਘਟਨਾਵਾਂ ਅਤੇ ਗੁਰੂ ਲਿਵ ਵਿਚ ਜੁੜੇ ਪਲਾਂ ਨੂੰ ਯਾਦ ਕਰਦੇ ਹਨ।

    ਸਿੱਖ ਇਤਿਹਾਸ ਦੱਸਦਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਸਥਾਨ ‘ਤੇ ਚਰਨ ਪਾਏ ਸਨ ਅਤੇ ਇਸ ਸਥਾਨ ਨੂੰ ਬਖਸ਼ਿਸ਼ਾਂ ਨਾਲ ਨਿਵਾਜਿਆ ਸੀ। ਇਤਿਹਾਸ ਵਿਚ ਦਰਜ ਹੈ ਕਿ ਕਲਗੀਧਰ ਪਾਤਿਸ਼ਾਹ ਜੀ ਦਾ ਗੁਰੂ ਕਾ ਲਾਹੌਰ ਵਿਖੇ ਵਿਆਹ ਪੁਰਬ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਹੋਇਆ ਸੀ।

    ਬਸੰਤ ਪੰਚਮੀ ਵਾਲੇ ਦਿਨ ਹੀ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਧਰਮ-ਅੰਧਤਾ ਕਰਕੇ 17 ਵਰ੍ਹਿਆਂ ਦੇ ਨੌਜਵਾਨ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਸੀ।

    ਮਿਸਲਾਂ ਦੇ ਸਮੇਂ ਤੋਂ ਹੀ ਬਸੰਤ ਪੰਚਮੀ ਵਾਲੇ ਦਿਨ ਸਿੰਘ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਆਏ ਹਨ। ਇਸ ਤਰ੍ਹਾਂ ਦੇ ਹੀ ਇਕ ਬਸੰਤ ਪੰਚਮੀ ਦੇ ਦਰਬਾਰ ਵਿਚ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਰੀਂ ਚੜ੍ਹਿਆ ਸੀ।

    ਸਿੱਖ ਰਾਜ ਦੀਆਂ ਢਲਦੀਆਂ ਸ਼ਾਮਾਂ ਨੂੰ ਥੰਮਣ ਦੀ ਕੋਸ਼ਿਸ਼ ਕਰਨ ਵਾਲਾ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਬ੍ਰਿਟਿਸ਼ ਹਕੂਮਤ ਵਿਰੁੱਧ ਲੜਦਾ ਹੋਇਆ ਸਭਰਾਵਾਂ ਦੇ ਮੈਦਾਨ ਵਿਚ 10 ਫਰਵਰੀ, ਸੰਨ 1846 ਈ: ਨੂੰ ਸ਼ਹੀਦ ਹੋਇਆ ਸੀ।

    ਇਸੇ ਦਿਨ ਹੀ ਨਾਮਧਾਰੀ ਆਗੂ ਬਾਬਾ ਰਾਮ ਸਿੰਘ ਦਾ ਜਨਮ ਅਤੇ ਇਸੇ ਦਿਨ ਸੰਨ 1873 ਈ: ਵਿਚ ਉਨ੍ਹਾਂ ਦਾ ਦੇਸ਼ ਨਿਕਾਲਾ ਹੋਇਆ ਸੀ। ਬਸੰਤ ਪੰਚਮੀ ਵਾਲੇ ਦਿਨ ਹੀ 49 ਨਾਮਧਾਰੀ ਸਿੱਖ ਮਲੇਰਕੋਟਲੇ ਵਿਖੇ ਅੰਗਰੇਜ਼ ਸਰਕਾਰ ਨੇ ਤੋਪਾਂ ਅੱਗੇ ਉਡਾ ਦਿੱਤੇ ਸਨ।

    ਬਸੰਤ ਪੰਚਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਬੜੇ ਸ਼ੌਂਕ ਨਾਲ ਦਰਬਾਰ ਸਜਾਉਂਦੇ ਸਨ ਜਿਸ ਵਿਚ ਹਰ ਵਿਅਕਤੀ ਪੀਲੇ ਬਸਤ੍ਰ ਧਾਰਣ ਕਰਦਾ ਸੀ। ਨਿਹੰਗ ਸਿੰਘ ਵੀ ਇਸ ਦਿਨ ਪੀਲੇ ਬਸਤ੍ਰ ਪਾ ਕੇ ਆਪਣੇ ਪਰੰਪਰਾਗਤ ਫ਼ੌਜੀ ਕਰਤਬ ਦਿਖਾਉਂਦੇ ਸਨ।

    ਖੇਤਾਂ ਵਿਚ ਖਿੜੀ ਹੋਈ ਪੀਲੀ ਸਰੋਂ ਨਾਲ ਇਕ-ਸੁਰ ਹੋ ਕੇ ਆਮ ਲੋਕ ਵੀ ਇਸ ਦਿਨ ਪੀਲੇ ਬਸਤ੍ਰ ਧਾਰਣ ਕਰਦੇ ਸਨ ਅਤੇ ਚਾਵਲਾਂ ਦੇ ਪੀਲੇ ਪਲਾਉ ਅਤੇ ਕੇਸਰੀ ਕੜਾਹ ਤਿਆਰ ਕਰਕੇ ਖਾਂਦੇ ਹਨ। ਸੱਚ ਤਾਂ ਇਹ ਹੈ ਕਿ ਪ੍ਰਕਿਰਤੀ ਦਾ ਕੇਸਰੀਆ ਰੰਗ ਪੂਰੀ ਤਰ੍ਹਾਂ ਜਨ-ਜੀਵਨ ਉੱਤੇ ਛਾ ਜਾਂਦਾ ਹੈ।

    ਸੰਗੀਤ ਪ੍ਰੇਮੀਆਂ ਨੇ ਇਸ ਰੁਤ ਲਈ ਇਕ ਵਿਸ਼ੇਸ਼ ਰਾਗ ‘ਬਸੰਤ’ ਦੀ ਸੁਰ ਸਾਧੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗ ਕ੍ਰਮ ਵਿਚ 25ਵਾਂ ਰਾਗ ਹੈ। ਰੁਤ ਦੇ ਪ੍ਰਭਾਵ ਕਾਰਨ ਇਸ ਵਿਚ ਹਰਿ-ਭਗਤੀ ਲਈ ਉਲਾਸ ਦੀ ਭਾਵਨਾ ਅਧਿਕ ਹੈ। ਗੁਰਮਤਿ ਸੰਗੀਤ ਵਿਚ ਬਸੰਤ ਰੁਤ ਦੇ ਖੇੜੇ ਨੂੰ ਅਧਿਆਤਮਿਕ ਆਨੰਦ ਦੀ ਅਨੁਭੂਤੀ ਨਾਲ ਜੋੜ ਕੇ ਇਸ ਨੂੰ ਨਿਵੇਕਲਾ ਸਥਾਨ ਪ੍ਰਦਾਨ ਕੀਤਾ ਗਿਆ ਹੈ। ਗੁਰੂ ਅਮਰਦਾਸ ਜੀ ਨੇ ਬਸੰਤ ਰੁਤ ਬਾਰੇ ਲਿਖਿਆ ਹੈ :

    ਬਨਸਪਤਿ ਮਉਲੀ ਚੜਿਆ ਬਸੰਤੁ ॥
    ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥

    ਇਸ ਤਰ੍ਹਾਂ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਵਿਚ ਬਸੰਤ ਪੰਚਮੀ ਦਾ ਇਹ ਦਿਹਾੜਾ ਆਪਣੇ ਅੰਦਰ ਕਈ ਪੰਨੇ ਸਮੋਈ ਬੈਠਾ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.